ਪੰਜਾਬ ਵਿਧਾਨ ਸਭਾ ‘ਚ ਗੂੰਜਿਆ ਅਧਿਆਪਕਾਂ ਉਤੇ ਲਾਠੀਚਾਰਜ ਦਾ ਮਾਮਲਾ

ਐਸਸੀ/ਐਸਟੀ ਐਕਟ ਬਾਰੇ ਸੁਪਰੀਮ ਕੋਰਟ ਦੇ ਫੈਸਲੇ 'ਤੇ ਮੁੜ ਨਜ਼ਰਸਾਨੀ ਕਰਨ ਦਾ ਮਤਾ ਪਾਸ

Vidhan sabha session picਚੰਡੀਗੜ੍ਹ, 26 ਮਾਰਚ  (ਮਨਜੀਤ ਸਿੰਘ ਟਿਵਾਣਾ) : ਲੁਧਿਆਣਾ ਵਿਖੇ ਬੀਤੇ ਕੱਲ੍ਹ ਵੱਖ ਵੱਖ ਅਧਿਆਪਕ ਜਥੇਬੰਦੀਆਂ ਦੁਆਰਾ ਦਿੱਤੇ ਗਏ ਧਰਨੇ ਮੌਕੇ ਹੋਏ ਪੁਲਿਸ ਲਾਠੀਚਾਰਜ ਦਾ ਮੁੱਦਾ ਅੱਜ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਪੂਰੇ ਜ਼ੋਰ ਸ਼ੋਰ ਨਾਲ ਗੂੰਜਿਆ| ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਵੱਲੋਂ ਕੱਲ੍ਹ ਲੁਧਿਆਣਾ ਵਿਖੇ ਪੁਲਿਸ ਦੁਆਰਾ ਅਧਿਆਪਕਾਂ ਉਤੇ ਕੀਤੇ ਗਏ ਲਾਠੀਚਾਰਜ ਦੀ ਸਖਤ ਨਿਖੇਧੀ ਕੀਤੀ ਗਈ| ਇਸੇ ਤਰ੍ਹਾਂ ਅੱਜ ਹੀ ਸੁਪਰੀਮ ਕੋਰਟ ਵੱਲੋਂ ਐਸਸੀ/ਐਸਟੀ ਐਕਟ ਉਤੇ ਦਿੱਤੇ ਗਏ ਫੈਸਲੇ ਦਾ ਮੁੱਦਾ ਵੀ ਪੰਜਾਬ ਵਿਧਾਨ ਸਭਾ ਦੇ ਫਲੋਰ ਉਤੇ ਕਾਫੀ ਭਖਿਆ| ਅਕਾਲੀ ਦਲ ਦੀ ਪਹਿਲਕਦਮੀ ਉਤੇ ਇਸ ਬਾਰੇ ਇਕ ਮਤਾ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ, ਜਿਸ ਵਿੱਚ ਮਾਣਯੋਗ ਸੁਪਰੀਮ ਕੋਰਟ ਨੂੰ ਆਪਣੇ ਇਸ ਫੈਸਲੇ ਉਤੇ ਮੁੜ ਨਜ਼ਰਸਾਨੀ ਕਰਨ ਦੀ ਅਪੀਲ ਕੀਤੀ ਗਈ|
ਦੁਪਹਿਰ ਬਾਅਦ ਸ਼ੁਰੂ ਹੋਏ ਅੱਜ ਦੇ ਪੰਜਾਬ ਵਿਧਾਨ ਸਭਾ ਸੈਸ਼ਨ ਵਿੱਚ ਪਿਛਲੇ ਦਿਨਾਂ ਵਾਂਗ ਬਹੁਤੀ ਖਹਿਬੜਬਾਜ਼ੀ ਨਹੀਂ ਹੋਈ, ਸਿਰਫ ਇਕਾ-ਦੁੱਕਾ ਘਟਨਾਵਾਂ ਤੋਂ ਬਾਅਦ ਕੁੱਲ੍ਹ ਮਿਲਾ ਕੇ ਮਾਹੌਲ ਸ਼ਾਂਤੀ ਵਾਲਾ ਹੀ ਰਿਹਾ| ਪ੍ਰਸ਼ਨਕਾਲ ਤੋਂ ਬਾਅਦ ਜਦੋਂ ਸਿਫਰ ਕਾਲ ਸ਼ੁਰੂ ਹੋਇਆ, ਤਾਂ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਕੱਲ ਲੁਧਿਆਣਾ ਵਿਚ ਪੁਲਿਸ ਵੱਲੋਂ ਸਰਕਾਰੀ ਮੁਲਾਜ਼ਮਾਂ ਤੇ ਜੋ ਲਾਠੀਚਾਰਜ ਕੀਤਾ ਗਿਆ, ਉਸ ਉਤੇ ਸਖਤ ਇਤਰਾਜ਼ ਪ੍ਰਗਟਾਇਆ| ਉਨ੍ਹਾਂ ਕਿਹਾ ਕਿ ਪੁਲਿਸ ਦੁਆਰਾ ਅਧਿਆਪਕਾਂ ਦੀ ਕੀਤੀ ਗਈ ਖਿਚਧੂਹ ਦੌਰਾਨ ਪੱਗਾਂ ਵੀ ਲੱਥੀਆਂ| ਉਨ੍ਹਾਂ ਕਿਹਾ ਕਿ ਇਹ ਸਾਰੇ ਬੇਰੁਜ਼ਗਾਰ ਸਨ, ਜਿਨ੍ਹਾਂ ਵਿਚ ਰਮਸਾ, ਕੰਪਿਊਟਰ, ਸਿੱਖਿਆ ਪ੍ਰੋਵਾਈਡਰ ਆਦਿ ਕੈਟਾਗਰੀ ਦੇ ਅਧਿਆਪਕ ਸਨ, ਇਸ ਕਰਕੇ ਸਰਕਾਰ ਨੂੰ ਇਨ੍ਹਾਂ ਅੰਦੋਲਨਕਾਰੀਆਂ ਨਾਲ ਨਰਮੀ ਨਾਲ ਪੇਸ਼ ਆਉਣਾ ਚਾਹੀਦਾ ਸੀ| ਉਨ੍ਹਾਂ ਨੇ ਦੋਸ਼ੀ ਪੁਲਿਸ ਅਧਿਕਾਰੀਆਂ ਅਤੇ ਪੁਲਿਸ ਕਰਮਚਾਰੀਆਂ ਵਿਰੁੱਧ ਸਖਤ ਕਾਰਵਾਈ ਕਰਨ ਦੀ ਮੰਗ ਵੀ ਕੀਤੀ| ਉਨ੍ਹਾਂ ਕਿਹਾ ਕਿ ਇਨ੍ਹਾਂ ਮੁਲਾਜਮਾਂ ਨੂੰ, ਜਿਨ੍ਹਾਂ ਦੀ ਗਿਣਤੀ ਤਕਰੀਬਨ 52 ਹਜ਼ਾਰ ਦੇ ਕਰੀਬ ਹੈ, 5600 ਰੁਪਏ ਮਹੀਨਾ ਤਨਖਾਹ ਦਿੱਤੀ ਜਾਂਦੀ ਹੈ| ਸਦਨ ਨੂੰ ਦੱਸਿਆ ਜਾਵੇ ਕਿ ਸਰਕਾਰ ਇਨ੍ਹਾਂ ਦੀਆਂ ਮੰਗਾਂ ਬਾਰੇ ਕੀ ਰਾਇ ਰੱਖਦੀ ਹੈ|
ਪੰਜਾਬ ਦੀ ਸਿੱਖਿਆ ਮੰਤਰੀ ਅਰੂਨਾ ਚੌਧਰੀ ਨੇ ਦੱਸਿਆ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ 2008 ਤੋਂ ਕਰੀਬ 6600 ਸਿੱਖਿਆ ਪ੍ਰੋਵਾਈਡਰ ਅਧਿਆਪਕ ਪੜ੍ਹਾ ਰਹੇ ਹਨ ਅਤੇ 2008 ਵਿਚ ਨਿਯੁਕਤੀ ਸਮੇਂ ਉਪਰੋਕਤ ਅਧਿਆਪਕਾਂ ਵਿਚੋਂ 3807 ਅਧਿਆਪਕ ਯੋਗਤਾ ਪੂਰੀ ਕਰਦੇ ਸਨ| ਉਨ੍ਹਾਂ ਨੇ ਕਿਹਾ ਕਿ ਇਹ ਗੱਲ ਠੀਕ ਨਹੀਂ ਕਿ 2011 ਵਿਚ ਪੰਜਾਬ ਦੇ ਸਿੱਖਿਆ ਮੰਤਰੀ ਵੱਲੋਂ ਸਿੱਖਿਆ ਪ੍ਰੋਵਾਈਡਰ ਅਧਿਆਪਕਾਂ ਨੂੰ ਪੂਰਾ ਗਰੇਡ ਦੇਣ ਲਈ ਲੈਟਰ ਜਾਰੀ ਕੀਤਾ ਗਿਆ ਸੀ| ਉਨ੍ਹਾਂ ਨੇ ਕਿਹਾ ਕਿ ਸਾਲ 2016 ਦੌਰਾਨ ਮਾਨਵ ਸੰਸਾਧਨ ਵਿਕਾਸ ਮੰਤਰਾਲਾ (ਐਮ.ਐਚ.ਆਰ.ਡੀ.) ਵੱਲੋਂ 3807 ਸਿੱਖਿਆ ਪ੍ਰੋਵਾਈਡਰਜ਼ ਨੂੰ ਅਧਿਆਪਕ ਯੋਗਤਾ ਟੈਸਟ (ਟੀ.ਈ.ਟੀ.) ਤੋਂ ਛੋਟ ਦਿੱਤੀ ਗਈ ਸੀ, ਪ੍ਰੰਤੂ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਵੱਲੋਂ ਪੰਜਾਬ ਸਰਕਾਰ ਨੂੰ ਸਿੱਖਿਆ ਪ੍ਰੋਵਾਈਡਰਾਂ ਨੂੰ ਰੈਗੂਲਰ ਕਰਨ ਲਈ ਕੋਈ ਹਦਾਇਤ ਨਹੀਂ ਕੀਤੀ ਗਈ| ਸਿੱਖਿਆ ਪ੍ਰੋਵਾਈਡਰਜ਼ ਨੂੰ ਰੈਗੂਲਰ ਕਰਨ ਦਾ ਕੋਈ ਪ੍ਰਸਤਾਵ ਸਰਕਾਰ ਦੇ ਵਿਚਾਰ ਅਧੀਨ ਨਹੀਂ ਹੈ|
ਇਸ ਤੋਂ ਬਾਅਦ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਇੱਕ ਮੰਤਰੀ ਵਿਰੁੱਧ ਵਿਸ਼ੇਸਾ ਅਧਿਕਾਰ ਹਨਨ ਦਾ ਮਾਮਲਾ ਉਠਾਇਆ| ਉਨ੍ਹਾਂ ਨੇ ਕਿਹਾ ਕਿ ਸਥਾਨਕ ਸਰਕਾਰਾਂ ਵਾਲੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਬਜਟ ਪੇਸ਼ ਕਰਨ ਤੋਂ ਪਹਿਲਾਂ ਬਜਟ ਦੇ ਕੁਝ ਹਿੱਸੇ ਲੀਕ ਕੀਤੇ ਹਨ| ਇਸ ਲਈ ਇਹ ਹਾਊਸ ਦੀ ਮਾਣਹਾਨੀ ਦਾ ਮਾਮਲਾ ਬਣਦਾ ਹੈ| ਇਹ ਮਾਮਲਾ ਵਿਸ਼ੇਸਾਅਧਿਕਾਰ ਕਮੇਟੀ ਨੂੰ ਸੌਂਪਣਾ ਚਾਹੀਦਾ ਹੈ| ਸਪੀਕਰ ਸਾਹਿਬ ਨੇ ਕਿਹਾ ਕਿ ਅਸੀਂ ਇਸ 'ਤੇ ਵਿਚਾਰ ਕਰਕੇ ਦੱਸਾਂਗੇ| ਇਸੇ ਸਮੇਂ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਦਖਲ ਦਿੰਦੇ ਹੋਏ ਕਿਹਾ ਕਿ ਮਾਮਲਾ ਪ੍ਰਸ਼ਨ ਕਾਲ ਵਿਚ ਆਇਆ ਹੋਇਆ ਹੈ, ਇਸ ਕਰਕੇ ਇਹ ਕੋਈ ਮੁੱਦਾ ਨਹੀਂ ਬਣਦਾ|
ਆਮ ਆਦਮੀ ਪਾਰਟੀ ਦੇ ਵਿਧਾਇਕ ਕੰਵਰ ਸੰਧੂ ਨੇ ਪੰਜਾਬ ਵਿਚ ਚੱਲ ਰਹੀਆਂ 9 ਸਹਿਕਾਰੀ ਖੰਡ ਮਿੱਲਾਂ ਵੱਲ ਕਿਸਾਨਾਂ ਦੇ ਗੰਨੇ ਦਾ 300 ਕਰੋੜ ਰੁਪਇਆ ਬਕਾਇਆ ਪਿਆ ਹੋਣ ਦਾ ਮੁੱਦਾ ਚੁੱਕਿਆ| ਇਸ 'ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਸਰਕਾਰ ਨੇ ਅੱਜ ਹੀ ਸਾਰੀ ਰਾਸ਼ੀ ਜਾਰੀ ਕਰ ਦਿੱਤੀ ਹੈ| ਉਨ੍ਹਾਂ ਕਿਹਾ ਕਿ ਜੋ 46 ਕਰੋੜ ਰੁਪਇਆ ਕਿਸਾਨਾਂ ਦਾ ਗੰਨੇ ਦਾ ਬਕਾਇਆ ਹੈ, ਉਹ ਹੁਣੇ ਜਾਰੀ ਕਰ ਦਿੱਤਾ ਹੈ| ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਅਗਲੇ ਸਾਲ ਵਾਸਤੇ ਗੰਨੇ ਦੇ ਲਈ ਬਜਟ ਤਜਵੀਜ਼ਾਂ ਵਿਚ 180 ਕਰੋੜ ਰੁਪਏ ਰੱਖੇ ਗਏ ਹਨ| ਪੰਜਾਬ ਵੱਲੋਂ ਕਿਸਾਨਾਂ ਨੂੰ ਗੰਨੇ ਦੀ ਅਦਾਇਗੀ ਹੋਰਨਾਂ ਰਾਜਾਂ ਨਾਲੋਂ ਘੱਟ ਕਰਨ ਦੇ ਸਵਾਲ ਉਤੇ ਉਨ੍ਹਾਂ ਕਿਹਾ ਕਿ ਉਦੋਂ ਕਿਸਾਨਾਂ ਨੂੰ ਅਦਾਇਗੀ ਯੋਗ ਰਕਮ ਲੇਟ ਕੀਤੀ ਗਈ ਸੀ, ਪਰ ਸਾਡੀ ਸਰਕਾਰ ਨੇ ਕਿਸਾਨਾਂ ਦੇ ਹੱਕ ਵਿਚ ਨਾਅਰਾ ਲਾਉਂਦਿਆਂ ਇਹ ਅਦਾਇਗੀ ਸਾਰੀ ਜਾਰੀ ਕਰ ਦਿੱਤੀ ਹੈ|
ਸਿਮਰਜੀਤ ਬੈਂਸ ਨੇ ਕਿਹਾ ਕਿ ਜਦੋਂ ਰੇਤ ਮਾਫੀਆ ਦਾ ਪਹਿਲਾਂ ਰੌਲਾ ਪੈ ਰਿਹਾ ਸੀ ਉਦੋਂ ਪੰਜਾਬ ਦੇ ਵਿੱਚ ਇੱਕ ਟਰੱਕ ਦਾ ਰੇਟ ਚੌਂਤੀ ਸੌ ਰੁਪਏ ਸੀ ਪਰ ਉਹ ਵਧ ਕੇ ਇੱਕ ਟਰੱਕ ਚਾਲ੍ਹੀ ਹਜ਼ਾਰ ਤੋਂ ਲੈ ਕੇ ਚੁਤਾਲੀ ਹਜ਼ਾਰ ਰੁਪਏ ਤੱਕ ਦਾ ਹੋ ਗਿਆ ਹੈ ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੂੰ ਰੇਤ ਮਾਫੀਆ ਤੇ ਲਗਾਮ ਕੱਸਣੀ ਚਾਹੀਦੀ ਹੈ ਤਾਂ ਕਿ ਲੋਕਾਂ ਨੂੰ ਘਰ ਬਣਾਉਣੇ ਸੌਖੇ ਹੋ ਸਕਣ |
ਅਕਾਲੀ ਵਿਧਾਇਕ ਸੋਮ ਪ੍ਰਕਾਸ਼ ਵੱਲੋਂ  ਐਸਸੀ/ਐਸਟੀ ਐਕਟ ਦਾ ਮਸਲਾ ਉਠਾਇਆ, ਜੋ ਕਿ ਸੁਪਰੀਮ ਕੋਰਟ ਨੇ ਹਾਲ ਹੀ ਵਿੱਚ ਫੈਸਲਾ ਦਿੱਤਾ ਹੈ| ਇਸ ਨੂੰ ਲੈ ਕੇ ਅਕਾਲੀ ਭਾਜਪਾ, ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਵਿਧਾਇਕ ਇੱਕਮੁਠ ਨਜ਼ਰ ਆਏ| ਇਸ ਮੌਕੇ ਵਿਧਾਇਕਾਂ ਨੇ ਸੁਪਰੀਮ ਕੋਰਟ ਦੇ ਫੈਸਲੇ ਬਾਬਤ ਵੱਖ-ਵੱਖ ਟਿੱਪਣੀਆਂ ਕੀਤੀਆਂ| ਉਨ੍ਹਾਂ ਨੇ ਮੰਗ ਕੀਤੀ ਕਿ ਸਦਨ ਨੂੰ ਇਸ ਸਬੰਧੀ ਇਕ ਮਤਾ ਪਾਸ ਕਰਕੇ ਸੁਪਰੀਮ ਕੋਰਟ ਨੂੰ ਭੇਜਿਆ ਜਾਵੇ ਅਤੇ ਇਸ ਫੈਸਲੇ ਉਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਜਾਵੇ| ਇਸ ਉਤੇ ਸਪੀਕਰ ਨੇ ਕਿਹਾ ਕਿ ਜੇ ਹਾਊਸ ਚਾਹੁੰਦਾ ਹੈ ਤਾਂ ਉਹ ਅਜਿਹਾ ਮਤਾ ਲਿਆਉਣ ਲਈ ਤਿਆਰ ਹਨ| ਇਸ ਤੋਂ ਬਾਅਦ ਸਰਬਸੰਮਤੀ ਨਾਲ ਅਜਿਹਾ ਮਤਾ ਲਿਆਉਣ ਲਈ ਸਪੀਕਰ ਨੂੰ ਸਾਰੇ ਹਾਜਰ ਵਿਧਾਇਕਾਂ ਨੇ ਸਹਿਮਤੀ ਦੇ ਦਿੱਤੀ ਅਤੇ ਇਸ ਬਾਰੇ ਪੇਸ਼ ਮਤਾ ਵੀ ਸਰਬਸੰਮਤੀ ਨਾਲ ਪਾਸ ਹੋ ਗਿਆ|
ਅੱਜ ਦੇ ਸੈਸ਼ਨ ਵਿੱਚ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਵੱਲੋਂ ਵਾਕ ਆਊਟ ਕੀਤਾ ਗਿਆ| ਆਮ ਆਦਮੀ ਪਾਰਟੀ ਆਪਣੀਆਂ 3 ਮੰਗਾਂ ਨੂੰ ਲੈ ਕੇ ਸਦਨ ਵਿਚੋਂ ਵਾਕ ਆਊਟ ਕਰ ਗਈ| ਉਨ੍ਹਾਂ ਕਿਹਾ ਕਿ ਜਦੋਂ ਹਾਊਸ ਵਿਚ ਸੁਪਰੀਮ ਕੋਰਟ ਵੱਲੋਂ ਐਸਸੀ/ਐਸਟੀ ਐਕਟ ਬਾਰੇ ਦਿੱਤੇ ਗਏ ਫੈਸਲੇ ਵਾਲਾ  ਮਤਾ ਪਾਸ ਕੀਤਾ ਗਿਆ ਤਾਂ ਉਨ੍ਹਾਂ ਦੀਆਂ 3 ਹੋਰ ਮਦਾਂ ਇਸ ਮਤੇ ਵਿੱਚ ਸ਼ਾਮਿਲ ਨਹੀਂ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਖੇਤ ਮਜ਼ਦੂਰਾਂ ਨੂੰ ਮੁਆਵਜ਼ਾ ਦੇਣ, ਐਸਸੀ ਕਲਾਸਿਜ਼ ਦਾ ਬੈਕਲਾਗ ਪੂਰਾ ਕਰਨ ਅਤੇ ਐਸਸੀ ਵਜ਼ਫਿਆਂ ਵਿਚ ਹੋਈ ਘਪਲੇਬਾਜ਼ੀ ਦੀ ਜਾਂਚ ਦੀਆਂ ਮਦਾਂ ਸ਼ਾਮਿਲ ਸਨ| ਪਰ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ| ਜਿਸ ਕਰਕੇ ਉਹ ਰੋਸ ਵਜੋਂ ਸਦਨ 'ਚੋਂ ਵਾਕ ਆਊਟ ਕਰ ਗਏ|  ਇਸੇ ਤਰ੍ਹਾਂ ਅਕਾਲੀ ਦਲ ਅਤੇ ਬੀਜੇਪੀ ਦੇ ਵਿਧਾਇਕਾਂ ਨੇ ਵੀ ਅੱਜ ਸ਼ਾਮੀ ਪੰਜਾਬ ਵਿਧਾਨ ਸਭਾ ਵਿੱਚੋਂ ਵਾਕਆਊਟ  ਕੀਤਾ| ਬਾਹਰ ਆ ਕੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਜੋ ਵਾਅਦੇ ਕੈਪਟਨ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਕੀਤੇ ਸਨ ਉਹ ਪੂਰੇ ਨਹੀਂ ਕੀਤੇ ਗਏ ਅਤੇ ਨਾ ਹੀ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦਿੱਤਾ ਗਿਆ ਹੈ ਨਾ ਹੀ ਕਿਸਾਨਾਂ ਦਾ ਪੂਰਾ ਕਰਜ਼ਾ ਮੁਆਫ ਕੀਤਾ ਗਿਆ ਹੈ| ਇਸ ਕਰਕੇ ਉਨ੍ਹਾਂ ਨੇ ਸਦਨ 'ਚੋਂ ਵਾਕ ਆਊਟ ਕਰ ਦਿੱਤਾ|

Or