ਨਵੀਂ ਦਿੱਲੀ, 22 ਮਾਰਚ (ਰਾਬਤਾ ਨਿਊਜ਼): ਦੁਨੀਆ ਭਰ ਦੀਆਂ ਸਰਕਾਰਾਂ ਕਾਫੀ ਸਮੇਂ ਤੋਂ ਸੋਸ਼ਲ ਮੀਡੀਆ ਤੋਂ ਖਾਸੀਆਂ ਨਾਰਾਜ਼ ਚੱਲ ਰਹੀਆਂ ਹਨ ਪਰ ਹੁਣ ਭਾਰਤ ਦੀ ਮੋਦੀ ਸਰਕਾਰ ਨੇ ਵੀ ਸੋਸ਼ਲ ਮੀਡੀਆ ਮੰਚ ਫੇਸਬੁੱਕ ਨੂੰ ਬਲੌਕ ਕਰਨ ਦੀਚੇਤਾਵਨੀ ਦੇ ਕੇ ਸੋਸ਼ਲ ਮੀਡੀਆ ਪ੍ਰਤੀ ਆਪਣੀ ਨਾਰਾਜ਼ਗੀ ਜ਼ਾਹਰ ਕਰ ਦਿੱਤੀ ਹੈ। ਫੇਸਬੁੱਕ ਨੂੰ ਦੇਸ਼ ਚ ਬੰਦ ਕਰ ਦੇਣ ਦਾ ਇਹ ਧਮਕੀਨੁਮਾ ਬਿਆਨ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਵੱਲੋਂ ਆਇਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਮਰੀਕਾ ਅਤੇ ਇੰਗਲੈਂਡ ਵਿਚ ਵੀ ਕਥਿਤ ਡਾਟਾ ਲੀਕ ਮਾਮਲੇ ਨੂੰ ਲੈ ਕੇ ਇਹ ਸਰਕਾਰਾਂ ਫੇਸਬੁੱਕ ਦੀ ਜਾਂਚ ਕਰ ਰਹੀਆਂ ਹਨ। ਭਾਰਤ ਦੇ ਆਈਟੀ ਤੇ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਹੈ ਕਿ ਜੇ ਫੇਸਬੁੱਕਨੇ ਭਾਰਤੀ ਚੋਣ ਅਮਲ ਨੂੰ ਕਿਸੇ ‘ਗ਼ਲਤ ਢੰਗ’ ਨਾਲ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਫੇਸਬੁੱਕ ਦੁਆਰਾ ਯੂਜਰਜ਼ ਦੀ ਨਿੱਜਤਾ ਦੀ ਉਲੰਘਣ ਕਰਨ ਦੇ ਇਲਜ਼ਾਮਾਂ ਬਾਰੇਅਮਰੀਕਾ ਤੇ ਬਰਤਾਨਵੀ ਏਜੰਸੀਆਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ, ਜੋ ਕਿ ਗੰਭੀਰ ਮਾਮਲਾ ਹੈ। ਪ੍ਰਸਾਦ ਨੇ ਫੇਸਬੁੱਕ ਤੇ ਇਸ ਦੇ ਸੀਈਓ ਮਾਰਕ ਜ਼ਕਰਬਰਗ ਦਾ ਨਾਂ ਲੈ ਕੇ ਚੇਤਾਵਨੀ ਦਿਤੀ ਕਿ ਜੇ ਕੋਈ ਗੜਬੜੀ ਕੀਤੀ ਤਾਂ ਸਰਕਾਰ ਸਖ਼ਤ ਕਾਰਵਾਈ ਕਰੇਗੀ। ਸੂਤਰਾਂ ਮੁਤਾਬਕ ਲਗਭਗ ਹਰੇਕ ਸਰਕਾਰ ਹੀ ਸੋਸ਼ਲ ਮੀਡੀਆ ਖਾਸ ਕਰਕੇ ਫੇਸਬੁੱਕ ‘ਤੇ ਸਰਕਾਰਾਂ ਵਿਰੋਧੀ ਪਰਚਾਰ ਅਤੇ ਫੈਲਾਏ ਜਾ ਰਹੇ ਧਾਰਮਕ ਉਨਮਾਦ ਤੋਂ ਤੰਗ ਹੈ। ਕਈ ਵਾਰ ਸ਼ਰਾਰਤੀ ਅਨਸਰਾਂ ਦੁਆਰਾ ਫੇਸਬੁੱਕ ‘ਤੇ ਗਲਤ ਕਿਸਮ ਦੀ ਸਮੱਗਰੀ ਜਾਣਬੁੱਝ ਕੇ ਪਾਈ ਜਾਦੀ ਹੈ, ਜਿਸ ਨਾਲ ਸਮਾਜ ਵਿਚ ਗੜਬੜ ਫੈਲਣ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਇਸ ਗੜਬੜ ਲਈ ਆਮ ਕਰਕੇ ਵੱਖ ਵੱਖ ਸਿਆਸੀ ਪਾਰਟੀਆਂ ਵੱਲੋਂ ਹੀ ਚਲਾਏ ਜਾ ਰਹੇ ਆਈਟੀ ਮੀਡੀਆ ਸੈਂਟਰ ਹੀ ਜਿੰਮੇਵਾਰ ਮੰਨੇ ਜਾਂਦੇ ਹਨ। ਖੁਦ ਭਾਰਤੀ ਜਨਤਾ ਪਾਰਟੀ ਵੱਲੋਂ ਅਸ਼ੋਕਾ ਰੋਡ ਦਿਲੀ ਚ ਚਲਾਇਆ ਜਾ ਰਿਹਾ ਅਜਿਹਾ ਹੀ ਇਕ ਸੈਂਟਰ ਕਈ ਵਾਰ ਖਬਰਾਂ ਚ ਆ ਚੁੱਕਿਆ ਹੈ।