ਪ੍ਰਭਸ਼ਰਨਦੀਪ ਸਿੰਘ ਦੇ ਲੇਖ ਉਤੇ ਇਕ ਲੇਖ

Karamjit Singh 1ਪ੍ਰਭਸ਼ਰਨਦੀਪ ਸਿੰਘ

ਪਿਛਲੇ ਦਿਨੀਂ ਅਜਮੇਰ ਸਿੰਘ ਬਾਰੇ ਮੇਰੀਆਂ ਟਿੱਪਣੀਆਂ ਤੋਂ ਬਾਅਦ ਕਾਫੀ ਵਾਵੇਲ਼ਾ ਖੜ੍ਹਾ ਹੋਇਆ। ਅਫਸੋਸ ਦੀ ਗੱਲ ਹੈ ਕਿ ਅਜਮੇਰ ਸਿੰਘ ਦੀ ਹਮਾਇਤ ਵਿੱਚ ਉੱਠੇ ਇਸ ਤੂਫਾਨ ਨੇ ਕਿਸੇ ਸੰਜੀਦਾ ਚਰਚਾ ਦਾ ਰੂਪ ਨਹੀਂ ਲਿਆ। ਅਜਮੇਰ ਸਿੰਘ ਦੇ ਹਮਾਇਤੀਆਂ ਨੇ ਮੇਰੇ ਲੇਖਾਂ ਵਿਚਲੇ ਮੁੱਦੇ ਅਣਗੌਲ਼ੇ ਕਰ ਦਿੱਤੇ। ਉਹ ਨਿੱਜੀ ਹਮਲਿਆਂ ‘ਤੇ ਉੱਤਰ ਆਏ। ਅਜਮੇਰ ਸਿੰਘ ਨੂੰ ਚਾਹੀਦਾ ਸੀ ਆਪਣੀ ਸਥਿਤੀ ਖੁਦ ਸਪੱਸ਼ਟ ਕਰਦਾ। ਪਰ ਅਜਮੇਰ ਸਿੰਘ ਚੁੱਪ ਹੈ। ਚੁੱਪ ਉਹਨੂੰ ਰਾਸ ਜ਼ਰੂਰ ਆਉਂਦੀ ਹੈ, ਪਰ ਇਹ ਕੋਈ ਇਮਾਨਦਾਰੀ ਵਾਲ਼ਾ ਰਵੱਈਆ ਨਹੀਂ। ਗੱਲ ਅਜਮੇਰ ਸਿੰਘ ਦੀ ਸਿਆਸੀ ਪਹੁੰਚ ਤੇ ਉਸਦੇ ਸੰਭਾਵੀ ਸਿੱਟਿਆਂ ਬਾਰੇ ਸ਼ੁਰੂ ਹੋਈ ਸੀ। ਹਥਲੇ ਲੇਖ ਵਿੱਚ ਅਸੀਂ ਅਜਮੇਰ ਸਿੰਘ ਦੀ ਪੰਥਕ ਸਿਆਸਤ ਵਿੱਚ ਭੂਮਿਕਾ ਬਾਰੇ ਕੁਝ ਸੁਆਲ ਅਤੇ ਸਰੋਕਾਰ ਪਾਠਕਾਂ ਨਾਲ਼ ਸਾਂਝੇ ਕਰਾਂਗੇ ਤੇ ਆਸ ਕਰਾਂਗੇ ਕਿ ਇਸ ਵਿੱਚੋਂ ਕੋਈ ਸੰਜੀਦਾ ਸੰਵਾਦ ਨਿੱਕਲੇਗਾ।
ਅਜਮੇਰ ਸਿੰਘ ਪੰਜਾਬੀ ਦਾ ਬਹੁਤ ਮਕਬੂਲ ਵਾਰਤਕ ਲਿਖਾਰੀ ਹੈ ਜੋ ਆਪਣੇ ਗਿਆਨ ਅਤੇ ਸਿਆਸੀ ਤਜਰਬੇ ਦੇ ਦਾਅਵੇ ਕਰਕੇ ਇੱਕ ਸਿਆਸੀ ਮਾਹਿਰ ਵਾਲ਼ਾ ਰੁਤਬਾ ਬਣਾਈ ਬੈਠਾ ਹੈ। ਉਹ ਕੁਝ ਸਿੱਖ ਆਗੂਆਂ ਦੇ ਫੈਸਲਿਆਂ ਨੂੰ ਪ੍ਰਭਾਵਿਤ ਕਰ ਸਿੱਖਾਂ ਦੀ ਸਿਆਸੀ ਦਿਸ਼ਾ ਪਲਟਣ ਦੇ ਸਮਰੱਥ ਹੈ। ਅਜਿਹੀ ਸਮਰੱਥਾ ਰੱਖਣ ਵਾਲ਼ੇ ਕਿਸੇ ਵੀ ਆਗੂ ਜਾਂ ਵਿਦਵਾਨ ਬਾਰੇ ਸੁਆਲ ਚੁੱਕਣੇ ਉਸ ਸਿਆਸੀ ਲਹਿਰ ਨਾਲ਼ ਸਰੋਕਾਰ ਰੱਖਣ ਵਾਲ਼ੇ ਹਰ ਸ਼ਖਸ ਦਾ ਬੁਨਿਆਦੀ ਜਮਹੂਰੀ ਹੱਕ ਹੈ। ਪਰ ਅਜਮੇਰ ਸਿੰਘ ਦੇ ਸਮਰਥਕ ਇਹ ਗੱਲ ਸਮਝਣ ਲਈ ਰਾਜ਼ੀ ਨਹੀਂ ਕਿ ਇਉਂ ਸੁਆਲਾਂ ਜਾਂ ਆਲੋਚਨਾ ‘ਤੇ ਰੋਕ ਲਾਉਣੀ ਤਾਨਾਸ਼ਾਹੀ ਰਵੱਈਆ ਹੈ ਜਿਸ ਨਾਲ਼ ਲਹਿਰ ਕੁਝ ਕੁ ਬੰਦਿਆਂ ‘ਤੇ ਨਿਰਭਰ ਹੋ ਕੇ ਰਹਿ ਜਾਂਦੀ ਹੈ। ਇਸ ਤਰਾਂ ਕੁਝ ਕੁ ਕਥਿਤ ਖਾਸ ਬੰਦੇ ਆਪਣੀ ਸਮਝ ਜਾਂ ਇਮਾਨਦਾਰੀ ਦੀ ਘਾਟ ਸਦਕਾ ਸਾਰੀ ਦੀ ਸਾਰੀ ਲਹਿਰ ਨੂੰ ਬਰਬਾਦੀ ਦੇ ਮੂੰਹ ਧੱਕ ਸਕਦੇ ਹਨ। ਸਿੱਖਾਂ ਨਾਲ਼ ਅਜਿਹਾ ਬਹੁਤ ਵਾਰੀ ਹੋਇਆ ਹੈ, ਹਰ ਵਾਰ ਕੋਈ ਨਵਾਂ ਬੰਦਾ ਇਉਂ ਹੀ ਸਿੱਖਾਂ ਨਾਲ਼ ਖਿਲਵਾੜ ਕਰ ਜਾਂਦਾ ਹੈ।
ਅਜਮੇਰ ਸਿੰਘ ਆਪਣੇ ਕੰਮਾਂ ਜਾਂ ਸਲਾਹਾਂ ਲਈ ਜੁਆਬਦੇਹ ਨਹੀਂ ਹੋਣਾ ਚਾਹੁੰਦਾ। ਪਰ ਨਕਸਲੀ ਲਹਿਰ ਤੋਂ ਲੈ ਕੇ ਅੱਜ ਤੱਕ ਵੇਖ ਲਵੋ, ਜਿਹੜੀ ਵੀ ਜਥੇਬੰਦੀ ਅਜਮੇਰ ਸਿੰਘ ਦੀ ਸਲਾਹ ਤੇ ਚੱਲੀ ਹੈ, ਉਹ ਹਮੇਸ਼ਾ ਬੁਰੀ ਤਰਾਂ ਅਸਫਲ ਹੋਈ ਹੈ। ਅਜਮੇਰ ਸਿੰਘ ਨੂੰ ਪੰਥਕ ਸੰਘਰਸ਼ ਅੰਦਰ ਹਾਸਲ ਹੋਏ ਪ੍ਰਭਾਵ ਦਾ ਸਿੱਟਾ ਇਹ ਨਿਕਲਿਆ ਕਿ ਖਾਲਿਸਤਾਨੀ ਧਿਰਾਂ ਦੇ ਬਹੁਤ ਵੱਡੇ ਕੌਮਾਂਤਰੀ ਜਥੇਬੰਦਕ ਢਾਂਚੇ ਅਤੇ ਲੋੜੀਂਦੇ ਸਰੋਤ ਹੋਣ ਦੇ ਬਾਵਜੂਦ ਵੀ ਇੱਕ ਤੋਂ ਬਾਅਦ ਇੱਕ ਜਥੇਬੰਦੀ ਅਸਫਲ ਹੁੰਦੀ ਗਈ। ਆਖਰ ਇਹ ਕਿਸ ਕਿਸਮ ਦੀ ਵਿਦਵਤਾ ਸੀ? ਇਸ ਮੁੱਦੇ ‘ਤੇ ਵਿਚਾਰ ਕਰਨੀ ਗੁਨਾਹ ਕਿਉਂ ਹੈ? ਇਸ ਦੇ ਉਲ਼ਟ, ਪ੍ਰੋ. ਪੂਰਨ ਸਿੰਘ, ਜਿਹਨਾਂ ਦੇ ਵਿਦਵਾਨ ਹੋਣ ਬਾਰੇ ਕਿਸੇ ਨੂੰ ਵੀ ਭੁਲੇਖਾ ਨਹੀਂ, ੧੯੨੮ ਵਿਚ ਹੀ ਪੇਸ਼ੀਨਗੋਈ ਕਰ ਗਏ ਕਿ ਜੇ ਸਿੱਖਾਂ ਨੂੰ ਹਿੰਦੂ ਬਹੁਗਿਣਤੀ ਵਾਲੇ ਆਜ਼ਾਦ ਭਾਰਤ ਵਿਚ ਰਹਿਣਾ ਪਿਆ ਤਾਂ ਸਿੱਖਾਂ ਦੀ ਬਹੁਤ ਬੁਰੀ ਦੁਰਦਸ਼ਾ ਹੋਵੇਗੀ। ਪਰ ਜਿਸ ਸ਼ਖਸ ਨੂੰ ਭਗਵੰਤ ਮਾਨ ਵਰਗੇ ਮਸਖਰੇ ਵਿਚੋਂ ਪੰਜਾਬ ਦੀ ਮੁਕਤੀ ਦਾ ਨਾਇਕ ਦਿਸਣ ਲੱਗ ਪਵੇ, ਉਸ ਤੋਂ ਸੁਹਿਰਦਤਾ ਅਤੇ ਸਿਆਣਪ ਦੀ ਆਸ ਰੱਖਣ ਦੀ ਕੀ ਤੁਕ ਬਣਦੀ ਹੈ?
ਕਿਸੇ ਵਿਦਵਾਨ ਦੀ ਆਲੋਚਨਾ ਗੁਨਾਹ ਨੂੰ ਗੁਨਾਹ ਕਰਾਰ ਦੇਣ ਵਾਲ਼ੇ ਅਜਮੇਰ ਸਿੰਘ ਦੇ ਸਮਰਥਕ ਸ਼ਾਇਦ ਇਸ ਗੱਲ ਤੋਂ ਜਾਣੂੰ ਨਹੀਂ ਕਿ ਅਜਮੇਰ ਸਿੰਘ ਨੇ ਆਪਣੀਆਂ ਲਿਖਤਾਂ ਵਿੱਚ ਪ੍ਰੋ. ਪੂਰਨ ਸਿੰਘ ਅਤੇ ਸਿਰਦਾਰ ਕਪੂਰ ਸਿੰਘ ਵਰਗੇ ਪੰਥ ਦੇ ਸਥਾਪਤ ਅਤੇ ਸਤਿਕਾਰਤ ਵਿਦਵਾਨਾਂ ‘ਤੇ ਬਹੁਤ ਗੰਭੀਰ ਹਮਲੇ ਕੀਤੇ ਹਨ। ਅਜਮੇਰ ਸਿੰਘ ਨੇ ਉਪਰੋਕਤ ਦੋਹਾਂ ਵਿਦਵਾਨਾਂ ਨੂੰ ਰਾਜਨੀਤਕ ਸਥਿਤੀਆਂ ਦੇ ਦਬਾਅ ਹੇਠ ਸਿੱਖੀ ਦੇ ਮੂਲ ਨੂੰ ਹਿੰਦੂ ਸੱਭਿਅਤਾ ਨਾਲ਼ ਜੋੜਦੇ ਵਿਖਾਇਆ ਹੈ। ਆਪਣੀਆਂ ਟਿੱਪਣੀਆਂ ਤੋਂ ਬਾਅਦ ਅਜਮੇਰ ਸਿੰਘ ਨੇ ਇਹਨਾਂ ਵਿਦਵਾਨਾਂ ਦੀਆਂ ਲਿਖਤਾਂ ਵਿੱਚੋਂ ਹਵਾਲੇ ਪੇਸ਼ ਕੀਤੇ ਹਨ। ਹੇਠਾਂ ਅਜਮੇਰ ਸਿੰਘ ਦੀ ਟਿੱਪਣੀ ‘ਚੋਂ ਕੁਝ ਹਿੱਸਾ ਸਾਂਝਾ ਕਰਦੇ ਹਾਂ:

ਵੀਹਵੀਂ ਸਦੀ ਅੰਦਰ ਸਮਕਾਲੀ ਰਾਜਨੀਤਕ ਸਥਿਤੀ ਦੇ ਪ੍ਰਭਾਵ ਅਤੇ ਦਬਾਅ ਹੇਠ, ਸਿੱਖ ਧਰਮ ਦੀ ਹਿੰਦੂ ਧਰਮ ਨਾਲ ਨੇੜਤਾ ਅਤੇ ਸਮਾਨਤਾ ਦਰਸਾਉਣ ਅਤੇ ਇਸ ਦੇ ਮੂਲ ਨੂੰ ਭਾਰਤ ਦੀ ਹਿੰਦੂ ਸੱਭਿਅਤਾ ਨਾਲ ਜੋੜਨ ਦਾ ਸਿਧਾਂਤਕ ਕੁਰਾਹਾ ਵੇਗ ਫੜ ਗਿਆ। (ਕਿਸ ਬਿਧ ਰੁਲੀ ਪਾਤਸ਼ਾਹੀ, ੨੨੪-੨੫)

ਅਜਮੇਰ ਸਿੰਘ ਪ੍ਰੋ. ਪੂਰਨ ਸਿੰਘ ਅਤੇ ਸਿਰਦਾਰ ਕਪੂਰ ਸਿੰਘ ਦੀਆਂ ਲਿਖਤਾਂ ਨੂੰ ਸਮੁੱਚਤਾ ਵਿੱਚ ਵੇਖਣ ਦੀ ਬਜਾਏ ਆਪਣੀ ਮਰਜ਼ੀ ਦੇ ਹਵਾਲੇ ਕੱਢ ਉਹਨਾਂ ਦੀ ਥਾਂ ਨਿਸਚਿਤ ਕਰਨ ਦੀ ਕੋਸ਼ਿਸ਼ ਕਰਦਾ ਹੈ। ਉਪਰੋਕਤ ਦੋਵੇਂ ਵਿਦਵਾਨ ਵੱਡੇ ਫਿਲਾਸਫਰ ਸਨ ਜਿਹਨਾਂ ਬਾਰੇ ਕਿਸੇ ਇੱਕ ਅੱਧੇ ਹਵਾਲੇ ਨਾਲ਼ ਸੰਤੁਲਿਤ ਰਾਇ ਨਹੀਂ ਬਣਾਈ ਜਾ ਸਕਦੀ। ਡਾ. ਗੁਰਭਗਤ ਸਿੰਘ ਵਰਗੇ ਪ੍ਰਬੀਨ ਵਿਦਵਾਨ, ਜਿਹਨਾਂ ਨੇ ਉਕਤ ਦੋਹਾਂ ਬਾਰੇ ਲਿਖਿਆ ਹੈ, ਉਪਰੋਕਤ ਪੱਖ ਨੂੰ ਕੋਈ ਵੱਡੀ ਅਹਿਮੀਅਤ ਨਹੀਂ ਦਿੰਦੇ। ਇਸ ਦੀ ਵਜ੍ਹਾ ਹੈ ਕਿ ਅਜਮੇਰ ਸਿੰਘ ਵੱਲੋਂ ਕੱਢੇ ਹਵਾਲੇ ਉਕਤ ਦੋਹਾਂ ਵਿਦਵਾਨਾਂ ਦੀਆਂ ਲਿਖਤਾਂ ਵਿੱਚ ਮੌਜੂਦ ਜ਼ਰੂਰ ਹਨ, ਪਰ ਉਹਨਾਂ ਦੋਹਾਂ ਦੀ ਅਦੁੱਤੀ ਬੌਧਿਕ ਦੇਣ ਅਤੇ ਹਿੰਦੂਵਾਦ ਪ੍ਰਤੀ ਸਪੱਸ਼ਟਤਾ ਅਜਿਹੇ ਵਿਚਾਰਾਂ ਦੀ ਮੌਜੂਦਗੀ ਦੇ ਬਾਵਜੂਦ ਫਿੱਕੀ ਨਹੀਂ ਪੈਂਦੀ। ਮਿਸਾਲ ਵਜੋਂ ਉਹਨਾਂ ਦੀਆਂ ਲਿਖਤਾਂ ਵਿੱਚ ਅਨੇਕ ਹਵਾਲੇ ਹੋਰ ਵੀ ਹਨ ਜਿਹਨਾਂ ਵਿੱਚ ਉਹਨਾਂ ਨੇ ਹਿੰਦੂਵਾਦ ਦੇ ਖੁਣਸੀ ਅਤੇ ਭਿਆਨਕ ਰੂਪ ਨੂੰ ਚੰਗੀ ਤਰਾਂ ਉਜਾਗਰ ਕੀਤਾ ਹੈ। ਕੋਈ ਆਲੋਚਕ ਇਹ ਕਹਿ ਸਕਦਾ ਹੈ ਕਿ ਪ੍ਰੋ. ਪੂਰਨ ਸਿੰਘ ਦੀਆਂ ਲਿਖਤਾਂ ਵਿੱਚ ਬਹੁਤ ਸਾਰੀਆਂ ਵਿਰੋਧਤਾਈਆਂ ਹਨ। ਪਰ ਸਮਝਣ ਵਾਲ਼ੀ ਗੱਲ ਹੈ ਕਿ ਪ੍ਰੋ. ਪੂਰਨ ਸਿੰਘ ਆਪਣੀਆਂ ਵਿਰੋਧਤਾਈਆਂ ਨੂੰ ਕਿਸੇ ਕਿਸਮ ਦਾ ਔਗੁਣ ਨਹੀਂ ਸਮਝਦੇ, ਸਗੋਂ ਇਹਨਾਂ ਨੂੰ ਇੱਕ ਸਿਫਤ ਵਜੋਂ ਬਿਆਨ ਕਰਦੇ ਹਨ। ਪ੍ਰੋ. ਪੂਰਨ ਸਿੰਘ ਅਜਿਹੀ ਅਵਸਥਾ ਦੇ ਮਾਲਕ ਸਨ ਕਿ ਉਹਨਾਂ ਦੇ ਕਿਸੇ ਵਿਚਾਰ ਨਾਲ਼ ਮੱਤਭੇਦ ਹੋ ਸਕਦੇ ਹਨ ਪਰ ਇਹ ਨਹੀਂ ਮੰਨਿਆ ਜਾ ਸਕਦਾ ਕਿ ਉਹ ਕਦੇ ਵੀ ਕਿਸੇ “ਰਾਜਨੀਤਕ ਸਥਿਤੀ ਦੇ ਪ੍ਰਭਾਵ ਅਤੇ ਦਬਾਅ ਹੇਠ” ਵਿਚਰੇ ਹੋਣ। ਪੂਰਨ ਸਿੰਘ ਬਾਰੇ ਅਜਮੇਰ ਸਿੰਘ ਦੀ ਇਸ ਟਿੱਪਣੀ ਦਾ ਅਰਥ ਹੈ ਕਿ ਉਸਨੂੰ ਮਹਾਨ ਕਵੀ ਦੀਆਂ ਲਿਖਤਾਂ ਜਾਂ ਸ਼ਖਸੀਅਤ ਦੀ ਉੱਕਾ ਹੀ ਕੋਈ ਸਾਰ ਨਹੀਂ। ਜੇ ਅਜਮੇਰ ਸਿੰਘ ਨੇ ਪ੍ਰੋ. ਪੂਰਨ ਸਿੰਘ ਦੀਆਂ ਲਿਖਤਾਂ ਦਾ ਦੀਰਘ ਅਧਿਐਨ ਕੀਤਾ ਹੁੰਦਾ ਤਾਂ ਉਸ ਨੇ ਅਜਿਹੀ ਬੇਹੂਦਗੀ ‘ਤੇ ਉਤਾਰੂ ਨਹੀਂ ਸੀ ਹੋਣਾ। ਮਿਸਾਲ ਵਜੋਂ, ਹਿੰਦੂਵਾਦ ਬਾਰੇ ਪ੍ਰੋ. ਪੂਰਨ ਸਿੰਘ ਲਿਖਦੇ ਹਨ:

When Sikhism came to the Punjab, Brahminism interpreted it as its off-spring with a view to holding it in its tentacles. And merely because Nanak’s mother-tongue was Punjabi, and his theological language of the Hindus, the Guru’s wholly original outlook on life was not understood. (Spirit of the Sikh, Part 2, Volume 2, p. 213)

In seeming the Hindu is most intolerant when his pet ideas are actually interfered with as in the case of Buddhism, and he finds his very being endangered by better ones. He acknowledges truth only if no one disturbs him. He does not concede the right of Brahmanism to any other. The low castes are always low, even if they think and act superior to the Brahmin. Hinduism was once intolerant to Buddhism; it is now intolerant to Sikhism because it threatens to change Hinduism vitally. (Spirit of the Sikh, Part 2, Volume 2, pp. 43-44)

ਪ੍ਰੋ. ਪੂਰਨ ਸਿੰਘ ਮੁਤਾਬਕ ਹਿੰਦੂ ਗੁਰੂ ਨਾਨਕ ਸਾਹਿਬ ਦਾ ਜ਼ਿੰਦਗੀ ਪ੍ਰਤੀ ਪੂਰੀ ਤਰਾਂ ਮੌਲਿਕ ਨਜ਼ਰੀਆ ਸਮਝ ਨਾ ਸਕੇ। ਪ੍ਰੋ. ਪੂਰਨ ਸਿੰਘ ਅਤੇ ਸਿਰਦਾਰ ਕਪੂਰ ਸਿੰਘ ਦੀਆਂ ਲਿਖਤਾਂ ਅਜਿਹੇ ਬੇਸ਼ੁਮਾਰ ਹਵਾਲਿਆਂ ਨਾਲ਼ ਭਰੀਆਂ ਪਈਆਂ ਹਨ। ਪਰ ਆਪਣੇ ਨਿਗੂਣੇਪਣ ਤੋਂ ਬੇਖਬਰ ਅਜਮੇਰ ਸਿੰਘ ਇਹਨਾਂ ਸ਼ਤੀਰਾਂ ਵਰਗੇ ਵਿਦਵਾਨਾਂ ਨੂੰ ਜੱਫੇ ਪਾ ਕੇ ਸਿੱਟਣ ਦੀ ਕੋਸ਼ਿਸ਼ ਕਰ ਰਿਹਾ ਹੈ। ਪਰ ਚਲੋ, ਪ੍ਰੋ. ਪੂਰਨ ਸਿੰਘ ਅਤੇ ਸਿਰਦਾਰ ਕਪੂਰ ਸਿੰਘ ਦੀ ਸਿੱਖੀ ਬਾਰੇ ਪਹੁੰਚ ਇੱਕ ਵੱਖਰਾ ਮਸਲਾ ਹੈ ਜਿਸ ‘ਤੇ ਵਿਚਾਰ ਹੋ ਸਕਦੀ ਹੈ। ਹਥਲੀ ਬਹਿਸ ਦੇ ਸੰਦਰਭ ਵਿੱਚ ਇਸ ਦਾ ਭਾਵ ਹੈ ਕਿ ਅਜਮੇਰ ਸਿੰਘ ਨੂੰ ਹੋਰ ਵਿਦਵਾਨਾਂ ‘ਤੇ ਸਖਤ ਆਲੋਚਨਾਤਮਕ ਟਿੱਪਣੀਆਂ ਕਰਨਾ ਕੋਈ ਮਾੜੀ ਗੱਲ ਨਹੀਂ ਲਗਦੀ। ਪਰ ਸੁਆਲ ਹੈ ਕਿ ਜੇ ਅਜਮੇਰ ਸਿੰਘ ਪੰਥ ਦੇ ਸਭ ਤੋਂ ਸਤਿਕਾਰਤ ਵਿਦਵਾਨਾਂ ਬਾਰੇ ਜੋ ਮਰਜ਼ੀ ਬੋਲ ਸਕਦਾ ਹੈ, ਤਾਂ ਅਜਮੇਰ ਸਿੰਘ ਵਰਗੇ ਪੱਤਰਕਾਰ ਬਾਰੇ ਕੋਈ ਕੁਛ ਵੀ ਕਿਉਂ ਨਹੀਂ ਕਹਿ ਸਕਦਾ?
ਅਜਮੇਰ ਸਿੰਘ ਦਾ ਖਾਲਿਸਤਾਨ ਦੀ ਲਹਿਰ ਵਿੱਚ ਪ੍ਰਭਾਵ ਘੱਟੋ-ਘੱਟ ੧੯੯੧ ਤੱਕ ਸਥਾਪਤ ਕੀਤਾ ਜਾ ਸਕਦਾ ਹੈ ਪਰ ੧੯੯੬ ਤੋਂ ਬਾਅਦ ਉਸਦੀ ਸਰਗਰਮੀ ਵਿੱਚ ਜ਼ਿਕਰਯੋਗ ਵਾਧਾ ਹੋਇਆ ਹੈ। ਉਸ ਦਾ ਸਬੰਧ ਭਾਈ ਦਲਜੀਤ ਸਿੰਘ ਬਿੱਟੂ ਦੀ ਅਗਵਾਈ ਵਾਲ਼ੇ ਖਾਲਿਸਤਾਨੀ ਧੜੇ ਨਾਲ਼ ਹੈ। ਇਹ ਧੜਾ ਅੱਸੀਵਿਆਂ ਦੇ ਮਗਰਲੇ ਅੱਧ ਵਿੱਚ ਲਹਿਰ ਦਾ ਸਭ ਤੋਂ ਅਹਿਮ ਧੜਾ ਬਣ ਕੇ ਸਾਹਮਣੇ ਆਇਆ।
੨੦੦੫ ਵਿੱਚ ਭਾਈ ਦਲਜੀਤ ਸਿੰਘ ਦੀ ਜੇਲ੍ਹ ਵਿੱਚੋਂ ਰਿਹਾਈ ਤੋਂ ਬਾਅਦ ਉਹਨਾਂ ਦੀ ਅਗਵਾਈ ਵਾਲ਼ੀ ਜਥੇਬੰਦੀ ਨੇ ਨਵੀਂ ਸਿਆਸੀ ਸਰਗਰਮੀ ਦੀ ਤਿਆਰੀ ਸ਼ੁਰੂ ਕਰ ਦਿੱਤੀ। ਇਸ ਵੇਲ਼ੇ ਤੱਕ ਅਜਮੇਰ ਸਿੰਘ ਇਸ ਜਥੇਬੰਦੀ ਦੇ ਧੁਰ ਅੰਦਰ ਤੱਕ ਆਪਣਾ ਪ੍ਰਭਾਵ ਬਣਾ ਚੁੱਕਾ ਸੀ। ਭਾਈ ਦਲਜੀਤ ਸਿੰਘ ਦੀ ਅਗਵਾਈ ਵਾਲ਼ੇ ਖਾਲਿਸਤਾਨੀ ਜਥੇਬੰਦਕ ਢਾਂਚੇ ਦੇ ਕੌਮਾਂਤਰੀ ਤਾਣੇ-ਬਾਣੇ ਦੀਆਂ ਇਕਾਈਆਂ ਅਮਰੀਕਾ, ਕੈਨੇਡਾ, ਆਸਟਰੇਲੀਆ, ਇੰਗਲੈਂਡ, ਅਤੇ ਬਹੁਤ ਸਾਰੇ ਯੂਰਪੀ ਮੁਲਕਾਂ ਸਮੇਤ ਦੁਨੀਆਂ ਦੇ ਅਨੇਕ ਹਿੱਸਿਆਂ ਵਿੱਚ ਸਥਾਪਤ ਸਨ। ਅਜਮੇਰ ਸਿੰਘ ਦੀ ਕਿਤਾਬ “ਵੀਹਵੀਂ ਸਦੀ ਦੀ ਸਿੱਖ ਰਾਜਨੀਤੀ” ਦਾ ਇਸੇ ਜਥੇਬੰਦਕ ਤਾਣੇ-ਬਾਣੇ ਨੇ ਦੁਨੀਆਂ ਭਰ ਵਿੱਚ ਪ੍ਰਚਾਰ ਕੀਤਾ।
ਅਜਮੇਰ ਸਿੰਘ ਦੀ ਬਤੌਰ ਸਿਆਸੀ ਸਲਾਹਕਾਰ ਕਾਰਗੁਜ਼ਾਰੀ ਦੇ ਮੁਲਾਂਕਣ ਦੀ ਲੋੜ ਹੈ। ਉਸ ਦੀ ਬੌਧਿਕ ਰਹਿਨੁਮਾਈ ਹੇਠ ਭਾਈ ਦਲਜੀਤ ਸਿੰਘ ਦੀ ਅਗਵਾਈ ਵਾਲ਼ੀਆਂ ਇੱਕ ਤੋਂ ਬਾਅਦ ਇੱਕ ਜਥੇਬੰਦੀਆਂ, ਜਿਵੇਂ ਕਿ ਸ਼੍ਰੋਮਣੀ ਖਾਲਸਾ ਦਲ, ਖਾਲਸਾ ਐਕਸ਼ਨ ਕਮੇਟੀ, ਅਤੇ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਆਦਿ ਅਲੋਪ ਹੁੰਦੀਆਂ ਗਈਆਂ। ਸਿੱਖ ਸਟੂਡੈਂਟਸ ਫੈਡਰੇਸ਼ਨ ਭੰਗ ਹੀ ਕਰ ਦਿੱਤੀ ਗਈ ‘ਤੇ ਫੈਡਰੇਸ਼ਨ ਦੇ ਨੌਜੁਆਨ ਆਗੂ ਅਜਮੇਰ ਸਿੰਘ ਦੇ ਸਹਾਇਕ ਜਾਂ ਪ੍ਰਚਾਰਕ ਬਣ ਕੇ ਰਹਿ ਗਏ। ਆਖਰ ਫੈਡਰੇਸ਼ਨ ਭੰਗ ਕਰਨ ਦੀ ਕੀ ਲੋੜ ਸੀ? ਇਸਦਾ ਕੋਈ ਚੰਗਾ ਸਿੱਟਾ ਤਾਂ ਨਿੱਕਲਿਆ ਨਹੀਂ। ਜਿਹੜੇ ਸਿੱਖ ਨੌਜੁਆਨਾਂ ਨੇ ਭਵਿੱਖ ਦੇ ਆਗੂ ਬਣਨਾ ਸੀ, ਉਹ ਅਜਮੇਰ ਸਿੰਘ ਦੇ ਸਮਾਗਮਾਂ ਦੀ ਰੌਣਕ ਵਧਾਉਣ ਜੋਗੇ ਰਹਿ ਗਏ। ਇੱਕ ਤਾਂ ਅਜਮੇਰ ਸਿੰਘ ਆਪਣੇ-ਆਪ ਨੂੰ ਇਹਨਾਂ ਨੌਜੁਆਨਾਂ ‘ਤੇ ਵੱਡੇ ਰੁੱਖ ਵਾਂਗੂੰ ਸਥਾਪਤ ਕਰ ਗਿਆ ਜਿਸ ਦੀ ਛਾਂ ਥੱਲੇ ਇਹ ਨਿੱਕੇ ਬੂਟੇ ਮੌਲ ਹੀ ਨਾ ਸਕੇ। ਦੂਜਾ, ਅਜਮੇਰ ਸਿੰਘ ਨੇ ਬੌਧਿਕਤਾ ਦੇ ਮਿਆਰ ਬਹੁਤ ਨੀਵੇਂ ਨਿਸਚਿਤ ਕਰ ਦਿੱਤੇ। ਪੱਤਰਕਾਰ ਜਾਂ ਵਿਦਵਾਨ ਬਣਨ ਦੀ ਤਾਂ ਗੱਲ ਹੀ ਛੱਡੋ, ਫਿਲਾਸਫਰ ਬਣਨਾ ਵੀ ਸਸਤੀ ਜਿਹੀ ਖੇਡ ਹੋ ਕੇ ਰਹਿ ਗਈ।
ਵਰ੍ਹੇ ਬੀਤਦੇ ਗਏ। ਅਜਮੇਰ ਸਿੰਘ ਆਪਣੀਆਂ ਕਿਤਾਬਾਂ ਦੇ ਪ੍ਰਚਾਰ ਲਈ ਕੌਮਾਂਤਰੀ ਦੌਰੇ ਕਰਦਾ ਰਿਹਾ। ਦੂਜੇ ਪਾਸੇ, ਪੰਜਾਬ ਵਿੱਚ ਉਸਦੇ ਹਮਾਇਤੀਆਂ ਦੀ ਹਰ ਜਥੇਬੰਦਕ ਕੋਸ਼ਿਸ਼ ਨਾਕਾਮ ਹੁੰਦੀ ਰਹੀ। ਜਾਂ ਤਾਂ ਅਜਮੇਰ ਸਿੰਘ ਨੇ ਕੋਈ ਕੰਮ ਦੀ ਸਲਾਹ ਦਿੱਤੀ ਨਹੀਂ ਜਾਂ ਇਹ ਉਹਦੇ ਵੱਸ ਦੀ ਗੱਲ ਨਹੀਂ ਸੀ। ਅਜਮੇਰ ਸਿੰਘ ਦੀ ਭੂਮਿਕਾ ਬਾਰੇ ਸੋਚਣ ਦੀ ਲੋੜ ਹੈ। ਇਸ ਸਬੰਧੀ ਵਿਚਾਰ ਸਭ ਦੇ ਆਪੋ-ਆਪਣੇ ਹੋ ਸਕਦੇ ਹਨ ਪਰ ਸੁਆਲਾਂ ਦਾ ਮੂੰਹ ਬੰਦ ਕਰਨਾ ਠੀਕ ਨਹੀਂ।
ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੀਆਂ ਕੋਸ਼ਿਸ਼ਾਂ ਚੱਲ ਹੀ ਰਹੀਆਂ ਸਨ ਕਿ ਹਿੰਦੁਸਤਾਨ ਵਿੱਚ ਆਮ ਆਦਮੀ ਪਾਰਟੀ ਨਾਂ ਦੀ ਨਵੀਂ ਸਿਆਸੀ ਪਾਰਟੀ ਸਾਹਮਣੇ ਆਈ। ਪੰਜਾਬ ਵਿੱਚ ਅਜਿਹੀ ਪਾਰਟੀ ਦੇ ਪੈਰ ਜਮਾਉਣੇ ਭਾਰਤੀ ਸਥਾਪਤੀ ਦੀ ਲੋੜ ਸੀ। ਪੰਜਾਬ ਦੇ ਲੋਕ ਬਾਦਲ ਦਲ ਅਤੇ ਕਾਂਗਰਸ ਦੋਹਾਂ ਤੋਂ ਦੁਖੀ ਸਨ। ਉਕਤ ਦੋਹਾਂ ਪਾਰਟੀਆਂ ਨੇ ਸਾਬਤ ਕੀਤਾ ਸੀ ਕਿ ਪੰਜਾਬ ਨੂੰ ਕਿਸੇ ਸਾਬਤ ਰਾਹ ‘ਤੇ ਤੋਰਨਾ ਨਾ ਉਹਨਾਂ ਦੇ ਵੱਸ ਦੀ ਗੱਲ ਸੀ ਤੇ ਨਾ ਹੀ ਉਹ ਇਸ ਬਾਰੇ ਸੰਜੀਦਾ ਸਨ। ਭਾਰਤੀ ਸਥਾਪਤੀ ਨੂੰ ਪਤਾ ਸੀ ਕਿ ਲੋਕ ਉਕਤ ਪਾਰਟੀਆਂ ਬਾਰੇ ਕਿਸੇ ਭੁਲੇਖੇ ਵਿੱਚ ਨਹੀਂ ਸਨ। ਇਸ ਕਰਕੇ ਲੋਕਾਂ ਨੇ ਕਿਸੇ ਤੀਜੇ ਬਦਲ ਵੱਲ ਵੇਖਣਾ ਸੀ। ਪੰਥਕ ਧਿਰਾਂ ਦਾ ਤੀਜੇ ਬਦਲ ਵਜੋਂ ਸਾਹਮਣੇ ਆਉਣਾ ਭਾਰਤੀ ਸਥਾਪਤੀ ਨੂੰ ਭਾਉਂਦਾ ਨਹੀਂ ਸੀ। ਭਾਰਤੀ ਹਾਕਮਾਂ ਨੂੰ ਕੋਈ ਲਿਬਰਲ-ਸੈਕੂਲਰ ਤੀਜਾ ਬਦਲ ਚਾਹੀਦਾ ਹੈ ਜੋ ਸਿੱਖ ਸਰੋਕਾਰਾਂ ਨੂੰ ਹਾਸ਼ੀਏ ‘ਤੇ ਧੱਕ ਕੇ ਰੱਖੇ। ਇਸ ਦਿਸ਼ਾ ਵਿੱਚ ਪਹਿਲਾਂ ਮਨਪ੍ਰੀਤ ਸਿੰਘ ਬਾਦਲ ਦੀ ਪੀਪਲਜ਼ ਪਾਰਟੀ ਸਾਹਮਣੇ ਆਈ ਪਰ ਉਹ ਛੇਤੀ ਹੀ ਬੇਨਕਾਬ ਹੋ ਖਤਮ ਹੋ ਗਈ। ਇਸ ਤੋਂ ਬਾਅਦ ਆਮ ਆਦਮੀ ਪਾਰਟੀ ਉੱਠੀ ਜਿਸਨੇ ਇੱਕ ਵੱਡੀ ਲੋਕ-ਲਹਿਰ ਦਾ ਰੂਪ ਧਾਰ ਲਿਆ।
ਆਮ ਆਦਮੀ ਪਾਰਟੀ ਨੇ ਕਿਸੇ ਵੀ ਢਾਂਚਾਗਤ ਤਬਦੀਲੀ ਦੇ ਵਾਅਦੇ ਬਗ਼ੈਰ, ਮਹਿਜ਼ ਚੰਗੇ ਅਤੇ ਭ੍ਰਿਸ਼ਟਾਚਾਰ-ਮੁਕਤ ਪ੍ਰਬੰਧ ਆਸਰੇ, ਇਨਕਲਾਬ ਲਿਆਉਣ ਦਾ ਦਾਅਵਾ ਕੀਤਾ। ਇਹ ਇਨਕਲਾਬ ਦੇ ਨਾਂ ‘ਤੇ ਲੋਕਾਂ ਨਾਲ਼ ਨੰਗਾ ਚਿੱਟਾ ਖਿਲਵਾੜ ਸੀ। ਪਰ ਮਾਰਕਸੀ ਇਨਕਲਾਬ ਲਈ ਚੱਲੀ ਨਕਸਲੀ ਲਹਿਰ ਦਾ ਹਿੱਸਾ ਰਹੇ ਅਜਮੇਰ ਸਿੰਘ ਨੂੰ, ਖਾਲਿਸਤਾਨ ਦੀ ਲਹਿਰ ਦਾ ਖਾਸ ਸਲਾਹਕਾਰ ਹੁੰਦੇ ਹੋਏ, ਆਮ ਆਦਮੀ ਪਾਰਟੀ ਦਾ ਇਨਕਲਾਬ ਵੀ ਭਾਅ ਗਿਆ ਤੇ ਇਸ ਨਵੇਂ ਇਨਕਲਾਬ ਦੇ ਜੋਸ਼ ਵਿੱਚ ਉਸਨੇ ਖਾਲਿਸਤਾਨੀਆਂ ਨੂੰ “ਡਿਸਗਸਟਿੰਗ” ਵੀ ਗਰਦਾਨ ਦਿੱਤਾ। ਇਸ ਮੁੱਦੇ ‘ਤੇ ਬਾਅਦ ਵਿੱਚ ਸਪੱਸ਼ਟੀਕਰਨ ਦਿੰਦਿਆਂ ਅਜਮੇਰ ਸਿੰਘ ਨੇ ਕਿਹਾ ਕਿ ਉਸਨੇ “ਡਿਸਗਸਟਿੰਗ” ਸ਼ਬਦ ਸਿਰਫ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਲਈ ਵਰਤਿਆ ਸੀ। ਅਜਮੇਰ ਸਿੰਘ ਦੇ ਇਸ ਦਾਅਵੇ ਦੀ ਕੋਈ ਤੁਕ ਨਹੀਂ ਬਣਦੀ ਕਿਉਂਕਿ ਯਾਦਵਿੰਦਰ ਕਰਫਿਊ ਨਾਲ਼ ਮੁਲਾਕਾਤ ਵਿੱਚ ਉਸਨੇ ਕਿਹਾ ਸੀ ਕਿ ਮੈਂ ਨਕਸਲੀਆਂ ਅਤੇ ਖਾਲਿਸਤਾਨੀਆਂ ਦੋਹਾਂ ਦੇ ਵਿੱਚ ਰਿਹਾ ਹਾਂ, ਜਦੋਂ ਕਿ ਅਜਮੇਰ ਸਿੰਘ ਅਕਾਲੀ ਦਲ (ਅੰਮ੍ਰਿਤਸਰ) ਵਿੱਚ ਕਦੇ ਵੀ ਨਹੀਂ ਰਿਹਾ। ਆਮ ਆਦਮੀ ਪਾਰਟੀ ਦਾ ਇਨਕਲਾਬ ਲਿਆਉਣ ਦਾ ਦਾਅਵਾ ਅਜਮੇਰ ਸਿੰਘ ਨੂੰ ਹੀ ਪਹਿਲਾਂ ਸਮਝ ਆਉਣਾ ਚਾਹੀਦਾ ਸੀ। ਸਾਰੀ ਉਮਰ ਮਾਰਕਸੀ ਕਾਰਕੁਨ ਰਹੇ ਅਜਮੇਰ ਸਿੰਘ ਨੂੰ ਅਜਿਹਾ ਥੋਥਾ ਦਾਅਵਾ “ਡਿਸਗਸਟਿੰਗ” ਕਿਉਂ ਨਾ ਲੱਗਿਆ?
ਆਮ ਆਦਮੀ ਪਾਰਟੀ ਦਾ ਏਜੰਡਾ ਕਦੇ ਵੀ ਐਨਾ ਗੁੱਝਾ ਨਹੀਂ ਸੀ, ਬੱਸ ਕੁਝ ਲੋਕ ਇਸਨੂੰ ਸਮਝਣਾ ਹੀ ਨਹੀਂ ਸਨ ਚਾਹੁੰਦੇ। ਮੈਂ ੨੦੧੪ ਵਿੱਚ ਆਮ ਆਦਮੀ ਪਾਰਟੀ ਬਾਰੇ ਲੇਖ ਲਿਖ ਕੇ ਇਸ ਦੀ ਸਖਤ ਆਲੋਚਨਾ ਕੀਤੀ ਸੀ ਪਰ ਉਸ ਵੇਲ਼ੇ ਕੋਈ ਇਸ ਪਾਰਟੀ ਦੀ ਆਲੋਚਨਾ ਸੁਣਨ ਨੂੰ ਤਿਆਰ ਨਹੀਂ ਸੀ। ਆਮ ਆਦਮੀ ਪਾਰਟੀ ਦੇ ਕਾਰਕੁਨਾਂ ਦਾ ਰਵੱਈਆ ਉਦੋਂ ਐਨ ਉਹੋ ਸੀ ਜੋ ਅੱਜ ਅਜਮੇਰ ਸਿੰਘ ਬਾਰੇ ਲੇਖ ਲਿਖਣ ਤੋਂ ਬਾਅਦ ਉਸ ਦੇ ਪ੍ਰਸ਼ੰਸਕਾਂ ਦਾ ਹੈ। ਪਰ ਥੋੜ੍ਹੇ ਸਮੇਂ ਬਾਅਦ ਹੀ ਬਹੁਤ ਸਾਰੇ ਸਿੱਖ ਨੌਜੁਆਨ, ਜੋ ਨਾ ਅਜਮੇਰ ਸਿੰਘ ਵਾਂਗੂੰ ਸਿਆਸੀ ਤਜਰਬੇ ਦਾ ਤੇ ਨਾ ਹੀ ਵਿਦਵਤਾ ਦਾ ਦਾਅਵਾ ਰੱਖਦੇ ਸਨ, ਆਮ ਆਦਮੀ ਪਾਰਟੀ ਦੀ ਅਸਲੀਅਤ ਤੋਂ ਜਾਣੂੰ ਹੋ ਗਏ। ਸੁਆਲ ਹੈ ਕਿ ਜੇ ਸਾਡੇ ਵਰਗੇ ਸਧਾਰਨ ਲੋਕਾਂ ਨੂੰ ਆਮ ਆਦਮੀ ਪਾਰਟੀ ਬਾਰੇ ਸ਼ੁਰੂ ਵਿੱਚ ਹੀ ਸਪੱਸ਼ਟ ਹੋ ਗਿਆ ਤਾਂ ਅਜਮੇਰ ਸਿੰਘ ਵਰਗੇ “ਤਜਰਬੇਕਾਰ” ਅਤੇ “ਗਿਆਨਵਾਨ” ਬੰਦੇ ਨੂੰ ਇਸ ਦੀ ਸਮਝ ਕਿਉਂ ਨਹੀਂ ਆਈ? ਕੀ ਅੱਜ ਅਜਮੇਰ ਸਿੰਘ ਅਤੇ ਉਸਦੇ ਸਮਰਥਕ ਇਹ ਮੰਨਣ ਲਈ ਤਿਆਰ ਹਨ ਕਿ ਆਮ ਆਦਮੀ ਪਾਰਟੀ ਦੀ ਹਮਾਇਤ ਉਹਨਾਂ ਦੀ ਗ਼ਲਤੀ ਸੀ? ਜੇ ਇਹ ਗ਼ਲਤੀ ਸੀ ਤਾਂ ਕੀ ਉਹਨਾਂ ਦੇ “ਚਿੰਤਕ” ਨੂੰ ਹੋਰ ਚਿੰਤਨ ਦੀ ਲੋੜ ਹੈ ਜਾਂ ਫਿਰ ਰੂਹਾਨੀ ਨੈਤਿਕਤਾ ਦੀ?
ਅਜਮੇਰ ਸਿੰਘ ਰਾਸ਼ਟਰਵਾਦ ਦਾ ਕੱਟੜ ਵਿਰੋਧੀ ਹੈ। ਆਮ ਆਦਮੀ ਪਾਰਟੀ ਵਾਲ਼ੇ ਪੱਕੇ ਭਾਰਤੀ ਰਾਸ਼ਟਰਵਾਦੀ ਹਨ। ਸਿੱਖ ਰਾਸ਼ਟਰਵਾਦ ਦੇ ਪੱਕੇ ਵਿਰੋਧੀ ਅਜਮੇਰ ਸਿੰਘ ਨੂੰ ਆਮ ਆਦਮੀ ਪਾਰਟੀ ਦੇ ਭਾਰਤੀ ਰਾਸ਼ਟਰਵਾਦ ‘ਤੇ ਕੋਈ ਖਾਸ ਇਤਰਾਜ਼ ਨਾ ਹੋਇਆ। ਅਜਮੇਰ ਸਿੰਘ ਤੇ ਉਸਦੇ ਸਾਥੀ ਜਸਪਾਲ ਸਿੰਘ ਸਿੱਧੂ ਨੇ ਖਾਲਿਸਤਾਨ ਦੀ ਵਿਰੋਧਤਾ ਤਾਂ ਇਸ ਕਰਕੇ ਕੀਤੀ ਕਿ ਉਹ ਰਾਸ਼ਟਰਵਾਦੀ ਨਮੂਨੇ ‘ਤੇ ਆਧਾਰਿਤ ਹੈ ਪਰ ਆਮ ਆਦਮੀ ਪਾਰਟੀ ਵਾਰੀ ਇਸ ਗੱਲ ਨਾਲ਼ ਕੋਈ ਖਾਸ ਫਰਕ ਨਹੀਂ ਪਿਆ।
ਇਹਨਾਂ ਹੀ ਦਿਨਾਂ ਵਿੱਚ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਕੁਝ ਸੀਨੀਅਰ ਆਗੂ ਤੇ ਬਹੁਤ ਸਾਰਾ ਕਾਡਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਸ. ਹਰਿੰਦਰ ਸਿੰਘ ਖਾਲਸਾ ਜੋ ‘ਪੰਚ ਪ੍ਰਧਾਨੀ’ ਦੇ ਪੰਜ ਮੈਂਬਰਾਂ ਵਿੱਚੋਂ ਇੱਕ ਸਨ ਆਮ ਆਦਮੀ ਪਾਰਟੀ ਦੀ ਟਿਕਟ ਤੇ ਫਤਹਿਗੜ੍ਹ ਸਾਹਿਬ ਤੋਂ ਐਮ.ਪੀ. ਚੁਣੇ ਗਏ। ‘ਪੰਚ ਪ੍ਰਧਾਨੀ’ ਦੇ ਇੱਕ ਬਹੁਤ ਹੀ ਸਰਗਰਮ ਆਗੂ ਭਾਈ ਦਰਸ਼ਨ ਸਿੰਘ (ਜਗ੍ਹਾ ਰਾਮ ਤੀਰਥ) ਦੀ ਧੀ ਪ੍ਰੋ. ਬਲਜਿੰਦਰ ਕੌਰ ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਵਜੋਂ ਐਮ.ਐਲ.ਏ. ਬਣ ਗਈ ਅਤੇ ਅੱਜ-ਕੱਲ੍ਹ ਆਮ ਆਦਮੀ ਪਾਰਟੀ ਦੇ ਦਿੱਲੀ ਵਾਲੇ ਧੜੇ ਦੇ ਮੁੱੱਖ ਆਗੂਆਂ ਵਿੱਚੋਂ ਇਕ ਹੈ। ‘ਪੰਚ ਪ੍ਰਧਾਨੀ’ ਦਾ ਵਜੂਦ ਹੀ ਖਤਮ ਹੋ ਗਿਆ। ਇੱਕ ਪੰਥਕ ਧਿਰ ਦੇ ਮਨੁੱਖੀ ਸਰੋਤ ਇੱਕ ਭਾਰਤੀ ਰਾਸ਼ਟਰਵਾਦੀ ਪਾਰਟੀ ਦੀ ਕਾਮਯਾਬੀ ਦਾ ਸਾਧਨ ਬਣ ਗਏ। ਕੀ ਆਮ ਆਦਮੀ ਪਾਰਟੀ ਵਿੱਚ ਬੰਦੇ ਭੇਜਣ ਦਾ ਫੈਸਲਾ ਵਿਦਵਾਨ ਸਲਾਹਕਾਰ ਅਜਮੇਰ ਸਿੰਘ ਦੇ ਮਸ਼ਵਰਿਆਂ ਦਾ ਸਿੱਟਾ ਸੀ? ਜੇ ਨਹੀਂ ਤਾਂ ਫਿਰ ਇਹ ਸਲਾਹਕਾਰ ਉਸ ਵੇਲ਼ੇ ਕੀ ਕਰ ਰਿਹਾ ਸੀ? ਉਸ ਦੇ ਤਜਰਬੇ ਤੇ ਸਿਆਣਪ ਦਾ ‘ਪੰਚ ਪ੍ਰਧਾਨੀ’ ਵਾਲ਼ਿਆਂ ਨੂੰ ਕੀ ਲਾਭ ਹੋਇਆ? ਲਾਭ ਤਾਂ ਕੀ ਹੋਣਾ ਸੀ, ‘ਪੰਚ ਪ੍ਰਧਾਨੀ’ ਲਈ ਅਜਮੇਰ ਸਿੰਘ ਅਮਰਵੇਲ ਸਾਬਤ ਹੋਇਆ। ਅਜਮੇਰ ਸਿੰਘ ਦਿਨੋਂ-ਦਿਨ ਤਰੱਕੀ ਕਰਦਾ ਗਿਆ, ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਲਗਾਤਾਰ ਨਿਵਾਣ ਵੱਲ ਨੂੰ ਜਾਂਦਾ ਅਖੀਰ ਨੂੰ ਖਤਮ ਹੋ ਗਿਆ। ਇਸ ਜਥੇਬੰਦੀ ਦਾ ਪੰਥਕ ਸਰੋਤਾਂ ਨਾਲ਼ ਖੜ੍ਹਾ ਕੀਤਾ ਮੀਡੀਆ ਮੁੱਖ ਤੌਰ ‘ਤੇ ਅਜਮੇਰ ਸਿੰਘ ਦੇ ਮਸ਼ਹੂਰੀ-ਪ੍ਰਚਾਰ ਦਾ ਸਾਧਨ ਬਣ ਕੇ ਰਹਿ ਗਿਆ।
ਆਮ ਆਦਮੀ ਪਾਰਟੀ ਬਦੇਸੀਂ ਵਸਦੇ ਸਿੱਖਾਂ ਵਿੱਚ ਵੀ ਆਪਣਾ ਪ੍ਰਭਾਵ ਬਣਾਉਣ ਵਿੱਚ ਕਾਮਯਾਬ ਹੋ ਗਈ। ਇਹ ਖਾਲਿਸਤਾਨ ਦੀ ਲਹਿਰ ਦੇ ਭਵਿੱਖ ਲਈ ਬੇਹੱਦ ਘਾਤਕ ਵਰਤਾਰਾ ਸੀ। ਇਸ ਤੋਂ ਪਹਿਲਾਂ ਬਾਦਲ ਦਲ ਅਤੇ ਕਾਂਗਰਸ ਸਭ ਜਤਨਾਂ ਦੇ ਬਾਵਜੂਦ ਬਦੇਸੀ ਸਿੱਖਾਂ ਵਿੱਚ ਆਪਣੇ ਪੈਰ ਨਹੀਂ ਸਨ ਲਾ ਸਕੇ। ਇਹ ਖਾਲਿਸਤਾਨ ਦੀ ਲਹਿਰ ਦੀ ਪ੍ਰਦੇਸਾਂ ਵਿੱਚੋਂ ਜੜ੍ਹ ਪੱਟਣ ਦੀ ਕੋਸ਼ਿਸ਼ ਸੀ। ਇਸ ਦੌਰਾਨ, ਬਾਹਰਲੇ ਸਿੱਖਾਂ ਦੀ ਕਿਰਤ-ਕਮਾਈ ਵਿਚੋਂ ਕਰੋੜਾਂ ਰੁਪਏ (ਕੁਝ ਹਲਕਿਆਂ ਮੁਤਾਬਕ ੪੦੦ ਕਰੋੜ) ਆਮ ਆਦਮੀ ਪਾਰਟੀ ਦੇ ਦਿੱਲੀ ਵਿਚਲੇ ਬੈਂਕ ਖਾਤਿਆਂ ਵਿਚ ਗਏ ਜਿਸਦਾ “ਭ੍ਰਿਸ਼ਟਾਚਾਰ ਵਿਰੋਧੀ” ਆਮ ਆਦਮੀ ਪਾਰਟੀ ਦੇ ਆਗੂਆਂ ਨੇ ਕਦੇ ਹਿਸਾਬ ਨਹੀਂ ਦਿੱਤਾ। ਅਜਮੇਰ ਸਿੰਘ ਦਾ ਬਾਹਰਲੇ ਸਿੱਖਾਂ ਵਿਚ ਚੰਗਾ ਪ੍ਰਭਾਵ ਰਿਹਾ ਹੈ। ਸੋ ਜ਼ਾਹਰ ਹੈ ਕਿ ਅਜਮੇਰ ਸਿੰਘ ਦੀਆਂ ਆਮ ਆਦਮੀ ਪਾਰਟੀ ਦੇ ਹੱਕ ਵਿਚ ਕੀਤੀਆਂ ਗਈਆਂ ਤਕਰੀਰਾਂ ਨੇ ਵੀ ਸਿੱਖਾਂ ਦੀ ਇਸ ਲੁੱਟ ਵਿਚ ਹਿੱਸਾ ਪਾਇਆ ਹੈ। ਆਮ ਆਦਮੀ ਪਾਰਟੀ ਨੂੰ ਭੇਜੇ ਪੈਸੇ ਨਾਲ਼ ਸਿੱਖਾਂ ਦੇ ਦਹਾਕਿਆਂ ਤੋਂ ਪਛੜੇ ਅਨੇਕ ਕੰਮ ਹੋ ਸਕਦੇ ਸਨ। ਜਿਵੇਂ, ਬਹੁਤ ਸਾਰੀਆਂ ਪੰਥਕ ਸੰਸਥਾਵਾਂ ਖੜੀਆਂ ਕੀਤੀਆਂ ਜਾ ਸਕਦੀਆਂ ਸਨ, ਸ਼ਹੀਦ ਪਰਿਵਾਰਾਂ ਦੀ ਮੱਦਦ ਕੀਤੀ ਜਾ ਸਕਦੀ ਸੀ, ਸਿਕਲੀਗਰ ਅਤੇ ਵਣਜਾਰੇ ਸਿੱਖਾਂ ਵਿਚ ਵੱਡੇ ਪੱਧਰ ਤੇ ਪ੍ਰਚਾਰ ਕੀਤਾ ਜਾ ਸਕਦਾ ਸੀ, ਅਤੇ ਕਈ ਹੋਰ ਲੋੜੀਂਦੇ ਕਾਰਜ ਨੇਪਰੇ ਚਾੜ੍ਹੇ ਜਾ ਸਕਦੇ ਸਨ। ਪਰ ਅਫਸੋਸ ਕਿ ਉਹ ਸਾਰਾ ਪੈਸਾ ਭਾਰਤੀ ਰਾਸ਼ਟਰਵਾਦ ਦੇ ਪੱਕੇ ਭਗਤਾਂ ਅਰਵਿੰਦ ਕੇਜਰੀਵਾਲ, ਦੁਰਗੇਸ਼ ਪਾਠਕ ਅਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਖਿਲਾਫ ਅਪਸ਼ਬਦ ਬੋਲਣ ਵਾਲੇ ਕੁਮਾਰ ਵਿਸ਼ਵਾਸ ਦੀਆਂ ਜੇਬਾਂ ਵਿਚ ਚਲਾ ਗਿਆ। ਆਮ ਆਦਮੀ ਪਾਰਟੀ ਦੇ ਝਾਂਸੇ ਵਿੱਚ ਆ ਕੇ ਸਿੱਖਾਂ ਦਾ ਪੈਸਾ ਤਾਂ ਜ਼ਾਇਆ ਹੋਇਆ ਹੀ ਪਰ ਇਸ ਨਾਲ਼ ਸੈਕੂਲਰ ਭਾਰਤੀ ਰਾਸ਼ਟਰਵਾਦੀ ਬਦਲ ਨੂੰ ਪੰਜਾਬ ਵਿੱਚ ਤੀਜੀ ਧਿਰ ਵਜੋਂ ਖੜ੍ਹਾ ਕਰਨ ਦਾ ਭਾਰਤੀ ਸਥਾਪਤੀ ਦਾ ਮਨਸੂਬਾ ਵੀ ਸਿਰੇ ਚੜ੍ਹਦਾ ਜਾਪਿਆ।
੨੦੧੫ ਵਿੱਚ ਸਿੱਖਾਂ ਵਿੱਚ ਵੱਡਾ ਉਭਾਰ ਪੈਦਾ ਹੋਇਆ। ਸਿੱਖ ਆਗੂਆਂ ਨੇ ਪੰਥ ਨੂੰ ਕਿਸੇ ਰਾਹ ਪਾਉਣ ਲਈ ਸਰਬੱਤ ਖਾਲਸਾ ਦਾ ਸੱਦਾ ਦਿੱਤਾ। ਅਜਮੇਰ ਸਿੰਘ ਨੇ ਸਰਬੱਤ ਖਾਲਸਾ ਦਾ ਡੱਟ ਕੇ ਵਿਰੋਧ ਕੀਤਾ। ਅਸੀਂ ਦੋਹਾਂ ਭਰਾਵਾਂ ਨੇ ਉਸ ਵੇਲ਼ੇ ਸਰਬੱਤ ਖਾਲਸਾ ਦੀ ਹਮਾਇਤ ਕੀਤੀ ਅਤੇ ਅਜਮੇਰ ਸਿੰਘ ਦੀ ਹਰ ਦਲੀਲ ਦਾ ਜੁਆਬ ਦਿੱਤਾ। ਅਜਮੇਰ ਸਿੰਘ ਦੀ ਦਲੀਲ ਸੀ ਕਿ ਇਹ ਸਰਬੱਤ ਖਾਲਸਾ ਵਾਜਿਬ ਨਹੀਂ ਹੈ ਕਿਉਂਕਿ ਸਰਬੱਤ ਖਾਲਸਾ ਹੋਣ ਤੋਂ ਪਹਿਲਾਂ ਇਸਦਾ ਕੋਈ ਵਿਧੀ-ਵਿਧਾਨ ਬਣਨਾ ਚਾਹੀਦਾ ਹੈ। ਜੇ ਇਹ ਦਲੀਲ ਮੰਨ ਲਈ ਜਾਵੇ ਤਾਂ ਫਿਰ ਇਹ ਵੀ ਮੰਨਣਾ ਪੈਣਾ ਹੈ ਕਿ ਪਹਿਲਾਂ ਹੋਏ ਸਾਰੇ ਸਰਬੱਤ ਖਾਲਸੇ ਵੀ ਵਾਜਿਬ ਨਹੀਂ ਸਨ ਕਿਉਂਕਿ ਉਹਨਾਂ ਦਾ ਵੀ ਕੋਈ ਵਿਧੀ-ਵਿਧਾਨ ਨਹੀਂ ਸੀ। ਕੀ ਅਜਮੇਰ ਸਿੰਘ ਚਲਾਕੀ ਨਾਲ ਸਰਬੱਤ ਖਾਲਸਾ ਦੀ ਪ੍ਰੰਪਰਾ ਤੇ ਹੀ ਸੁਆਲ ਖੜ੍ਹਾ ਕਰ ਰਿਹਾ ਸੀ? ਜਾਂ, ਕੀ ਉਹ ਹਿੰਦੂਤਵੀਆਂ ਦੇ ਭਾਈਵਾਲ਼ ਬਾਦਲ ਦਲ ਦਾ ਸਿੱਖ ਸੰਸਥਾਵਾਂ ‘ਤੇ ਕਬਜ਼ਾ ਜਿਉਂ ਦਾ ਤਿਉਂ ਰਹਿਣ ਦੇਣਾ ਚਾਹੁੰਦਾ ਸੀ? ਉਸਦੀ ਦੂਜੀ ਦਲੀਲ ਸੀ ਕਿ ਇਹ ਸਰਬੱਤ ਖਾਲਸਾ ਸਹੀ ਨਹੀਂ ਕਿਉਂਕਿ ਮੋਹਕਮ ਸਿੰਘ ਵਰਗੇ ਦਾਗੀ ਬੰਦੇ ਇਸ ਵਿੱਚ ਮੋਹਰੀ ਸਨ। ਪਰ ਪੁੱਛਣ ਵਾਲ਼ਾ ਹੋਵੇ ਜਦੋਂ ਉਹੀ ਮੋਹਕਮ ਸਿੰਘ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੀ ਸ਼ਮੂਲੀਅਤ ਵਾਲ਼ੀ ਖਾਲਸਾ ਐਕਸ਼ਨ ਕਮੇਟੀ ਦਾ ਪ੍ਰਧਾਨ ਸੀ ਤਾਂ ਅਜਮੇਰ ਸਿੰਘ ਨੇ ਕੋਈ ਉਜਰ ਕਿਉਂ ਨਹੀਂ ਕੀਤਾ? ਜੇ ਅਜਮੇਰ ਸਿੰਘ ਇਹ ਸਭ ਕੁਝ ਅਣਜਾਣੇ ਵਿੱਚ, ਬਗ਼ੈਰ ਕਿਸੇ ਮੰਦਭਾਵਨਾ ਤੋਂ, ਕਰ ਰਿਹਾ ਸੀ ਤਾਂ ਉਸ ਦੇ ਚਿੰਤਕ ਹੋਣ ਦੇ ਦਾਅਵੇ ਨੂੰ ਕਿਵੇਂ ਸਮਝੀਏ?
ਅਜਮੇਰ ਸਿੰਘ ਦੇ ਵਿਰੋਧ ਦੇ ਬਾਵਜੂਦ ਸਰਬੱਤ ਖਾਲਸਾ ਨੇਪਰੇ ਚੜ੍ਹਿਆ ਤੇ ਕੁਝ ਵਕਫੇ ਬਾਅਦ ਉਸੇ ਪੰਥਕ ਉਭਾਰ ਨੇ ਬਰਗਾੜੀ ਮੋਰਚੇ ਦਾ ਰੂਪ ਧਾਰਿਆ। ਹੁਣ ਅਜਮੇਰ ਸਿੰਘ ਬਰਗਾੜੀ ਮੋਰਚੇ ਦਾ ਨਿੱਠ ਕੇ ਵਿਰੋਧ ਕਰ ਰਿਹਾ ਹੈ। ਪੰਥਕ ਅਸੈਂਬਲੀ ਵਿੱਚ ਬੋਲਦਿਆਂ ਅਜਮੇਰ ਸਿੰਘ ਨੇ ਕਿਹਾ ਕਿ ਇਹੋ-ਜਿਹੇ ਇਕੱਠਾਂ ਦਾ ਕੀ ਐ, ਇਹ ਤਾਂ ਹੁੰਦੇ ਹੀ ਰਹਿੰਦੇ ਹਨ। ਪਰ ਬਰਗਾੜੀ ਮੋਰਚਾ ਮਹਿਜ਼ ਇਕੱਠ ਨਹੀਂ ਹੈ ਤੇ ਨਾ ਹੀ ਇਸ ਤਰਾਂ ਦੇ ਇਕੱਠ ਨਿੱਤ-ਦਿਹਾੜੀ ਹੁੰਦੇ ਹਨ। ਇਹ ਸਿੱਖਾਂ ‘ਚ ਆਈ ਸਿਆਸੀ ਜਾਗ੍ਰਤੀ ਹੈ ਜੋ ਇਕੱਠ ਰਾਹੀਂ ਜ਼ਾਹਰ ਹੋਈ ਹੈ। ਇਸ ਜਾਗ੍ਰਤੀ ਨੂੰ ਟਿਕਵੇਂ ਤੇ ਲੰਮੇ ਸੰਘਰਸ਼ ਵਿੱਚ ਬਦਲਣ ਲਈ ਸੋਚ-ਵਿਚਾਰ ਕਰਨ ਦੀ ਲੋੜ ਸੀ।। ਪਰ ਅਜਮੇਰ ਸਿੰਘ ਇਸ ਪਾਸੇ ਗੱਲ ਤੁਰਨ ਹੀ ਨਹੀਂ ਦਿੰਦਾ। ਉਸ ਨੂੰ ਬਰਗਾੜੀ ਮੋਰਚੇ ਨੂੰ ਮੂਲੋਂ-ਮੁੱਢੋਂ ਨਕਾਰ ਦੇਣ ਤੋਂ ਬਿਨਾਂ ਹੋਰ ਕੁਝ ਔੜਦਾ ਹੀ ਨਹੀਂ। ਉਹ ਤਾਂ ਕਹਿੰਦਾ ਹੈ ਸਿੱਖ ਬਹਿ ਕੇ ਭਗਤੀ ਕਰਨ, ਨਾ ਰਾਜ ਦਾ ਸੁਪਨਾ ਲੈਣ, ਨਾ ਉਹਦੇ ਲਈ ਲੜਨ। ਇਹ ਇੱਕ ਆਮ ਸਮਝ ਹੈ ਕਿ ਕਿਸੇ ਵੀ ਸਿਆਸੀ ਸੰਘਰਸ਼ ਵਿੱਚ ਸ਼ਾਮਲ ਧਿਰਾਂ ਆਪ-ਮੁਹਾਰੇ ਆਏ ਲੋਕ-ਉਭਾਰ ਨੂੰ ਆਪਣੇ ਸੰਘਰਸ਼ ਨੂੰ ਅਗਾਂਹ ਤੋਰਨ ਦੇ ਮੌਕੇ ਵਜੋਂ ਵਰਤਦੀਆਂ ਹਨ। ਕਿਸੇ ਲੋਕ ਲਹਿਰ ਨੂੰ ਨਿਗੂਣਾ ਬਣਾ ਕੇ ਪੇਸ਼ ਕਰਨਾ ਉਸ ਲਹਿਰ ਦੀ ਦੁਸ਼ਮਣ ਹਕੂਮਤੀ ਧਿਰ ਦੇ ਹਿਤ ਵਿੱਚ ਹੁੰਦਾ ਹੈ। ਅਜਮੇਰ ਸਿੰਘ ਦੇ ਹਮਾਇਤੀ ਦੱਸਣ ਕਿ ਇਹ ਮਹਾਨ ਚਿੰਤਕ ਇਸ ਪ੍ਰਤੱਖ ਤਬਦੀਲੀ ਨੂੰ ਵੇਖਣਾ ਕਿਉਂ ਨਹੀਂ ਚਾਹੁੰਦਾ? ਉਸਦੀ ਅਜਿਹੇ ਉਭਾਰ ਰਾਹੀਂ ਕੋਈ ਨਵਾਂ ਸਿਆਸੀ ਪ੍ਰਵਾਹ ਸ਼ੁਰੂ ਕਰਨ ਵਿੱਚ ਉੱਕਾ ਹੀ ਦਿਲਚਸਪੀ ਕਿਉਂ ਨਹੀਂ ਹੈ?
ਬਰਗਾੜੀ ਮੋਰਚੇ ਦੀ ਅਹਿਮੀਅਤ ਸਮਝਣ ਲਈ ਇਸ ਪ੍ਰਤੀ ਸਰਕਾਰੀ ਰਵੱਈਆ ਧਿਆਨ ਵਿੱਚ ਰੱਖਣ ਦੀ ਲੋੜ ਹੈ। ਇਸ ਸਬੰਧੀ ੧੧ ਅਕਤੂਬਰ ਦੇ ਪੰਜਾਬੀ ਟ੍ਰਿਬਿਊਨ ਦੇ ਮੁੱਖ ਪੰਨੇ ੳੁੱਤੇ ਛਪੀ ਇਕ ਖਬਰ ਵੇਖੀ ਜਾ ਸਕਦੀ ਹੈ ਜਿਸ ਵਿਚ ਪੁਲਿਸ ਅਤੇ ਖੁਫੀਆ ਏਜੰਸੀਆਂ ਦੇ ਉੱਚ-ਅਧਿਕਾਰੀਆਂ ਨਾਲ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਬਰਗਾੜੀ ਮੋਰਚੇ ਸਬੰਧੀ ਹੋਈ ਇਕ ਬੈਠਕ ਦਾ ਵੇਰਵਾ ਇਸ ਤਰਾਂ ਪੇਸ਼ ਕੀਤਾ ਗਿਆ ਹੈ: “ਸੀਨੀਅਰ ਅਧਿਕਾਰੀਆਂ ਨੇ ਮੁੱਖ ਮੰਤਰੀ ਨੂੰ ਸਪੱਸ਼ਟ ਕੀਤਾ ਕਿ ‘ਬਰਗਾੜੀ ਮੋਰਚੇ’ ਦੇ ਲੰਮਾ ਸਮਾਂ ਲੱਗੇ ਰਹਿਣ ਕਾਰਨ ਹਾਕਮ ਪਾਰਟੀ ਨੂੰ ਨਾ ਸਿਰਫ਼ ਸਿਆਸੀ ਤੌਰ ‘ਤੇ ਹੀ ਭਵਿੱਖ ਵਿਚ ਵੱਡੇ ਸੰਕਟ ਵਿੱਚੋਂ ਲੰਘਣਾ ਪੈ ਸਕਦਾ ਹੈ ਸਗੋਂ ਕਾਨੂੰਨ ਵਿਵਸਥਾ ਦੀ ਸਥਿਤੀ ਕਾਰਨ ਵੀ ਇਹ ਮਾਮਲਾ ਬੇਹੱਦ ਗੰਭੀਰ ਬਣਦਾ ਜਾ ਰਿਹਾ ਹੈ। …ਪੁਲਿਸ ਅਧਿਕਾਰੀਆਂ ਮੁਤਾਬਕ … ਬਰਗਾੜੀ ਵਿਚ ਗਰਮਖ਼ਿਆਲੀਆਂ ਵੱਲੋਂ ਲਗਾਏ ਗਏ ਪੱਕੇ ਮੋਰਚੇ ਨਾਲ ਲੋਕ ਜਜ਼ਬਾਤੀ ਤੌਰ ‘ਤੇ ਜੁੜ ਰਹੇ ਹਨ ਜੋ ਜ਼ਿਆਦਾ ਗੰਭੀਰ ਵਿਸ਼ਾ ਹੈ।” ਹੁਣ ਪਾਠਕ ਇਸ ਗੱਲ ਦਾ ਫੈਸਲਾ ਖੁਦ ਕਰਨ ਕਿ ਬਰਗਾੜੀ ਮੋਰਚੇ ਦਾ ਵਿਰੋਧ ਕਰ ਕੇ ਅਜਮੇਰ ਸਿੰਘ ਕੀ ਹਾਸਲ ਕਰਨਾ ਚਾਹੁੰਦਾ ਹੈ? ਸਰਕਾਰ, ਪੁਲਿਸ-ਤੰਤਰ, ਅਤੇ ਅਜਮੇਰ ਸਿੰਘ ਦੇ ਹਿਤ ਸਾਂਝੇ ਕਿਉਂ ਹਨ?
ਅਜਮੇਰ ਸਿੰਘ ਦਾ ਰਵੱਈਆ ਇੱਕ ਵਿਦਵਾਨ ਵਾਲ਼ਾ ਨਹੀਂ, ਡੇਰੇਦਾਰ ਵਾਲ਼ਾ ਹੈ। ਉਹ ਖੁਦ ਕਿਸੇ ਨਾਲ਼ ਸੰਵਾਦ ਵਿੱਚ ਨਹੀਂ ਆਉਂਦਾ ਅਤੇ ਉਸ ਦੇ ਸ਼ਰਧਾਲੂ ਹਰ ਸੁਆਲ ਕਰਨ ਵਾਲ਼ੇ ਦੀ ਕਿਰਦਾਰਕੁਸ਼ੀ ਕਰਦੇ ਹਨ। ਮੇਰੇ ਖਿਲਾਫ ਅਜਮੇਰ ਸਿੰਘ ਦੇ ਹਮਾਇਤੀਆਂ ਨੇ ਇੱਕ ਮੁੱਦਾ ਇਹ ਚੁੱਕਿਆ ਕਿ ਮੈਂ ਹਮੇਸ਼ਾ ਹੀ ਕਿਸੇ ਨਾ ਕਿਸੇ ਦੀ ਵਿਰੋਧਤਾ ਕਰਦਾ ਰਹਿੰਦਾ ਹਾਂ। ਜਦੋਂ ਕਿ ਸੱਚਾਈ ਇਹ ਹੈ ਕਿ ਮੈਂ ਲਿਖਦਾ ਹੀ ਬਹੁਤ ਘੱਟ ਹਾਂ। ਮੈਂ ਆਪਣਾ ਸਾਰਾ ਸਮਾਂ ਸਾਹਿਤ, ਫਲਸਫੇ, ਅਤੇ ਇਤਿਹਾਸ ਬਾਰੇ ਆਪਣੀ ਖੋਜ ਵਿੱਚ ਲਾਉਂਦਾ ਹਾਂ। ਅਜਮੇਰ ਸਿੰਘ ਦੀਆਂ ਕਿਤਾਬਾਂ ੨੦੦੩ ਤੋਂ ਜ਼ੋਰ-ਸ਼ੋਰ ਨਾਲ਼ ਛਪ ਰਹੀਆਂ ਹਨ। ਪਰ ਮੈਂ ਹੁਣ ਤੱਕ ਕੁਝ ਇੱਕ ਵਾਰ, ਕੁਝ ਖਾਸ ਮੁੱਦਿਆਂ ‘ਤੇ ਹੀ, ਉਸਦੀ ਆਲੋਚਨਾ ਕੀਤੀ ਹੈ: ਪਹਿਲੀ ਵਾਰ ਜਦੋਂ ਉਸ ਨੇ ਖਾਲਿਸਤਾਨੀਆਂ ਨੂੰ “ਡਿਸਗਸਟਿੰਗ” ਕਿਹਾ, ਦੂਜੀ ਵਾਰ ਜਦੋਂ ਉਸ ਨੇ ਸਰਬੱਤ ਖਾਲਸਾ ਦਾ ਵਿਰੋਧ ਕੀਤਾ, ਤੇ ਤੀਜੀ ਵਾਰ ਜਦੋਂ ਉਸਨੇ ਬਰਗਾੜੀ ਮੋਰਚੇ ਨੂੰ ਛੁਟਿਆਉਣ ਦੀ ਕੋਸ਼ਿਸ਼ ਕੀਤੀ। ਪਾਠਕ ਆਪ ਸੋਚਣ ਕਿ ਇਹਨਾਂ ਤਿੰਨਾਂ ਵਿੱਚੋਂ ਕਿਹੜਾ ਮੁੱਦਾ ਬੇਲੋੜਾ ਸੀ ਜਾਂ ਮੈਂ ਕਿਵੇਂ ਗ਼ਲਤ ਸੀ। ਪੰਜਾਬ ਅਸੈਂਬਲੀ ਬਾਰੇ ਮੇਰਾ ਲੇਖ ਕੋਈ ਤਿੰਨ ਸਾਲ ਦੇ ਵਕਫੇ ਤੋਂ ਬਾਅਦ ਛਪਿਆ ਪਹਿਲਾ ਲੇਖ ਸੀ। ਇਹ ਲੇਖ ਵੀ ਮੈਂ ਇਸ ਲਈ ਲਿਖਿਆ ਸੀ ਕਿਉਂਕਿ ਮੇਰੀ ਸਮਝ ਸੀ ਕਿ ਜਾਣੇ-ਅਣਜਾਣੇ ਸਿੱਖਾਂ ਦੀਆਂ ਕੁਝ ਧਿਰਾਂ ਵੱਲੋਂ ਬਰਗਾੜੀ ਮੋਰਚੇ ਦੇ ਸਮਾਨੰਤਰ ਸ਼ੁਰੂ ਕੀਤਾ ਕੋਈ ਵੀ ਸਿਆਸੀ ਅਮਲ ਇਸ ਵੇਲ਼ੇ ਸਿੱਖਾਂ ਲਈ ਮਾਰੂ ਸਾਬਤ ਹੋ ਸਕਦਾ ਹੈ। ਇਸ ਲੇਖ ਵਿੱਚ ਮੈਂ ਅਜਮੇਰ ਸਿੰਘ ਦੇ ਵਿਚਾਰਾਂ ਦਾ ਵਿਸ਼ਲੇਸ਼ਣ ਕੀਤਾ ਸੀ। ਇਸ ਤੋਂ ਬਾਅਦ ਆਏ ਦੂਜੇ ਲੇਖ ਵਿੱਚ ਮੈਂ ਆਪਣੇ ਵਿਸ਼ਲੇਸ਼ਣ ਨੂੰ ਵਿਸਥਾਰ ਦਿੱਤਾ ਸੀ। ਮੈਂ ਜੋ ਸਹੀ ਸਮਝਿਆ ਲਿਖ ਦਿੱਤਾ ਕਿਉਂਕਿ ਮੇਰੇ ਲਈ ਅਜਮੇਰ ਸਿੰਘ ਕੋਈ ਪਵਿੱਤਰ ਬੁੱਤ ਨਹੀਂ ਜਿਸ ਵੱਲ ਉਂਗਲ਼ ਨਹੀਂ ਚੁੱਕੀ ਜਾ ਸਕਦੀ। ਪਰ ਅਜਮੇਰ ਸਿੰਘ ਦੇ ਹਮਾਇਤੀ ਵੀ ਪੰਥਕ ਕਹਾਉਂਦੇ ਹਨ, ਉਹ ਇਹਨਾਂ ਮੁੱਦਿਆਂ ਬਾਰੇ ਕਿਉਂ ਨਹੀਂ ਬੋਲਦੇ? ਉਹਨਾਂ ਦੇ ਆਪਣੇ ਕੀ ਸਰੋਕਾਰ ਹਨ?
ਅਜਮੇਰ ਸਿੰਘ ਬਾਰੇ ਬੁਨਿਆਦੀ ਸੁਆਲ ਹੈ ਕਿ ਕੀ ਉਹ ਸਿੱਖਾਂ ਦੇ ਆਜ਼ਾਦ ਪ੍ਰਭੂਸੱਤਾ ਸੰਪੰਨ ਮੁਲਕ ਹਾਸਲ ਕਰਨ ਦੇ ਨਿਸ਼ਾਨੇ ਨਾਲ਼ ਸਹਿਮਤ ਹੈ ਜਾਂ ਸਾਡੇ ਸੰਘਰਸ਼ ਨੂੰ ਆਪਣੇ ਮਨਸੂਬਿਆਂ ਦੀ ਪੂਰਤੀ ਲਈ ਵਰਤਣਾ ਚਾਹੁੰਦਾ ਹੈ? ਅਜੇ ਤੱਕ ਅਜਮੇਰ ਸਿੰਘ ਨੇ ਆਪਣੇ ਮੂੰਹੋਂ ਇੱਕ ਵਾਰ ਵੀ ਸਿੱਖਾਂ ਦੇ ਆਜ਼ਾਦ ਪ੍ਰਭੂਸੱਤਾ ਸੰਪੰਨ ਮੁਲਕ ਖਾਲਿਸਤਾਨ ਦੇ ਨਿਸ਼ਾਨੇ ਦੀ ਸਪੱਸ਼ਟ ਪ੍ਰੋੜ੍ਹਤਾ ਨਹੀਂ ਕੀਤੀ, ਜਦੋਂ ਕਿ ਵਿਰੋਧਤਾ ਕਈ ਵਾਰ ਕੀਤੀ ਹੈ। ਇਸ ਦੇ ਬਾਵਜੂਦ ਵੀ ਜੇ ਅਜਮੇਰ ਸਿੰਘ ਦੇ ਪ੍ਰਸ਼ੰਸਕਾਂ ਨੂੰ ਉਸ ਦੀ ਹਰ ਗੱਲ ਸਹੀ ਲਗਦੀ ਹੈ ਤਾਂ ਸੋਚਣ ਦੀ ਲੋੜ ਹੈ ਕਿ ਆਖਰ ਉਸਦੇ ਸਮਰਥਕਾਂ ਦੀਆਂ ਕੀ ਸੀਮਤਾਈਆਂ ਹਨ? ਮੈਂ ਅਜਮੇਰ ਸਿੰਘ ਦੀਆਂ ਲਿਖਤਾਂ ਨੂੰ ਪੜ੍ਹਨ ਦੇ ਖਿਲਾਫ ਨਹੀਂ ਹਾਂ, ਬੱਸ ਉਸ ਪ੍ਰਤੀ ਪੈਦਾ ਹੋਈ ਅੰਨ੍ਹੀ ਸ਼ਰਧਾ ਕਰਕੇ ਫੈਲੀ ਨਾਸਮਝੀ ਨੂੰ ਇੱਕ ਚਿੰਤਾਜਨਕ ਵਰਤਾਰੇ ਵਜੋਂ ਵੇਖਦਾ ਹਾਂ। ਮੈਂ ਉਸ ਦੀਆਂ ਲਿਖਤਾਂ ਪੜ੍ਹੀਆਂ ਹਨ, ਪਰ ਗਿਆਨ ਦੇ ਇੱਕੋ-ਇੱਕ ਤੇ ਅੰਤਮ ਸਰੋਤ ਵਜੋਂ ਨਹੀਂ, ਸਗੋਂ ਇਹ ਸਮਝਣ ਲਈ ਕਿ ਇੱਕ ਸਾਬਕਾ ਨਕਸਲੀ ਸਾਡੀ ਲਹਿਰ ਵਿੱਚ ਕਿਸ ਮਨਸ਼ਾ ਤਹਿਤ ਆਇਆ ਹੈ?
ਬਿਹਤਰ ਹੈ ਅਜਮੇਰ ਸਿੰਘ ਤੋਂ ਪ੍ਰਭਾਵਿਤ ਹੋਏ ਨੌਜੁਆਨ ਵੀ ਗੰਭੀਰ ਅਧਿਐਨ ਦੇ ਰਾਹ ਪੈਣ। ਸਿੱਖਾਂ ਨੂੰ ਦਰਪੇਸ਼ ਚੁਣੌਤੀਆਂ ਨਾਲ਼ ਸਿੱਝਣ ਲਈ, ਜਾਂ ਮਸਲਿਆਂ ਨੂੰ ਸਮਝਣ ਲਈ, ਅਜਮੇਰ ਸਿੰਘ ਦੀਆਂ ਕਿਤਾਬਾਂ ਦੇ ਪੱਧਰ ਦੀਆਂ ਲਿਖਤਾਂ ਕਾਫੀ ਨਹੀਂ। ਇਹਦੇ ਲਈ ਘੱਟੋ-ਘੱਟ ਉਨ੍ਹੀਵੀਂ ਸਦੀ ਦੇ ਸ਼ੁਰੂ ਤੋਂ ਅੱਜ ਤੱਕ ਦੇ ਫਲਸਫਾਨਾ, ਇਤਿਹਾਸਕ, ਰਾਜਨੀਤਕ, ਅਤੇ ਹੋ ਸਕੇ ਤਾਂ ਸਾਹਿਤਕ ਬਿਰਤਾਂਤਾਂ ਦਾ ਅਧਿਐਨ ਕਰਨਾ ਜ਼ਰੂਰੀ ਹੈ; ਜਾਂ ਘੱਟੋ-ਘੱਟ ਉਹਨਾਂ ਨਾਲ਼ ਵਾਬਸਤਗੀ ਤਾਂ ਰੱਖਣੀ ਚਾਹੀਦੀ ਹੈ। ਅਜਮੇਰ ਸਿੰਘ ਨੂੰ ਉਪਰੋਕਤ ਚਿੰਤਨ-ਧਾਰਾਵਾਂ ਦੀ ਬੁਨਿਆਦੀ ਜਾਣਕਾਰੀ ਨਹੀਂ ਹੈ। ਇਸ ਲਈ ਉਸਦੀਆਂ ਲਿਖਤਾਂ ਗਿਆਨ ਦਾ ਅੰਤਮ ਸਰੋਤ ਨਹੀਂ ਬਣ ਸਕਦੀਆਂ।
ਅਜਮੇਰ ਸਿੰਘ ਦੇ ਗਿਆਨ ਦੇ ਖਿਲ੍ਹਾਰੇ ਵਿਚੋਂ ਉਪਜੀਆਂ ਅੱਧੀ ਦਰਜਨ ਕਿਤਾਬਾਂ ਵਿਚਲੇ ਅੰਤਰ-ਵਿਰੋਧਾਂ ਅਤੇ ਸਿਧਾਂਤਕ ਕਚਿਆਈਆਂ ਦੀ ਗੱਲ ਕਰਨੀ ਹੋਵੇ ਤਾਂ ਗੱਲ ਇੱਕ-ਅੱਧੇ ਲੇਖ ‘ਚ ਸਮੇਟਣੀ ਵੀ ਔਖੀ ਹੈ। ਪਰ ਜੇ ਅਜਮੇਰ ਸਿੰਘ ਸੰਵਾਦ ਲਈ ਰਾਜ਼ੀ ਹੋਵੇ ਤਾਂ ਮੈਂ ਉਸਦੀਆਂ ਕਿਤਾਬਾਂ ‘ਤੇ ਹਵਾਲਿਆਂ ਸਹਿਤ ਲੇਖ ਲਿਖ ਕੇ ਵਿਚਾਰ ਕਰਨ ਲਈ ਤਿਆਰ ਹਾਂ। ਜੇ ਨਹੀਂ, ਤਾਂ ਮੈਂ ਇਹ ਬਹਿਸ ਇੱਥੇ ਹੀ ਬੰਦ ਕਰਦਾ ਹਾਂ ਤੇ ਅਜਮੇਰ ਸਿੰਘ ਆਪਣੀ ਜਿੱਤ ਦਾ ਜਸ਼ਨ ਮਨਾ ਲਵੇ। ਪਾਠਕ ਧਿਆਨ ਦੇਣ ਕਿ ਅਜਮੇਰ ਸਿੰਘ ਸੰਵਾਦ ਤੋਂ ਪਿੱਠ ਮੋੜਦਾ ਹੈ ਤੇ ਰੌਲ਼ੇ-ਰੱਪੇ ਰਾਹੀਂ ਹਰ ਸੁਆਲ ਪੁੱਛਣ ਵਾਲ਼ੇ ਨੂੰ ਜਿੱਚ ਹੁੰਦੇ ਵੇਖਦਾ ਹੈ। ਸਾਨੂੰ ਸੋਚਣ ਦੀ ਲੋੜ ਹੈ ਕਿ ਉਪਰੋਕਤ ਰਵੱਈਆ ਸਾਨੂੰ ਕਿੱਧਰ ਨੂੰ ਲਿਜਾ ਰਿਹਾ ਹੈ।
ਅੱਜ ਸਿੱਖਾਂ ਦਾ ਮੁਖ ਸੰਕਟ ਕਾਬਲ ‘ਤੇ ਪ੍ਰਤੀਬੱਧ ਆਗੂਆਂ ਦੇ ਨਵੇਂ ਪੋਚ ਦੀ ਅਣਹੋਂਦ ਹੈ। ਸਰਬੱਤ ਖਾਲਸਾ ਅਤੇ ਬਰਗਾੜੀ ਮੋਰਚੇ ਤੋਂ ਬਾਅਦ ਕੌਮ ਅੰਦਰ ਇੱਕ ਜਾਨਦਾਰ ਜਨਤਕ ਉਭਾਰ ਪੈਦਾ ਹੋਇਆ ਹੈ। ਦੁੱਖ ਦੀ ਗੱਲ ਹੈ ਕਿ ਇਸ ਉਭਾਰ ਨੂੰ ਸੰਗਠਿਤ ਸਿਆਸੀ ਲਹਿਰ ਦੇ ਰੂਪ ਵਿੱਚ ਅਗਾਂਹ ਤੋਰਨ ਲਈ ਲੋੜੀਂਦੇ ਆਗੂ ਨਜ਼ਰ ਨਹੀਂ ਆ ਰਹੇ। ੧੯੯੬ ਤੋਂ ਬਾਅਦ ਪੰਥਕ ਹਲਕਿਆਂ ਵਿੱਚ ਸ਼ੁਰੂ ਹੋਈ ਨਵੀਂ ਸਫਬੰਦੀ ਵਿੱਚੋਂ ਅੱਜ ਤੱਕ ਬਹੁਤ ਕੁਛ ਪੈਦਾ ਹੋ ਸਕਦਾ ਸੀ। ਪਰ ਉਦੋਂ ਤੋਂ ਹੀ ਅਜਮੇਰ ਸਿੰਘ ਦਾ ਮੁੱਖ ਨੀਤੀਵਾਨ ਦੇ ਤੌਰ ‘ਤੇ ਸਾਰੇ ਸਿਆਸੀ ਅਮਲ ‘ਤੇ ਕਾਬੂ ਹੈ। ਦੋ ਦਹਾਕਿਆਂ ਤੋਂ ਅਜਮੇਰ ਸਿੰਘ ਨੇ ਚੰਗੇ ਬੌਧਿਕ, ਸਿਆਸੀ, ਅਤੇ ਵਿਦਿਆਰਥੀ ਆਗੂ ਪੈਦਾ ਕਰਨ ਲਈ ਲੋੜੀਂਦਾ ਮਾਹੌਲ ਹੀ ਨਹੀਂ ਬਣਨ ਦਿੱਤਾ। ਅਜਮੇਰ ਸਿੰਘ ਇੱਕ ਨਿੱਕੇ ਦਾਇਰੇ ਦਾ ਵੱਡਾ ਵਿਦਵਾਨ ਹੈ। ਸਿੱਖ ਆਗੂਆਂ ਅਤੇ ਨੌਜੁਆਨਾਂ ਨੂੰ ਸਮਝਣ ਦੀ ਲੋੜ ਹੈ ਕਿ ਐਨੀ ਸੀਮਤ ਦੁਨੀਆਂ ਤੱਕ ਸਿਮਟ ਜਾਣਾ ਸਾਡੀ ਚੋਣ ਨਹੀਂ ਹੋ ਸਕਦੀ। ਇਹ ਤਾਂ ਜ਼ਿੰਦਗੀ ਤੋਂ ਹਾਰ ਮੰਨ, ਮੌਤ ਦੀ ਉਡੀਕ ਕਰਦਿਆਂ, ਅੰਤਲੀਆਂ ਘੜੀਆਂ ਖੁਸ਼ੀ ਨਾਲ਼ ਬਿਤਾਉਣ ਵਰਗੀ ਗੱਲ ਹੈ। ਅਜਿਹੇ ਸੁਪਨ-ਸੰਸਾਰ ਨਾਲ਼ੋਂ ਤਲਖ ਆਲੋਚਨਾ ਦੀ ਜ਼ਹਿਰ ਚੰਗੀ ਹੈ। ਜਿਵੇਂ ਮਹਿਬੂਬ ਸਾਹਿਬ ਨੇ ਕਿਹਾ ਹੈ:

ਵਿਸੁ ਵਿਸ਼ਵ ਦੀ ਭਰਕੇ ਨਾਗੋ
ਫਣਾਂ ‘ਚ ਰੋਹ ਨੂੰ ਬਾਲ਼ੋ,
ਜ਼ਰਾ ਏਸ ਸੁਪਨੇ ਦੀ ਸ਼ੀਰੀਂ
ਕੌੜੇ ਡੰਗ ਨਾ’ ਟੁੱਟੇ।
(ਝਨਾਂ ਦੀ ਰਾਤ, ਪੰਨਾ ੪੭)

 

ਪ੍ਰਭਸ਼ਰਨਦੀਪ ਸਿੰਘ ਦੇ ਲੇਖ ਉਤੇ ਇਕ ਲੇਖ
ਕਰਮਜੀਤ ਸਿੰਘ, 99150-91063
ਭਾਈ ਪ੍ਰਭਸ਼ਰਨਦੀਪ ਸਿੰਘ ਹੁਣ ਇਕ ਹੋਰ ਲੇਖ ਲੈ ਕੇ ਖਾਲਸਾ ਪੰਥ ਦੀ ਕਚਿਹਰੀ ਵਿਚ ਆਏ ਹਨ। ਇਹ ਉਨ•ਾਂ ਦਾ ਤੀਸਰਾ ਲੇਖ ਹੈ ਅਤੇ ਇਹ ਲੇਖ ਵੀ ਅਸੀਂ ਇਥੇ ਸ਼ੇਅਰ ਕਰਨ ਦੀ ਖੁਸ਼ੀ ਲੈ ਰਹੇ ਹਾਂ। ਇਹ ਲੇਖ ਜਿਥੇ ਸ. ਅਜਮੇਰ ਸਿੰਘ ਦੇ ਰਾਜਨੀਤਕ ਸਫਰ ਦੇ ਵੱਖ ਵੱਖ ਪੜਾਵਾਂ ਉਤੇ ਗੰਭੀਰ ਟਿੱਪਣੀਆਂ ਕਰਦਾ ਹੈ, ਉਥੇ ਸਬੰਧਤ ਧਿਰਾਂ ਅਤੇ ਵਿਅਕਤੀਆਂ ਨੂੰ ਇਕ ਖੁੱਲ•ੀ ਬਹਿਸ ਦਾ ਸੱਦਾ ਵੀ ਦਿੰਦਾ ਹੈ। ਭਾਈ ਪ੍ਰਭਸ਼ਰਨਦੀਪ ਸਿੰਘ ਇਕ ਅਹਿਮ ਸਵਾਲ ਖੜ•ਾ ਕਰਦੇ ਹਨ ਕਿ ਜੇਕਰ ਸ. ਅਜਮੇਰ ਸਿੰਘ ਸ. ਕਪੂਰ ਸਿੰਘ ਅਤੇ ਪ੍ਰੋਫੈਸਰ ਪੂਰਨ ਸਿੰਘ ਵਰਗੇ ਮਹਾਨ ਕੱਦਾਵਾਰ ਵਿਦਵਾਨਾਂ ਦੀ ਤਿੱਖੀ ਆਲੋਚਨਾ ਕਰ ਸਕਦੇ ਹਨ ਤਾਂ ਫਿਰ ਕੀ ਖੁਦ ਸ. ਅਜਮੇਰ ਸਿੰਘ ਬਹਿਸ ਦੇ ਘੇਰੇ ਵਿਚ ਨਹੀਂ ਆ ਸਕਦੇ? ਕੋਈ ਵੀ ਉਚ ਕੋਟੀ ਦੀ ਬਹਿਸ ਜਿਥੇ ਸਾਨੂੰ ਆਪਣੀਆਂ ਪੁਜ਼ੀਸ਼ਨਾਂ 'ਤੇ ਮੁੜ ਵਿਚਾਰ ਕਰਨ ਲਈ ਪ੍ਰੇਰਦੀ ਹੈ ਉਥੇ ਪਾਠਕਾਂ ਦੀ ਸੋਚ ਦੇ ਸਫਰ ਨੂੰ ਵੀ ਇਕ ਨਵੀਂ ਤਾਜ਼ਗੀ ਤੇ ਰਵਾਨਗੀ ਵੀ ਬਖ਼ਸ਼ਦੀ ਹੈ। ਜੇ ਵਿਚਾਰਾਂ ਦਾ ਤਬਾਦਲਾ ਹੀ ਨਹੀਂ ਹੋਵੇਗਾ ਤਾਂ ਯਕੀਨਨ ਸਾਡੀ ਸੋਚ ਵਿਚ ਇਕ ਅਜੀਬ ਜਿਹੀ ਖੜੋਤ ਵੀ ਆਏਗੀ ਤੇ ਸਾਡਾ ਵਤੀਰਾ ਵੀ ਤਾਨਾਸ਼ਾਹਾਂ ਵਰਗਾ ਹੋ ਜਾਏਗਾ ਅਤੇ ਵਿਦਵਾਨ ਵੀ ਸਾਡੇ ਲਈ ਬੁੱਤ ਬਣ ਜਾਣਗੇ। ਪ੍ਰਭਸ਼ਰਨਦੀਪ ਸਿੰਘ ਨੂੰ ਇਹੋ ਲੱਗਦਾ ਹੈ ਕਿ ਸ. ਅਜਮੇਰ ਸਿੰਘ ਵੀ ਸਹਿਜੇ ਸਹਿਜੇ ਬੁੱਤ ਦੀ ਸ਼ਕਲ ਅਖਤਿਆਰ ਕਰ ਗਏ ਹਨ ਅਤੇ ਉਨ•ਾਂ ਦੇ ਕਈ ਸਰਲ-ਚਿੱਤ ਤੇ ਭੋਲੇ ਭਾਲੇ ਪਾਠਕ ਵੀ ਅਚੇਤ ਰੂਪ ਵਿਚ ਇਕ ਤਰ•ਾਂ ਨਾਲ ਬੁੱਤ-ਪੂਜਕ ਹੀ ਬਣਦੇ ਜਾ ਰਹੇ ਹਨ। ਬੱਸ, ਇਸੇ ਹੀ ਮੋੜ 'ਤੇ ਪ੍ਰਭਸ਼ਰਨਦੀਪ ਸਿੰਘ ਆਪਣੀ ਥੀਸਿਸ ਲੈ ਕੇ ਮੈਦਾਨ ਵਿਚ ਉਤਰਦੇ ਹਨ। ਹਥਲੇ ਲੇਖ ਵਿਚ ਉਹ ਇਸ ਖੜੋਤ ਨੂੰ ਆਪਣੇ ਤਜਰਬੇ, ਅਨੁਭਵ ਅਤੇ ਵਿਸ਼ਾਲ ਅਧਿਐਨ ਨਾਲ ਤੋੜਦੇ ਨਜ਼ਰ ਆ ਰਹੇ ਹਨ।
ਇਥੇ ਇਹ ਚੇਤੇ ਕਰਾਇਆ ਜਾਂਦਾ ਹੈ ਕਿ ਭਾਈ ਪ੍ਰਭਸ਼ਰਨਦੀਪ ਸਿੰਘ ਦੀ ਸਾਹਿਤ, ਧਰਮ, ਰਾਜਨੀਤੀ ਅਤੇ ਦਰਸ਼ਨ ਉਤੇ ਡੂੰਘੀ ਪਕੜ ਹੈ। ਇਸ ਤੋਂ ਇਲਾਵਾ ਸੰਸਾਰ ਦੇ ਅਜੋਕੇ ਵਰਤਾਰਿਆਂ ਅਤੇ ਰੁਝਾਨਾਂ ਨੂੰ ਉਹ ਪੰਥਕ ਰੌਸ਼ਨੀ ਵਿਚ ਵੇਖਣ ਤੇ ਪਰਖਣ ਦਾ ਯਤਨ ਵੀ ਕਰਦੇ ਹਨ। ਜੁਝਾਰੂ ਲਹਿਰ ਦੇ ਸ਼ਾਨਾਮੱਤੇ ਇਤਿਹਾਸਕ ਰੋਲ ਨੂੰ ਵੇਖਣ ਦਾ ਉਨ•ਾਂ ਦਾ ਨਜ਼ਰੀਆ ਵੀ ਮੌਲਿਕ, ਵਿਲੱਖਣ ਤੇ ਹਾਂ ਪੱਖੀ ਹੈ। ਸ. ਅਜਮੇਰ ਸਿੰਘ ਦੀਆਂ ਕਿਤਾਬਾਂ ਦਾ ਮੁਤਾਲਿਆ ਵੀ ਉਨ•ਾਂ ਨੇ ਅੱਖਾਂ ਖੋਲ• ਕੇ ਅਤੇ ਨਿੱਠ ਕੇ ਕੀਤਾ ਹੈ। ਅਗਲੇ ਲੇਖਾਂ ਵਿਚ ਸ. ਅਜਮੇਰ ਸਿੰਘ ਦੀਆਂ ਕਿਤਾਬਾਂ ਤੇ ਲੈਕਚਰਾਂ ਦੇ ਹਵਾਲੇ ਨਾਲ ਉਹ ਸਿੱਧ ਕਰਨਗੇ ਕਿ ਅਸਲ ਵਿਚ ਇਹ ਲਿਖਤਾਂ ਤੇ ਲਿਖਤਾਂ ਤੋਂ ਪੈਦਾ ਕੀਤਾ ਜਾ ਰਿਹਾ ਬਨਾਵਟੀ ਮਾਹੌਲ ਖਾਲਸਾ ਪੰਥ ਦੇ ਰਾਜਨੀਤਕ ਭਵਿੱਖ ਲਈ ਕਿੰਨਾ ਨੁਕਸਾਨਦੇਹ ਹੋ ਸਕਦਾ ਹੈ ਅਤੇ ਕਿਸੇ ਹੱਦ ਤੱਕ ਹੋ ਵੀ ਰਿਹਾ ਹੈ। ਚੰਗੀ ਗੱਲ ਇਹ ਹੈ ਕਿ ਉਨ•ਾਂ ਨੂੰ ਇਹ ਅਣਦਿਸਦਾ ਨੁਕਸਾਨ ਨਜ਼ਰ ਆ ਰਿਹਾ ਹੈ। ਉਨ•ਾਂ ਦੀਆਂ ਲਿਖਤਾਂ ਤੇ ਲੈਕਚਰਾਂ ਤੋਂ ਪ੍ਰਭਸ਼ਰਨਦੀਪ ਸਿੰਘ ਨੂੰ ਇਹ ਪੱਕਾ ਵਿਸ਼ਵਾਸ ਹੋ ਚੁੱਕਾ ਹੈ ਕਿ ਸ. ਅਜਮੇਰ ਸਿੰਘ ਖਾਲਿਸਤਾਨ ਦੇ ਵਿਰੋਧ ਵਿਚ ਹਨ ਪਰ ਲਗਾਤਾਰ ਇਹੋ ਪ੍ਰਭਾਵ ਦਿੰਦੇ ਆ ਰਹੇ ਹਨ ਕਿ ਉਹ ਖਾਲਿਸਤਾਨ ਦੇ ਸੱਚੇ ਹਮਾਇਤੀ ਹਨ। ਉਹ ਆਪਣੀ ਗੱਲ ਕਦੇ ਵੀ ਸਪੱਸ਼ਟ ਨਹੀਂ ਕਰਦੇ। ਉਨ•ਾਂ ਦਾ ਮਾਣ ਸਤਿਕਾਰ ਕਿਉਂਕਿ ਖਾਲਿਸਤਾਨੀ ਹਲਕਿਆਂ ਵਿਚ ਹੁੰਦਾ ਹੈ, ਉਨ•ਾਂ ਹਲਕਿਆਂ ਨਾਲ ਜੁੜੇ ਕਈ ਵਿਅਕਤੀ ਉਨ•ਾਂ ਦੀ ਲਿਖਤਾਂ ਨੂੰ ਪ੍ਰਮੋਟ ਕਰਦੇ ਹਨ ਤੇ ਸਮਾਗਮ ਕਰਦੇ ਹਨ। ਇਸ ਲਈ ਸ. ਅਜਮੇਰ ਸਿੰਘ ਇਕ ਭਰਮ ਨੂੰ ਲਗਾਤਾਰ ਬਣਾਈ ਰੱਖਦੇ ਹਨ ਕਿਉਂਕਿ ਜੇ ਉਹ ਸਿੱਧੇ ਰੂਪ ਵਿਚ ਖਾਲਿਸਤਾਨ ਦਾ ਵਿਰੋਧ ਕਰਨਗੇ ਤਾਂ ਉਨ•ਾਂ ਦਾ ਮਾਣ ਸਤਿਕਾਰ ਹੋਣ ਦੀ ਥਾਂ ਉਨ•ਾਂ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪਵੇਗਾ।
ਪ੍ਰਭਸ਼ਰਨਦੀਪ ਸਿੰਘ ਜਿਸ ਵਿਸ਼ਵ ਪ੍ਰਸਿੱਧ ਆਕਸਫੋਰਡ ਯੂਨੀਵਰਸਿਟੀ ਵਿਚ ਖੋਜ ਵਿਦਿਆਰਥੀ ਹਨ, ਉਥੇ ਕਿਸੇ ਵੀ ਮੁੱਦੇ 'ਤੇ ਵਿਚਾਰਾਂ ਦੇ ਤਿੱਖੇ ਟਕਰਾਅ ਹੁੰਦੇ ਹਨ। ਇਹੋ ਜਿਹੇ ਮਾਹੌਲ ਨੂੰ ਹੱਲਾਸ਼ੇਰੀ ਦਿੱਤੀ ਜਾਂਦੀ ਹੈ ਅਤੇ ਉਥੇ ਹੁੰਦੀਆਂ ਵੱਡੀਆਂ ਬਹਿਸਾਂ ਸਿਆਸਤ ਦੇ ਪਿੜ ਵਿਚ ਵੀ ਅਸਰਅੰਦਾਜ਼ ਹੁੰਦੀਆਂ ਹਨ। ਇਸ ਲਈ ਇਹੋ ਜਿਹੀਆਂ ਯੂਨੀਵਰਸਿਟੀਆਂ ਵਿਚ ਜੇ ਸਾਡੇ ਨੌਜਵਾਨ ਪਹੁੰਚ ਜਾਂਦੇ ਹਨ ਤਾਂ ਸਾਨੂੰ ਖੁਸ਼ੀ ਹੋਣੀ ਚਾਹੀਦੀ ਹੈ ਕਿਉਂਕਿ ਹੋਰ ਯੂਨੀਵਰਸਿਟੀਆਂ ਵਿਚ ਕੰਮ ਕਰਦੇ ਨੌਜਵਾਨਾਂ ਨੂੰ ਵੀ ਆਪਣੀ ਕੌਮ ਦੀ ਆਜ਼ਾਦੀ ਬਾਰੇ ਸੋਚਣ, ਲਿਖਣ ਤੇ ਬੋਲਣ ਦੇ ਮੌਕੇ ਹਾਸਲ ਹੋਣਗੇ। ਪ੍ਰਭਸ਼ਰਨਦੀਪ ਸਿੰਘ ਦੀਆਂ ਲਿਖਤਾਂ ਵਿਚ ਇਕ ਥਰਥਰਾਹਟ ਹੈ, ਇਕ ਜਗਮਗਾਹਟ ਹੈ। ਉਸ ਵਿਚ ਕੰਬਣੀ-ਸੁਰ ਵੀ ਹੈ। ਉਹ ਤੁਹਾਨੂੰ ਝਟਕਾ ਵੀ ਦਿੰਦੀ ਹੈ। ਵਿਆਕੁਲ ਵੀ ਕਰ ਸਕਦੀ ਹੈ, ਪਰ ਝੰਜੋੜਦੀ ਵੀ ਹੈ। ਪਰ ਜੇਕਰ ਤੁਹਾਨੂੰ ਸੰਸਾਰ ਦੀਆਂ ਵੱਖ ਵੱਖ ਲਹਿਰਾਂ ਬਾਰੇ ਤੇ ਜੁਝਾਰੂ ਲਹਿਰ ਬਾਰੇ ਜਾਨਣ ਦੀ ਇੱਛਾ ਹੈ ਤਾਂ ਪ੍ਰਭਸ਼ਰਨਦੀਪ ਸਿੰਘ ਉੱਚੀ ਪੱਧਰ ਦੀ ਬਹਿਸ ਲਈ ਮੈਦਾਨ-ਏ-ਜੰਗ ਵਿਚ ਆਉਣ ਦਾ ਸੱਦਾ ਵੀ ਦਿੰਦਾ ਹੈ। ਉਸ ਦੀ ਸ਼ਖਸੀਅਤ ਵਿਚ ਕਈ ਨੁਕਸ ਹੋ ਸਕਦੇ ਹਨ, ਪਰ ਕੌਣ ਹੈ ਜੋ ਨੁਕਸਾਂ ਤੋਂ ਪੂਰੀ ਤਰ•ਾਂ ਮੁਕਤ ਹੈ? ਇਸ ਲਈ ਅਸੀਂ ਬਹਿਸ ਵਿਚ ਲਿਖਤ ਨੂੰ ਹੀ ਤਰਜੀਹ ਦਿੰਦੇ ਹਾਂ।
ਅਸੀਂ ਇਹ ਵੀ ਸਪੱਸ਼ਟ ਕਰ ਦੇਣਾ ਚਾਹੁੰਦੇ ਹਾਂ ਕਿ ਇਸ ਲੇਖ ਦੇ ਕਈ ਪੱਖਾਂ ਨਾਲ ਸਾਡੇ ਕਈ ਵੱਖਰੇ ਵਿਚਾਰ ਹੋ ਸਕਦੇ ਹਨ। ਮੇਰੇ ਆਪਣੇ ਵੀ ਹਨ। ਮਿਸਾਲ ਦੇ ਤੌਰ 'ਤੇ ਆਮ ਆਦਮੀ ਪਾਰਟੀ ਦੇ ਵਰਤਾਰੇ ਦੀ ਸਮਝ ਤੇ ਸੂਝ ਬਾਰੇ ਅਤੇ ਸਿੱਖਾਂ ਦੇ ਵਿਸ਼ਾਲ ਹਿੱਸਿਆਂ ਵਿਚ ਇਸ ਪਾਰਟੀ ਲਈ ਪੈਦਾ ਹੋਈ ਤੂਫਾਨੀ-ਹਮਾਇਤ ਤੇ ਹਮਦਰਦੀ ਨੇ ਸੁਹਿਰਦ ਵਿਦਵਾਨਾਂ ਤੇ ਗੰਭੀਰ ਪੱਤਰਕਾਰਾਂ ਨੂੰ ਵੀ ਸੋਚਣ ਲਈ ਮਜਬੂਰ ਕਰ ਦਿੱਤਾ ਸੀ। ਇਸ ਦਾ ਵੱਡਾ ਕਾਰਨ ਇਹ ਵੀ ਸੀ ਕਿ ਪੰਜਾਬ ਦੇ ਲੋਕਾਂ ਵਿਚ ਕਾਂਗਰਸ ਤੇ ਅਕਾਲੀ ਦਲ ਦੋਵਾਂ ਲਈ ਅਤੇ ਵਿਸ਼ੇਸ਼ ਕਰ ਕੇ ਅਕਾਲੀ ਦਲ ਦੀ ਲੀਡਰਸ਼ਿਪ ਦੀਆਂ ਨੀਤੀਆਂ ਬਾਰੇ ਵਿਰੋਧਤਾ ਇਕ ਤਰ•ਾਂ ਨਾਲ ਨਫਰਤ ਤੇ ਗੁੱਸੇ ਦਾ ਰੂਪ ਅਖਤਿਆਰ ਕਰ ਗਈ ਸੀ। ਉਸ ਭਿਆਨਕ ਸਿਆਸੀ-ਖਲਾਅ ਨੂੰ ਪੂਰਾ ਕਰਨ ਲਈ ਆਮ ਆਦਮੀ ਪਾਰਟੀ ਵਰਤਾਰੇ ਵਿਚੋਂ ਇਕ ਆਰਜ਼ੀ-ਰਾਹਤ ਤਾਂ ਨਜ਼ਰ ਆਉਂਦੀ ਹੀ ਸੀ। ਮੈਨੂੰ ਵੀ ਖੁਦ ਹੋਰਨਾਂ ਵਾਂਗ ਇੰਜ ਹੀ ਲੱਗਦਾ ਸੀ। ਪਰ ਨੌਜਵਾਨ ਸਕਾਲਰ ਪ੍ਰਭਸ਼ਰਨਦੀਪ ਸਿੰਘ ਤੇ ਪ੍ਰਭਜੋਤ ਸਿੰਘ ਉਸ ਦੌਰ ਵਿਚ ਦੂਜੇ ਪਾਸੇ ਖੜ•ੇ ਸਨ ਅਤੇ ਉਹ ਹੁਣ ਠੀਕ ਹੀ ਸਿੱਧ ਹੋਏ ਹਨ। ਪਰ ਇਹ ਵੀ ਇਕ ਕੌੜਾ ਸੱਚ ਸੀ ਕਿ ਦੂਜੇ ਪਾਸੇ ਖਲੋਤੇ ਵੀਰ ਸਿਆਸੀ ਖਲਾਅ ਨੂੰ ਭਰਨ ਲਈ ਕੋਈ ਬਦਲਵਾਂ ਤੇ ਸਾਰਥਕ ਰਾਹ ਵੀ ਨਹੀਂ ਸਨ ਦੱਸ ਰਹੇ। ਸਾਡਾ ਕਹਿਣ ਦਾ ਮਲਤਬ ਹੈ ਕਿ ਬੁਨਿਆਦੀ ਸਵਾਲਾਂ 'ਤੇ ਅਤਿ ਦੀ ਨੇੜਤਾ ਹੋਣ ਦੇ ਬਾਵਜੂਦ ਚਲੰਤ ਮਾਮਲਿਆਂ 'ਤੇ ਸਾਡੇ ਮਤਭੇਦ ਹੋ ਸਕਦੇ ਹਨ ਪਰ 'ਪੰਥਕ ਸਫਾਂ ਵਿਛਾਏ' ਦੇ ਪਵਿੱਤਰ ਸਿੱਧਾਂਤ ਉਤੇ ਚੱਲ ਕੇ ਹੀ ਇਹ ਮਤਭੇਦ ਦੂਰ ਹੋ ਸਕਦੇ ਹਨ ਤੇ ਸਾਡਾ ਇਤਿਹਾਸ ਇਸ ਦੀ ਗਵਾਹੀ ਭਰਦਾ ਹੈ। ਅਸੀਂ ਇਹੋ ਜਿਹੀ ਬਹਿਸ ਹੀ ਚਾਹੁੰਦੇ ਹਾਂ।
ਸ. ਅਜਮੇਰ ਸਿੰਘ ਪਿਛਲੇ ਕੁਝ ਅਰਸੇ ਤੋਂ ਕੀ ਕਰ ਰਹੇ ਹਨ? ਉਹ ਖਾਲਸਾ ਪੰਥ ਕੇ ਜਰਖੇਜ਼ ਖੇਤ ਵਿਚ ਉਦਾਸੀਆਂ ਤੇ ਮਾਯੂਸੀਆਂ ਦੇ ਬੀਜ ਸੁੱਟ ਰਹੇ ਹਨ। ਇਹੋ ਜਿਹਾ ਛਿੱਟਾ ਉਹ ਗਾਹੇ ਬਗਾਹੇ ਦਿੰਦੇ ਹੀ ਰਹਿੰਦੇ ਹਨ। ਹਾਲ ਵਿਚ ਹੀ ਮੱਧ ਪ੍ਰਦੇਸ਼ ਦੇ ਇਕ ਸ਼ਹਿਰ ਵਿਚ ਉਨ•ਾਂ ਦੀ ਤਕਰੀਰ ਕਾਫੀ ਚਰਚਾ ਦਾ ਵਿਸ਼ਾ ਬਣ ਗਈ, ਜਿਥੇ ਤੁਸੀਂ ਇਸ ਵਿਦਵਾਨ ਕੋਲੋਂ ਉਦਾਸੀਆਂ ਦਾ ਤੋਹਫਾ ਲੈ ਕੇ ਆਉਂਦੇ ਹੋ। ਇਥੇ ਅਸੀਂ ਉਨ•ਾਂ ਦੀ ਤਕਰੀਰ ਦੇ ਕੁਝ ਅੰਸ਼ ਵੀ ਦੇ ਰਹੇ ਹਾਂ ਤਾਂ ਜੋ ਪਾਠਕ ਖੁਦ ਹੀ ਇਹ ਫੈਸਲਾ ਕਰ ਸਕਣ ਕਿ ਸਾਡਾ ਇਹ ਵਿਦਵਾਨ ਸਾਡੀਆਂ ਉਮੀਦਾਂ ਦੇ ਉਲਟ ਸਾਨੂੰ ਕਿਨਾਂ ਉਜਾੜ ਰਾਹਾਂ ਵੱਲ ਲੈ ਕੇ ਜਾ ਰਿਹਾ ਹੈ। ਖਾਲਸਾ ਪੰਥ ਪਹਿਲਾਂ ਹੀ ਕਿੰਨੀਆਂ ਮੁਸ਼ਕਲਾਂ, ਰੁਕਾਵਟਾਂ ਤੇ ਘੁੰਮਣਘੇਰੀਆਂ ਵਿਚ ਫਸਿਆ ਹੋਇਆ ਹੈ। ਅੱਜ ਕੱਲ ਉਸ ਦੇ ਕਿਲ•ੇ ਨੂੰ ਅੰਦਰੋਂ ਵੀ ਘੇਰਾ ਪਿਆ ਹੋਇਆ ਹੈ ਅਤੇ ਬਾਹਰੋਂ ਵੀ। ਪਰ ਸ. ਅਜਮੇਰ ਸਿੰਘ ਚਾਹੁੰਦੇ ਹਨ ਕਿ ਸੰਘਰਸ਼ ਦਾ ਹਰ ਰੂਪ ਮੁਅੱਤਲ ਕਰ ਦਿੱਤਾ ਜਾਵੇ। ਉਨ•ਾਂ ਨੂੰ ਸਰਬੱਤ ਖਾਲਸਾ ਵੀ ਚੰਗਾ ਨਹੀਂ ਸੀ ਲੱਗਿਆ ਅਤੇ ਬਰਗਾੜੀ ਮੋਰਚਾ ਵੀ ਉਨ•ਾਂ ਨੂੰ ਕੇਵਲ ਇਕ 'ਇਕੱਠ' ਹੀ ਜਾਪਦਾ ਹੈ। ਰੂਹਾਨੀਅਤ ਦੇ ਉਨ•ਾਂ ਦੇ ਨਵੇਂ ਥੀਸਿਸ ਵਿਚ ਵੀ ਸਾਨੂੰ 'ਬਿਪਰਨ ਕੀ ਰੀਤ' ਦੇ ਪਰਛਾਵਿਆਂ ਦੀ ਝਲਕ ਮਹਿਸੂਸ ਹੁੰਦੀ ਹੈ। ਉਹ ਕਿਸੇ ਵੀ ਸੰਘਰਸ਼ ਵਿਚੋਂ 'ਨਿਕਲੂ ਕੀ' ਦਾ ਸਵਾਲ ਖੜ•ਾ ਕਰਕੇ ਸੰਘਰਸ਼ ਨੂੰ ਰੱਦ ਤਾਂ ਕਰਦੇ ਹਨ 'ਪਰ ਹੋਣਾ ਕੀ ਚਾਹੀਦਾ ਹੈ' ਬਾਰੇ ਭੇਤ ਭਰੀ ਚੁੱਪ ਹੀ ਉਨ•ਾਂ ਦਾ ਇਕੋ ਇਕ ਜਵਾਬ ਹੁੰਦੀ ਹੈ। ਉਹ ਮੱਧ ਪ੍ਰਦੇਸ਼ ਦੇ ਇਕ ਸੈਮੀਨਾਰ ਵਿਚ ਖਾਲਸਾ ਪੰਥ ਨੂੰ ਚੁੱਪ ਰਹਿਣ ਦੀ ਸਲਾਹ ਦੇ ਰਹੇ ਸੀ ਪਰ ਉਸ ਸੈਮੀਨਾਰ ਵਿਚ ਹਾਜ਼ਰ ਇਕ ਵਿਦਵਾਨ ਡਾ. ਹਰਭਜਨ ਸਿੰਘ ਦੀ ਇਹ ਟਿੱਪਣੀ ਕਾਫੀ ਠੀਕ ਨਜ਼ਰ ਆਉਂਦੀ ਹੈ ਕਿ ਉਹ ਅਸਲ ਵਿਚ ਕਹਿਣਾ ਇਹ ਚਾਹੁੰਦੇ ਹਨ ਕਿ 'ਮੈਂ ਹੀ ਲਿਖਾਂ ਤੇ ਮੈਂ ਹੀ ਬੋਲਾਂ।'
ਅਸੀਂ ਸ. ਅਜਮੇਰ ਸਿੰਘ ਦੀ ਬੌਧਿਕ ਕਮਾਈ ਦਾ ਸਤਿਕਾਰ ਕਰਦੇ ਹਾਂ ਜੋ ਉਨ•ਾਂ ਦੀਆਂ ਮੁੱਢਲੀਆਂ ਲਿਖਤਾਂ ਜੁਝਾਰੂ ਹਲਕਿਆਂ ਵਿਚ ਇਕ ਨਵਾਂ ਪੈਗਾਮ ਲੈ ਕੇ ਆਈਆਂ ਸਨ। ਇਹ ਇਕ ਹੈਰਾਨਜਨਕ ਪੜਾਅ ਸੀ ਕਿਉਂਕਿ ਲਹਿਰ ਦੇ ਹਜ਼ਾਰਾਂ ਖਿੰਡੇ-ਪੁੰਡੇ ਤੇ ਉਦਾਸ ਸਮਰਥਕਾਂ ਨੂੰ ਇਉਂ ਲੱਗਾ ਜਿਵੇਂ ਲਹਿਰ ਦੀ ਦਰਦ ਭਰੀ ਸਾਚੀ ਸਾਖੀ ਨੂੰ ਉਚੀ ਪੱਧਰ ਦੇ ਬੌਧਿਕ, ਸੁਹਿਰਦ ਅਤੇ ਢੁੱਕਵੇਂ ਸ਼ਬਦ ਅਤੇ ਅਰਥ ਮਿਲੇ ਹਨ। ਮੈਂ ਖੁਦ ਵੀ ਇਨ•ਾਂ ਲਿਖਤਾਂ ਤੋਂ ਬੇਹੱਦ ਕਾਇਲ ਹੋਇਆ ਸੀ ਅਤੇ ਇਨ•ਾਂ ਲਿਖਤਾਂ ਦੀ ਦਿਲੋਂ ਪ੍ਰਸ਼ੰਸਾ ਕਰਕੇ ਲੇਖ ਵੀ ਲਿਖੇ ਸਨ ਜੋ ਅੱਜ ਵੀ ਪੜ•ੇ ਜਾ ਸਕਦੇ ਹਨ। ਪਰ ਅਗਲੀਆਂ ਕਿਤਾਬਾਂ ਵਿਚ ਉਹ ਯੂ-ਟਰਨ ਲੈ ਰਹੇ ਸਨ, ਲੇਕਿਨ ਬਹੁਤ ਹੀ ਸੂਖਮ, ਵਿਦਵਤਾ ਦਾ ਲਿਬਾਸ ਪਹਿਨ ਕੇ ਤੇ ਲੁਕਵੇਂ ਅੰਦਾਜ਼ ਵਿਚ ਅਤੇ ਨਾਲ ਹੀ ਬਹੁਤ ਹੀ ਹੌਲੀ ਹੌਲੀ, ਸਹਿਜੇ ਸਹਿਜੇ ਅਤੇ ਮੱਠੀ ਚਾਲ ਵਿਚ ਤਾਂ ਜੋ ਨਵੀਂ ਦਸਤਕ ਤੇ ਖੜਾਕ ਦੀ ਕਿਸੇ ਕੰਨੀ ਖਬਰ ਤੱਕ ਨਾ ਪਹੁੰਚੇ। ਅਤੇ ਜੇ ਕਿਸੇ ਸੁਚੇਤ ਸ਼ਖਸ ਨੂੰ ਪਤਾ ਲੱਗ ਵੀ ਜਾਵੇ ਤਾਂ ਉਸ ਵਿਅਕਤੀ ਦੇ ਨਾਲ ਲੇਖਕ ਬਾਰੇ ਸ਼ੱਕ, ਭੁਲੇਖਾ ਤੇ ਭਰਮ ਵੀ ਬਣਿਆ ਰਹੇ। ਅਸੀਂ ਇਹ ਉਲਟਬਾਜ਼ੀ ਦੇ ਸਾਰੇ ਪੜਾਵਾਂ ਨੂੰ ਅਗਲੀਆਂ ਲਿਖਤਾਂ ਵਿਚ ਤੱਥਾਂ ਤੇ ਦਲੀਲਾਂ ਨਾਲ ਜ਼ਾਹਿਰ ਕਰਾਂਗੇ, ਕਿਉਂਕਿ ਇਹ ਬਹਿਸ ਕਾਫੀ ਲੰਮੀ ਹੋਣ ਜਾ ਰਹੀ ਹੈ।
ਹੁਣ ਸ਼ੋਸ਼ਲ ਮੀਡੀਆ 'ਤੇ ਇਕ ਹੋਰ ਛੋਟੀ ਜਿਹੀ ਵੀਡੀਓ ਕਲਿੱਪ ਵੀ ਘੁੰਮ ਰਹੀ ਹੈ ਜਿਸ ਵਿਚ ਸ. ਅਜਮੇਰ ਸਿੰਘ ਆਪਣੀ ਵਿਦਵਤਾ ਦੇ ਜ਼ੋਰ ਸੰਤ ਜਰਨੈਲ ਸਿੰਘ ਦੇ ਇਨ•ਾਂ ਲਫਜ਼ਾਂ ਦੇ ਨਵੇਂ ਅਰਥ ਕੱਢਣ ਵਿਚ ਰੁੱਝੇ ਹੋਏ ਹਨ ਕਿ 'ਜਿਸ ਦਿਨ ਦਰਬਾਰ ਸਾਹਿਬ ਉਤੇ ਫੌਜ ਦਾ ਹਮਲਾ ਹੋਇਆ ਉਸ ਦਿਨ ਖਾਲਿਸਤਾਨ ਦੀ ਨੀਂਹ ਰੱਖ ਦਿੱਤੀ ਜਾਵੇਗੀ।' ਅਸੀਂ ਸੰਤ ਜਰਨੈਲ ਸਿੰਘ ਦੇ ਇਨ•ਾਂ ਸ਼ਬਦਾਂ ਦੇ ਡੂੰਘੇ ਅਰਥਾਂ ਬਾਰੇ ਇਕ ਵਿਸ਼ੇਸ਼ ਲੇਖ ਖਾਲਸਾ ਪੰਥ ਦੀ ਸੇਵਾ ਵਿਚ ਭੇਟਾ ਕਰਾਂਗੇ ਅਤੇ ਨਾਲ ਹੀ ਇਹ ਵੀ ਦੱਸਣ ਦੀ ਕੋਸ਼ਿਸ਼ ਕਰਾਂਗੇ ਕਿ ਦਰਬਾਰ ਸਾਹਿਬ ਉਤੇ ਫੌਜ ਦੇ ਹਮਲੇ ਪਿੱਛੋਂ ਸਾਡੇ ਭਾਰਤੀ-ਸਟੇਟ ਨਾਲ ਕੀ ਰਿਸ਼ਤੇ ਹੋ ਸਕਦੇ ਹਨ। ਵੈਸੇ ਇਸ ਤੋਂ ਪਹਿਲਾਂ ਵੀ ਸ. ਅਜਮੇਰ ਸਿੰਘ ਨੇਸ਼ਨ-ਸਟੇਟ ਦੇ ਨਾਂ ਹੇਠਾਂ ਖਾਲਿਸਤਾਨ ਦਾ ਵਿਰੋਧ ਕਰ ਰਹੇ ਸਨ। ਜਦੋਂ ਉਨ•ਾਂ ਨੇ ਇਕ ਚੈਨਲ 'ਤੇ ਇਕ ਐਂਕਰ ਯਾਦਵਿੰਦਰ ਕਰਫਿਊ ਨਾਲ ਇੰਟਰਵਿਊ ਵਿਚ ਖਾਲਿਸਤਾਨ ਤੇ ਖਾਲਿਸਤਾਨੀਆਂ ਉਤੇ ਸਿੱਧੇ ਹਮਲੇ ਕੀਤੇ ਤਾਂ ਅਸਲ ਮਾਅਨਿਆਂ ਵਿਚ ਉਹ ਖਾਲਿਸਤਾਨ ਦੇ ਪਵਿੱਤਰ ਸੰਕਲਪ ਵਿਰੁਧ ਉਨ•ਾਂ ਦੇ ਰੋਮ ਰੋਮ ਵਿਚ ਵੱਸੀ, ਦੱਬੀ ਅਤੇ ਲੁਕਵੀਂ ਨਫਰਤ ਦਾ ਬਾਹਰਲੀ ਦੁਨੀਆਂ ਨੂੰ ਪਤਾ ਲੱਗਾ ਜਿਸ ਨਫਰਤ ਨੂੰ ਉਨ•ਾਂ ਨੇ ਅੰਗਰੇਜ਼ੀ ਦੇ 'ਡਿਸਗਸਟਿੰਗ' ਲਫਜ਼ ਨਾਲ ਤੁਲਨਾ ਕੀਤੀ ਸੀ। ਅਸੀਂ ਉਦੋਂ ਵੀ ਇਹ ਬਹਿਸ ਚਲਾਈ ਸੀ ਅਤੇ ਮੈਂ ਬਕਾਇਦਾ ਦੋ ਲੇਖ ਵੀ ਲਿਖੇ ਸਨ। ਇਸ ਤੋਂ ਇਲਾਵਾ ਉਸ ਇੰਟਰਵਿਊ ਦੀ ਹੂਬਹੂ ਸਕਰਿਪਟ ਵੀ ਤਿਆਰ ਕੀਤੀ। ਇਹ ਤਿੰਨੇ ਲਿਖਤਾਂ ਖਾਲਸਾ ਫਤਿਹਨਾਮਾ ਮੈਗਜ਼ੀਨ ਵਿਚ ਵੀ ਛਪੀਆਂ। ਉਸ ਤੋਂ ਪਿੱਛੋਂ ਭਾਈ ਪ੍ਰਭਜੋਤ ਸਿੰਘ ਨੇ ਸ. ਅਜਮੇਰ ਸਿੰਘ ਵੱਲੋਂ ਲਈ ਯੂ-ਟਰਨ ਬਾਰੇ ਤੱਥਾਂ ਤੇ ਦਲੀਲਾਂ ਸਮੇਤ ਇਕ ਇੰਟਰਵਿਊ ਦਿੱਤੀ ਜੋ ਯੂਟਿਊਬ 'ਤੇ ਵੇਖੀ ਜਾ ਸਕਦੀ ਹੈ। ਇਸਨੂੰ ਦਸ ਹਜ਼ਾਰ ਤੋਂ ਉਪਰ ਵਿਅਕਤੀਆਂ ਨੇ ਦੇਖਿਆ ਹੈ। ਦਿਲਚਸਪ ਗੱਲ ਇਹ ਹੋਈ ਕਿ ਸ. ਅਜਮੇਰ ਸਿੰਘ ਦੇ ਇਕ ਤੱਤੇ ਹਮਾਇਤੀ ਨੇ ਤਾਂ ਇਹ ਐਲਾਨ ਕਰ ਦਿਤਾ ਕਿ ਅਜਮੇਰ ਸਿੰਘ ਨੇ ਤਾਂ ਠੀਕ ਹੀ ਕਿਹਾ ਹੈ ਕਿ ਅਸੀਂ ਡਿਸਗਸਟਿੰਗ ਹੀ ਹਾਂ। ਘਟੀਆਪਣ (inferiorty-complex) ਦੇ ਅਹਿਸਾਸ ਦੀ ਇਹ ਸਿਖਰ ਹੀ ਤਾਂ ਸੀ ਜੋ ਕਈ ਵਾਰ ਘੱਟ ਗਿਣਤੀਆਂ ਨਾਲ ਜੁੜੇ ਲੋਕਾਂ ਦੀ ਮਾਸੂਮ ਅਗਿਆਨਤਾ ਵਿਚੋਂ ਹੀ ਪੈਦਾ ਹੁੰਦੀ ਹੈ।
ਅਸੀਂ ਪਹਿਲਾਂ ਵੀ ਅਤੇ ਹੁਣ ਫਿਰ ਅਤੇ ਵਾਰ ਵਾਰ ਬੇਨਤੀ ਕਰਦੇ ਹਾਂ ਕਿ ਭਾਈ ਪ੍ਰਭਸ਼ਰਨਦੀਪ ਸਿੰਘ ਦੀ ਲਿਖਤ ਉਤੇ ਕਿਸੇ ਵੀ ਬਹਿਸ ਜਾਂ ਟਿੱਪਣੀ ਦਾ ਅਸੀਂ ਸਵਾਗਤ ਕਰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਭਾਈ ਪਭਸ਼ਰਨਦੀਪ ਸਿੰਘ ਦੀ ਲਿਖਤ ਨੂੰ ਚੰਗੀ ਤਰ•ਾਂ ਪੜਿ•ਆ ਜਾਵੇ, ਉਸ ਉਤੇ ਆਪਣੇ ਵਿਚਾਰ ਪ੍ਰਗਟ ਕੀਤੇ ਜਾਣ ਅਤੇ ਇਨ•ਾਂ ਵਿਚਾਰਾਂ ਦਾ ਇਕ ਪੱਧਰ ਤੇ ਸਲੀਕਾ ਵੀ ਹੋਵੇ ਨਾ ਕਿ ਉਨ•ਾਂ ਦੀ ਸ਼ਖਸੀਅਤ ਉਤੇ ਸਿੱਧੇ ਅਸਿੱਧੇ ਤੇ ਲੁਕਵੇਂ ਹਮਲੇ ਕੀਤੇ ਜਾਣ। ਅਸੀਂ ਸਾਰੇ ਗੁਣਾਂ ਤੇ ਔਗੁਣਾਂ ਦਾ ਸੁਮੇਲ ਹਾਂ। ਅਸੀਂ ਗੁਣਾਂ ਦੀ ਸਾਂਝ ਕਰਨੀ ਹੈ ਅਤੇ ਉਸ ਸਾਂਝ ਲਈ ਲਿਖਤ ਨੂੰ ਹੀ ਇਕ ਦਸਤਾਵੇਜ਼ ਸਮਝਿਆ ਜਾਵੇ। ਜਿਸ ਕਿਸੇ ਵੀਰ ਨੂੰ ਵੀ ਨਿੱਜੀ ਹਮਲੇ ਕਰਨ ਦਾ ਸ਼ੌਕ ਜਾਂ ਚਾਅ ਹੋਵੇ, ਜਾਂ ਕਿਸੇ ਫੇਕ ਆਈ ਡੀ ਰਾਹੀਂ ਉਹ ਨਿੱਜੀ ਹਮਲੇ ਕਰਨਾ ਜਾਂ ਕਰਾਉਣਾ ਚਾਹੁੰਦਾ ਹੋਵੇ ਜਾਂ ਬਹਿਸ ਨੂੰ ਵਿਚਾਰਧਾਰਕ ਪੱਧਰ ਤੋਂ ਭਟਕਾ ਕੇ ਇਹੋ ਜਿਹਾ ਮਾਹੌਲ ਖੜ•ਾ ਕਰਨ ਦਾ ਇਰਾਦਾ ਰੱਖਦਾ ਹੋਵੇ ਤਾਂ ਉਹ ਕਿਰਪਾ ਕਰਕੇ ਇਸ ਬਹਿਸ ਵਿਚ ਸ਼ਾਮਿਲ ਨਾ ਹੋਵੇ। ਜੇ ਇਸ ਬਹਿਸ ਵਿਚ ਤਰਕ, ਜਜ਼ਬੇ ਤੇ ਸਦਾਚਾਰਕ ਸਲੀਕੇ ਦਾ ਸੁਮੇਲ ਹੋਵੇ ਜਾਂ ਇਨ•ਾਂ ਵਿਚੋਂ ਕਿਸੇ ਇਕ ਨੁਕਤੇ ਉਤੇ ਵੀ ਤੁਹਾਡੀ ਕੋਈ ਟਿੱਪਣੀ ਕੇਂਦ੍ਰਿਤ ਹੋਵੇ ਤਾਂ ਅਸੀਂ ਸਮਝਾਂਗੇ ਕਿ ਸਾਡੀ ਕੌਮ ਬਹਿਸ ਦੇ ਉਚੇਰੇ ਪੜਾਵਾਂ ਵੱਲ ਸਫਰ ਕਰ ਰਹੀ ਹੈ।  

 

Or