ਕਾਂਗਰਸ ਨੇ ਛੱਡੇ 'ਜੋ ਬੋਲੇ ਸੋ ਨਿਹਾਲ' ਦੇ ਜੈਕਾਰੇ ਪਰ ਅਕਾਲੀ ਬੇਬਸ ਵੇਖਦੇ ਰਹੇ
ਚੰਡੀਗੜ੍ਹ, 21 ਮਾਰਚ : ਅੱਜ ਰਾਜਪਾਲ ਦੇ ਭਾਸ਼ਨ 'ਤੇ ਪਹਿਲੇ ਸ਼ੈਸਨ ਵਿੱਚ ਹੋਈ ਬਹਿਸ ਇੰਨੀ ਦਿਲਚਸਪ, ਇੰਨੀ ਰੰਗੀਨ ਅਤੇ ਜਾਣਕਾਰੀ ਦੇ ਖਜ਼ਾਨਿਆਂ ਨਾਲ ਇੰਨੀ ਭਰਪੂਰ ਸੀ ਕਿ ਕਾਂਗਰਸ ਦੇ ਰਾਜਾ ਵੜਿੰਗ ਅਤੇ ਸੁਖਜਿੰਦਰ ਸਿੰਘ ਰੰਧਾਵਾ ਵਿਰੋਧੀ ਧਿਰ ਅਤੇ ਖਾਸ ਕਰਕੇ ਆਮ ਆਦਮੀ ਪਾਰਟੀ ਵੱਲੋਂ ਵਾਰ-ਵਾਰ ਪਾਈਆਂ ਰੋਕਾਂ-ਟੋਕਾਂ, ਇਤਰਾਜ਼ਾਂ ਅਤੇ ਜਵਾਬੀ ਦੋਸ਼ਾਂ ਦੇ ਬਾਵਜੂਦ ਸਮੁੱਚੀ ਬਹਿਸ ਦਾ ਸ਼ਿੰਗਾਰ ਵੀ ਬਣੇ ਰਹੇ ਅਤੇ ਇਕ ਤਰ੍ਹਾਂ ਨਾਲ ਮੇਲਾ ਲੁੱਟਣ ਵਿੱਚ ਪੂਰੀ ਤਰ੍ਹਾਂ ਕਾਮਯਾਬ ਹੋਏ| ਬਹਿਸ ਵਿੱਚ ਰਾਜਾ ਵੜਿੰਗ ਦੀ ਸ਼ੇਅਰੋ-ਸ਼ਾਇਰੀ ਅਤੇ ਗੁਰਬਾਣੀ ਦੇ ਹਵਾਲੇ ਸਨ| ਕਦੇ-ਕਦੇ ਬਹਿਸ ਦਾ ਪੱਧਰ ਉੱਚਾ ਜਾਪਦਾ ਸੀ ਅਤੇ ਕਦੇ ਇਹ ਨੀਵਾਣਾਂ ਵੱਲ ਵੀ ਜਾਂਦੀ ਵੇਖੀ ਗਈ| ਕਦੇ-ਕਦੇ ਉਹ ਦਾਨੇ ਦੁਸ਼ਮਣ ਵੀ ਜਾਪਦੇ ਸਨ| ਪਰ ਇਹ ਗੱਲ ਵੱਖਰੀ ਤਰ੍ਹਾਂ ਦੀ ਖੁਸ਼ੀ ਨਾਲ ਸੁਣੀ ਜਾਵੇਗੀ ਕਿ ਸਪੀਕਰ ਸਾਹਿਬ ਇਸ ਰੰਗਾਰੰਗ ਬਹਿਸ ਦਾ ਪੂਰਾ-ਪੂਰਾ ਅਨੰਦ ਮਾਣ ਰਹੇ ਸਨ| ਜਦੋਂ ਕੰਵਰ ਸੰਧੂ ਦੀ ਵਾਰੀ ਆਈ ਤਾਂ ਉਸਨੇ ਵੀ ਇਹ ਮਿੱਠਾ ਜਿਹਾ ਇਤਰਾਜ਼ ਕੀਤਾ ਅਤੇ ਕਿਹਾ ਕਿ ਸ਼ੇਅਰਾਂ ਅਤੇ ਲਤੀਫਿਆਂ ਨਾਲ ਕੁਝ ਨਹੀਂ ਹੋ ਸਕਦਾ| ਸਪੀਕਰ ਸਾਹਿਬ ਨੇ ਕਈ ਥਾਈਂ ਮੈਂਬਰਾਂ ਵੱਲੋਂ ਬੋਲੇ ਇਤਰਾਜ਼ਯੋਗ ਸ਼ਬਦ ਵੀ ਕਟਾ ਦੇਣ ਦੀ ਹਦਾਇਤ ਤਾਂ ਦਿੱਤੀ ਪਰ ਬਹੁਤੀ ਵਾਰ ਵੜਿੰਗ ਅਤੇ ਰੰਧਾਵਾ ਨੂੰ ਆਪਣਾ ਬੁਗ ਬੁਗਾਹਟ ਕੱਢਣ ਦੀ ਖੁੱਲ੍ਹ ਵੀ ਦਈ ਰੱਖੀ| ਇਉਂ ਲੱਗਦਾ ਸੀ ਕਿ ਕਾਂਗਰਸੀਆਂ ਅੰਦਰ ਚਿਰਾਂ ਤੋਂ ਉਬਾਲੇ ਖਾਂਦਾ ਗੁੱਸਾ ਬਾਹਰ ਆ ਰਿਹਾ ਸੀ|
ਪਰ ਸ਼ਬਦਾਂ ਦੇ ਸਾਰੇ ਤੀਰਾਂ ਦੀ ਬਾਰਿਸ਼ ਅਕਾਲੀ ਬੈਂਚਾਂ ਵੱਲ ਹੋ ਰਹੀ ਸੀ| ਇਹ ਤੀਰ ਇੰਨੇ ਤਿਖੇ, ਜ਼ਬਰਦਸਤ ਅਤੇ ਤੇਜ਼ ਰਫਤਾਰ ਵਾਲੇ ਸਨ ਕਿ ਜ਼ਖਮੀ ਹੋਏ ਅਕਾਲੀ ਵਿਧਾਇਕਾਂ ਕੋਲ ਠੋਕਵੇਂ ਜਵਾਬ ਦੇਣ ਲਈ ਢੁੱਕਵੇਂ, ਬੱਝਵੇਂ ਅਤੇ ਪ੍ਰਭਾਵਸ਼ਾਲੀ ਸ਼ਬਦ ਹੀ ਨਹੀਂ ਸੀ, ਜਾਂ ਇੰਜ ਕਹਿ ਲਓ ਕਿ ਉਨ੍ਹਾਂ ਦੇ ਬੋਲਾਂ ਵਿੱਚ ਧੜਕਦੀ ਜ਼ਿੰਦਗੀ ਦਾ ਹੁਨਰ ਨਹੀਂ ਸੀ, ਜਿਸ ਦੇ ਉਹ ਕਦੇ ਮਾਹਰ ਹੁੰਦੇ ਸਨ| ਕਦੇ-ਕਦੇ ਰਾਜਨੀਤਿਕ ਤੌਰ 'ਤੇ ਸਾਊ ਅਤੇ ਬੀਬੇ ਰਾਣੇ ਸਮਝੇ ਜਾਂਦੇ ਪਰਮਿੰਦਰ ਸਿੰਘ ਢੀਂਡਸਾ ਜਵਾਬ ਦੇਣ ਦੀ ਕੋਸ਼ਿਸ਼ ਤਾਂ ਜ਼ਰੂਰ ਕਰਦੇ ਰਹੇ ਪਰ ਇਹ ਸਾਰੇ ਜਵਾਬ ਵਿਰੋਧੀਆਂ ਦੇ ਦਿਲਾਂ ਉਤੇ ਵਾਰ ਨਹੀਂ ਸੀ ਕਰਦੇ| ਢੀਂਡਸਾ ਸਾਹਿਬ ਕੋਲ ਠੋਸ ਤੱਥ ਤਾਂ ਮੌਜੂਦ ਸਨ ਪਰ ਉਹ ਤੱਥਾਂ ਨੂੰ ਜਜ਼ਬਿਆਂ ਵਿੱਚ ਢਾਲਣ ਤੋਂ ਅਸਮਰਥ ਸਨ ਜਦਕਿ ਜਜ਼ਬਿਆਂ ਦੇ ਸਾਰੇ ਖਜ਼ਾਨਿਆਂ ਉਤੇ ਅੱਜ ਵੜਿੰਗ ਤੇ ਰੰਧਾਵਾ ਦਾ ਕਬਜ਼ਾ ਹੋ ਗਿਆ ਸੀ| ਵੜਿੰਗ ਤੇ ਰੰਧਾਵਾ ਦੇ ਭੱਥੇ ਵਿੱਚ ਤੀਰ ਇੰਨੇ ਜ਼ੋਰਾਵਰ ਸਨ ਕਿ ਇਹ ਅੰਦਾਜ਼ਾ ਲਾਉਣਾ ਔਖਾ ਨਹੀਂ ਸੀ ਕਿ ਇਹ ਜੰਗ ਇੱਕ ਪਾਸੜ ਹੀ ਹੈ| ਗੁਰੂ ਗ੍ਰੰਥ ਸਾਹਿਬ ਦੀ ਘੋਰ ਬੇਅਦਬੀ ਦਾ ਮੁੱਦਾ ਬਹਿਸ ਦੇ ਕੇਂਦਰ ਵਿੱਚ ਆ ਗਿਆ ਸੀ ਅਤੇ ਇੰਜ ਜਾਪਦਾ ਸੀ ਜਿਵੇਂ ਰਾਜਾ ਵੜਿੰਗ ਅਤੇ ਖਾਸ ਕਰਕੇ ਸੁਖਜਿੰਦਰ ਸਿੰਘ ਰੰਧਾਵਾ ਸਿੱਖੀ ਸਿਧਾਂਤਾਂ ਦੇ ਪਹਿਰੇਦਾਰ ਬਣ ਗਏ ਹੋਣ| ਇਹ ਗੱਲ ਮੰਨਣ ਵਿੱਚ ਬਹੁਤਿਆਂ ਨੂੰ ਮੁਸ਼ਕਿਲ ਆ ਸਕਦੀ ਹੈ ਪਰ ਘੱਟੋ-ਘੱਟ ਅੱਜ ਦੀ ਬਹਿਸ ਵਿੱਚ ਇਹ ਗੱਲ ਸੱਚੀ ਬਣ ਗਈ ਸੀ ਕਿ ਇਨ੍ਹਾਂ ਦੋਵੇਂ ਵਿਧਾਇਕਾਂ ਨੇ ਸਿੱਖੀ ਸਿਧਾਂਤਾਂ ਦੀ ਪਹਿਰੇਦਾਰੀ ਅਤੇ ਅਜਾਰੇਦਾਰੀ ਦਾ ਝੰਡਾ ਅਕਾਲੀ ਦਲ ਤੋਂ ਖੋਹ ਲਿਆ ਸੀ| ਇੱਕ ਸੀਨੀਅਰ ਪੱਤਰਕਾਰ ਜੋ ਇਸ ਸਾਰੀ ਬਹਿਸ ਨੂੰ ਬਰੀਕੀ ਨਾਲ ਵੇਖ ਰਿਹਾ ਸੀ, ਮੈਨੂੰ ਦੱਸਿਆ ਕਿ ਮੈਂ ਇਹੋ ਜਿਹੀਆਂ ਬਹਿਸਾਂ ਇਸੇ ਵਿਧਾਨ ਸਭਾ ਵਿੱਚ ਕਈ ਵਾਰ ਵੇਖੀਆਂ ਹਨ, ਪਰ ਜਿੰਨੇ ਬੇਬਸ, ਕਮਜ਼ੋਰ, ਨਿਤਾਣੇ ਤੇ ਮਜਬੂਰ ਅੱਜ ਅਕਾਲੀ ਵਿਧਾਇਕ ਲੱਗਦੇ ਸਨ, ਉਨੇ ਪਹਿਲਾਂ ਕਦੇ ਨਹੀਂ ਸਨ ਵੇਖੇ|
ਬਹਿਸ ਗੁਰੂ ਗ੍ਰੰਥ ਸਾਹਿਬ ਉਤੇ ਹੁੰਦੀ ਹੁੰਦੀ ਇੱਕ ਨਵਾਂ ਮੋੜ ਕੱਟ ਗਈ ਅਤੇ ਕੇਂਦਰ ਵਿੱਚ ਆ ਗਿਆ ਗੁਰੂ ਰਾਮਦਾਸ ਜੀ ਦਾ ਲੰਗਰ, ਜਿਥੇ ਦਰਬਾਰ ਸਾਹਿਬ ਵਿੱਚ ਹਰ ਰੋਜ਼ 1 ਲੱਖ ਬੰਦਾ ਲੰਗਰ ਛੱਕਦਾ ਹੈ| ਇਥੇ ਫਿਰ ਅਕਾਲੀ ਦਲ ਘੇਰੇ ਵਿੱਚ ਆ ਗਿਆ, ਕਿਉਂਕਿ ਸਾਰੇ ਇੱਕਮੁੱਠ ਹੋ ਕੇ ਇਕੋ ਗੱਲ ਵੱਖਰੇ-ਵੱਖਰੇ ਤਰੀਕਿਆਂ ਨਾਲ ਕਰ ਰਹੇ ਸਨ ਕਿ ਜਦੋਂ ਅਕਾਲੀ ਦਲ ਅਤੇ ਭਾਜਪਾ ਦੀ ਗੂੜੀ ਸਾਂਝ ਹੈ ਤਾਂ ਕੀ ਕਾਰਨ ਹੈ ਕਿ ਉਹ ਗੁਰੂ ਰਾਮਦਾਸ ਜੀ ਦੇ ਲੰਗਰ ਵਿੱਚ ਲੱਗਦੀ ਰਸਦ ਨੂੰ ਅਜੇ ਤੱਕ ਜੀਐਸਟੀ ਤੋਂ ਮੁਕਤ ਨਹੀਂ ਕਰ ਸਕੇ? ਇਥੇ ਵੀ ਅਕਾਲੀ ਬੈਂਚਾਂ ਤੋਂ ਆਏ ਜਵਾਬਾਂ ਵਿੱਚ ਤੱਥ ਤਾਂ ਜ਼ਰੂਰ ਸਨ ਪਰ ਪੇਸ਼ ਕਰਨ ਦਾ ਅੰਦਾਜ਼ ਕਮਜ਼ੋਰ ਅਤੇ ਢਿੱਲਾ ਹੀ ਸੀ| ਇਸ ਸਮੇੱ ਲੱਗਦਾ ਸੀ ਕਿ ਅਕਾਲੀ ਦਲ ਕੋਲ ਜਿਵੇਂ ਕੋਈ ਜ਼ਬਰਦਸਤ ਬੁਲਾਰਾ ਨਹੀਂ ਜੋ ਪਾਰਟੀ ਦੀਆਂ ਪੁਜ਼ੀਸ਼ਨਾਂ ਨੂੰ ਪ੍ਰਭਾਵਸ਼ਾਲੀ ਅੰਦਾਜ਼ ਵਿੱਚ ਪੇਸ਼ ਕਰ ਸਕਦਾ| ਇਹ ਖਬਰ ਵੀ ਹੈਰਾਨ ਕਰਨ ਵਾਲੀ ਹੀ ਸਮਝੋ ਕਿ ਜਦੋਂ ਅਕਾਲੀ ਵਿਧਾਇਕਾਂ ਉਤੇ ਤਿੱਖੇ ਹਮਲੇ ਹੋ ਰਹੇ ਸਨ ਤਾਂ ਵੱਡਾ ਅਤੇ ਛੋਟਾ ਬਾਦਲ ਦੋਵੇਂ ਸਦਨ ਵਿੱਚ ਮੌਜੂਦ ਨਹੀਂ ਸਨ| ਹੁਣ ਬਹਿਸ ਇੱਕ ਅਜਿਹੇ ਪੜਾਅ 'ਤੇ ਪਹੁੰਚ ਗਈ ਜਿਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਹੈਰਾਨਜਨਕ ਐਲਾਨ ਕਰ ਦਿੱਤਾ ਕਿ ਪੰਜਾਬ ਦੇ ਹਿੱਸੇ ਆਉਣ ਵਾਲਾ ਜੀਐਸਟੀ ਦਾ ਖਰਚਾ ਪੰਜਾਬ ਸਰਕਾਰ ਕਰੇਗੀ| ਇਹ ਕਹਿਣ ਦੀ ਦੇਰ ਹੀ ਸੀ ਕਿ ਕਾਂਗਰਸੀ ਬੈਂਚਾਂ 'ਤੇ ਬੈਠੇ ਵਿਧਾਇਕਾਂ ਨੇ ਪੂਰੇ ਜੋਸ਼ ਨਾਲ 'ਬੋਲੇ ਸੋ ਨਿਹਾਲ' ਦੇ ਜੈਕਾਰੇ ਛੱਡ ਕੇ ਵਿਧਾਨ ਸਭਾ ਵਿੱਚ ਗੂੰਜਾਂ ਪਾ ਦਿੱਤੀਆਂ| ਜੈਕਾਰਾ ਇੱਕ ਨਹੀਂ ਸਗੋਂ ਕਈ ਛੱਡੇ ਗਏ| ਜੈਕਾਰਿਆਂ ਦਾ ਜਵਾਬ ਆਮ ਆਦਮੀ ਪਾਰਟੀ ਨੇ ਵੀ ਦਿੱਤਾ ਪਰ ਅਕਾਲੀ ਬੈਂਚ ਖਾਮੋਸ਼ ਹੋ ਕੇ ਇਹ ਦ੍ਰਿਸ਼ ਨਿਮੋਝੂਣੇ ਹੋ ਕੇ ਵੇਖਦੇ ਰਹੇ ਅਤੇ ਕਾਂਗਰਸ ਵੱਲੋਂ ਗੁੰਜਾਏ ਜਾ ਰਹੇ ਜੈਕਾਰਿਆਂ ਦੇ ਜਵਾਬ ਵਿੱਚ ਅਕਾਲੀ ਦਲ ਦੇ ਬੈਂਚਾਂ ਕੋਲੋਂ ਆਉਣ ਵਾਲੀ ਜਵਾਬੀ 'ਸਤ ਸ੍ਰੀ ਅਕਾਲ' ਗੈਰਹਾਜ਼ਰ ਸੀ| ਇਉਂ ਜਾਪ ਰਿਹਾ ਸੀ ਕਿ ਜਿਵੇਂ 'ਜੋ ਬੋਲੋ ਸੋ ਨਿਹਾਲ' ਦੇ ਜੈਕਾਰਿਆਂ ਉਤੇ ਅਕਾਲੀ ਜੋ ਆਪਣਾ ਜਨਮਸਿੱਧ ਅਧਿਕਾਰ ਸਮਝਦੇ ਰਹੇ ਹਨ, ਅੱਜ ਕਾਂਗਰਸ ਪਾਰਟੀ ਉਨ੍ਹਾਂ ਕੋਲੋਂ ਇਹ ਅਧਿਕਾਰ ਖੋਹ ਕੇ ਲੈ ਗਈ ਸੀ| ਆਮ ਆਦਮੀ ਪਾਰਟੀ ਨੇ ਇਸ ਮੌਕੇ ਕਾਂਗਰਸੀ ਸਰਕਾਰ ਨੇ ਵਧਾਈਆਂ ਦਿੱਤੀਆਂ ਪਰ ਅਕਾਲੀ ਦਲ ਦੀ ਵਧਾਈ ਵਿੱਚ ਕਿਸੇ ਮਜਬੂਰੀ ਦੀ ਝਲਕ ਸੀ| ਅਜਿਹੇ ਮੌਕੇ 'ਤੇ ਵੱਡੋ ਅਤੇ ਖੁੱਲੇ ਦਿਲਾਂ ਵਾਲੇ ਲੋਕ ਵਿਰੋਧੀਆਂ ਨੂੰ ਵੀ ਵਧਾਈ ਦੇਣ ਵਿੱਚ ਵੀ ਕਸਰ ਨਹੀਂ ਛੱਡਦੇ ਪਰ ਅਕਾਲੀ ਇਥੇ ਵੀ ਖੁਲ੍ਹਦਿਲੀ ਨਹੀਂ ਵਿਖਾ ਸਕੇ|
ਪਰ ਜਿਵੇਂ ਅਜੇ ਰਾਜਨੀਤਿਕ ਬਦਲਾ ਲੈਣ ਵਿੱਚ ਕੋਈ ਕਸਰ ਰਹਿ ਗਈ ਸੀ, ਉਹ ਕਸਰ ਵੀ ਕਾਂਗਰਸੀ ਵਿਧਾਇਕਾਂ ਨੇ ਪੂਰੀ ਕਰ ਲਈ ਜਦੋਂ ਮੁੱਖ ਮੰਤਰੀ ਐਲਾਨ ਕੀਤਾ ਕਿ ਅਕਾਲੀ ਰਾਜ ਵਿੱਚ ਗੁਰੂ ਰਾਮਦਾਸ ਜੀ ਦੇ ਲੰਗਰ ਨੂੰ ਜਾਣ ਵਾਲੀ ਰਸਦ ਉੱਤੇ ਅਕਾਲੀ ਸਰਕਾਰ ਸੇਲ ਟੈਕਸ ਲਾਇਆ ਕਰਦੀ ਸੀ| ਪਰ ਜਦੋਂ ਮੈਂ ਮੁੱਖ ਮੰਤਰੀ ਬਣਿਆ ਤਾਂ ਇਹ ਸੇਲ ਟੈਕਸ ਵੀ ਮੈਂ ਖਤਮ ਕਰ ਦਿੱਤਾ| ਕਾਂਗਰਸੀ ਵਿਧਾਇਕਾਂ ਨੇ ਖੁਸ਼ੀ ਵਿੱਚ ਮੇਜ਼ ਥਪਥਪਾਏ ਅਤੇ ਸ਼ੇਮ-ਸ਼ੇਮ ਕਹਿੰਦਿਆਂ ਅਕਾਲੀਆਂ ਲੂੰ ਸ਼ਰਮਸਾਰ ਕੀਤਾ| ਅਕਾਲੀ ਬੈਂਚ ਇਥੇ ਵੀ ਵਿਚਾਰੇ ਜਿਹੇ ਬਣ ਕੇ ਵੇਖਦੇ ਰਹਿ ਗਏ|
ਅੱਜ ਉਹ ਕਿਹੜੇ ਮਿਹਣੇ ਸਨ, ਕਿਹੜੇ ਤਾਣੇ ਅਤੇ ਦੋਸ਼ ਸਨ, ਜੋ ਵੜਿੰਗ ਅਤੇ ਰੰਧਾਵਾ ਨੇ ਅਕਾਲੀ ਦਲ ਉਤੇ ਨਹੀਂ ਲਗਾਏ| ਕਦੇ ਸ਼੍ਰੋਮਣੀ ਕਮੇਟੀ ਦੀ ਕਾਰਗੁਜ਼ਾਰੀ ਦੀ ਗੱਲ ਆ ਤੁਰਦੀ, ਕਦੇ ਗੈਂਗਸਟਰਾਂ ਦੀ, ਕਦੇ ਪੋਲ-ਖੋਲ ਰੈਲੀ ਦੀ ਜਿਥੇ ਅਕਾਲੀ ਵਰਕਰ ਰੈਲੀ ਖਤਮ ਹੋਣ ਪਿਛੋਂ ਅਕਾਲੀ ਵਰਕਰ ਕਥਿਤ ਤੌਰ 'ਤੇ ਸ਼ਰਾਬ ਦੇ ਠੇਕਿਆਂ ਉਤੇ ਵੇਖੇ ਗਏ| ਵੜਿੰਗ ਦਾ ਆਖਰੀ ਭਾਸ਼ਨ ਇੱਕ ਸ਼ੇਅਰ ਨਾਲ ਖਤਮ ਹੋਇਆ ਅਤੇ ਉਸਦੇ ਸ਼ਬਦਾਂ ਦੀ ਜਾਦੂਗਰੀ ਅੱਜ ਦੇ ਸ਼ੈਸਨ 'ਤੇ ਛਾਈ ਰਹੀ|
ਕਰਮਜੀਤ ਸਿੰਘ
9915091063