ਜੱਟ ਬਰਾਦਰੀ ਬਾਰੇ ਗੀਤਾਂ ਚ ਮਾੜੀ ਸ਼ਬਦਾਵਲੀ ਵਰਤਣ ਵਾਲਿਆਂ ਖਿਲਾਫ ਕਰਾਂਗੇ ਕਾਰਵਾਈ : ਬਡਹੇੜੀ 

Rajinder-Singh-Badheri

ਚੰਡੀਗੜ੍ਹ, 22 ਮਾਰਚ (ਮਨਜੀਤ ਸਿੰਘ ਟਿਵਾਣਾ): ਆਲ ਇੰਡੀਆ ਜੱਟ ਮਹਾਂ ਸਭਾ ਦੇ ਸੂਬਾ ਪ੍ਰਧਾਨ ਰਾਜਿੰਦਰ ਸਿੰਘ ਬਡਹੇੜੀ ਨੇ ਜਾਰੀ ਪ੍ਰੈੱਸ ਬਿਆਨ ਵਿੱਚ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਗੀਤਕਾਰੀ ਵਿੱਚ ਜੱਟ ਬਰਾਦਰੀ ਖਿਲਾਫ ਬਹੁਤ ਹੀ ਘਟੀਆ ਪੱਧਰ ਦੀ ਸ਼ਬਦਾਵਲੀ ਵਰਤੀ ਜਾ ਰਹੀ ਹੈ ਕਿ ਜੋ ਕਿ ਅਤੀ ਨਿੰਦਣਯੋਗ ਹੈ। ਜੱਟੀ (ਔਰਤ) ਬਾਰੇ ਅਸ਼ਲੀਲ ਕਿਸਮ ਦੇ ਗੀਤ ਲਿਖੇ ਅਤੇ ਗਾਏ ਜਾ ਰਹੇ ਹਨ। ਇਸੇ ਤਰ੍ਹਾਂ ਜੱਟਾਂ ਦੇ ਮੁੰਡੇ ਨੂੰ ਗੈਂਗਸਟਰ, ਨਸ਼ੇੜੀ ਅਤੇ ਅਵਾਰਾ ਕਿਸਮ ਦਾ ਆਸ਼ਕ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਜੱਟ ਬਰਾਦਰੀ ਬਾਰੇ ਅਜਿਹੇ ਨੀਵੇਂ ਪੱਧਰ ਦੇ ਸ਼ਬਦ ਜਿਥੇ ਮਾੜੀ ਸੋਚ ਦੇ ਲਖਾਇਕ ਹਨ, ਉਥੇ ਇਹ ਜੱਟ ਸਮਾਜ ਦੀ ਨੌਜਵਾਨ ਪੀੜ੍ਹੀ ਅਤੇ ਬੱਚਿਆਂ ਉਤੇ ਨਾਕਾਰਾਤਮਕ ਪ੍ਰਭਾਵ ਪਾ ਰਹੇ ਹਨ। ਉਨ੍ਹਾਂ ਉਦਾਹਰਣ ਦਿਤੀ ਕਿ "ਸ਼ਰਾਬ ਪੀ ਕੇ ਬੱਕਰੇ ਬੁਲਾਉਣੇ ,ਲਲਕਾਰੇ ਮਾਰਨੇ , ਸ਼ਰਾਬ ਦੀਆਂ ਗਲਾਸੀਆਂ ਖੜਕਾਉਣੀਆਂ, ਹੋ ਕੇ ਆ ਗਿਆ ਜੱਟ ਸ਼ਰਾਬੀ, ਸੁਲਫੇ ਦੀ ਲਾਟ ਵਰਗੀ ਜੱਟੀ” ਆਦਿ ਭੈੜੇ ਵਿਚਾਰਾਂ ਦੀ ਪੰਜਾਬੀ ਗੀਤਾਂ ਵਿਚ ਵਰਤੋਂ ਵਧਦੀ ਹੀ ਜਾ ਰਹੀ ਹੈ, ਜਿਸ ਨੂੰ ਨੱਥ ਪਾਉਣੀ ਸਮੇਂ ਦੀ ਲੋੜ ਬਣ ਗਈ ਹੈ। ਇਸ ਕਰਕੇ ਜੱਟ ਮਹਾਂ ਸਭਾ ਚੰਡੀਗੜ੍ਹ ਨੇ ਫੈਸਲਾ ਕੀਤਾ ਹੈ ਕਿ ਅਜਿਹੇ ਗਾਇਕਾਂ ਤੇ ਗੀਤਕਾਰਾਂ ਨੂੰ ਚੇਤਾਵਨੀ ਦਿਤੀ ਜਾਵੇ ਕਿ ਉਹ ਆਪਣੀਆਂ ਇਨ੍ਹਾਂ ਹਰਕਤਾਂ ਤੋਂ ਬਾਜ਼ ਆ ਜਾਣ, ਨਹੀਂ ਤਾਂ ਸਾਨੂੰ ਅਜਿਹੇ ਲੋਕਾਂ ਖਿਲਾਫ ਸਖਤ ਕਦਮ ਚੁੱਕਣ ਲਈ ਮਜਬੂਰ ਹੋਣਾ ਪਵੇਗਾ।

ਬਡਹੇੜੀ ਨੇ ਆਖਿਆ ਕਿ ਗੀਤਕਾਰ ਪੰਜਾਬੀ ਸਾਹਿਤ ਅਤੇ ਸਮਾਜ ਦਾ ਮਹੱਤਵਪੂਰਨ ਹਿੱਸਾ ਹਨ। ਉਨ੍ਹਾਂ ਵੱਲੋਂ ਵਰਤੀ ਗਈ ਕੋਈ ਵੀ ਸ਼ਬਦਾਵਲੀ ਲੋਕੀਂ ਅਕਸਰ ਆਮ ਜੀਵਨ ਚ ਬੋਲਚਾਲ ਦੀ ਭਾਸ਼ਾ ਵਿੱਚ ਵਰਤਦੇ ਹਨ। ਕਈ ਸ਼ਬਦ ਜੱਟ ਭਾਈਚਾਰੇ ਨੂੰਚੁਭਦੇ ਹਨ ਅਤੇ ਅਜਿਹੇ ਸ਼ਬਦਾਂ ਦੀ ਵਰਤੋਂ ਨਾਲ ਉਨ੍ਹਾਂ ਦਾ ਅਕਸ ਖਰਾਬ ਹੁੰਦਾ ਹੈ। ਸੋ ਗੀਤਕਾਰ ਭਾਈਚਾਰਾ ਅਜਿਹੇ ਸ਼ਬਦਾਂ ਦਾ ਪ੍ਰਯੋਗ ਨਾ ਕਰੇ ਸਗੋਂ ਚੰਗੇ  ਸਮਾਜ ਦੀ ਸਿਰਜਣਾ ਲਈ ਦਾਜ, ਨਸ਼ਿਆਂ, ਕੰਨਿਆ ਭਰੂਣ ਹੱਤਿਆ ਆਦਿ ਕੁਰੀਤੀਆਂ ਖਿਲਾਫ ਗੀਤਾਂ ਦੀ ਸਿਰਜਣਾ ਕਰਨ ਜੋ ਚੰਗੇ ਸਮਾਜ ਲਈ ਸਹਾਈ ਹੋ ਸਕਣ।

Or