ਪੰਜਾਬ ਵਿਧਾਨ ਸਭਾ ਵਿੱਚ 7 ਦਿਨ ਚੱਲੇ ਬਜਟ ਇਜਲਾਸ ਵਿੱਚ ਤਾਹਣੇ-ਮਿਹਣੇ ਵੀ ਸਨ, ਦਿਲਾਂ ਨੂੰ ਦੁਖਾਉਣ ਵਾਲੀਆਂ, ਦਿਲਾਂ ਨੂੰ ਸਾੜਨ ਵਾਲੀਆਂ ਚੋਭਾਂ ਵੀ ਸੁਣਨ ਨੂੰ ਮਿਲੀਆਂ ਅਤੇ ਹਾਕਮ ਧਿਰ ਦੀ ਭਾਰੀ ਬਹੁਗਿਣਤੀ ਦੇ ਮਾਣ ਅਤੇ ਹੰਕਾਰ ਨੇ ਵੀ ਆਪਣੇ ਸਿਆਸੀ ਸ਼ਰੀਕਾਂ ਨੂੰ ਸਿਰ ਚੁੱਕਣ ਦਾ ਮੌਕਾ ਨਾ ਦਿੱਤਾ, ਸਗੋਂ ਕਈ ਵਾਰ ਮਿੱਧ ਕੇ ਵੀ ਰੱਖਿਆ| ਬਹੁਤੀ ਵਾਰ ਉਹ ਆਪਣੀਆਂ ਸੁਣਾਉਂਦੇ ਵੀ ਸਨ ਅਤੇ ਮਨਵਾਉਂਦੇ ਵੀ ਸਨ| ਇਹੋ ਜਿਹੀ ਵਿਸ਼ਾਲਦਿਲੀ ਅਤੇ ਖੁਲ੍ਹਦਿਲੀ ਹਾਕਮ ਧਿਰ ਵਿੱਚ ਵੇਖਣ ਨੂੰ ਨਹੀਂ ਮਿਲੀ, ਜੋ ਇੱਕ ਵਾਰ ਸਾਬਕਾ ਪ੍ਰਧਾਨ ਮੰਤਰੀ ਮਾਰਗਰੇਟ ਥੇਚਰ ਨੇ ਹਾਊਸ ਆਫ ਕਾਮਨਜ਼ ਵਿੱਚ ਇਹ ਐਲਾਨ ਕਰ ਕੇ ਸਾਰਿਆਂ ਦੇ ਦਿਲਾਂ ਨੂੰ ਜਿੱਤ ਲਿਆ ਸੀ ਕਿ, 'ਉਲਟ ਦਲੀਲਾਂ ਨੂੰ ਆਉਣ ਦਿਓ.... ਮੈਨੂੰ ਬਹਿਸ ਨਾਲ ਇਸ਼ਕ ਹੈ.... ਮੈਂ ਨਹੀਂ ਚਾਹੁੰਦੀ ਪਈ ਮੇਰੇ ਸਾਥੀ ਇਥੇ ਬੈਠੇ-ਬੈਠੇ ਮੇਰੇ ਨਾਲ ਹੀ ਸਹਿਮਤ ਹੁੰਦੇ ਰਹਿਣ..... ਮੈਨੂੰ ਇਹੋ ਜਿਹੀ ਗੱਲ ਚੰਗੀ ਨਹੀਂ ਲੱਗਦੀ|' ਸਾਡੇ ਵਿਧਾਇਕਾਂ ਅਤੇ ਵਜ਼ੀਰਾਂ ਨੇ ਬਹਿਸ ਦਾ ਇਹੋ ਜਿਹਾ ਪੱਧਰ ਅਜੇ ਸਾਹਮਣੇ ਨਹੀਂ ਲਿਆਂਦਾ, ਜੋ ਪੱਛਮੀ ਮੁਲਕਾਂ ਨੇ ਢੇਰ ਚਿਰ ਪਹਿਲਾਂ ਦਾ ਕਾਇਮ ਕਰ ਰੱਖਿਆ ਹੈ| ਵੈਸੇ ਉਥੇ ਵੀ ਕਈ ਵਾਰ ਵਿਰੋਧੀਆਂ ਉਤੇ ਤੇਜ਼ ਤਰਾਰ ਹਮਲੇ ਹੁੰਦੇ ਹਨ, ਕੌੜੀਆਂ ਅਤੇ ਤਲਖ ਗੱਲਾਂ ਦਾ ਆਦਾਨ ਪ੍ਰਦਾਨ ਹੁੰਦਾ ਹੈ ਪਰ ਨਾਲ ਹੀ ਇੱਕ ਵੱਡਾ ਜ਼ਾਬਤਾ ਵੀ ਬਣਿਆ ਰਹਿੰਦਾ ਹੈ|
ਪੰਜਾਬ ਦੇ ਬਜਟ ਇਜਲਾਸ ਦਾ ਦੂਜਾ ਦਿਨ ਸ਼ਾਇਦ ਸਭ ਤੋਂ ਵਧੀਆ ਅਤੇ ਵੇਖਣ ਵਾਲਾ ਸੀ, ਜਿਸ ਵਿੱਚ ਬਹਿਸ ਦਾ ਇੱਕ ਪੱਧਰ ਵੀ ਸੀ ਤੇ ਲਬਾਲਬ ਦਲੀਲਾਂ ਨਾਲ ਭਰੇ ਹਮਲਿਆਂ ਦਾ ਅਸਲ ਨਿਸ਼ਾਨਾ ਅਕਾਲੀ ਬੈਂਚਾਂ ਵੱਲ ਸੀ| ਰਾਜਾ ਵੜਿੰਗ ਅਤੇ ਸੁਖਜਿੰਦਰ ਸਿੰਘ ਰੰਧਾਵਾ ਇਸ ਬਹਿਸ ਦੇ ਜਰਨੈਲ ਬਣੇ ਹੋਏ ਸਨ| ਭਾਵੇਂ ਬਿਨਾਂ ਸ਼ੱਕ ਇਸ ਬਹਿਸ ਦਾ ਪੱਧਰ ਹੇਠਾਂ ਵੀ ਡਿੱਗਦਾ ਰਿਹਾ ਪਰ ਵਿਰੋਧੀਆਂ ਉਪਰ ਦਾਨੇ-ਬੀਨੇ ਹਮਲੇ ਵੀ ਹੁੰਦੇ ਰਹੇ| ਇਸ ਦ੍ਰਿਸ਼ ਵਿੱਚ ਵੇਖਣ ਵਾਲੀ ਗੱਲ ਇਹ ਸੀ ਕਿ ਇਨ੍ਹਾਂ ਦੋਵਾਂ ਵਿਧਾਇਕਾਂ ਦੀ ਪੰਥਕ ਸਿਆਸਤ ਉਤੇ ਪਕੜ, ਜਾਣਕਾਰੀ ਅਤੇ ਤੱਥ ਇੰਨੇ ਮਜ਼ਬੂਤ ਸਨ ਕਿ ਇੱਕ ਵਾਰ ਤਾਂ ਇਉਂ ਵੀ ਲੱਗਦਾ ਸੀ ਕਿ ਪੰਥਕ ਜਜ਼ਬਿਆਂ ਦੀ ਅਜਾਰੇਦਾਰੀ ਦਾ ਗੁਰਜ ਉਨ੍ਹਾਂ ਨੇ ਅਕਾਲੀ ਦਲ ਤੋਂ ਖੋਹ ਲਿਆ ਹੋਵੇ| ਰਾਜਾ ਵੜਿੰਗ ਦੇ ਹਮਲੇ ਸ਼ਾਇਰਾਨਾ ਵੀ ਸਨ ਅਤੇ ਵਿੱਚ ਵਿੱਚ ਗੁਰਬਾਣੀ ਦੀਆਂ ਮਿਸਾਲਾਂ ਵੀ ਸਨ, ਜੋ ਅਕਾਲੀ ਬੈਂਚਾਂ ਨੂੰ ਚੁੱਪ ਕਰਾਉਣ ਲਈ ਕਾਫੀ ਵਜ਼ਨਦਾਰ ਸਨ| ਇਸੇ ਤਰ੍ਹਾਂ ਸੁਖਜਿੰਦਰ ਰੰਧਾਵਾ ਨੇ ਵੀ ਅਕਾਲੀ ਦਲ ਦੇ ਰਾਜ ਦੀਆਂ ਗਲਤੀਆਂ, ਕਮਜ਼ੋਰੀਆਂ, ਉਨ੍ਹਾਂ ਦੇ ਹੰਕਾਰ ਅਤੇ ਸਕੈਂਡਲਾਂ ਨੂੰ ਕੁਝ ਇਸ ਅੰਦਾਜ਼ ਵਿੱਚ ਪੇਸ਼ ਕੀਤਾ ਕਿ ਭਾਵੇਂ ਕਈ ਵਾਰ ਅਕਾਲੀ ਬੈਂਚਾਂ ਵੱਲੋਂ ਰੋਕਾਂ-ਟੋਕਾਂ ਅਤੇ ਦਲੀਲਾਂ ਵੀ ਪੇਸ਼ ਕੀਤੀਆਂ ਗਈਆਂ, ਪਰ ਸ਼ਬਦਾਂ ਦੇ ਸਾਰੇ ਤੀਰ ਇੰਨੇ ਤਿੱਖੇ, ਜ਼ਬਰਦਸਤ ਅਤੇ ਤੇਜ਼ ਰਫਤਾਰ ਵਾਲੇ ਸਨ ਕਿ ਜ਼ਖਮੀ ਹੋਏ ਅਕਾਲੀ ਵਿਧਾਇਕਾਂ ਕੋਲ ਠੋਕਵੇਂ, ਢੁੱਕਵੇਂ, ਬੱਝਵੇਂ ਅਤੇ ਪ੍ਰਭਾਵਸ਼ਾਲੀ ਸ਼ਬਦ ਹੀ ਨਹੀਂ ਸਨ ਜਾਂ ਇੰਜ ਕਹਿ ਲਓ ਕਿ ਉਨ੍ਹਾਂ ਦੇ ਬੋਲਾਂ ਵਿੱਚ ਧੜਕਦੀ ਜ਼ਿੰਦਗੀ ਦਾ ਹੁਨਰ ਹੁਣ ਨਹੀਂ ਸੀ, ਜਿਸ ਦੇ ਉਹ ਕਦੇ ਮਾਹਰ ਹੁੰਦੇ ਸਨ| ਰਾਜਨੀਤਿਕ ਤੌਰ 'ਤੇ ਸਾਊ ਅਤੇ ਬੀਬੇ ਰਾਣੇ ਸਮਝੇ ਜਾਂਦੇ ਪਰਮਿੰਦਰ ਸਿੰਘ ਢੀਂਡਸਾ ਜਵਾਬ ਦੇਣ ਦੀ ਕੋਸ਼ਿਸ਼ ਤਾਂ ਜ਼ਰੂਰ ਕਰਦੇ ਰਹੇ, ਉਨ੍ਹਾਂ ਕੋਲ ਠੋਸ ਤੱਥ ਵੀ ਮੌਜੂਦ ਸਨ, ਪਰ ਉਹ ਇਨ੍ਹਾਂ ਤੱਥਾਂ ਨੂੰ ਜਜ਼ਬਿਆਂ 'ਚ ਢਾਲਣ 'ਚ ਅਸਮਰਥ ਰਹੇ| ਉਨ੍ਹਾਂ ਦੇ ਸਾਰੇ ਜਵਾਬ ਵਿਰੋਧੀਆਂ ਦੇ ਦਿਲਾਂ ਉਤੇ ਵਾਰ ਨਹੀਂ ਸੀ ਕਰਦੇ ਜਦਕਿ ਦੂਜੇ ਪਾਸੇ ਜਜ਼ਬਿਆਂ ਦੇ ਸਾਰੇ ਖਜ਼ਾਨੇ ਉਤੇ ਰਾਜਾ ਵੜਿੰਗ ਅਤੇ ਰੰਧਾਵਾ ਦਾ ਕਬਜ਼ਾ ਸੀ| ਇਸ ਦ੍ਰਿਸ਼ ਵਿੱਚ ਜਿੰਨੇ ਬੇਬਸ, ਕਮਜ਼ੋਰ, ਨਿਤਾਣੇ ਅਤੇ ਮਜਬੂਰ ਅਕਾਲੀ ਵਿਧਾਇਕ ਲੱਗਦੇ ਸਨ, ਉਹ ਪਹਿਲਾਂ ਕਦੇ ਨਹੀਂ ਸਨ ਵੇਖੇ ਗਏ| ਇਸੇ ਹੀ ਬਹਿਸ ਦੌਰਾਨ ਜਦੋਂ ਦਰਬਾਰ ਸਾਹਿਬ ਵਿੱਚ ਗੁਰੂ ਰਾਮਦਾਸ ਜੀ ਦੇ ਲੰਗਰ ਵਿੱਚ ਜਾਣ ਵਾਲੀ ਰਸਦ ਤੋਂ ਪੰਜਾਬ ਸਰਕਾਰ ਨੇ ਆਪਣੇ ਹਿੱਸੇ ਆਉਂਦੀ ਜੀਐਸਟੀ ਹਟਾ ਦੇਣ ਦਾ ਐਲਾਨ ਕੀਤਾ ਤਾਂ 'ਬੋਲੇ ਸੋ ਨਿਹਾਲ' ਦੇ ਜੈਕਾਰਿਆਂ ਨਾਲ ਸਾਰੀ ਵਿਧਾਨ ਸਭਾ ਗੂੰਜ ਉਠੀ ਪਰ ਅਕਾਲੀ ਦਲ ਦੇ ਬੈਂਚਾਂ ਤੋਂ ਜਵਾਬ ਵਿੱਚ 'ਸਤਿ ਸ੍ਰੀ ਅਕਾਲ' ਵੀ ਨਹੀਂ ਕਹਿ ਹੋਇਆ| ਇੱਕ ਸੀਨੀਅਰ ਸਾਥੀ ਪੱਤਰਕਾਰ ਦੀ ਇਹ ਟਿੱਪਣੀ ਦਿਲਚਸਪ ਲੱਗੀ ਕਿ 'ਜੋ ਕਭੀ ਗੁੰਚੋਂ ਕੀ ਤਰਹ ਖਿੜੇ ਥੇ, ਵੋ ਆਜ ਕਿਰਨੋਂ ਕੀ ਤਰਹ ਬਿਖਰ ਰਹੇ ਹੈਂ|'
ਜੇ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਵੱਲੋਂ ਬਜਟ ਇਜਲਾਸ ਦੌਰਾਨ ਸਮੇਂ ਸਮੇਂ ਉਠਾਏ ਸਵਾਲਾਂ ਅਤੇ ਮੁੱਦਿਆਂ ਵਿਚਲੀ ਗੰਭੀਰਤਾ ਦਾ ਵਿਸ਼ਲੇਸ਼ਣ ਕਰਨਾ ਹੋਵੇ ਤਾਂ ਇਸ ਸੱਚਾਈ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਉਹ ਹਾਕਮ ਧਿਰ ਦੀ ਪ੍ਰਚੰਡ ਬਹੁ-ਗਿਣਤੀ ਦੀ ਤਾਕਤ ਨੂੰ ਆਪਣੀ ਨੀਤੀ ਨਾਲ ਹਰਾਉਣ ਵਿੱਚ ਸਫਲ ਹੁੰਦੇ ਰਹੇ| ਉਨ੍ਹਾਂ ਕੋਲ ਤੱਥਾਂ ਦੀ ਭਰਮਾਰ ਵੀ ਸੀ, ਤਜਰਬਾ ਅਤੇ ਅਨੁਭਵ ਵੀ ਸੀ, ਜਾਣਕਾਰੀ ਦਾ ਘੇਰਾ ਵੀ ਵਿਸ਼ਾਲ ਸੀ, ਦਲੀਲਾਂ ਵਿੱਚ ਵੀ ਜ਼ੋਰਦਾਰ ਵਜ਼ਨ ਸੀ ਅਤੇ ਆਵਾਜ਼ ਵਿੱਚ ਵੀ ਦਮਖਮ ਸੀ| ਪਰ ਕਈ ਵਾਰ ਉਨ੍ਹਾਂ ਨੂੰ ਸਾਰੇ ਪਾਸਿਆਂ ਤੋਂ ਘੇਰਾ ਪੈ ਜਾਂਦਾ ਸੀ ਅਤੇ ਇਸ ਘੇਰੇ ਵਿੱਚ ਉਨ੍ਹਾਂ ਦੇ ਆਪਣੇ ਵੀ ਘੇਰਣ ਵਾਲਿਆਂ ਦੀ ਹੀ ਖਾਮੋਸ਼ ਹਮਾਇਤ ਕਰ ਰਹੇ ਹਨ| ਬਿਨਾਂ ਸ਼ੱਕ ਇਹ ਇੱਕ ਸੁਖਪਾਲ ਖਹਿਰਾ ਹੀ ਹੈ, ਜਿਸਦੀ ਲਗਾਤਾਰ ਮੌਜੂਦਗੀ ਨੇ ਸੱਤੇ ਦਿਨ ਮਾਹੌਲ ਵਿੱਚ ਤਾਜ਼ਗੀ ਬਣਾਈ ਰੱਖੀ| ਉਹ ਹਾਰ ਕੇ ਵੀ ਇਖਲਾਕੀ ਤੌਰ 'ਤੇ ਜਿੱਤਦੇ ਵਿਖਾਈ ਦਿੰਦੇ ਸਨ ਅਤੇ ਇਉਂ ਵੀ ਲੱਗਦਾ ਸੀ ਕਿ ਉਹ ਇਕੱਲਾ ਵੀ ਬਹੁਗਿਣਤੀ ਵਿੱਚ ਹੈ ਕਿਉਂਕਿ ਉਹ ਪੂਰੀ ਤਿਆਰੀ ਕਰਕੇ ਸਦਨ ਵਿੱਚ ਆਉਂਦੇ ਸਨ| ਇਸੇ ਪਾਰਟੀ ਦਾ ਦੂਜਾ ਵਿਧਾਇਕ ਕੰਵਰ ਸੰਧੂ ਵੀ ਪੂਰੀ ਤਰ੍ਹਾਂ ਤਿਆਰ ਹੋ ਕੇ ਆਉਂਦਾ ਸੀ| ਬਜਟ ਉਤੇ ਹੋਈ ਬਹਿਸ ਵਿੱਚ ਉਹ ਪਿਛਲੇ ਬਜਟ ਭਾਸ਼ਣ ਨੂੰ ਚੰਗੀ ਤਰ੍ਹਾਂ ਪੜ੍ਹ ਕੇ ਆਇਆ ਸੀ| ਭਾਵੇਂ ਉਨ੍ਹਾਂ ਦੀ ਆਵਾਜ਼ ਅਤੇ ਅੰਦਾਜ਼ੇ ਬਿਆਨ ਇੰਨਾ ਜ਼ੋਰਾਵਰ ਨਹੀਂ ਸੀ ਪਰ ਉਨ੍ਹਾਂ ਵੱਲੋਂ ਪੇਸ਼ ਕੀਤੇ ਜਾਣ ਵਾਲੇ ਠੋਸ ਤੱਥ, ਮੁੱਦਿਆਂ ਉਤੇ ਡੂੰੰਘੀ ਪਕੜ ਅਤੇ ਸਰਬਪੱਖੀ ਜਾਣਕਾਰੀ ਅਤੇ ਪੁੱਛੇ ਜਾਣੇ ਵਾਲੇ ਸਵਾਲ ਹਾਕਮ ਧਿਰ ਨੂੰ ਚੁੱਪ ਕਰ ਕੇ ਸੁਣਨ ਲਈ ਮਜਬੂਰ ਕਰ ਦਿੰਦੇ ਸੀ| ਉਸਨੂੰ ਸਿਆਣਿਆਂ ਦੀ ਇਹ ਗੱਲ ਕਾਇਲ ਕਰਦੀ ਹੈ ਕਿ, 'ਆਵਾਜ਼ ਨੂੰ ਹੌਲੀ ਕਰੋ ਅਤੇ ਦਲੀਲ ਨੂੰ ਤਕੜਾ ਕਰੋ|'
ਹਾਕਮ ਧਿਰ ਵਿੱਚ ਦੋ ਵਜ਼ੀਰ ਨਾ ਕੇਵਲ ਪੂਰੀ ਤਿਆਰੀ ਕਰਕੇ ਆਉਂਦੇ ਸਨ, ਸਗੋਂ ਉਨ੍ਹਾਂ ਨੂੰ ਸਵਾਲਾਂ ਦੇ ਜਵਾਬ ਦੇਣ ਦੀ ਜਾਚ ਵੀ ਸੀ| ਸਿਹਤ ਮੰਤਰੀ ਦੀ ਆਪਣੇ ਮਹਿਕਮੇ ਬਾਰੇ ਵਿਸ਼ਾਲ, ਗੰਭੀਰ ਅਤੇ ਡੂੰਘੀ ਜਾਣਕਾਰੀ ਤੋਂ ਸੱਚਮੁੱਚ ਹੀ ਵਿਧਾਇਕ ਪ੍ਰਭਾਵਿਤ ਅਤੇ ਹੈਰਾਨ ਹੁੰਦੇ ਸਨ| ਇਸੇ ਤਰ੍ਹਾਂ ਤ੍ਰਿਪਤ ਇੰਦਰ ਸਿੰਘ ਬਾਜਵਾ ਦੇ ਜਵਾਬ ਵੀ ਤਸੱਲੀ ਅਤੇ ਸੰਤੁਸ਼ਟੀ ਦਾ ਪ੍ਰਭਾਵ ਛੱਡਦੇ ਸਨ| ਉਨ੍ਹਾਂ ਦੋਵਾਂ ਵੱਲੋਂ ਦਿੱਤੇ ਗਏ ਭਰੋਸਿਆਂ ਵਿੱਚ ਵੀ ਟਾਲ-ਮਟੋਲ ਦੀ ਥਾਂ ਸੰਜੀਦਗੀ ਤੇ ਇਮਾਨਦਾਰੀ ਦੀ ਝਲਕ ਸੀ| ਜੇ ਰਾਜਨੀਤਿਕ ਬਹਿਸ ਵਿੱਚ ਉਭਰ ਰਹੇ ਵਿਧਾਇਕਾਂ ਦੀ ਗੱਲ ਕਰਨੀ ਹੋਵੇ ਤਾਂ ਹਾਕੀ ਦੇ ਉਘੇ ਖਿਡਾਰੀ ਪ੍ਰਗਟ ਸਿੰਘ ਅਤੇ ਪ੍ਰੋ. ਬਲਜਿੰਦਰ ਕੌਰ ਦਾ ਨਾਂ ਲਿਆ ਜਾ ਸਕਦਾ ਹੈ| ਇਹ ਦੋਵੇਂ ਨਾ ਕੇਵਲ ਧੜਿਆਂ ਤੋਂ ਉਪਰ ਉਠ ਕੇ ਆਪਣੀ ਗੱਲ ਸੁਣਾਉਣ ਅਤੇ ਪੇਸ਼ ਕਰਨ ਵਿੱਚ ਕਾਮਯਾਬ ਰਹਿੰਦੇ ਸਨ| ਸਗੋਂ ਮੁੱਦਿਆਂ ਅਤੇ ਮਸਲਿਆਂ ਨੂੰ ਜਾਗਦੇ ਅਤੇ ਸੁਚੇਤ ਜਜ਼ਬਿਆਂ ਨਾਲ ਜੋੜ ਕੇ ਆਪਣਾ ਵੱਖਰਾ ਪ੍ਰਭਾਵ ਵੀ ਕਾਇਮ ਕਰਦੇ ਹਨ| ਜਿਥੋਂ ਤੱਕ ਰਾਣਾ ਗੁਰਜੀਤ ਸਿੰਘ ਦੇ ਭਾਸ਼ਣਾਂ ਦਾ ਸਬੰਧ ਹੈ, ਕਈ ਵਾਰ ਇੰਜ ਲੱਗਦਾ ਹੈ ਜਿਵੇਂ ਉਹ ਡਾਂਗ ਦੀ ਦਲੀਲ ਨਾਲ ਮੈਦਾਨ ਵਿੱਚ ਉਤਰਦੇ ਹਨ|
ਜੇ ਬਹਿਸ ਵਿੱਚ ਸ਼ਾਮਿਲ ਨਵਜੋਤ ਸਿੰਘ ਸਿੱਧੂ ਦਾ ਵਿਸ਼ਲੇਸ਼ਣ ਕਰਨਾ ਹੋਵੇ ਤਾਂ ਭਾਵੇਂ ਇਹ ਕਿਹਾ ਜਾ ਸਕਦਾ ਹੈ ਕਿ ਉਨ੍ਹਾਂ ਨੂੰ ਗੱਲਾਂ ਬਣਾਉਣ ਦੀ ਜਾਚ ਹੈ| ਹਾਜ਼ਰ-ਜਵਾਬੀ ਵੀ ਕਮਾਲ ਦੀ ਹੈ ਪਰ ਕੁੱਲ ਮਿਲਾ ਕੇ ਉਨ੍ਹਾਂ ਨੇ ਬਜਟ ਇਜਲਾਸ ਦੌਰਾਨ ਗੰਭੀਰਤਾ ਦਾ ਪ੍ਰਭਾਵ ਨਹੀਂ ਛੱਡਿਆ| ਉਹ ਖੜਾਕ ਕਰਦਾ ਹੈ, ਉਸ ਕੋਲ ਮੁਹਾਵਰੇ, ਟੋਟਕਿਆਂ ਅਤੇ ਸ਼ੇਅਰਾਂ ਦਾ ਖਜ਼ਾਨਾ ਹੈ, ਜਿਸ ਨਾਲ ਉਹ ਕਈ ਵਾਰ ਗੰਭੀਰ ਲੋਕਾਂ ਵਿੱਚ ਵੀ ਆਪਣਾ ਪ੍ਰਭਾਵ ਛੱਡਦਾ ਹੈ ਪਰ ਇਹ ਆਰਜ਼ੀ ਵਰਤਾਰਾ ਹੀ ਹੁੰਦਾ ਹੈ| ਜਿਸ ਤਰ੍ਹਾਂ ਉਹ ਬਹਿਸ ਦੌਰਾਨ ਬਿਕਰਮ ਸਿੰਘ ਮਜੀਠੀਆ ਨੂੰ ਟੁੱਟ-ਟੁੱਟ ਕੇ ਪੈਂਦਾ ਸੀ ਅਤੇ ਜਿਨ੍ਹਾਂ ਸ਼ਬਦਾਂ ਦੀ ਵਰਤੋਂ ਕਰਦਾ ਸੀ, ਉਸ ਤੋਂ ਇਹ ਲੱਗਦਾ ਸੀ ਕਿ ਉਸ ਨੂੰ ਕਈ ਵਾਰ ਇਹ ਭਰਮ ਪੈਦਾ ਹੋ ਜਾਂਦਾ ਹੈ ਕਿ ਇਹ ਵੀ ਉਸ ਦੀ ਲਿਸ਼ਕਦੀ ਪ੍ਰਾਪਤੀ ਹੈ, ਜੋ ਉਸ ਦੀ ਸ਼ਖਸੀਅਤ ਨੂੰ ਰੋਸ਼ਨ ਕਰਦੀ ਹੈ| ਇਹ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਬਜਟ ਇਜਲਾਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਖਾਮੋਸ਼ੀ ਸੁਨਿਹਰੀ ਚੁੱਪ ਦੀ ਹੀ ਝਲਕ ਦਿੰਦੀ ਹੈ| ਰਾਜਪਾਲ ਦੇ ਭਾਸ਼ਣ 'ਤੇ ਭਾਵੇਂ ਉਨ੍ਹਾਂ ਨੇ ਕੁਝ ਮਹੱਤਵਪੂਰਨ ਐਲਾਨ ਕੀਤੇ ਪਰ ਇਨ੍ਹਾਂ ਐਲਾਨਾਂ ਨੂੰ ਉਹ ਜਜ਼ਬਿਆਂ ਦੀ ਪੁੱਠ ਨਹੀਂ ਚਾੜ੍ਹ ਸਕੇ| ਬਜਟ ਇਜਲਾਸ ਦੇ ਆਖਰੀ ਦਿਨ ਉਨ੍ਹਾਂ ਵੱਲੋਂ ਮੀਡੀਆ ਗੈਲਰੀ ਵਿੱਚ ਕੀਤੀ ਪ੍ਰੈਸ ਕਾਨਫਰੰਸ ਵੀ ਇੰਨੀ ਜਾਨਦਾਰ, ਜ਼ੋਰਾਵਰ ਅਤੇ ਬੇਬਾਕ ਨਹੀਂ ਸੀ, ਜਿਵੇਂ ਅਕਸਰ ਹੋਇਆ ਕਰਦੀ ਸੀ| ਮਿਸਾਲ ਦੇ ਤੌਰ 'ਤੇ ਰਾਜਪਾਲ ਦੇ ਭਾਸ਼ਣ ਦੌਰਾਨ ਕਾਲਜਾਂ ਵਿੱਚ ਵਿਦਿਆਰਥੀ ਚੋਣਾਂ ਦਾ ਐਲਾਨ ਉਨ੍ਹਾਂ ਦੀ ਇਤਿਹਾਸਕ ਪ੍ਰਾਪਤੀ ਸੀ| ਪਰ ਇਤਿਹਾਸ ਦੇ ਸੰਕਲਪ ਅਤੇ ਇਸ ਦੀ ਮਹੱਤਤਾ ਬਾਰੇ ਡੂੰਘੀ ਸਮਝ ਰੱਖਣ ਵਾਲਾ ਇਹ ਵਿਦਵਾਨ-ਸਿਆਸਤਦਾਨ ਇਸ ਪ੍ਰਾਪਤੀ ਨੂੰ ਵੀ ਵੱਡੀ ਸ਼ਬਦਾਵਲੀ ਨਾਲ ਪੇਸ਼ ਨਹੀਂ ਕਰ ਸਕੇ| ਇਹ ਗੱਲ ਵੀ ਬੜੀ ਦਿਲਚਸਪੀ ਨਾਲ ਸੁਣੀ ਜਾਵੇਗੀ ਕਿ ਬਜਟ ਇਜਲਾਸ ਦੌਰਾਨ ਪਵਨ ਟੀਨੂੰ ਨੂੰ ਛੱਡ ਕੇ ਕੋਈ ਵੀ ਵਿਧਾਇਕ ਅਕਾਲੀ ਦਲ ਦਾ ਅਸਰਦਾਇਕ ਬੁਲਾਰਾ ਸਿੱਧ ਨਹੀਂ ਹੋ ਸਕਿਆ| ਇਥੋਂ ਤੱਕ ਕਿ ਬਿਕਰਮ ਸਿੰਘ ਮਜੀਠੀਆ ਨੇ ਵੀ ਸੁਖਪਾਲ ਖਹਿਰਾ ਅਤੇ ਨਵਜੋਤ ਸਿੱਧੂ ਨਾਲ ਜ਼ਬਰਦਸਤ ਤੂੰ-ਤੂੰ ਮੈਂ-ਮੈਂ ਵਿੱਚ ਹੀ ਆਪਣੀ ਸਾਰੀ ਤਾਕਤ ਅਤੇ ਊਰਜਾ ਖਰਚ ਕਰ ਦਿੱਤੀ| ਲੋਕ ਇਨਸਾਫ ਪਾਰਟੀ ਦੇ ਸਿਮਰਜੀਤ ਬੈਂਸ ਕੋਲ ਸ਼ਾਇਦ ਐਸ ਵਾਈ ਐਲ ਮੁੱਦੇ 'ਤੇ ਸਭ ਤੋਂ ਵੱਧ ਅਤੇ ਠੋਸ ਜਾਣਕਾਰੀ ਹੈ ਪਰ ਉਸ ਦਾ ਇਹ ਗਿਆਨ ਵੀ ਕਾਂਗਰਸੀ ਵਿਧਾਇਕਾਂ ਦੇ ਰੌਲੇ ਵਿੱਚ ਗੁੰਮ ਹੋ ਕੇ ਰਹਿ ਗਿਆ|
ਕਰਮਜੀਤ ਸਿੰਘ
99150-91063