ਬਜਟ ਵਿਸ਼ਵਾਸਘਾਤ ਦੀ ਦਸਤਾਵੇਜ਼ : ਬਾਦਲ
200 ਰੁਪਏ ਪ੍ਰਤੀ ਮਹੀਨਾ ਵਿਕਾਸ ਟੈਕਸ ਕਰਦਾਤਾਵਾਂ ਨੂੰ ਦੇਣਾ ਪਵੇਗਾ
ਆਪ ਅਤੇ ਅਕਾਲੀ ਦਲ ਵੱਲੋਂ ਵਾਕ ਆਊਟ
ਮਹਾਰਾਸ਼ਟਰ ਦੇ ਕਿਸਾਨਾਂ ਵਾਂਗ ਮਾਲਵੇ ਤੋਂ ਇੱਕ ਵੱਡਾ ਰੋਸ ਮਾਰਚ ਕੱਢਿਆ ਜਾਵੇਗਾ : ਖਹਿਰਾ
ਮਜੀਠੀਆ ਅਤੇ ਸਿੱਧੂ ਅੱਜ ਫਿਰ ਆਹਮੋ ਸਾਹਮਣੇ
ਚੰਡੀਗੜ੍ਹ, 24 ਮਾਰਚ : ਅੱਜ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪੰਜਾਬ ਵਿਧਾਨ ਸਭਾ ਵਿੱਚ ਸਾਲ 2018-19 ਦਾ ਜੋ ਬਜਟ ਪੇਸ਼ ਕੀਤਾ ਉਸ ਵਿੱਚ ਕਰੀਬ 12500 ਕਰੋੜ ਰੁਪਏ ਦਾ ਘਾਟਾ ਵਿਖਾਇਆ ਗਿਆ| ਦੂਜੇ ਪਾਸੇ ਜਦੋਂ ਬਜਟ ਵਿੱਚ ਕਰਜ਼ਾ ਰਾਹਤ ਸਕੀਮ ਦਾ ਜ਼ਿਕਰ ਕੀਤਾ ਗਿਆ ਜਿਸ ਵਿੱਚ ਸਾਲ 2017-18 ਦੌਰਾਨ 71166 ਹਾਸ਼ੀਆ ਗ੍ਰਸਤ ਕਿਸਾਨਾਂ ਵਿੱਚ 370 ਕਰੋੜ ਰੁਪਏ ਦਿੱਤੇ ਜਾਣ ਦੀ ਗੱਲ ਕੀਤੀ ਗਈ ਸੀ ਤਾਂ ਉਸ ਵੇਲੇ ਅਕਾਲੀ ਦਲ ਦੇ ਵਿਧਾਇਕਾਂ ਨੇ ਜ਼ਬਰਦਸਤ ਨਾਹਰੇਬਾਜ਼ੀ ਕੀਤੀ ਅਤੇ ਮੰਗ ਕੀਤੀ ਕਿ ਵਾਅਦੇ ਅਨੁਸਾਰ ਕਿਸਾਨਾਂ ਦਾ ਸਾਰਾ ਕਰਜ਼ਾ ਮਾਫ ਕੀਤਾ ਜਾਵੇ, ਜੋ 90000 ਕਰੋੜ ਰੁਪਏ ਬਣਦਾ ਹੈ| ਜਦੋਂ ਸਪੀਕਰ ਨੇ ਵਾਰ-ਵਾਰ ਉਨ੍ਹਾਂ ਨੂੰ ਸੁਝਾਅ ਦਿੱਤਾ ਕਿ ਇਹ ਸਾਰਾ ਰੋਸ ਬਜਟ ਉਤੇ ਹੋਣ ਵਾਲੀ ਬਹਿਸ ਵਿੱਚ ਕਰ ਸਕਦੇ ਹੋ ਤਾਂ ਉਨ੍ਹਾਂ ਨੇ ਇਹ ਗੱਲ ਪ੍ਰਵਾਨ ਨਾ ਕੀਤੀ| ਉਹ ਬੈਲ ਦੇ ਕਰੀਬ ਆ ਕੇ ਨਾਹਰੇ ਮਾਰਦੇ ਰਹੇ| ਇਸ ਨਾਹਰੇਬਾਜ਼ੀ ਵਿੱਚ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਵੀ ਸ਼ਾਮਿਲ ਸਨ| ਬਾਅਦ ਵਿੱਚ ਉਹ ਰੋਸ ਵਜੋਂ ਵਾਕ ਆਊਟ ਕਰ ਕੇ ਚਲੇ ਗਏ| ਥੋੜੀ ਦੇਰ ਪਿੱਛੋਂ ਆਮ ਆਦਮੀ ਪਾਰਟੀ ਦੇ ਸੁਖਪਾਲ ਸਿੰਘ ਖਹਿਰਾ ਵੀ ਆਪਣੀ ਰਣਨੀਤੀ ਤੈਅ ਕਰਨ ਲਈ ਕੰਵਰ ਸੰਧੂ ਅਤੇ ਨਾਜ਼ਰ ਸਿੰਘ ਮਾਨਸਾਹੀਆ ਨਾਲ ਸਲਾਹ ਮਸ਼ਵਰਾ ਕਰਨ ਲੱਗੇ| ਆਖਰਕਾਰ ਉਨ੍ਹਾਂ ਨੇ ਵੀ ਬੈਲ ਦੇ ਵਿੱਚ ਆ ਕੇ ਜ਼ਬਰਦਸਤ ਨਾਹਰੇਬਾਜ਼ੀ ਸ਼ੁਰੂ ਕਰ ਦਿੱਤੀ ਅਤੇ ਬਾਅਦ ਵਿੱਚ ਉਹ ਵੀ ਰੋਸ ਵਜੋਂ ਸਦਨ ਵਿੱਚੋਂ ਵਾਕ ਆਊਟ ਕਰ ਗਏ| ਉਨ੍ਹਾਂ ਨਾਲ ਲੋਕ ਇਨਸਾਫ ਪਾਰਟੀ ਦੇ ਦੋ ਵਿਧਾਇਕ ਵੀ ਵਾਕ ਆਊਟ ਵਿੱਚ ਸ਼ਾਮਿਲ ਹੋ ਗਏ|
ਭਾਵੇਂ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਟੈਕਸ ਮੁਕਤ ਬਜਟ ਦਾ ਐਲਾਨ ਕੀਤਾ ਪਰ ਕੁਝ ਸ਼ਰਤਾਂ ਨਾਲ ਨਵਾਂ ਵਿਕਾਸ ਟੈਕਸ ਵੀ ਲਾ ਦਿੱਤਾ| ਸਰਕਾਰ ਨੇ ਬਜਟ ਵਿੱਚ 200 ਰੁਪਏ ਵਿਕਾਸ ਟੈਕਸ ਲਾਉਣ ਦਾ ਐਲਾਨ ਕੀਤਾ ਹੈ| ਇਹ ਵਿਕਾਸ ਕਰ ਸਿਰਫ਼ ਆਮਦਨ ਕਰ ਅਦਾ ਕਰਨ ਵਾਲੇ ਲੋਕਾਂ ਨੂੰ ਦੇਣਾ ਪਵੇਗਾ| ਕਰ ਤੋਂ ਮੁਕਤ ਲੋਕਾਂ ਨੂੰ ਇਸ ਦੀ ਅਦਾਇਗੀ ਨਹੀਂ ਕਰਨੀ ਹੋਵੇਗੀ| ਜਿਸ ਵਿਅਕਤੀ ਦੀ ਸਾਲਾਨਾ ਆਮਦਨ ਢਾਈ ਲੱਖ ਰੁਪਏ ਤੋਂ ਵੱਧ ਹੁੰਦੀ ਹੈ, ਨੂੰ ਆਮਦਨ ਕਰ ਅਦਾ ਕਰਨਾ ਹੁੰਦਾ ਹੈ| ਪੰਜਾਬ ਦੇ ਅਜਿਹੇ ਲੋਕ ਹੁਣ ਵਿਕਾਸ ਕਰ ਵੀ ਅਦਾ ਕਰਨਗੇ| ਸਾਲ 2018-19 ਲਈ ਕੁੱਲ ਬਜਟ 1,29,698 ਕਰੋੜ ਰੁਪਏ ਦਾ ਰੱਖਿਆ ਗਿਆ ਹੈ ਪਰੰਤੂ ਅਸਲੀਅਤ ਵਿਚ ਕੁੱਲ ਬਜਟ 1,02,198 ਕਰੋੜ ਰੁਪਏ ਦਾ ਹੈ| ਇਸ ਵਿਚ ਲੈਣ-ਦੇਣ ਲਈ 27,500 ਕਰੋੜ ਰੁਪਏ ਹੋਰ ਸ਼ਾਮਿਲ ਹਨ| ਸਰਕਾਰ ਦੀਆਂ ਕੁੱਲ ਪ੍ਰਾਪਤੀਆਂ 1,22,923 ਕਰੋੜ ਰੁਪਏ ਹੋਣ ਦੀ ਸੰਭਾਵਨਾ ਹੈ ਤੇ ਮਾਲੀ ਘਾਟਾ 12,539 ਕਰੋੜ ਦਾ ਹੋਵੇਗਾ| ਸਰਕਾਰ ਨੇ 16,000 ਕਿਲੋਮੀਟਰ ਸੜਕਾਂ ਵਿਛਾਉਣ ਲਈ 2000 ਕਰੋੜ ਰੁਪਏ ਨਿਰਧਾਰਿਤ ਕੀਤੇ ਹਨ| ਆਪਣੇ ਦੂਜੇ ਬਜਟ 'ਚ ਸਰਕਾਰ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ 50 ਕਰੋੜ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ ਗਿਆ ਹੈ| ਇਸੇ ਤਰ੍ਹਾਂ ਪੰਜਾਬ 'ਚ 30 ਨਵੇਂ ਕਾਲਜ ਖੋਲ੍ਹਣ ਲਈ 30 ਕਰੋੜ ਰੁਪਏ ਅਲਾਟ ਕੀਤੇ ਗਏ ਹਨ| ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਦੱਸਿਆ ਕਿ ਪੰਜਾਬ ਦੀਆਂ ਯੂਨੀਵਰਸਿਟੀਆਂ ਨੂੰ ਦਿੱਤੀ ਜਾਣ ਵਾਲੀ ਗ੍ਰਾਂਟ 'ਚ 6 ਫ਼ੀ ਸਦੀ ਵਾਧਾ ਕੀਤਾ ਜਾਵੇਗਾ| ਪੰਜਾਬੀ ਯੂਨੀਵਰਸਿਟੀ ਦੀ ਮਹਾਰਾਣਾ ਪ੍ਰਤਾਪ ਚੇਅਰ ਨੂੰ 2 ਕਰੋੜ ਰੁਪਏ ਦਿਤੇ ਗਏ ਹਨ| ਇਸੇ ਤਰ੍ਹਾਂ ਮਨਪ੍ਰੀਤ ਬਾਦਲ ਨੇ ਪੰਜਾਬ ਦਾ ਕੈਂਸਰ ਇੰਸਟੀਟਿਊਟ ਅੰਮ੍ਰਿਤਸਰ ਨੂੰ 39 ਕਰੋੜ ਦੇਣ ਦਾ ਐਲਾਨ ਕੀਤਾ|
ਇਸ ਤੋਂ ਪਹਿਲਾਂ ਸਿਮਰਜੀਤ ਸਿੰਘ ਬੈਂਸ ਜਦੋਂ ਸਪੀਕਰ ਅੱਗੇ ਕੋਈ ਮਹੱਤਵਪੂਰਨ ਮੁੱਦਾ ਉਠਾ ਰਹੇ ਸਨ ਤਾਂ ਕਾਂਗਰਸੀ ਵਿਧਾਇਕ ਨਾਲ ਉਨ੍ਹਾਂ ਦੀ ਤੂ-ਤੂ ਮੈਂ-ਮੈਂ ਸ਼ੁਰੂ ਹੋ ਗਈ| ਉਸ ਤੋਂ ਥੋੜਾ ਚਿਰ ਪਹਿਲਾਂ ਬਿਕਰਮ ਸਿੰਘ ਮਜੀਠੀਆ ਅਤੇ ਨਵਜੋਤ ਸਿੰਘ ਸਿੱਧੂ ਨੇ ਵੀ ਇੱਕ ਦੂਜੇ ਦੇ ਖਿਲਾਫ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕੀਤੀ| ਸਪੀਕਰ ਨੇ ਉਹ ਸਾਰੇ ਇਤਰਾਜ਼ਯੋਗ ਸ਼ਬਦ ਹਟਾ ਦੇਣ ਦੀ ਹਦਾਇਤ ਕੀਤੀ|
ਬਾਅਦ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਮੀਡੀਆ ਗੈਲਰੀ ਵਿੱਚ ਆ ਕੇ ਆਪਣੇ ਵਾਕ ਆਊਟ ਦੇ ਕਾਰਨ ਸਪੱਸ਼ਟ ਕੀਤੇ| ਉਨ੍ਹਾਂ ਨਾਲ ਕੰਵਰ ਸੰਧੂ, ਅਮਨ ਅਰੋੜਾ, ਸਰਬਜੀਤ ਕੌਰ ਮਾਣੂੰਕੇ ਅਤੇ ਪ੍ਰੋ. ਬਲਜਿੰਦਰ ਕੌਰ ਵੀ ਬੈਠੇ ਸਨ| ਸੁਖਪਾਲ ਸਿੰਘ ਖਹਿਰਾ ਨੇ ਪੱਤਰਕਾਰਾਂ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ ਇਹ ਬਜਟ ਮੂਰਖਤਾਈ ਵਾਲਾ ਬਜਟ ਹੈ ਕਿਉਂਕਿ ਇਸ ਵਿੱਚ ਖੇਤੀਬਾੜੀ ਬਾਰੇ ਕੋਈ ਖਾਸ ਗੱਲ ਨਹੀਂ ਕੀਤੀ ਗਈ| ਉਨ੍ਹਾਂ ਕਿਹਾ ਕਿ ਕਿੰਨੇ ਅਫਸੋਸ ਦੀ ਗੱਲ ਹੈ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਪਰ ਅਜੇ ਤੱਕ ਇਸ ਸੂਬੇ ਨੂੰ ਖੇਤੀ ਮੰਤਰੀ ਹੀ ਨਸੀਬ ਨਹੀਂ ਹੋਇਆ| ਇਹ ਬਜਟ ਝੂਠ ਦਾ ਇੱਕ ਪੁਲੰਦਾ ਹੈ ਅਤੇ ਅਸੀਂ ਇਥੇ ਝੂਠ ਨਹੀਂ ਸੁਣਨ ਆਏ| ਇਨ੍ਹਾਂ ਨੂੰ ਆਪਣੇ ਝੂਠਾਂ ਦੀ ਮਾਫੀ ਮੰਗਣੀ ਚਾਹੀਦੀ ਹੈ| ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਉਹ ਮਹਾਰਾਸ਼ਟਰ ਦੇ ਕਿਸਾਨਾਂ ਦੀ ਤਰਜ਼ 'ਤੇ ਮਾਲਵੇ ਤੋਂ ਇੱਕ ਵੱਡੀ ਮਾਰਚ ਸ਼ੁਰੂ ਕਰਨਗੇ ਤਾਂ ਜੋ ਕਿਸਾਨਾਂ ਦੇ ਮਸਲਿਆਂ ਨੂੰ ਜਨਤਾ ਸਾਹਮਣੇ ਲਿਆਂਦਾ ਜਾ ਸਕੇ| ਉਨ੍ਹਾਂ ਕਿਹਾ ਕਿ ਸਾਡੇ ਕੋਲ ਸੰਘਰਸ਼ ਕਰਨ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਹੈ| ਬਾਅਦ ਵਿੱਚ ਕੰਵਰ ਸੰਧੂ ਨੇ ਵੀ ਕਿਹਾ ਕਿ ਜਿਵੇਂ ਇਨ੍ਹਾਂ ਨੇ ਵਾਅਦਾ ਕੀਤਾ ਸੀ, ਉਸ ਮੁਤਾਬਿਕ ਕੋਈ ਨਿਵੇਕਲੀ ਨੀਤੀ ਬਜਟ ਵਿੱਚ ਲੈ ਕੇ ਨਹੀਂ ਆਏ| ਇਸ ਵਿੱਚ ਜੁਮਲੇਬਾਜ਼ੀ ਅਤੇ ਸ਼ੇਅਰੋ-ਸ਼ਾਇਰੀ ਦਾ ਬੋਲਬਾਲਾ ਹੈ, ਜਿਸ ਨਾਲ ਲੋਕਾਂ ਦੇ ਢਿੱਡ ਨਹੀਂ ਭਰ ਸਕਦੇ| ਸਰਬਜੀਤ ਸਿੰਘ ਮਾਣੂੰਕੇ ਨੇ ਵੀ ਪੰਜਾਬ ਸ਼ਹਿਰੀ ਆਵਾਸ ਯੋਜਨਾ ਬਾਰੇ ਪੇਸ਼ ਕੀਤੀ ਤਜਵੀਜ਼ ਦੀ ਵੀ ਆਲੋਚਨਾ ਕੀਤੀ|
ਕਰਮਜੀਤ ਸਿੰਘ
9915091063