ਮੁੰਬਈ : ਪੰਜਾਬ ਦੇ ਜੰਮਪਲ ਅਤੇ ਹਿੰਦੀ ਫਿਲਮ ਇੰਡਸਟਰੀ ਵਿਚ ਅੱਧੀ ਸਦੀ ਤੋਂ ਆਪਣੀ ਦਮਦਾਰ ਅਦਾਕਾਰੀ ਦਾ ਲੋਹਾ ਮੰਨਵਾਉਣ ਵਾਲੇ ਧਰਮਿੰਦਰ ਆਪਣੀ ਜ਼ਿੰਦਗੀ ਦੀਆਂ 81ਬਹਾਰਾਂ ਮਾਣ ਚੁੱਕੇ ਹਨ। ਉਨ੍ਹਾਂ ਦਾ ਜਨਮ 8 ਦਸੰਬਰ, 1935 ਨੂੰ ਪਿੰਡ ਨਸਰਾਲੀ ਨੇੜੇ ਲੁਧਿਆਣਾ ਵਿਖੇ ਹੋਇਆ ਸੀ। ਆਪਣੀ ਉਮਰ ਦੇ ਅੱਠ ਦਹਾਕੇ ਪਾਰ ਕਰ ਚੁੱਕੇ ਧਰਮਿੰਦਰ ਨੇ ਬਾਲੀਵੁੱਡ ਦੀਆਂ ਬਹੁਤ ਸਾਰੀਆਂ ਹਿੱਟ ਫਿਲਮਾਂ 'ਚ ਕੰਮ ਕੀਤਾ। ਧਰਮਿੰਦਰ ਨੇ ਆਪਣੀ ਪਿਛਲੀ ਜ਼ਿੰਦਗੀ ਉਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਉਹ ਫਿਲਮਾਂ 'ਚ ਆਉਣ ਤੋਂ ਪਹਿਲਾਂ ਰੇਲਵੇ 'ਚ ਕਲਰਕ ਵਜੋਂ ਨੌਕਰੀ ਕਰਦੇ ਸਨ ਅਤੇ ਉਦੋਂ ਉਨ੍ਹਾਂ ਦੀ ਤਨਖਾਹ ਸਿਰਫ਼ 100 ਰੁਪਏ ਹੁੰਦੀ ਸੀ।
ਉਹਨਾਂ ਦਸਿਆ ਕਿ ਉਹ ਸ਼ੁਰੂ ਤੋਂ ਹੀ ਫਿਲਮਾਂ ਦੇ ਸ਼ੌਕੀਨ ਹੁੰਦੇ ਸਨ ਅਤੇ ਇਹੋ ਖਿੱਚ ਉਹਨਾਂ ਨੂੰ ਮੁੰਬਈ ਲੈ ਆਈ। ਸ਼ੁਰੂਆਤ ਵਿਚ ਉਸ ਨੇ 60 ਦੇ ਦਹਾਕੇ 'ਚ ਫਿਲਮਕਾਰ ਮੈਗਜ਼ੀਨ ਦਾ ਟੈਲੇਂਟ ਹੰਟ ਐਵਾਰਡ ਜਿੱਤਿਆ। ਇਸ ਤੋਂ ਬਾਅਦ ਉਹ ਫਿਲਮਾਂ 'ਚ ਕੈਰੀਅਰ ਬਣਾਉਣ ਲਈ ਮੁੰਬਈ ਆਏ।
ਜ਼ਿਕਰਯੋਗ ਹੈ ਕਿ 'ਹੀਮੈਨ' ਕਹਾਉਣ ਵਾਲੇ ਧਰਮਿੰਦਰ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ 1960 'ਚ ਫਿਲਮ 'ਦਿਲ ਭੀ ਤੇਰਾ ਹਮ ਭੀ ਤੇਰੇ' ਨਾਲ ਕੀਤੀ। ਧਰਮਿੰਦਰ ਨੇ ਦਸਿਆ ਕਿ ਸ਼ੁਰੂਆਤ ਵਿਚ ਛੋਟੇ-ਮੋਟੇ ਕਿਰਦਾਰ ਕਰਨ ਦੇ ਬਾਵਜੂਦ ਉਨ੍ਹਾਂ ਨੂੰ ਕਈ ਸਾਲਾਂ ਤੱਕ ਸੰਘਰਸ਼ ਕਰਨਾ ਪਿਆ। ਸੰਘਰਸ਼ ਦੇ ਦਿਨਾਂ ਵਿਚ ਉਸ ਕੋਲ ਖਾਣ ਲਈ ਪੈਸੇ ਵੀ ਨਹੀਂ ਹੁੰਦੇ ਸਨ। ਇਕ ਵਾਰ ਤਾਂ ਸ਼ਸ਼ੀ ਕਪੂਰ ਨੇ ਉਨ੍ਹਾਂ ਨੂੰ ਆਪਣੇ ਘਰ ਲੈ ਲਿਜਾ ਕੇ ਖਾਣਾ ਖਵਾਇਆ ਸੀ। ਲੰਬੇ ਸਮੇਂ ਤੱਕ ਫਿਲਮਾਂ 'ਚ ਸੰਘਰਸ਼ ਕਰਨ ਤੋਂ ਬਾਅਦ ਉਨ੍ਹਾਂ ਨੂੰ ਫਿਲਮ 'ਅਨਪੜ, 'ਬੰਦਿਨੀ', 'ਸੂਰਤ ਅਤੇ ਸੀਰਤ' ਨਾਲ ਪਛਾਣ ਮਿਲੀ।