ਜਦੋਂ ਕੇਜਰੀਵਾਲ ਦੀਆਂ ਅੱਖਾਂ ਭਰ ਆਈਆਂ!

arvind-kejriwal-1-1-620x400

ਚੰਡੀਗੜ੍ਹ, 23 ਮਾਰਚ : ਆਮ ਆਦਮੀ ਪਾਰਟੀ ਦੇ 10 ਵਿਧਾਇਕਾਂ ਦੀ 17 ਮਾਰਚ ਨੂੰ ਸ਼ਨਿਚਰਵਾਰ ਵਾਲੇ ਦਿਨ ਹੋਈ ਮੀਟਿੰਗ ਦੇ ਦਿਲਚਸਪ ਵੇਰਵੇ ਮਿਲੇ ਹਨ| ਭਰੋਸੇਯੋਗ ਸੂਤਰਾਂ ਮੁਤਾਬਿਕ 16 ਮਾਰਚ ਨੂੰ ਪੰਜਾਬ ਵਿਧਾਨ ਸਭਾ ਕੰਪਲੈਕਸ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਮੀਟਿੰਗ ਵਿੱਚ ਭਾਰੀ ਬਹੁਗਿਣਤੀ ਨੂੰ ਜਿਥੇ ਇੱਕ ਪਾਸੇ ਕੇਜਰੀਵਾਲ ਵੱਲੋਂ ਮਜੀਠੀਆ ਤੋਂ ਮੰਗੀ ਮੁਆਫੀ ਦੀ ਘਟਨਾ ਦਾ ਗੁੱਸਾ ਸੀ ਉਥੇ ਵੱਖਰੀ ਪਾਰਟੀ ਬਣਾਉਣ ਦੇ ਵੀ ਚਰਚੇ ਜਥੇਬੰਦਕ ਸ਼ਕਲ ਅਖਤਿਆਰ ਕਰ ਰਹੇ ਸਨ ਪਰ ਕੁਝ ਵਿਧਾਇਕ ਇਸ ਲਈ ਮਨੋਂ ਤਿਆਰ ਨਹੀਂ ਸਨ| ਕੁਝ ਵਿਧਾਇਕ ਆਪਣੀ ਖਾਮੋਸ਼ੀ ਨਾਲ ਹੀ ਵੱਖਰੀ ਪਾਰਟੀ ਬਣਾਉਣ ਦਾ ਵਿਰੋਧ ਕਰ ਰਹੇ ਸਨ| 4 ਵਿਧਾਇਕ ਤਾਂ ਸਪੱਸ਼ਟ ਤੌਰ 'ਤੇ ਦ੍ਰਿੜ ਸਨ ਕਿ ਅਰਵਿੰਦ ਕੇਜਰੀਵਾਲ ਨੂੰ ਮਿਲੇ ਤੋਂ ਬਿਨਾਂ ਸਾਨੂੰ ਕੋਈ ਫੈਸਲਾ ਨਹੀਂ ਕਰਨਾ ਚਾਹੀਦਾ| ਨਤੀਜੇ ਦੇ ਤੌਰ 'ਤੇ ਵੱਖਰੀ ਪਾਰਟੀ ਦਾ ਫੈਸਲਾ ਅਟਕ ਗਿਆ|
ਵੈਸੇ 16 ਮਾਰਚ ਨੂੰ ਦੁਪਹਿਰ 2 ਵਜੇ ਵਿਧਾਇਕਾਂ ਦੀ ਮੀਟਿੰਗ ਤੋਂ ਪਿੱਛੋਂ ਸੁਖਪਾਲ ਖਹਿਰਾ ਨੇ ਪ੍ਰੈਸ ਕਾਨਫਰੰਸ ਕੀਤੀ ਤਾਂ ਤਜਰਬੇਕਾਰ ਪੱਤਰਕਾਰਾਂ ਨੂੰ ਇਹ ਪਤਾ ਲੱਗ ਗਿਆ ਸੀ ਕਿ ਵੱਖਰੀ ਪਾਰਟੀ ਬਣਾਉਣ ਦੇ ਸਵਾਲ 'ਤੇ ਇੱਕ ਰਾਇ ਨਹੀਂ ਹੈ ਅਤੇ ਹੋਇਆ ਵੀ ਇਉਂ ਹੀ| ਕਿਉਂਕਿ ਉਸੇ ਦਿਨ ਸ਼ਾਮ ਨੂੰ ਹੋਈ ਪ੍ਰੈਸ ਕਾਨਫਰੰਸ ਵਿੱਚ ਵੀ ਕੋਈ ਠੋਸ ਗੱਲ ਨਿਕਲ ਕੇ ਸਾਹਮਣੇ ਨਹੀਂ ਆਈ|
16 ਮਾਰਚ ਦੀ ਸ਼ਾਮ ਨੂੰ 3 ਜਾਂ 4 ਵਿਧਾਇਕ ਅਤੇ ਇੱਕ ਸੈਂਟਰਲ ਕਮੇਟੀ ਦਾ ਆਗੂ ਦਿੱਲੀ ਵੱਲ ਰਵਾਨਾ ਹੋ ਗਏ| ਉਧਰ ਖੂਫੀਆ ਏਜੰਸੀਆਂ ਇਨ੍ਹਾਂ ਵਿਧਾਇਕਾਂ ਦੀਆਂ ਸਰਗਰਮੀਆਂ 'ਤੇ ਤਿੱਖੀ ਨਿਗ੍ਹਾ ਰੱਖ ਰਹੀਆਂ ਸਨ| 4 ਵਿਧਾਇਕਾਂ ਨੇ ਦਿੱਲੀ ਵਿੱਚ 16 ਅਤੇ 17 ਮਾਰਚ ਦੀ ਵਿਚਕਾਰਲੀ ਰਾਤ ਨੂੰ ਪੰਜਾਬ ਮਾਮਲਿਆਂ ਦੇ ਇੰਚਾਰਜ਼ ਮਨੀਸ਼ ਸਿਸੋਦਿਆ ਨਾਲ ਇੱਕ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ 16 ਮਾਰਚ ਦੀ ਮੀਟਿੰਗ ਬਾਰੇ ਸਾਰੇ ਵੇਰਵੇ ਦਿੱਤੇ| ਅਗਲੇ ਦਿਨ ਅਰਥਾਤ 17 ਮਾਰਚ ਨੂੰ 4 ਵਿਧਾਇਕਾਂ ਨੇ ਕੇਜਰੀਵਾਲ ਦੇ ਘਰ ਜਾ ਕੇ ਇੱਕ ਮੀਟਿੰਗ ਕੀਤੀ| ਉਸੇ ਦਿਨ ਸ਼ਾਮ ਤੱਕ ਕੁੱਲ 10 ਵਿਧਾਇਕ ਦਿੱਲੀ ਪਹੁੰਚ ਗਏ ਸਨ| 2-3 ਵਿਧਾਇਕਾਂ ਨੇ ਦਿੱਲੀ ਵਿੱਚ ਜਾਣ ਦੀ ਹਾਮੀ ਭਰੀ ਤਾਂ ਸੀ ਪਰ ਉਹ ਡੋਲਦੇ ਰਹੇ ਅਤੇ ਸ਼ਾਮਿਲ ਨਹੀਂ ਹੋ ਸਕੇ|
ਸ਼ਨਿਚਰਵਾਰ ਦੀ ਮੀਟਿੰਗ ਵਿੱਚ ਕੀ ਹੋਇਆ, ਮੀਟਿੰਗ ਵਿੱਚ ਗੈਰਹਾਜ਼ਰ 10 ਵਿਧਾਇਕਾਂ ਦੀ ਵੀ ਅਤੇ ਟੀਵੀ ਚੈਨਲਾਂ ਦੀ ਵੀ ਨਿਗ੍ਹਾ ਰਹੀ| ਸੂਤਰਾਂ ਅਨੁਸਾਰ ਸਭ ਤੋਂ ਪਹਿਲਾਂ ਮਨੀਸ਼ ਸਿਸੋਦੀਆ ਨੇ 10 ਵਿਧਾਇਕਾਂ ਨਾਲ ਅੱਧਾ ਘੰਟਾ ਗੱਲਾਂ ਕੀਤੀਆਂ ਅਤੇ ਫਿਰ ਅਰਵਿੰਦ ਕੇਜਰੀਵਾਲ ਦਾਖਲ ਹੋਏ| ਸਭ ਤੋਂ ਪਹਿਲਾਂ ਕੇਜਰੀਵਾਲ ਨੇ ਮੁਆਫੀ ਦੇ ਕਾਰਨ ਦੱਸਣ ਦੀ ਕੋਸ਼ਿਸ਼ ਕੀਤੀ| ਸੂਤਰਾਂ ਮੁਤਾਬਿਕ ਕੇਜਰੀਵਾਲ ਨੇ ਦੱਸਿਆ ਕਿ ਉਨ੍ਹਾਂ ਨੇ ਸੁਖਪਾਲ ਖਹਿਰਾ ਨਾਲ ਗੱਲ ਕੀਤੀ ਕਿ ਮਜੀਠੀਆ ਵਿਰੁੱਧ ਕੇਸ ਲੜਨ ਲਈ ਵਕੀਲ ਲੱਭੋ ਅਤੇ ਕਰੋ| ਖਹਿਰਾ ਨੇ ਇੱਕ ਵਕੀਲ ਬਾਰੇ ਜਾਣਕਾਰੀ ਦਿੱਤੀ ਕਿ ਉਹ ਇੱਕ ਪੇਸ਼ੀ ਦਾ 5 ਲੱਖ ਰੁਪਇਆ ਲੈਂਦਾ ਹੈ ਪਰ ਸਾਡੇ ਕੇਸ ਵਿੱਚ ਉਹ 3 ਲੱਖ 'ਤੇ ਮੰਨ ਗਿਆ ਹੈ| ਇੱਕ ਵਿਧਾਇਕ ਨੇ ਖੜੇ ਹੋ ਕੇ ਕਿਹਾ ਕਿ ਸੁਖਪਾਲ ਖਹਿਰਾ ਨੇ ਇਹ ਗੱਲ ਮੀਟਿੰਗ ਵਿੱਚ ਕਦੇ ਸਾਂਝੀ ਨਹੀਂ ਕੀਤੀ| ਜਦੋਂ ਇੱਕ ਵਿਧਾਇਕ ਨੇ ਕਿਹਾ ਕਿ ਸੁਖਪਾਲ ਖਹਿਰਾ ਤਾਂ ਇਹ ਕਹਿੰਦੇ ਹਨ ਕਿ ਚੰਡੀਗੜ੍ਹ ਦੇ 9 ਸੈਕਟਰ ਵਿੱਚ 72 ਨੰ. ਕੋਠੀ ਵਿੱਚ ਕੇਜਰੀਵਾਲ ਅਤੇ ਮਜੀਠੀਆ ਦਰਮਿਆਨ ਕੇਸ ਵਾਪਸ ਲੈਣ ਬਾਰੇ ਮੀਟਿੰਗ ਹੋਈ ਹੈ ਤਾਂ ਕੇਜਰੀਵਾਲ ਨੇ ਸਪੱਸ਼ਟ ਕਿਹਾ ਕਿ ਮੈਂ ਤਾਂ ਕਦੇ ਮਜੀਠੀਆ ਨੂੰ ਮਿਲਿਆ ਹੀ ਨਹੀਂ| ਕੁਝ ਵਿਧਾਇਕਾਂ ਨੇ ਇਹ ਕਿਹਾ ਕਿ ਤੁਸੀ ਸਾਡੇ ਨਾਲ ਗੱਲ ਤਾਂ ਕਰਦੇ, ਅਸੀਂ ਕੋਈ ਰਾਹ ਲੱਭ ਲੈਂਦੇ ਤਾਂ ਕੇਜਰੀਵਾਲ ਨੇ ਕਿਹਾ ਕਿ ਅਸਲ ਵਿੱਚ ਮੈਨੂੰ ਮੁਆਫੀ ਮੰਗਣ ਦੀ ਗੱਲ ਕਿਸੇ ਹੋਰ ਥਾਂ ਤੋਂ ਸ਼ੁਰੂ ਕਰਨੀ ਚਾਹੀਦੀ ਸੀ| ਪੰਜਾਬ ਇੱਕ ਨਾਜ਼ੁਕ ਸੂਬਾ ਹੈ, ਇਥੇ ਮੈਨੂੰ ਬਾਅਦ ਵਿੱਚ ਆਉਣਾ ਚਾਹੀਦਾ ਸੀ ਪਰ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਜੇ ਮੈਂ ਕਿਸੇ ਨਾਲ ਗੱਲ ਕਰਦਾ ਵੀ ਤਾਂ ਮੇਰੀ ਗੱਲ ਨੂੰ ਕਿਸ ਨੇ ਮੰਨਣਾ ਸੀ|
ਇੱਕ ਅਜਿਹਾ ਮੌਕਾ ਵੀ ਆਇਆ ਜਦੋਂ ਇੱਕ ਵਿਧਾਇਕ ਨੇ ਖੜੇ ਹੋ ਕੇ ਆਪਣੇ ਅਸਤੀਫੇ ਬਾਰੇ ਗੱਲ ਕੀਤੀ ਤਾਂ ਕੇਜਰੀਵਾਲ ਨੇ ਵਿੱਚੋਂ ਹੀ ਟੋਕਦਿਆਂ ਕਿਹਾ ਕਿ 'ਮੁਝੇ ਬਹੁਤ ਫੀਲ ਹੂਆ, ਜਬਕਿ ਕਈ ਅਪਨੋਂ ਨੇ ਹੀ ਮੁਝੇ ਧੋਖਾ ਦੀਯਾ, ਮੁਝੇ ਉਨਸੇ ਐਸੀ ਉਮੀਦ ਕਭੀ ਨਹੀਂ ਥੀ| ਮੈਨੇਂ ਆਪ ਲੋਗੋਂ ਸੇ ਕਭੀ ਕਯਾ ਮਾਂਗਾ ਹੈ, ਮਂੈਨੇ ਦੀਯਾ ਹੀ ਦੀਯਾ ਹੈ| ਜਬ ਕੋਈ ਕੰਪੇਨ ਕੀ ਬਾਤ ਆਤੀ ਥੀ, ਤੋ ਮੈਂ ਜਾਤਾ ਹੀ ਰਹਾ ਹੂੰ, ਮੈਨੇ ਖਰਾਬ ਤੋ ਨਹੀਂ ਕੀਯਾ|' ਸੂਤਰਾਂ ਮੁਤਾਬਕ ਜਦੋਂ ਉਹ ਇਹ ਲਫ਼ਜ਼ ਬੋਲ ਰਹੇ ਸਨ, ਤਾਂ ਉਨ੍ਹਾਂ ਦੀਆਂ ਅੱਖਾਂ ਭਰ ਆਈਆਂ| ਸਾਰੇ ਮਾਹੌਲ ਵਿੱਚ ਕੁਝ ਪਲਾਂ ਲਈ ਚੁੱਪੀ ਛਾ ਗਈ|
ਪਾਰਟੀ ਅੰਦਰ ਵਾਪਰੇ ਸਮੁੱਚੇ ਘਨਟਾਕ੍ਰਮ ਤੋਂ ਇੱਕ ਗੱਲ ਸਪੱਸ਼ਟ ਹੋ ਰਹੀ ਹੈ ਕਿ ਕੇਜਰੀਵਾਲ ਦਾ ਮਾਫੀਨਾਮਾ ਇੱਕ ਸੋਚੀ ਸਮਝੀ ਰਣਨੀਤੀ ਦੇ ਤਹਿਤ ਹੀ ਆਇਆ ਹੈ| ਸਿਆਸੀ ਮਾਹਰਾਂ ਮੁਤਾਬਿਕ ਕੇਜਰੀਵਾਲ ਨੂੰ ਹੁਣ ਕਿਸੇ ਵੀ ਚੋਣ ਮੈਦਾਨ ਵਿੱਚ ਆਉਣ ਵਾਸਤੇ ਕੇਵਲ ਆਪਣੀ ਦਿੱਲੀ ਵਿੱਚ ਦਿਖਾਈ ਗਈ ਪ੍ਰਫਾਰਮੈਂਸ ਹੀ ਸਭ ਤੋਂ ਵੱਡਾ ਸਹਾਰਾ ਹੋਵੇਗੀ| ਹੁਣ ਕੇਜਰੀਵਾਲ ਦੁਆਰਾ ਸਿਆਸਤ ਦੇ ਵੱਡੇ ਵੱਡੇ ਥੰਮ੍ਹਾਂ ਖਿਲਾਫ ਕੀਤੀ ਜਾਂਦੀ ਬਿਆਨਬਾਜ਼ੀ ਦੀ ਰਣਨੀਤੀ ਕੋਈ ਬਹੁਤੀ ਕਾਰਗਰ ਸਿੱਧ ਨਹੀਂ ਹੋਵੇਗੀ| ਇਸ ਕਰਕੇ ਕੇਜਰੀਵਾਲ ਸਮੇਤ ਪਾਰਟੀ ਦਾ ਸਾਰਾ ਧਿਆਨ ਦਿੱਲੀ ਵਿੱਚ ਆਪਣੀ ਪ੍ਰਫਾਰਮੈਂਸ ਬਿਹਤਰ ਕਰਨ ਉਤੇ ਹੀ ਹੋਵੇਗਾ|

ਮਨਜੀਤ ਸਿੰਘ ਟਿਵਾਣਾ
9915894002

Or