ਪੰਜਾਬ ਦੀ ਰਾਜਨੀਤੀ ਵਿੱਚ ਪੈਦਾ ਹੋਇਆ ਵੱਡਾ ਖਲਾਅ
ਚੰਡੀਗੜ•, 19 ਮਾਰਚ : ਆਮ ਆਦਮੀ ਪਾਰਟੀ ਦੇ ਪ੍ਰਧਾਨ ਅਰਵਿੰਦ ਕੇਜਰੀਵਾਲ ਵੱਲੋਂ ਮਾਨਹਾਨੀ ਦੇ ਕੇਸ ਵਿੱਚ ਬਿਕਰਮ ਸਿੰਘ ਮਜੀਠੀਆ ਤੋਂ ਮੁਆਫੀ ਮੰਗਣ ਪਿੱਛੋਂ ਸਿਆਸੀ ਹਲਕਿਆਂ ਵਿੱਚ ਇਸ ਮੁਆਫੀ ਨਾਲ ਜੁੜੇ ਵੱਖ-ਵੱਖ ਪਹਿਲੂਆਂ ਉਤੇ ਤਿੱਖੀ ਅਤੇ ਕੌੜੀ-ਮਿੱਠੀ ਪਰ ਜਾਗਰੂਕ ਬਹਿਸ ਸ਼ੁਰੂ ਹੋ ਗਈ ਹੈ। ਹਾਲਾਂਕਿ ਮੁਆਫੀ ਦੀ ਪਰਿਭਾਸ਼ਾ ਬਾਰੇ ਜਾਣਕਾਰੀ ਵਿੱਚ ਵਾਧਾ ਕਰਨ ਲਈ ਸਿਆਸਤਦਾਨਾਂ ਅਤੇ ਆਮ ਲੋਕਾਂ ਵਿਚ ਕੋਈ ਖਾਸ ਦਿਲਚਸਪੀ ਨਹੀਂ ਹੈ, ਪਰ ਹੁਣ ਤਾਂ ਜਿਥੇ ਇਕ ਪਾਸੇ ਮੁਆਫੀ ਮੰਗਣ ਵਾਲੇ ਉਤੇ ਤਿਖੇ ਅਤੇ ਤੇਜ਼ ਤਰਾਰ ਹਮਲੇ ਹੋ ਰਹੇ ਹਨ, ਉਥੇ ਦੂਜੇ ਪਾਸੇ ਮੁਆਫੀ ਮੰਗਣ ਵਾਲੇ ਨੂੰ ਠੀਕ ਅਤੇ ਗਲਤ ਕਹਿਣ ਵਾਲਿਆਂ ਦਰਮਿਆਨ ਦੋਸ਼ਾਂ ਅਤੇ ਜੁਆਬੀ ਦੋਸ਼ਾਂ ਦੀ ਹੀ ਬਾਰਿਸ਼ ਹੋ ਰਹੀ ਹੈ।
ਵੈਸੇ ਰਾਜਨੀਤਕ ਖੇਤਰ ਵਿੱਚ ਸਿਆਸਤਦਾਨਾਂ ਵਲੋਂ ਆਪਣੀ ਕਿਸੇ ਵਿਵਾਦਗ੍ਰਸਤ ਟਿੱਪਣੀ ਜਾਂ ਬਿਆਨ 'ਤੇ ਰੌਲਾ ਪੈਣ ਮਗਰੋਂ ਮੁਆਫੀ ਮੰਗਣੀ ਇੱਕ ਆਮ ਜਿਹੀ ਗੱਲ ਹੈ, ਪਰ ਭਾਰਤ ਦੇ ਰਾਜਨੀਤਕ ਇਤਿਹਾਸ ਵਿੱਚ ਸ਼ਾਇਦ ਇਹ ਪਹਿਲੀ ਘਟਨਾ ਹੈ ਜਦੋਂ ਕੇਜਰੀਵਾਲ ਦੀ ਮੁਆਫੀ ਨੂੰ ਲੈ ਕੇ ਬਹਿਸ ਦਾ ਦਾਇਰਾ ਸਾਰੇ ਦੇਸ਼ ਵਿੱਚ ਫੈਲ ਗਿਆ ਹੈ। ਮੁਆਫੀ ਕਿਉਂਕਿ ਇੱਕ ਮੁੱਖ ਮੰਤਰੀ ਵੱਲੋਂ ਮੰਗੀ ਗਈ ਹੈ ਅਤੇ ਮੰਗੀ ਵੀ ਉਸ ਮੁੱਖ ਮੰਤਰੀ ਵੱਲੋਂ ਹੈ ਜਿਸਨੇ ਪੰਜਾਬ ਅਸੈਂਬਲੀ ਦੀ ਚੋਣ ਮੁਹਿੰਮ ਵਿੱਚ ਬਿਕਰਮ ਸਿੰਘ ਮਜੀਠੀਆ ਦੇ ਉਤੇ ਦੋਸ਼ ਲਾਉਣ ਸਮੇਂ ਆਪਣੀ ਆਵਾਜ਼ ਅਤੇ ਬੋਲਬਾਣੀ ਦੀ ਗੂੰਜ ਨੂੰ ਅਸਮਾਨ ਦੀਆਂ ਕੰਧਾਂ ਤੱਕ ਪਹੁੰਚਾ ਦਿਤਾ ਸੀ। ਇਸ ਮੁੱਦੇ ਨੂੰ ਕੇਂਦਰ ਵਿੱਚ ਰੱਖ ਕੇ ਚੋਣ ਵੀ ਲੜੀ ਗਈ ਅਤੇ 80 ਸਾਲ ਪੁਰਾਣੀ ਅਕਾਲੀ ਪਾਰਟੀ ਨੂੰ ਤੀਜੇ ਸਥਾਨ 'ਤੇ ਲਿਆ ਸੁੱਟਿਆ ਅਤੇ ਆਮ ਆਦਮੀ ਪਾਰਟੀ ਵਿਧਾਨ ਸਭਾ ਵਿੱਚ ਮੁੱਖ ਵਿਰੋਧੀ ਧਿਰ ਦੇ ਰੂਪ ਵਿੱਚ ਵੀ ਉਭਰ ਕੇ ਸਾਹਮਣੇ ਆਈ। ਹੁਣ ਉਸੇ ਹੀ ਮੁੱਦੇ ਉੱਤੇ ਮੁਆਫੀ ਮੰਗ ਲੈਣ ਨਾਲ ਵਿਰੋਧੀਆਂ ਨੇ ਤਾਂ ਅਰਵਿੰਦ ਕੇਜਰੀਵਾਲ ਵਿਰੁਧ ਮੋਰਚੇ ਖੋਲ• ਹੀ ਦਿੱਤੇ ਹਨ, ਪਰ ਪਾਰਟੀ ਦੇ ਅੰਦਰ ਵੀ ਬਗਾਵਤ ਹੋ ਗਈ ਹੈ। ਆਕਸਫੋਰਡ ਯੂਨੀਵਰਸਿਟੀ ਦੇ ਇੱਕ ਪੰਜਾਬੀ ਪ੍ਰੋਫੈਸਰ ਨੇ ਰਾਜਨੀਤਕ ਅਰਥਚਾਰੇ ਦੇ ਇੱਕ ਵਿਦਵਾਨ ਦੇ ਹਵਾਲੇ ਨਾਲ ਮੌਜੂਦਾ ਬਹਿਸ ਨੂੰ 'ਮੌਲਿਕ ਜਾਂ ਸਿਰਜਨਾਤਮਿਕ ਤਬਾਹੀ' ਦਾ ਨਾਂਅ ਦਿੱਤਾ ਹੈ। ਇੱਸ ਟਿੱਪਣੀ ਦੇ ਵੀ ਕਈ ਅਰਥ ਕੱਢੇ ਜਾ ਸਕਦੇ ਹਨ। ਇੱਕ ਅਰਥ ਤਾਂ ਇਹ ਹੈ ਕਿ ਭਵਿੱਖ ਵਿੱਚ ਸਿਆਸਤ ਦੇ ਖੇਤਰ ਵਿੱਚ 'ਮੌਲਿਕਤਾ' ਤੇ 'ਜ਼ਿਮੇਵਾਰੀ' ਦਾ ਮਾਹੌਲ ਪੈਦਾ ਹੋਵੇਗਾ ਅਤੇ ਸਿਆਸਤਦਾਨ ਊਲ ਜਲੂਲ ਜਾਂ ਬੇਬੁਨਿਆਦ ਗੱਲਾਂ ਕਹਿਣ ਤੋਂ ਪਹਿਲਾਂ ਸੌ ਵਾਰ ਸੋਚਿਆ ਕਰਨਗੇ। ਦੂਜਾ 'ਤਬਾਹੀ' ਦਾ ਸ਼ਿਕਾਰ ਤਾਂ ਇਹੋ ਜਿਹੀ ਜੰਗ ਵਿੱਚ ਕਿਸੇ ਨਾ ਕਿਸੇ ਨੇ ਹੋਣਾ ਹੀ ਹੈ ਅਤੇ ਮੁਆਫੀ ਦੇ ਮਾਮਲੇ ਵਿੱਚ ਕੇਜਰੀਵਾਲ ਦਾ ਰਾਜਨੀਤਕ ਭਵਿੱਖ ਜੇ 'ਤਬਾਹ' ਨਹੀਂ ਹੋਇਆ ਤਾਂ ਇਸ ਦੀ ਸ਼ੁਰੂਆਤ ਤਾਂ ਹੋ ਹੀ ਗਈ ਹੈ।
ਵੈਸੇ ਹਾਲਾਤ ਪਾਰਟੀ ਲਈ ਉਸ ਵਕਤ ਹੋਰ ਵੀ ਗੰਭੀਰ ਤੇ ਨਾਜ਼ੁਕ ਹੋ ਜਾਣਗੇ ਜਦੋਂ ਅਰਵਿੰਦ ਕੇਜਰੀਵਾਲ ਦੋ ਦਰਜਨ ਤੋਂ ਵੱਧ ਚੱਲ ਰਹੇ ਮੁਕੱਦਮਿਆਂ ਵਿੱਚ ਵਾਰੀ ਵਾਰੀ ਮੁਆਫੀਆਂ ਮੰਗਦੇ ਨਜ਼ਰ ਆਉਣਗੇ ਅਤ ਇਹ ਮੁਆਫੀ-ਮੁਹਿੰਮ ਸ਼ੁਰੂ ਹੋ ਵੀ ਗਈ ਹੈ। ਅਜਿਹੀ ਹਾਲਤ ਵਿੱਚ ਨਾਇਕ ਦੇ ਤੌਰ 'ਤੇ ਇੱਕ ਵਿਅਕਤੀ ਦਾ ਰਾਜਨੀਤਕ ਰੁਤਬਾ ਸਵਾਲਾਂ ਦੇ ਘੇਰੇ ਵਿੱਚ ਆ ਜਾਏਗਾ।
ਸਿਆਸੀ ਹਲਕਿਆਂ ਵਿੱਚ ਮੁਆਫੀ ਮੰਗਣ ਦੀ ਕਲਾ ਉਤੇ ਵੀ ਦਿਲਚਸਪ ਬਹਿਸ ਸ਼ੁਰੂ ਹੋ ਗਈ ਹੈ। ਬਹੁਤੀ ਵਾਰ ਜਦੋਂ ਸਿਆਸਤਦਾਨ ਮੁਆਫੀ ਮੰਗਦੇ ਹਨ ਤਾਂ ਮੁਆਫੀ ਦੀ ਸ਼ਬਦਾਵਲੀ ਇੰਨੀ ਧੁੰਦਲੀ ਅਤੇ ਇੰਨੀ ਅਸਪੱਸ਼ਟ ਹੁੰਦੀ ਹੈ ਕਿ ਉਹ ਇੱਕ ਫੋਕੀ ਰਸਮ ਜਿਹੀ ਹੀ ਬਣ ਗਈ ਹੈ। ਅਜਿਹੇ ਮੌਕਿਆਂ 'ਤੇ ਸਬੰਧਿਤ ਵਿਅਕਤੀ ਇਹੋ ਜਿਹੇ ਸ਼ਬਦਾਂ ਦੀ ਚੋਣ ਕਰਦਾ ਹੈ ਕਿ ਮੁਆਫੀ ਦੀ ਵਿਆਖਿਆ ਕਰਨ ਵਾਲੇ ਯੂਰਪੀਨ ਅਤੇ ਅਮਰੀਕੀ ਵਿਦਵਾਨਾਂ ਨੇ ਇਸ ਇਕੱਲੇ ਵਿਸ਼ੇ ਉਤੇ ਹੀ ਲੇਖ ਅਤੇ ਕਿਤਾਬਾਂ ਲਿਖ ਛੱਡੀਆਂ ਹਨ। ਜੇ ਰਤਾ ਪਿਛਲੀ ਸਦੀ ਦੇ 90ਵਿਆਂ ਦੇ ਰਾਜਨੀਤਕ ਇਤਿਹਾਸ ਉਤੇ ਝਾਤ ਮਾਰੀ ਜਾਵੇ ਤਾਂ ਤਤਕਾਲੀਨ ਰਾਸ਼ਟਰਪਤੀ ਬਿੱਲ ਕਲਿੰਟਨ ਜਦੋਂ ਮੋਨਿਕਾ ਲਵਿੰਸਕੀ ਨਾਲ ਇੱਕ ਸੈਕਸ ਸਕੈਂਡਲ ਵਿੱਚ ਉਲਝ ਗਏ ਸਨ ਤਾਂ ਮੋਨਿਕਾ ਲਵਿੰਸਕੀ ਨੇ ਮੁਆਫੀ ਦੀ ਸ਼ਬਦਾਵਲੀ ਕੁਝ ਇਸ ਤਰ•ਾਂ ਵਰਤੀ ਕਿ ਉਹ ਸ਼ਬਦਾਵਲੀ ਹੀ ਵਿਦਵਾਨਾਂ ਵਿੱਚ ਬਹਿਸ ਦਾ ਕੇਂਦਰ ਬਣੀ ਗਈ। ਮੁਆਫੀ ਦੀ ਸ਼ਬਦਾਵਲੀ ਸੁਣੋ : ''ਮੈਨੂੰ ਉਸ ਘਟਨਾ ਲਈ ਬੇਹੱਦ ਅਫਸੋਸ ਹੈ, ਜੋ ਮੇਰੇ ਅਤੇ ਰਾਸ਼ਟਰਪਤੀ ਬਿੱਲ ਕਲਿੰਟਨ ਵਿਚਕਾਰ ਵਾਪਰੀ।'' 'ਵਾਪਰੀ' ਕਹਿ ਕੇ ਗੱਲ ਕਿਸੇ ਵੀ ਤੱਣ-ਪੱਤਣ ਨਹੀਂ ਸੀ ਲੱਗੀ। ਇਹ ਗੋਲਮੋਲ ਸ਼ਬਦਾਵਲੀ ਪੂਰੀ ਤਰ•ਾਂ ਅਸਪੱਸ਼ਟ ਹੈ ਅਤੇ ਵਿਦਵਾਨਾਂ ਵਿੱਚ ਇਹ ਬਹਿਸ ਛਿੜ ਗਈ ਕਿ ਇਹ ਮੁਆਫੀਨਾਮਾ ਅਸਲ ਵਿੱਚ ਮੁਆਫੀ ਹੈ ਵੀ? ਪਰ ਮੋਨਿਕਾ ਲਵਿੰਸਕੀ ਨੇ ਮੁਆਫੀਨਾਮੇ ਦੀ ਕਲਾ ਬਾਰੇ ਵਿਦਵਾਨਾਂ ਵਿੱਚ ਇਕ ਬਹਿਸ ਜ਼ਰੂਰ ਛੇੜ ਦਿੱਤੀ ਸੀ। ਪਰ ਜਿਥੋਂ ਤੱਕ ਅਰਵਿੰਦ ਕੇਜਰੀਵਾਲ ਦੀ ਮੁਆਫੀ ਦਾ ਸਬੰਧ ਹੈ ਉਹ ਸ਼ਬਦਾਵਲੀ ਪੂਰੀ ਤਰ•ਾਂ ਸਪੱਸ਼ਟ ਹੈ ਪਰ ਪਾਰਟੀ ਦੇ ਕਾਰਕੁੰਨਾਂ ਨੂੰ ਸ਼ਰਮਸਾਰ ਜ਼ਰੂਰ ਕਰਦੀ ਹੈ। ਇਹ ਸ਼ਬਦਾਵਲੀ ਵੀ ਕੁਝ ਇਸ ਤਰ•ਾਂ ਦੀ ਸੀ : 'ਹੁਣ ਮੈਨੂੰ ਇਹ ਸਮਝ ਆ ਗਈ ਕਿ ਮੈਂ ਜੋ ਦੋਸ਼ ਲਾਏ ਸਨ, ਉਹ ਸਾਰੇ ਦੇ ਸਾਰੇ ਬੇਬੁਨਿਆਦ ਸੀ। ਇਸ ਲਈ ਇਹੋ ਜਿਹੇ ਮਾਮਲਿਆਂ 'ਤੇ ਹੁਣ ਕੋਈ ਰਾਜਨੀਤੀ ਨਹੀਂ ਹੋਣੀ ਚਾਹੀਦੀ। ਮੈਂ ਵੱਖ-ਵੱਖ ਰਾਜਨੀਤਕ ਰੈਲੀਆਂ, ਪਬਲਿਕ ਜਲਸਿਆਂ, ਟੀਪ੍ਰੋਗਰਾਮਾਂ, ਪ੍ਰਿੰਟ ਮੀਡੀਆ, ਇਲੈਕਟ੍ਰੋਨਿਕ ਮੀਡੀਆ ਅਤੇ ਸੋਸ਼ਲ ਮੀਡੀਆ ਉਤੇ ਤੁਹਾਡੇ 'ਤੇ ਦੋਸ਼ ਲਾਉਂਦਾ ਰਿਹਾ ਅਤੇ ਫਿਰ ਤੁਸੀਂ ਅੰਮ੍ਰਿਤਸਰ ਦੀ ਅਦਾਲਤ ਵਿੱਚ ਮੇਰੇ ਖਿਲਾਫ ਮਾਨਹਾਨੀ ਦਾ ਕੇਸ ਦਾਇਰ ਕਰ ਦਿੱਤਾ। ਮੈਂ ਹੁਣ ਤੁਹਾਡੇ ਵਿਰੁੱਧ ਦਿੱਤੇ ਬਿਆਨ ਅਤੇ ਦੋਸ਼ ਵਾਪਸ ਲੈਂਦਾ ਹਾਂ ਅਤੇ ਤੁਹਾਡੇ ਕੋਲੋਂ ਮੁਆਫੀ ਮੰਗਦਾ ਹਾਂ। (ਪਰ) ਇਸ ਨਾਲ ਜੋ ਤੁਹਾਡੇ ਪਰਿਵਾਰ, ਸਾਥੀਆਂ, ਸ਼ੁਭਚਿੰਤਕਾਂ ਅਤੇ ਪੈਰੋਕਾਰਾਂ ਦੇ ਮਾਣ ਸਤਿਕਾਰ ਨੂੰ ਢਾਅ ਲੱਗੀ ਹੈ, ਉਸ ਉਤੇ ਮੈਂ ਅਫਸੋਸ ਪ੍ਰਗਟ ਕਰਦਾ ਹਾਂ।'
ਕੇਜਰੀਵਾਲ ਵੱਲੋਂ ਮੁਆਫੀ ਮੰਗੇ ਜਾਣ ਬਾਰੇ ਕੁਝ ਹੈਰਾਨਜਨਕ ਤੱਥ। ਕਿਸੇ ਨੂੰ ਵੀ ਪਤਾ ਨਹੀਂ। ਨਾ ਉਸ ਦੇ ਸਭ ਤੋਂ ਨਜ਼ਦੀਕੀ ਸਾਥੀ ਸੰਜੇ ਸਿੰਘ ਨੂੰ ਅਤੇ ਨਾ ਹੀ ਉਸਦੇ ਡਿਪਟੀ ਮੁੱਖ ਮੰਤਰੀ ਨੂੰ। ਨਾ ਹੀ ਪੰਜਾਬ ਦੀ ਪਾਰਟੀ ਨੂੰ ਅਤੇ ਨਾ ਹੀ ਪਾਰਟੀ ਦੇ ਕਿਸੇ ਵਿਧਾਇਕ ਨੂੰ ਰਤਾ-ਮਾਸਾ ਵੀ ਮੁਆਫੀ ਦੀ ਸੂਹ ਮਿਲੀ। ਨਾ ਹੀ ਕੇਜਰੀਵਾਲ ਨੇ ਕਿਸੇ ਨੂੰ ਮੁਆਫੀ ਦਾ ਕਾਰਨ ਦੱਸਣ ਦੀ ਲੋੜ ਸਮਝੀ। ਚੁੱਪ ਚੁਪੀਤੇ ਮੰਗੀ ਇਸ ਮੁਆਫੀ ਦੇ ਡੂੰਘੇ ਅਰਥ ਤਾਂ ਇਹੋ ਹੀ ਹਨ ਕਿ ਕੇਜਰੀਵਾਲ ਦੇ ਤਾਨਾਸ਼ਾਹੀ ਸੁਭਾਅ ਦੀ ਸਿਖਰ ਸਾਰਿਆਂ ਨੇ ਵੇਖ ਲਈ। ਨਾਇਕ ਦਾ ਹਨੇਰਾ ਪੱਖ ਪੂਰੀ ਤਰ•ਾਂ ਰੌਸ਼ਨ ਹੋ ਗਿਆ। ਪਰ ਤਾਨਾਸ਼ਾਹੀ ਦੇ ਸਿਖਰ ਨੂੰ ਛੋਹ ਕੇ ਜਦੋਂ ਇਹ ਮੁਆਫੀ ਮੰਗੀ ਗਈ ਤਾਂ ਨਵਾਂ ਉਭਰਿਆ ਇਹ ਨਾਇਕ ਧਰਤੀ 'ਤੇ ਆਣ ਡਿੱਗਿਆ। ਕਿਸੇ ਯੂਰਪੀਨ ਵਿਦਵਾਨ ਦੀ ਇਹ ਚੇਤਾਵਨੀ ਧਿਆਨ ਨਾਲ ਸੁਣਨ ਵਾਲੀ ਹੈ ਕਿ ਨਾਇਕ ਜਦੋਂ ਆਪਣੀ ਨੇਕ ਕਮਾਈ ਦੀ ਸਿਖਰ 'ਤੇ ਪਹੁੰਚਦਾ ਹੈ ਤਾਂ ਉਸ ਨੂੰ ਬੜੇ ਤਹੱਮਲ, ਧੀਰਜ ਅਤੇ ਠੰਡੇ ਦਿਮਾਗ ਨਾਲ ਅਗਲੇ ਸਫਰ ਬਾਰੇ ਯੋਜਨਾ ਬਣਾਉਣੀ ਚਾਹੀਦੀ ਹੈ, ਨਹੀਂ ਤਾਂ ਇਹੋ ਜਿਹੇ ਮੌਕੇ ਇੱਕ ਨਿੱਕੀ ਜਿਹੀ ਗਲਤੀ ਉਸ ਦੀ ਸ਼ਾਨਾਮੱਤੀ ਕਮਾਈ ਨੂੰ ਬਰਬਾਦ ਕਰਕੇ ਰੱਖ ਸਕਦੀ ਹੈ। ਮੁਆਫੀ ਨੇ ਵੀ ਅਰਵਿੰਦ ਕੇਜਰੀਵਾਲ ਨੂੰ ਉਸੇ ਮੁਕਾਮ 'ਤੇ ਲਿਆ ਖੜਾ ਕੀਤਾ ਹੈ।
ਹੁਣ ਜਦੋਂ 10 ਵਿਧਾਇਕ ਮੁਆਫੀ ਦਾ ਕਾਰਨ ਪੁੱਛਣ ਲਈ ਦਿੱਲੀ ਗਏ ਤਾਂ ਜਵਾਬ ਮਿਲਿਆ ਕਿ ਕੇਜਰੀਵਾਲ ਵਿਰੁੱਧ 33 ਤੋਂ ਵੱਧ ਮੁਕੱਦਮੇ ਵੱਖ ਵੱਖ ਅਦਾਲਤਾਂ ਵਿੱਚ ਚੱਲ ਰਹੇ ਹਨ। ਇਸ ਲਈ ਉਨ•ਾਂ ਦੀ ਕਾਰਗੁਜ਼ਾਰੀ ਵਿੱਚ ਵੱਡਾ ਵਿਘਨ ਪੈਂਦਾ ਹੈ। ਉਹ ਕਿਥੇ ਕਿਥੇ ਤਰੀਕਾਂ ਭੁਗਤਦੇ ਰਹਿਣ। ਦੂਜੇ ਬੰਨੇ ਸਰਕਾਰ ਵੀ ਕਿਸੇ ਨਾ ਕਿਸੇ ਢੰਗ ਨਾਲ ਜੇਲ• ਵਿੱਚ ਸੁੱਟਣ ਲਈ ਸਾਜ਼ਿਸ਼ਾਂ ਰਚਦੀ ਰਹਿੰਦੀ ਹੈ। ਇਸ ਲਈ ਮੁਆਫੀ ਦਾ ਰਾਹ ਚੁਣਿਆ। ਦਿਲਚਸਪ ਹਕੀਕਤ ਇਹ ਸੀ ਕੀ ਪੰਜਾਬ ਦੀ ਰਾਜਨੀਤੀ ਦੇ ਨਵੇਂ ਰੰਗਰੂਟ ਵਿਧਾਇਕ ਕਿੰਨੇ ਭੋਲੇ ਅਤੇ ਮਾਸੂਮ ਸਨ ਕਿ ਉਨ•ਾਂ ਨੇ ਬਿਨਾਂ ਕੋਈ ਜਿਰਹਾ ਕੀਤੇ 'ਮੌਜ' ਨਾਲ ਹੀ ਆਪਣੇ ਪ੍ਰਧਾਨ ਦੀ ਮੁਆਫੀ ਨੂੰ ਮੁਆਫ ਕਰ ਦਿੱਤਾ। ਵੈਸੇ ਇਥੇ ਟਕਸਾਲੀ ਅਕਾਲੀ ਆਗੂਆਂ ਅਤੇ ਕਾਰਕੁੰਨਾਂ ਨੂੰ ਸਲਾਮ ਕਰਨਾ ਬਣਦਾ ਹੈ ਜਿਨ•ਾਂ ਨੂੰ ਬਚਪਨ ਵਿੱਚ ਹੀ ਇਹ ਸੁਣਾ ਦਿੱਤਾ ਜਾਂਦਾ ਸੀ ਕਿ ਤੁਹਾਡਾ ਦੂਜਾ ਘਰ ਜੇਲ• ਹੈ। ਪਰ ਜੇਲ• ਹੀ ਤਾਂ ਇਕ ਅਜਿਹੀ ਥਾਂ ਹੁੰਦੀ ਹੈ ਜਿਥੋਂ ਲੀਡਰਾਂ ਦੀ ਸ਼ਖਸੀਅਤ ਨਿਖਰ ਕੇ ਸਾਹਮਣੇ ਆਉਂਦੀ ਹੈ ਅਤੇ ਉਹ ਕੁੰਦਨ ਬਣ ਕੇ ਚਮਕਦੇ ਹਨ।
ਇਹ ਸਾਡੀ ਰਾਜਨੀਤੀ ਦਾ ਇੱਕ ਦੁਖਾਂਤ ਹੀ ਸਮਝੋ ਕਿ ਇੱਕ ਅਜਿਹਾ ਵਿਅਕਤੀ ਜਿਸਨੇ ਇੱਕ ਸਮੇਂ ਹਿੰਦੁਸਤਾਨ ਦੀ ਸਿਆਸਤ ਵਿੱਚ ਭੂਚਾਲ ਲਿਆਂਦਾ ਸੀ ਅਤੇ ਇੱਕ ਬਦਲਵੀਂ ਰਾਜਨੀਤੀ ਦਾ ਪੈਗਾਮ ਦਿੱਤਾ ਸੀ, ਉਹ ਵਿਅਕਤੀ ਇੱਕ ਛੋਟੀ ਜਿਹੀ ਲਹਿਰ ਅੱਗੇ ਹੀ ਦਮ ਤੋੜ ਕੇ ਰਹਿ ਗਿਆ। ਅਸਲ ਵਿੱਚ ਇਸ ਬਦਲਵੀਂ ਰਾਜਨੀਤੀ ਵਿੱਚ ਰਾਜਨੀਤਕ, ਸਮਾਜਿਕ ਅਤੇ ਧਾਰਮਿਕ ਮਾਨਸਿਕਤਾ ਦੇ ਭਿੰਨ ਭਿੰਨ ਰੰਗ ਆਮ ਆਦਮੀ ਦਾ ਰੂਪ ਧਾਰ ਕੇ ਕੇਜਰੀਵਾਲ ਦੇ ਝਾੜੂ ਥੱਲੇ ਇਕੱਠੇ ਹੋ ਗਏ ਸਨ। ਇਹ ਚਮਤਕਾਰ ਹਿੰਦੁਸਤਾਨ ਦੇ ਇਤਹਾਸ ਵਿਚ ਪਹਿਲੀ ਵਾਰ ਵਾਪਰਿਆ ਹੈ। ਉਹ ਜਦੋਂ ਬੋਲਦਾ ਸੀ ਤਾਂ ਲੋਕਾਂ ਨੂੰ ਇਉਂ ਲੱਗਦਾ ਸੀ ਕਿ ਉਹ ਨਿਰਭਊ ਵੀ ਹੈ ਤੇ ਨਿਰਵੈਰ ਵੀ ਹੈ ਅਤੇ ਹਰ ਮੁਸ਼ਕਲ ਅੱਗੇ ਪਹਾੜ ਬਣ ਕੇ ਖਲੋਅ ਜਾਏਗਾ। ਇਹੋ ਜਿਹੇ ਵਿਅਕਤੀ ਵਿਰੁੱਧ ਮੁਕੱਦਮੇ ਤਾਂ ਹੋਣੇ ਹੀ ਸਨ ਕਿਉਂਕਿ ਸਿਆਸਤ ਦੀਆਂ ਸਭ ਧਿਰਾਂ ਅੰਦਰਖਾਤੇ ਉਸ ਦੇ ਵਿਰੁਧ ਹੋ ਗਈਆਂ ਸਨ। ਕੇਜਰੀਵਾਲ ਨੂੰ ਇਹ ਪਤਾ ਹੋਣਾ ਚਾਹੀਦਾ ਸੀ ਕਿ ਜਦੋਂ ਤੁਸੀਂ ਕਿਸ਼ਤੀ ਦੀ ਸਵਾਰੀ ਕਰ ਰਹੇ ਹੋ ਤਾਂ ਭਿੱਜਣ ਦਾ ਖਤਰਾ ਤਾਂ ਬਣਿਆ ਹੀ ਰਹੇਗਾ।
ਹੁਣ ਸਾਰੀ ਰਾਜਨੀਤਕ ਸਤ•ਾ ਪਾਰਟੀ ਦੇ ਵਿਧਾਇਕਾਂ ਉਤੇ ਕੇਂਦਰਿਤ ਹੋ ਗਈ ਹੈ ਜਦਕਿ ਪਾਰਟੀ ਦੀ ਪੰਜਾਬ ਇਕਾਈ ਦਾ ਵਜੂਦ ਹੁੰਦਿਆਂ ਹੋਇਆਂ ਵੀ ਨਹੀਂ ਹੈ। ਜੇਕਰ ਪੰਜਾਬ ਦੀ ਰਾਜਨੀਤੀ ਨੂੰ ਮੌਜੂਦਾ ਹਕੀਕਤਾਂ ਨਾਲ ਮੇਲ ਕੇ ਦੇਖਿਆ ਜਾਏ ਤਾਂ ਇੱਕ ਸਾਲ ਪਹਿਲਾਂ ਸੱਤਾ ਵਿੱਚ ਆਈ ਕਾਂਗਰਸ ਪਾਰਟੀ ਲੋਕਾਂ ਦਾ ਭਰੋਸਾ ਗੁਆ ਚੁੱਕੀ ਹੈ। ਜਿਥੋਂ ਤੱਕ ਅਕਾਲੀ ਦਲ ਦਾ ਸਬੰਧ ਹੈ, ਅੰਦਰੋਂ ਲੋਕ ਅਜੇ ਵੀ ਅਕਾਲੀ ਦਲ ਵੱਲ ਉਸ ਤਰ•ਾਂ ਮੁੜਨ ਦੇ ਰੋਂਅ ਵਿੱਚ ਨਹੀਂ ਹਨ, ਜਿਵੇਂ ਕਿ ਅਕਸਰ ਇੱਕ ਪਾਰਟੀ ਤੋਂ ਟੁੱਟ ਕੇ ਲੋਕ ਦੂਜੀ ਪਾਰਟੀ ਨਾਲ ਜੁੜਦੇ ਰਹੇ ਹਨ। ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਫਿਲਹਾਲ ਪੰਜਾਬ ਦੀ ਰਾਜਨੀਤੀ ਵਿੱਚ ਇੱਕ ਵੱਡਾ ਖਲਾਅ ਹੈ ਅਤੇ ਮੈਦਾਨ ਇੱਕ ਤਰ•ਾਂ ਨਾਲ ਖਾਲੀ ਪਿਆ ਹੈ। ਤਮਾਮ ਝਟਕਿਆਂ ਤੋਂ ਬਾਅਦ ਅਜੇ ਵੀ ਇਹ ਸੰਭਾਵਨਾ ਮੌਜੂਦ ਹੈ ਕਿ ਜੇਕਰ ਆਮ ਆਦਮੀ ਪਾਰਟੀ ਰਾਜਨੀਤਕ ਅਤੇ ਨੈਤਿਕ ਮੁਹਾਜ਼ ਉਤੇ ਇੱਕਮੁਠ ਹੋ ਕੇ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਉੱਤੇ ਖਰੀ ਉਤਰਦੀ ਹੈ ਤਾਂ ਇੱਕ ਵਾਰ ਮੁੜ ਇਹ ਪਾਰਟੀ ਪੰਜਾਬ ਦੀ ਰਾਜਨੀਤੀ ਦੇ ਇਸ ਖਲਾਅ ਨੂੰ ਭਰਨ ਦੀ ਸਥਿਤੀ ਵੀ ਹਾਸਲ ਕਰ ਸਕਦੀ ਹੈ। ਵੈਸੇ ਅਗਲੇ ਕੁਝ ਦਿਨ ਪੰਜਾਬ ਦੀ ਤਕਦੀਰ ਲਈ ਫੈਸਲਾਕੁੰਨ ਹੋ ਸਕਦੇ ਹਨ।
ਕਰਮਜੀਤ ਸਿੰਘ
9915091063