ਕੀ ਪੰਜਾਬ ਦੀ 'ਆਪ' ਇੱਕ ਵੱਖਰਾ ਯੂਨਿਟ ਕਾਇਮ ਕਰੇਗੀ?
ਮੁਆਫੀ ਦੇ ਅਸਲ ਰਾਜ਼ ਦਾ ਕਿਸੇ ਨੂੰ ਵੀ ਪਤਾ ਨਹੀਂ ਲੱਗ ਰਿਹਾ
ਬਹੁਤੇ ਵਿਧਾਇਕ ਸੁਖਪਾਲ ਖਹਿਰਾ ਨਾਲ ਡੱਟ ਕੇ ਖੜੇ ਹਨ
ਭਗਵੰਤ ਮਾਨ ਪੰਜਾਬ ਦਾ ਅਸਲੀ ਪੁੱਤ ਸਿੱਧ ਹੋਇਆ : ਬੈਂਸ ਭਰਾ
ਚੰਡੀਗੜ•, 16 ਮਾਰਚ : ਅੱਜ ਜਦੋਂ ਮੈਂ ਪ੍ਰੈਸ ਕਾਨਫਰੰਸ ਲਈ ਮਿੱਥੇ ਸਮੇਂ ਤੋਂ ਪਹਿਲਾਂ ਹੀ ਵਿਧਾਨ ਸਭਾ ਦੀ ਗੈਲਰੀ ਵਿਚ ਪਹੁੰਚਿਆ ਤਾਂ ਉਥੇ ਪੱਤਰਕਾਰਾਂ ਦੀ ਵੱਡੀ ਭੀੜ ਪੰਜਾਬ ਦੇ ਰਾਜਨੀਤਕ ਇਤਿਹਾਸ ਵਿਚ ਅਰਵਿੰਦ ਕੇਜਰੀਵਾਲ ਦੀ ਮੁਆਫੀ ਬਾਰੇ ਵਾਪਰੀ ਹੈਰਾਨੀਜਨਕ ਘਟਨਾ ਦੀ ਖਬਰ ਨੂੰ ਆਪਣੇ ਆਪਣੇ ਅਖਬਾਰ ਅਤੇ ਟੀਚੈਨਲ ਦਾ ਸ਼ਿੰਗਾਰ ਬਣਾਉਣ ਲਈ ਪਹੁੰਚੀ ਹੋਈ ਸੀ। ਆਪਣੇ 40 ਸਾਲਾਂ ਦੇ ਪੱਤਰਕਾਰੀ ਦੇ ਖੇਤਰ ਵਿਚ ਹੰਢਾਏ ਤਜਰਬੇ ਤੋਂ ਮੈਂ ਕਹਿ ਸਕਦਾ ਹਾਂ ਕਿ ਹੁੰਮ ਹੁਮਾ ਕੇ ਪਹੁੰਚੇ ਇਹ ਪੱਤਰਕਾਰ ਜਾਂ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਦੋਸਤ ਅਰੂਸ਼ਾ ਦੀ ਪ੍ਰੈਸ ਕਾਨਫਰੰਸ ਵਿਚ ਵੇਖੇ ਸਨ ਅਤੇ ਜਾਂ ਅਸੈਂਬਲੀ ਚੋਣਾਂ ਦੇ ਨਜ਼ਦੀਕ ਸੁੱਚਾ ਸਿੰਘ ਛੋਟੇਪੁਰ ਅਤੇ ਨਵਜੋਤ ਸਿੰਘ ਸਿੱਧੂ ਦੀ ਪ੍ਰੈਸ ਕਾਨਫਰੰਸ ਵਿਚ ਵੱਡੀ ਗਿਣਤੀ ਵਿਚ ਪਹੁੰਚੇ ਸਨ। ਰਾਸ਼ਟਰੀ ਅਖਬਾਰਾਂ ਲਈ ਤਾਂ ਇਹ ਸੁਨਹਿਰੀ ਮੌਕਾ ਸੀ, ਜਿਨ•ਾਂ ਦਾ ਵੱਡਾ ਹਿੱਸਾ ਅਰਵਿੰਦ ਕੇਜਰੀਵਾਲ ਨੂੰ ਘੇਰਨ ਲਈ ਮੌਕੇ ਲੱਭਦਾ ਰਹਿੰਦਾ ਹੈ।
ਵਿਧਾਨ ਸਭਾ ਦੀ ਗੈਲਰੀ ਵਿਚ ਕਿਆਸਅਰਾਈਆਂ ਦਾ ਬਾਜ਼ਾਰ ਗਰਮ ਸੀ। ਆਖਰ ਕਿਸੇ ਨੂੰ ਵੀ ਇਹ ਪਤਾ ਨਹੀਂ ਲੱਗ ਰਿਹਾ ਕਿ ਅਰਵਿੰਦ ਕੇਜਰੀਵਾਲ ਨੇ ਮੁਆਫੀ ਕਿਉਂ ਮੰਗੀ? ਅਸਲ ਵਿੱਚ ਇਸ ਮੁਆਫੀ ਪਿੱਛੇ ਕਿਹੜੇ ਰਾਜਨੀਤਕ ਦਬਾਅ ਕੰਮ ਕਰ ਰਹੇ ਸਨ? ਜਾਂ ਕੀ ਇਹ ਵੱਡੀ ਸਾਜ਼ਿਸ਼ ਸੀ, ਜਿਸ ਨਾਲ ਕੇਜਰੀਵਾਲ ਵਿਰੋਧੀਆਂ ਦੇ ਘੇਰੇ ਵਿਚ ਆ ਗਿਆ, ਜਾਂ ਵਰਤਿਆ ਗਿਆ? ਉਥੇ ਪਾਰਟੀ ਦੇ ਦੂਜੀ ਤੇ ਤੀਜੀ ਕਤਾਰ ਦੇ ਆਗੂ ਵੀ ਪਹੁੰਚੇ ਹੋਏ ਸਨ। ਪ੍ਰੈਸ ਕਾਨਫਰੰਸ ਦਾ ਸਮਾਂ ਭਾਵੇਂ ਦੁਪਹਿਰ 1 ਵਜੇ ਦਾ ਦਿੱਤਾ ਗਿਆ ਸੀ, ਪਰ ਸ਼ੁਰੂ ਕਰੀਬ 2 ਵਜੇ ਹੀ ਹੋਈ। ਕਿਉਂਕਿ ਪਾਰਟੀ ਵਿਧਾਇਕਾਂ ਅੰਦਰ ਕਿਸੇ ਅੰਤਿਮ ਫੈਸਲੇ ਬਾਰੇ ਸਾਂਝੀ ਰਾਏ ਨਹੀਂ ਸੀ ਬਣ ਸਕੀ। ਮੈਂ ਕਈ ਵਿਧਾਇਕਾਂ ਦਾ ਅੰਦਰ ਫਰੋਲਣ ਦੀ ਕੋਸ਼ਿਸ਼ ਕੀਤੀ, ਪਰ ਉਹ ਸਾਰੇ ਭਬੰਤਰੇ ਪਏ ਸਨ ਅਤੇ ਉਨ•ਾਂ ਨੂੰ ਜਿਥੇ ਹੈਰਾਨੀ, ਰੋਹ ਅਤੇ ਗੁੱਸਾ ਸੀ, ਉਥੇ ਉਹ ਪਾਰਟੀ ਦੇ ਡਾਵਾਂਡੋਲ ਭਵਿੱਖ ਬਾਰੇ ਵੀ ਘਬਰਾਏ ਹੋਏ ਸਨ। ਉਹ ਸਗੋਂ ਉਲਟਾ ਆਪਣੇ ਆਪਣੇ ਦੋਸਤ ਪੱਤਰਕਾਰਾਂ ਕੋਲੋਂ ਪੁੱਛ ਰਹੇ ਸਨ ਕਿ ਕੀ ਕੇਜਰੀਵਾਲ ਦੀ ਮੁਆਫੀ ਪਿੱਛੇ ਅਸਲ ਗੱਲ ਦਾ ਉਨ•ਾਂ ਨੂੰ ਪਤਾ ਹੈ? ਪਰ ਹਕੀਕਤ ਵਿੱਚ ਕਿਸੇ ਨੂੰ ਵੀ ਇਹ ਪਤਾ ਨਹੀਂ ਸੀ ਲੱਗ ਰਿਹਾ, ਕਿ ਇਹ ਰਾਜਨੀਤਕ ਬੰਬ ਕਿਉਂ ਅਤੇ ਕਿਵੇਂ ਫਟਿਆ? ਕੋਈ ਕਹਿ ਰਿਹਾ ਸੀ ਕਿ ਇਸ ਪਿੱਛੇ ਸੰਜੇ ਦਾ ਹੱਥ ਹੈ ਜਿਸਨੂੰ ਹਾਲ ਵਿੱਚ ਹੀ ਰਾਜਸਭਾ ਦੀ ਮੈਂਬਰੀ ਹਾਸਲ ਹੋਈ ਹੈ ਅਤੇ ਜਿਸ ਦੀ ਚੋਣ ਬਾਰੇ ਪੰਜਾਬ ਦੇ ਪਾਰਟੀ ਯੂਨਿਟ ਨਾਲ ਕੋਈ ਸਲਾਹ ਮਸ਼ਵਰਾ ਨਹੀਂ ਸੀ ਕੀਤਾ ਗਿਆ। ਇਥੋਂ ਤੱਕ ਕਿ ਹੁਣ ਮੁਆਫੀ ਮੰਗਣ ਬਾਰੇ ਵੀ ਪੰਜਾਬ ਦੇ ਕਿਸੇ ਆਗੂ ਨਾਲ ਕੇਜਰੀਵਾਲ ਜਾਂ ਉਸ ਦੇ ਸਲਾਹਕਾਰਾਂ ਨੇ ਸੰਪਰਕ ਨਹੀਂ ਸੀ ਕੀਤਾ। ਇਹ ਖਬਰ ਹੈਰਾਨ ਤੇ ਉਦਾਸ ਕਰਨ ਵਾਲੀ ਹੈ ਕਿ ਪਾਰਟੀ ਦੇ ਦੋ ਸੀਨੀਅਰ ਆਗੂ ਅਮਨ ਅਰੋੜਾ ਅਤੇ ਭਗਵੰਤ ਮਾਨ ਦੋ ਦਿਨ ਪਹਿਲਾਂ ਕੇਜਰੀਵਾਲ ਨੂੰ ਮਿਲੇ ਸਨ ਅਤੇ ਕੇਜਰੀਵਾਲ ਨੇ ਮੁਆਫੀ ਮੰਗੇ ਜਾਣ ਬਾਰੇ ਸੂਹ ਤੱਕ ਨਹੀਂ ਦਿੱਤੀ। ਮੈਂ ਦਿੱਲੀ ਧੜੇ ਦੇ ਸਭ ਤੋਂ ਨੇੜੇ ਜਾਣੀ ਜਾਂਦੀ ਪ੍ਰੋਬਲਜਿੰਦਰ ਕੌਰ ਨੂੰ ਸੁਆਲ ਕੀਤਾ ਕਿ ਕੇਜਰੀਵਾਲ ਨੇ ਇਸ ਮੁਆਫੀ ਬਾਰੇ ਤੁਹਾਨੂੰ ਭਰੋਸੇ ਵਿੱਚ ਲਿਆ? ਉਸ ਦਾ ਜਵਾਬ ਵੀ ਹੈਰਾਨਜਨਕ ਨਾਂਹ ਵਿੱਚ ਸੀ। ਪਰ ਉਸ ਨਾਲ ਵੱਖਰੀ ਅਤੇ ਇਕੱਲਿਆਂ ਗੱਲਬਾਤ ਕਰਨ ਤੋਂ ਇਹ ਗੱਲ ਸਾਫ ਤੌਰ 'ਤੇ ਨਿਖਰ ਕੇ ਸਾਹਮਣੇ ਆ ਗਈ ਕਿ ਉਹ ਕਿਸੇ ਵੀ ਹਾਲਤ ਵਿੱਚ ਕੇਜਰੀਵਾਲ ਦਾ ਸਾਥ ਨਹੀਂ ਛੱਡੇਗੀ। ਸ਼ਾਇਦ ਉਸ ਨੂੰ ਇਹ ਭਿਣਕ ਪੈ ਗਈ ਸੀ ਕਿ ਜੇਕਰ ਆਮ ਆਦਮੀ ਪਾਰਟੀ ਦਾ ਪੰਜਾਬ ਵਿੱਚ ਵੱਖਰਾ ਯੂਨਿਟ ਬਣ ਗਿਆ ਜਾਂ ਇਹ ਨਵੀਂ ਪਾਰਟੀ ਦੇ ਰੂਪ ਵਿੱਚ ਸਾਹਮਣੇ ਆਇਆ ਤਾਂ ਉਸ ਪਾਰਟੀ ਵਿੱਚ ਉਸ ਦਾ ਕੋਈ ਖਾਸ ਸਥਾਨ ਨਹੀਂ ਹੋਏਗਾ। ਵੈਸੇ ਇਸ ਰਾਜਨੀਤਕ ਹਲਚਲ ਨਾਲ ਉਸਦਾ ਚਿਹਰਾ ਘਬਰਾਇਆ ਹੋਇਆ ਸੀ ਅਤੇ ਉਸ ਦੀ ਆਵਾਜ਼ ਕੰਬ ਰਹੀ ਸੀ ਜਿਵੇਂ ਉਸ ਨੂੰ ਇਹੋ ਜਿਹੀ ਅਚੰਭੇ ਵਾਲੀ ਘਟਨਾ ਵਾਪਰ ਜਾਣ ਦਾ ਖਿਆਲ ਤੱਕ ਵੀ ਨਾ ਹੋਵੇ।
ਉਧਰ ਟੀਚੈਨਲਾਂ ਵਾਲਿਆਂ ਦਾ ਸਾਰਾ ਜ਼ੋਰ ਇਸ ਗੱਲ 'ਤੇ ਲੱਗ ਰਿਹਾ ਕਿ ਕਿਸੇ ਨਾ ਕਿਸੇ ਤਰ•ਾਂ ਉਨ•ਾਂ ਨੂੰ ਅੰਦਰਲੀ ਗੱਲ ਦਾ ਪਤਾ ਲੱਗ ਜਾਵੇ ਅਤੇ ਇਹ ਵੀ ਪਤਾ ਲੱਗ ਜਾਵੇ ਕਿ ਕਿਹੜੇ ਵਿਧਾਇਕ ਦੀ ਵਫਾਦਾਰੀ ਕਿਸ ਕਿਸ ਨਾਲ ਹੈ। ਪਰ ਸਿਆਣੇ ਵਿਧਾਇਕ ਜਾਂ ਤਾਂ ਟਾਲਾ ਵੱਟਦੇ ਰਹੇ ਅਤੇ ਜਾਂ ਫੇਰ ਮੁਆਫੀ ਦੀ ਗੱਲ ਦਾ ਦੱਬੇ ਘੁੱਟੇ ਲਫਜ਼ਾਂ ਵਿੱਚ ਵਿਰੋਧ ਹੀ ਕਰਦੇ ਰਹੇ। ਪਰ ਦੂਜੇ ਪਾਸੇ ਬੈਂਸ ਭਰਾਵਾਂ ਦੇ ਤੇਵਰ ਤਿੱਖੇ ਸਨ। ਉਨ•ਾਂ ਦੀ ਸ਼ਬਦਾਵਲੀ ਵਿੱਚ ਕੇਜਰੀਵਾਲ ਦੇ ਫੈਸਲੇ ਵਿਰੁਧ ਓੜਕਾਂ ਦੀ ਗੁੱਸਾ ਸੀ। ਬੱਸ ਉਹ ਤਾਂ ਉਸ ਵਿਅਕਤੀ ਲਈ ਸਿਰਫ ਇਹ 'ਗੱਦਾਰੀ' ਦਾ ਸ਼ਬਦ ਬੋਲਣ ਤੋਂ ਹੀ ਝਿਜਕ ਰਹੇ ਸਨ। ਬੈਂਸ ਭਰਾ ਭਗਵੰਤ ਮਾਨ ਦੇ ਅਸਤੀਫੇ ਤੋਂ ਬੇਹਦ ਖੁਸ਼ ਸਨ ਅਤੇ ਉਹ ਪੰਜਾਬ ਦੇ ਅਸਲੀ ਪੁੱਤ ਹੋਣ ਦਾ ਰੁਤਬਾ ਬਖਸ਼ ਰਹੇ ਸਨ। ਕੁਝ ਵਿਧਾਇਕਾਂ ਦੇ ਮਨ ਵਿਚ ਪ੍ਰੋਬਲਜਿੰਦਰ ਕੌਰ ਬਾਰੇ ਸ਼ੰਕੇ ਸਨ ਕਿ ਉਹ ਪੰਜਾਬ ਦੇ ਹਿੱਤਾਂ ਦੇ ਸਵਾਲ 'ਤੇ ਦਿੱਲੀ ਨਾਲ ਖਲੋਏਗੀ ਜਾਂ ਪੰਜਾਬ ਦੇ ਲੁੱਟੇ ਪੁੱਟੇ ਜਜ਼ਬਿਆਂ ਨਾਲ ਸਾਂਝ ਪਾਏਗੀ। ਇਕ ਹੋਰ ਵਿਧਾਇਕ ਆਪਣਾ ਨਾਂਅ ਗੁਪਤ ਰੱਖੇ ਜਾਣ ਦੀ ਸ਼ਰਤ 'ਤੇ ਮੈਨੂੰ ਕਹਿ ਰਿਹਾ ਸੀ ਕਿ ਜੇਕਰ ਉਸਨੇ ਦਿੱਲੀ ਵੱਲ ਜਾਣ ਦਾ ਫੈਸਲਾ ਕੀਤਾ ਤਾਂ ਉਸਦੀ ਸਦਾ ਲਈ ਰਾਜਨੀਤਕ ਮੌਤ ਹੋ ਜਾਵੇਗੀ ਤੇ ਪੰਜਾਬ ਦਾ ਕੋਈ ਵੀ ਵਿਅਕਤੀ ਉਸ ਨੂੰ ਮੂੰਹ ਨਹੀਂ ਲਾਏਗਾ। ਇਹ ਵੀ ਹੋ ਸਕਦਾ ਹੈ ਕਿ ਉਸ ਨੂੰ ਆਪਣੇ ਹਲਕੇ ਵਿੱਚ ਹੀ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਵੇ। ਪ੍ਰੈਸ ਕਾਨਫਰੰਸ ਤੋਂ ਪਹਿਲਾਂ ਪੱਤਰਕਾਰਾਂ ਦੀਆਂ ਵੱਖ ਵੱਖ ਟੋਲੀਆਂ ਨੂੰ ਵੀ ਮਿਲਣ ਦਾ ਮੌਕਾ ਹਾਸਲ ਹੋਇਆ। ਮੈਂ ਇਕ ਸਵਾਲ ਕੀਤਾ ਕਿ ਜੇਕਰ ਵਫਾਦਾਰੀਆਂ ਦਾ ਫੈਸਲਾ ਕਰਨ ਦੀ ਕੋਈ ਪੱਕੀ ਲਕੀਰ ਖਿੱਚੀ ਗਈ ਤਾਂ ਕਿਹੜੇ ਕਿਹੜੇ ਵਿਧਾਇਕ ਕਿਧਰ-ਕਿਧਰ ਜਾਣਗੇ? ਇਸ ਔਖੇ ਸਵਾਲ ਦਾ ਇਕ ਜਵਾਬ ਤਾਂ ਇਹ ਸੀ ਕਿ ਕੇਵਲ ਤਿੰਨ ਕੁ ਵਿਧਾਇਕ ਹੀ ਕੇਜਰੀਵਾਲ ਦਾ ਸਾਥ ਦੇਣਗੇ ਅਤੇ ਇਨ•ਾਂ ਵਿਧਾਇਕਾਂ ਬਾਰੇ ਸਾਰਿਆਂ ਨੂੰ ਹੀ ਪਤਾ ਸੀ। ਪਰ ਇਕ ਹੰਢੇ ਹੋਏ ਰਾਜਨੀਤਕ ਪੱਤਰਕਾਰੀ ਦੇ ਚੋਟੀ ਦਾ ਖਿਡਾਰੀ ਇਹ ਦਾਅਵਾ ਕਰ ਰਿਹਾ ਸੀ ਕਿ ਜੇ ਇਹ ਲਕੀਰ ਖਿੱਚੀ ਜਾਂਦੀ ਹੈ ਕਿ ਚਾਰ ਜਾਂ ਪੰਜ ਵਿਧਾਇਕ ਕੇਜਰੀਵਾਲ ਨਾਲ ਹਾਸ਼ੀਏ 'ਤੇ ਖੜੇ ਹੋਣਗੇ ਅਤੇ ਫੇਰ ਇਹ ਵਿਧਾਇਕ ਦੋਵਾਂ ਧਿਰਾਂ ਦੀ ਤਾਕਤ ਵੇਖ ਕੇ ਆਪਣੇ ਪਰ ਤੋਲਣਗੇ ਅਤੇ ਫੇਰ ਕੋਈ ਫੈਸਲਾ ਕਰ ਸਕਣਗੇ।
ਉਧਰ ਬਜਟ ਇਜਲਾਸ ਸ਼ੁਰੂ ਹੋਣ 'ਚ ਕੇਵਲ ਤਿੰਨ ਦਿਨ ਹੀ ਰਹਿ ਗਏ ਹਨ ਅਤੇ ਹਾਕਮ ਧਿਰ ਬਾਗੋਬਾਗ ਹੈ, ਕਿਉਂਕਿ ਆਮ ਆਦਮੀ ਪਾਰਟੀ ਵਿੱਚ ਜਿਸ ਤਰ•ਾਂ ਉਥਲ ਪੁਥਲ ਚੱਲ ਰਹੀ ਹੈ, ਉਸ ਨਾਲ ਆਪ ਦੇ ਵਿਧਾਇਕ ਸਦਾਚਾਰ ਤੌਰ 'ਤੇ ਇੰਨੇ ਡੋਲ ਗਏ ਹਨ ਕਿ ਉਹ ਹਾਕਮ ਧਿਰ ਦੀਆਂ ਕਮਜ਼ੋਰੀਆਂ ਨੂੰ ਦਲੇਰੀ ਨਾਲ ਅਤੇ ਡੱਟ ਕੇ ਪੇਸ਼ ਨਹੀਂ ਕਰ ਸਕਣਗੇ। ਹਾਕਮ ਧਿਰ ਇਸ ਹਾਲਾਤ ਵਿੱਚ ਖੁਸ਼ ਨਜ਼ਰ ਆ ਰਹੀ ਹੈ ਕਿਉਂਕਿ ਕਾਂਗਰਸ ਅਤੇ ਅਕਾਲੀ ਦਲ ਦੇ ਪੰਜਾਬ ਦੀ ਰਾਜਨੀਤੀ ਦੇ ਮੈਦਾਨ 'ਚ ਇਕ ਦੂਜੇ ਨੂੰ ਪਾਸ ਦੇ ਕੇ ਖੇਡਣ ਦੀ ਰਣਨੀਤੀ ਸਾਹਮਣੇ ਖੜ•ਾ ਹੋਇਆ ਆਮ ਆਦਮੀ ਪਾਰਟੀ ਦੇ ਰੂਪ ਵਿੱਚ ਇੱਕ ਵੱਡਾ ਅੜਿੱਕਾ ਦੂਰ ਹੁੰਦਾ ਜਾਪ ਰਿਹਾ ਹੈ। ਸ਼ਾਇਦ ਬਹੁਤੀ ਖੁਸ਼ੀ ਆਮ ਆਦਮੀ ਪਾਰਟੀ ਦੇ ਤੇਜ਼ਤਰਾਰ ਨੇਤਾ ਸੁਖਪਾਲ ਸਿੰਘ ਖਹਿਰਾ ਦੀ ਆਪ ਦੇ ਅੰਦਰ ਪੈਦਾ ਹੋਏ ਮੌਜੂਦਾ ਸਿਆਸੀ ਘਮਾਸਾਨ ਵਿੱਚ ਹੀ ਸਾਰੀ ਊਰਜਾ ਖਪਤ ਹੋਣ ਦੀ ਹੈ। ਵੈਸੇ ਸੁਖਪਾਲ ਸਿੰਘ ਖਹਿਰਾ ਦੇ ਹਾਕਮ ਧਿਰ ਦੇ ਖਿਲਾਫ ਤਿੱਖੇ ਅਤੇ ਖੜਕੇ ਦੜਕੇ ਵਾਲੇ ਰਾਜਨੀਤਕ ਹਮਲਿਆਂ ਤੋਂ ਹੁਣ ਹਾਕਮ ਧਿਰ ਨੂੰ ਕਾਫੀ ਰਾਹਤ ਮਿਲੇਗੀ।
ਕਰਮਜੀਤ ਸਿੰਘ
9915091063