ਗੱਲ ਉਸ ਸਮੇਂ ਦੀ ਏ ਜਦ ਮੈਂ ਨਵੀਂ-ਨਵੀਂ ਇੰਗਲੈਂਡ ਆਈ ਸੀ। ਕੁੜੀਆਂ ਦਾ ਇਕ ਝੁੰਡ ਪਹਿਲੀ ਵਾਰ ਸਮੁੰਦਰੋਂ ਪਾਰ ਗੋਰਿਆਂ ਦੀ ਧਰਤੀ 'ਤੇ ਪਹਿਲੀ ਵਾਰ ਉਤਰਿਆ ਸੀ। ਗੋਰੀ ਧਰਤੀ ਦੀਆਂ ਵਲੈਤਣਾਂ ਜਿਵੇਂ ਤਿੱਤਲੀਆਂ ਵਾਂਗ ਉੱਡਦੀਆਂ ਫਿਰਦੀਆਂ ਸਨ। ਪੰਜਾਬ ਦੀਆਂ ਜੰਮੀਆਂ ਜਾਈਆਂ ਨੂੰ ਇਹ ਕਿਸੇ ਪਰੀ ਦੇਸ਼ ਤੋਂ ਘੱਟ ਨਹੀਂ ਸੀ ਜਾਪ ਰਿਹਾ। ਉਹਨਾਂ ਦੀਆਂ ਅੱਖਾਂ ਦੇ ਨਾਲ ਨਾਲ ਮੂੰਹ ਵੀ ਅੱਡੇ ਹੀ ਰਹਿ ਗਏ। ਕੁਝ ਦਿਨਾਂ ਬਾਅਦ ਜਦ ਸਭ ਕੁਝ ਸਾਵਾਂ ਜਿਹਾ ਹੋ ਗਿਆ ਤਾਂ ਪਰਾਈ ਧਰਤੀ ਦੀ ਜ਼ਿੰਦਗੀ ਦਾ ਇਹ ਦਿਲਕਸ਼ ਨਜ਼ਾਰਾ ਸੋਚ ਤੇ ਸਮਝ ਨੂੰ ਹਲੂਣੇ ਦੇਣ ਲੱਗਿਆ।
ਮੇਰੀ ਇਕ ਸਹੇਲੀ ਇਕ ਦਿਨ ਬੇਬਾਕ ਹੋ ਕੇ ਕਹਿਣ ਲੱਗੀ ਕਿ ''ਇਸ ਵਿਚ ਕੋਈ ਦੋ ਰਾਇ ਨਹੀਂ ਕਿ ਇੰਨੀ ਸਫਾਈ ਤੇ ਸਾਫ਼-ਸੁਥਰਾ ਆਲਾ ਦੁਆਲਾ ਦੇਖ ਕੇ ਬੜਾ ਚੰਗਾ ਲਗਦੈ.. ਪਰ ਆਪਣਾ ਦੇਸ਼ ਆਪਣਾ ਹੀ ਹੁੰਦੈ!''
ਇਥੇ ਆ ਕੇ ਸਭ ਨੂੰ ਲੱਗਿਆ ਸੀ ਕਿ ਜ਼ਿੰਦਗੀ ਵਿਚ ਬਹੁਤ ਕੁਝ ਨਵਾਂ ਸਿਖਣ ਨੂੰ ਮਿਲਿਆ ਹੈ। ਅਸੀਂ ਨਵੇਂ ਨਵੇਂ ਵਿਦਿਆਰਥੀ ਆਏ ਸੀ। ਸਾਨੂੰ ਗੋਰਿਆਂ ਦੇ ਰਹਿਣ ਸਹਿਣ ਅਤੇ ਉਹਨਾਂ ਦੇ ਰੀਤੀ ਰਿਵਾਜ਼ ਜਾਨਣ ਦੀ ਬੜੀ ਉਤਸੁਕਤਾ ਲੱਗੀ ਰਹਿੰਦੀ। ਜੇ ਉਹ ਸਾਨੂੰ ਸਾਡੇ ਕਲਚਰ ਬਾਰੇ ਪੁੱਛਦੇ ਤਾਂ ਅਸੀਂ ਬੜੇ ਮਾਣ ਨਾਲ ਦੱਸਦੇ ''ਸਾਡੇ ਤਾਂ ਉਥੇ ਸਾਨੂੰ ਪਿੰਡਾਂ ਦੇ ਪਿੰਡ ਜਾਣਦੇ ਆ...।'' ਸਾਡੇ ਤਾਂ ਦਾਦੇ…ਨੂੰ... ਡੈਡੀ ਨੂੰ... ਸਭ ਜਾਣਦੇ ਨੇ... ਸਾਡੇ ਤਾਂ ਵਿਆਹਾਂ 'ਚ ਘੱਟੋ ਘੱਟ 300 ਬੰਦਾ ਹੁੰਦੈ... ਸਾਡੇ ਤਾਂ ਮਾਂ-ਬਾਪ ਈ ਸਾਰਾ ਖਰਚਾ ਕਰਦੇ ਆ...।'' ਵਗੈਰਾ.. ਵਗੈਰਾ...। ਗੋਰਿਆਂ ਦੇ ਬੱਚੇ ਸਾਡੀਆਂ ਗੱਲਾਂ ਸੁਣ ਕੇ ਅਵਾਕ ਰਹਿ ਜਾਂਦੇ। ਉਹਨਾਂ ਨੂੰ ਜ਼ਿਆਦਾ ਅਨੌਖੀ ਗੱਲ ਇਹ ਲੱਗਦੀ ਕਿ ਸਾਡਾ ਸਾਰਾ ਖ਼ਰਚਾ ਸਾਡੇ ਮਾਪੇ ਹੀ ਕਰਦੇ ਹਨ। ਉਨਾਂ ਅੱਗੇ ਤੋਂ ਕਹਿਣਾ, ''ਯਾਰ ਤੁਸੀਂ ਤਾਂ ਬੜੇ ਲੱਕੀ ਹੋ... ਇਥੇ ਤਾਂ ਸਾਨੂੰ ਸਾਰਾ ਖਰਚਾ ਆਪ ਈ ਕਰਨਾ ਪੈਂਦਾ... ਚਾਹੇ ਵਿਆਹ ਹੋਵੇ ਜਾਂ ਪੜਾਈ... ਤੇ ਨਾਲੇ ਸਾਡੇ ਤਾਂ ਵਿਆਹ ਵਿਚ ਸਿਰਫ ਫੈਮਿਲੀ ਹੀ ਸ਼ਾਮਲ ਹੁੰਦੀ ਆ ਜਾਂ ਫਿਰ ਕੁਝ ਖ਼ਾਸ ਦੋਸਤ... ਉਹ ਵੀ ਗਿਣਤੀ ਦੇ...।''
ਅਸੀਂ ਸਾਰੀਆਂ ਸਹੇਲੀਆਂ ਕਈ ਵਾਰ ਆਪਸੀ ਗੱਲਬਾਤ 'ਚ ਇਹ ਸੋਚਦੀਆਂ ਤੇ ਬੜੇ ਠਹਾਕੇ ਮਾਰਦੀਆਂ ਕਿ ਅਸੀਂ ਪੰਜਾਬੀ ਵੀ ਕਈ ਵਾਰ ਬੜੀ ਫੁਕਰੀ ਮਾਰ ਜਾਨੇ ਆਂ ਪਰ ਸੱਚਾਈ ਤੋਂ ਅਸੀ ਕੋਹਾਂ ਦੂਰ ਹੁੰਦੇ ਆ...। ਜ਼ਿੰਦਗੀ ਦੇਰ ਸਵੇਰ ਕੁਝ ਨਾ ਕੁਝ ਸਿਖਾ ਹੀ ਜਾਂਦੀ ਹੈ।
ਮੈਨੂੰ ਵੀ ਸ਼ਾਇਦ ਇਨਾਂ ਗੱਲਾਂ ਦਾ ਅਹਿਸਾਸ ਅੱਜ ਤੋਂ 10 ਕੁ ਸਾਲ ਪਹਿਲਾਂ ਬਿਲਕੁੱਲ ਨਹੀਂ ਸੀ। ਪਿਛਲੇ ਕੁਝ ਸਾਲਾਂ ਤੋਂ ਇਹ ਅਹਿਸਾਸ ਹੋਣ ਲੱਗਾ ਕਿ ਸਾਡੇ ਸਮਾਜ ਵਿਚ ਵਿਖਾਵਾ ਕੁਝ ਜ਼ਿਆਦਾ ਹੀ ਹੈ। ਜਦ ਮੈਂ ਦੇਖਿਆ ਕਿ ਲੋਕੀਂ ਸਿਰਫ ਦੂਜੇ ਲੋਕਾਂ ਨੂੰ ਦਿਖਾਉਣ ਦੇ ਮਾਰੇ ਹੀ ਆਪਣੀ ਪਹੁੰਚ ਤੋਂ ਬਾਹਰ ਜਾ ਕੇ ਲੋਕਾਚਾਰੀ ਵਾਸਤੇ ਆਪਣਾ ਕੂੰਡਾ ਕਰਵਾ ਲੈਂਦੇ ਹਨ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਸਾਡਾ ਸੱਭਿਆਚਾਰ ਬੜਾ ਅਮੀਰ ਹੈ। ਪਰ ਅੱਜਕੱਲ ਸੱਭਿਆਚਾਰ ਦੇ ਨਾਮ 'ਤੇ ਪਤਾ ਨੀ ਕੀ-ਕੀ ਹੋ ਰਿਹਾ ਹੈ। ਹੁਣ ਮੈਨੂੰ ਕਈ ਵਾਰ ਇਹ ਅਹਿਸਾਸ ਹੁੰਦਾ ਹੈ ਕਿ ਇਸ ਨਾਲੋਂ ਤਾਂ ਗੋਰਿਆਂ ਦਾ ਕਲਚਰ ਸਾਡੇ ਤੋਂ ਕਿਤੇ ਜ਼ਿਆਦਾ ਵਧੀਆ ਹੈ। ਘੱਟੋ ਘੱਟ ਫੁਕਰਪੁਣਾ ਤਾਂ ਬਿਲਕੁੱਲ ਹੀ ਨਹੀਂ ਹੈ। ਉਹਨਾਂ ਨੂੰ ਲੋਕ ਦਿਖਾਵਾ ਕਰਨ ਦਾ ਜਿਵੇਂ ਪਤਾ ਹੀ ਨਹੀਂ ਹੈ। ਆਪਣੇ ਪਰਿਵਾਰ ਤੋਂ ਵੱਧ ਉਹਨਾਂ ਲਈ ਕੁਝ ਵੀ ਨਹੀਂ।
ਕੀ ਅਸੀਂ ਕਦੀ ਸੋਚਿਆ ਹੈ ਕਿ ਅਸੀਂ ਵਿਆਹਾਂ ਵਿਚ ਜਿਹੜੇ 300 ਬੰਦੇ ਬੁਲਾਏ ਹੁੰਦੇ ਹਨ, ਉਨਾਂ 'ਚੋਂ ਅਸੀਂ ਕਿੰਨਿਆਂ ਕੁ ਨੂੰ ਚੰਗੀ ਤਰਾਂ ਜਾਣਦੇ ਹੁੰਦੇ ਹਾਂ? ਅਸਲ ਜ਼ਿੰਦਗੀ ਵਿਚ ਅਸੀਂ ਕਿੰਨੇ ਕੁ ਲੋਕਾਂ ਨਾਲ ਚੰਗੀ ਤਰਾਂ ਵਿਚਰਦੇ ਆਂ? ਸਿਰਫ ਇਕ ਦਿਖਾਵੇ ਕਰਕੇ ਬੰਦਿਆਂ ਦੀਆਂ ਹੇੜਾਂ ਨੂੰ ਸ਼ਰਾਬਾਂ ਪਿਲਾਉਣੀਆਂ, ਐਰੇ-ਗੈਰਿਆਂ ਨੂੰ ਮੁੰਦਰੀਆਂ ਦੇ ਸ਼ਗਨ ਪਾਉਣੇ ਕਿੰਨਾ ਕੁ ਜਾਇਜ਼ ਹੈ? ਕੁੜੀ ਵਾਲਿਆਂ ਦਾ ਏਨਾ ਪੈਸਾ ਲਗਵਾ ਕੇ ਅਸੀਂ ਕਿਨਾਂ ਲਕਾਂ ਵਿਚ ਦਿਖਾਵਾ ਕਰਦੇ ਹਾਂ, ਜਿਨਾਂ ਦਾ ਸਾਡੀ ਅਸਲ ਜ਼ਿੰਦਗੀ ਵਿਚ ਕੋਈ ਬਹੁਤਾ ਵਾਹ-ਵਾਸਤਾ ਵੀ ਨਹੀਂ ਹੁੰਦਾ। ਮੁੰਡੇ ਨੇ ਭਾਵੇਂ ਦਸਵੀਂ ਵੀ ਨਾ ਕੀਤੀ ਹੋਵੇ ਪਰ ਕੁੜੀ ਵਾਲਿਆਂ ਤੋਂ ਕਾਰ ਤੋਂ ਥੱਲੇ ਗੱਲ ਹੀ ਨਹੀਂ ਕਰਦੇ।
ਜ਼ਰਾ ਸੋਚੋ! ਵਿਆਹ ਵਿਚ ਫਾਲਤੂ ਖਰਚ ਕਰਨ ਦੀ ਬਜਾਏ ਜੇ ਅਸੀਂ ਆਪਣੀ ਔਲਾਦ ਦੀ ਪੜਾਈ ਵੱਲ ਧਿਆਨ ਦੇਈਏ ਤਾਂ ਸ਼ਾਇਦ ਉਨਾਂ ਨੂੰ ਜ਼ਿੰਦਗੀ ਦੇ ਅਸਲ ਸੱਚ ਦਾ ਪਤਾ ਲੱਗ ਜਾਵੇ। ਉਹ ਸ਼ਾਇਦ ਸਾਡੇ ਲਾਲਚੀ ਬਣ ਚੁੱਕੇ ਸਮਾਜ ਦਾ ਹਿੱਸਾ ਬਣਨ ਤੋਂ ਇਨਕਾਰ ਕਰ ਦੇਣ। ਬਹੁਤੇ ਘਰਾਂ ਵਿਚ ਅੱਜ ਵੀ ਕੁੜੀ ਦੇ ਜਨਮ ਮੌਕੇ ਖੁਸ਼ੀ ਨਹੀਂ ਮਨਾਈ ਜਾਂਦੀ। ਇਸ ਦੇ ਕਾਰਨ ਵੀ ਸਾਡੇ ਸਮਾਜ ਵਿਚ ਹੀ ਪਏ ਹਨ। ਕਿਉਂ ਨਹੀਂ ਅਸੀਂ ਆਪਣੀਆਂ ਧੀਆਂ ਨੂੰ ਮੁੰਡਿਆਂ ਵਾਂਗ ਇਹ ਕਹਿੰਦੇ ਕਿ ਜਾ ਹੁਣ ਤੂੰ ਆਪਣੇ ਪੈਰਾਂ 'ਤੇ ਖੜੀ ਹੋ ਜਾਂ ਕੰਮ ਸਿਖ ਕੇ ਆ।
ਅਸੀਂ ਆਪਣੇ ਪੁੱਤਰਾਂ ਨੂੰ ਤਾਂ ਅਕਸਰ ਇਹ ਸਿਖਾਉਂਦੇ ਰਹਿੰਦੇ ਹਾਂ ਕਿ ਤੈਨੂੰ ਵੀ ਘਰ ਦੇ ਕੰਮ ਸਿੱਖਣੇ ਚਾਹੀਦੇ ਹਨ। ਤੂੰ ਵੀ ਕੱਲ ਨੂੰ ਬਾਪ ਬਣਨਾ ਹੈ ਪਰ ਕੁੜੀ ਦੀ ਵਾਰੀ ਨੂੰ ਇਹ ਤਾਂ ਸਿਖਾਇਆ ਜਾਂਦਾ ਹੈ ਕਿ ਤੂੰ ਕਿਸੇ ਬੇਗਾਨੇ ਘਰ ਜਾਣਾ ਹੈ, ਪਰ ਇਹ ਨਹੀਂ ਕਿ ਤੂੰ ਆਪਣੀ ਜ਼ਿੰਦਗੀ ਦੀ ਮਾਲਕ ਆਪ ਵੀ ਬਣਨਾ ਹੈ। ਵੈਸੇ ਤਾਂ ਅਸੀਂ ਬੜੀ ਤੇਜ਼ੀ ਨਾਲ ਬਾਹਰਲੇ ਸੱਭਿਆਚਾਰ ਨੂੰ ਅਪਣਾ ਰਹੇ ਹਾਂ ਪਰ ਉਹਨਾਂ ਦੀਆਂ ਜਿਹੜੀਆਂ ਗੱਲਾਂ 'ਤੇ ਸਾਨੂੰ ਅਸਲ ਵਿੱਚ ਅਮਲ ਕਰਨ ਦੀ ਲੋੜ ਹੈ, ਅਸੀਂ ਉਹਨਾਂ ਤੋਂ ਅੱਜ ਵੀ ਕੋਹਾਂ ਦੂਰ ਹਾਂ... ਅਤੇ ਸ਼ਾਇਦ ਇਸ ਤਬਦੀਲੀ ਨੂੰ ਅਜੇ ਹੋਰ ਦਹਾਕੇ ਲੱਗ ਜਾਣ। ਕਿਉਂ, ਕਿਉਂ ਤੇ ਕਿਉਂ... ਬਸ ਅਖੀਰ ਵਿਚ ਸਾਡੇ ਕੋਲ 'ਕਿਉਂ' ਹੀ ਰਹਿ ਜਾਂਦੀ ਹੈ। ਇਹਨਾਂ ਸਵਾਲਾਂ ਦੇ ਜਵਾਬ ਸਾਨੂੰ ਆਪ ਹੀ ਲੱਭਣੇ ਪੈਣੇ ਹਨ ਅਤੇ ਪੱਛਮੀ ਸੱਭਿਆਚਾਰ ਦੇ ਪਹਿਰਾਵੇ ਦੇ ਨਾਲ-ਨਾਲ ਸੋਚ ਨੂੰ ਵੀ ਅਪਣਾਉਣਾ ਪੈਣਾ ਹੈ। ਸ਼ਾਇਦ ਇਹ ਗੱਲ ਕਈਆਂ ਨੂੰ ਚੁੱਭਵੀਂ ਵੀ ਲੱਗੇ, ਪਰ ਸਾਨੂੰ ਇਹ ਮੰਨਣ ਵਿਚ ਕੋਈ ਹਿਚਕਚਾਹਟ ਨਹੀਂ ਹੋਣੀ ਚਾਹੀਦੀ ਕਿ ਗੋਰਿਆਂ ਨੇ ਆਪਣੀ ਧਰਤੀ ਅਤੇ ਸਮਾਜ ਨੂੰ ਖ਼ੂਬਸੂਰਤ ਬਣਾਉਣ ਲਈ ਜਿਹੜੇ ਅਕੀਦੇ ਅਤੇ ਮਾਨਤਾਵਾਂ ਸਿਰਜੀਆਂ ਹਨ, ਉਹ ਸਾਡੇ ਨੇੜੇ-ਤੇੜੇ ਵੀ ਨਹੀਂ। ਇਹ ਗੱਲ ਵੀ ਸੱਚ ਹੈ ਕਿ ਉਹਨਾਂ ਦੇ ਸਮਾਜ ਵਿਚ ਵੀ ਬਹੁਤ ਸਾਰੀਆਂ ਅਲਾਮਤਾਂ ਅਤੇ ਭੈੜ ਹਨ, ਪਰ ਸਾਡੇ ਵਰਗੀ ਦੋਹਰੀ ਜ਼ਿੰਦਗੀ ਜਿਉਣ ਦਾ ਵੱਲ ਉਹਨਾਂ ਨੇ ਕਦੇ ਨਹੀਂ ਸਿਖਿਆ।
- ਦੀਪ ਟਿਵਾਣਾ, ਯੂ.ਕੇ.