ਮਜੀਠੀਆ ਵਿਰੁੱਧ ਕਾਰਵਾਈ ਲਈ ਕਾਂਗਰਸ ਵਿੱਚ ਨਵੀਂ ਸਫਬੰਦੀ?
ਚੰਡੀਗੜ੍ਹ, 28 ਮਾਰਚ ( ਕਰਮਜੀਤ ਸਿੰਘ ): ਅੱਜ ਵਿਧਾਨ ਸਭਾ ਵਿੱਚ ਜਦੋਂ ਅਕਾਲੀ ਵਿਧਾਇਕਾਂ ਦੀ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਵਿੱਚ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲ ਤਿੱਖੀ ਤੂੰ ਤੂੰ-ਮੈਂ ਮੈਂ ਅਤੇ ਨੋਕ-ਝੋਕ ਹੋਈ ਤਾਂ ਅਕਾਲੀ ਵਿਧਾਇਕਾਂ ਨੇ ਵਾਕ ਆਊਟ ਕਰਨ ਪਿੱਛੋਂ ਮੀਡੀਆ ਗੈਲਰੀ ਵਿੱਚ ਪ੍ਰੈਸ ਕਾਨਫਰੰਸ ਕੀਤੀ| ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬਿਕਰਮ ਸਿੰਘ ਮਜੀਠੀਆ ਨੇ ਮਨਪ੍ਰੀਤ ਸਿੰਘ ਬਾਦਲ 'ਤੇ ਦੋਸ਼ ਲਾਇਆ ਕਿ ਅੱਜ ਉਨ੍ਹਾਂ ਨੇ ਜੋ ਸ਼ਬਦਾਵਲੀ ਵਰਤੀ, ਉਹ ਬਹੁਤ ਹੀ ਇਤਰਾਜ਼ਯੋਗ ਸੀ| ਇਥੇ ਇਹ ਚੇਤੇ ਕਰਵਾਇਆ ਜਾਂਦਾ ਹੈ ਕਿ ਮਨਪ੍ਰੀਤ ਸਿੰਘ ਬਾਦਲ ਨੇ ਬਾਦਲ ਪਰਿਵਾਰ 'ਤੇ ਤਿੱਖੇ ਹਮਲੇ ਕਰਦਿਆਂ ਬਿਕਰਮ ਸਿੰਘ ਮਜੀਠੀਆ ਵੱਲ ਇਸ਼ਾਰਾ ਕਰਦਿਆਂ ਕਿਹਾ ਸੀ ਕਿ ਜੇ ਮਰਦ ਦਾ ਬੱਚਾ ਹੈਂ ਤਾਂ ਮੇਰੀ ਗੱਲ ਸੁਣਦਾ ਜਾਈਂ| ਬਿਕਰਮ ਸਿੰਘ ਮਜੀਠੀਆ ਨੇ ਪ੍ਰੈਸ ਨੂੰ ਸੰਬੋਧਨ ਕਰਦਿਆਂ ਮਨਪ੍ਰੀਤ ਸਿੰਘ 'ਤੇ ਵਿਅੰਗ ਕਸਿਆ ਕਿ ਹੁਣ ਸਾਡੀ ਮਰਦਾਨਗੀ ਦਾ ਟੈਸਟ ਖਜ਼ਾਨਾ ਮੰਤਰੀ ਕਰੇਗਾ? ਉਨ੍ਹਾਂ ਕਿਹਾ ਕਿ ਹੁਣ ਇਉਂ ਲੱਗਦਾ ਹੈ ਕਿ ਜਿਵੇਂ ਸਿਹਤ ਮੰਤਰੀ ਦਾ ਮਹਿਕਮਾ ਵੀ ਖਜ਼ਾਨਾ ਮੰਤਰੀ ਨੇ ਹੀ ਸੰਭਾਲ ਲਿਆ ਹੋਵੇ| ਉਨ੍ਹਾਂ ਇਹ ਵੀ ਚਿਤਾਵਨੀ ਦਿੱਤੀ ਕਿ ਜੇ ਉਹ ਸਾਡੇ ਬਿੱਲ ਪੇਸ਼ ਕਰਦਾ ਹੈ ਤਾਂ ਉਸ ਤੋਂ ਪਹਿਲਾਂ ਆਪਣੇ ਬਜ਼ੁਰਗਾਂ ਦੇ ਬਿੱਲਾਂ ਦੀ ਜਾਂਚ ਵੀ ਕਰਵਾ ਲਵੇ| ਉਨ੍ਹਾਂ ਕਿਹਾ ਕਿ ਮੈਂ ਰਿਸ਼ਤੇਦਾਰੀ ਹੋਣ ਕਰਕੇ ਇਸ ਤੋਂ ਵੱਧ ਨਹੀਂ ਕਹਿਣਾ ਚਾਹੁੰਦਾ| ਉਨ੍ਹਾਂ ਕਿਹਾ ਕਿ ਅਸੀਂ ਤਾਂ ਇਹੋ ਕਿਹਾ ਸੀ ਕਿ ਰਿਪੋਰਟ ਪੇਸ਼ ਕਰਨ ਤੋਂ ਪਹਿਲਾਂ ਜੋ ਸਾਡੇ ਖਦਸ਼ੇ ਨੇ, ਉਹ ਸੁਣ ਲਏ ਜਾਣ| ਅਸੀਂ ਪੁਆਇੰਟ ਆਫ ਆਰਡਰ ਵੀ ਉਠਾਇਆ, ਜੋ ਹਰ ਵਿਧਾਇਕ ਦਾ ਅਧਿਕਾਰ ਹੁੰਦਾ ਹੈ, ਪਰ ਸਪੀਕਰ ਨੇ ਅੱਜ ਸਾਡਾ ਉਹ ਅਧਿਕਾਰ ਵੀ ਖੋਹ ਲਿਆ|
ਇਸੇ ਦੌਰਾਨ ਰਾਜਨੀਤਿਕ ਸੂਤਰਾਂ ਮੁਤਾਬਕ ਅੱਜ ਜਿਵੇਂ ਮਨਪ੍ਰੀਤ ਸਿੰਘ ਬਾਦਲ ਨੇ ਬਾਦਲ ਪਰਿਵਾਰ ਉਤੇ ਤਿੱਖੇ ਹਮਲੇ ਕੀਤੇ ਹਨ, ਉਸ ਤੋਂ ਕਾਂਗਰਸੀ ਵਿਧਾਇਕਾਂ ਵਿੱਚ ਨਵੀਂ ਸਫਬੰਦੀ ਦੀਆਂ ਸੰਭਾਵਨਾਵਾਂ ਰੋਸ਼ਨ ਹੋ ਗਈਆਂ ਹਨ| ਜਿਵੇਂ 40 ਵਿਧਾਇਕਾਂ ਨੇ ਪਹਿਲਾਂ ਹੀ ਇਹ ਮੰਗ ਕੀਤੀ ਸੀ ਕਿ ਬਿਕਰਮ ਸਿੰਘ ਮਜੀਠੀਆ ਵਿਰੁਧ ਡਰੱਗ ਦੇ ਮਾਮਲਿਆਂ ਸਬੰਧੀ ਕਾਰਵਾਈ ਕੀਤੀ ਜਾਵੇ ਪਰ ਕੈਪਟਨ ਅਮਰਿੰਦਰ ਸਿੰਘ ਨੇ ਜਵਾਬ ਵਿੱਚ ਕਿਹਾ ਸੀ ਕਿ ਸਾਡੇ ਕੋਲ ਉਸ ਵਿਰੁੱਧ ਠੋਸ ਸਬੂਤ ਨਹੀਂ ਹਨ| ਪਰ ਹੁਣ ਇਹ ਲੱਗਦਾ ਹੈ ਕਿ ਜਿਵੇਂ ਨਵਜੋਤ ਸਿੰਘ ਸਿੱਧੂ, ਸੁਖਵਿੰਦਰ ਸਿੰਘ ਰੰਧਾਵਾ ਅਤੇ ਮਨਪ੍ਰੀਤ ਸਿੰਘ ਬਾਦਲ ਇੱਕ ਕਤਾਰ ਵਿੱਚ ਖਲੋਅ ਗਏ ਹਨ, ਉਸ ਨਾਲ ਕੈਪਟਨ ਅਮਰਿੰਦਰ ਸਿੰਘ ਉਤੇ ਮਜੀਠੀਆ ਵਿਰੁੱਧ ਕਾਰਵਾਈ ਕਰਨ ਦਾ ਦਬਾਅ ਵੱਧ ਗਿਆ ਹੈ ਅਤੇ ਕੈਪਟਨ ਨੂੰ ਉਸ ਵਿਰੁੱਧ ਕਾਰਵਾਈ ਕਰਟ ਲਈ, ਕੁਝ ਠੋਸ ਕਦਮ ਚੁੱਕਣ ਲਈ ਮਜਬੂਰ ਹੋਣਾ ਪੈ ਸਕਦਾ ਹੈ|