ਚੰਡੀਗੜ੍ਹ, 31 ਮਾਰਚ : ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦੀ ਅੰਦਰੂਨੀ ਖਿੱਚੋਤਾਣ ਦੇ ਘੇਰੇ ਵਿੱਚ ਅਕਾਲੀ ਦਲ ਨਾਲੋਂ ਆਪਣੇ ਰਿਸ਼ਤੇ ਨੂੰ ਤੋੜਨ ਜਾਂ ਰੱਖਣ ਸਮੇਤ ਬਹੁਤ ਸਾਰੇ ਦਿਸਦੇ ਅਣਦਿਸਦੇ ਕਾਰਨਾਂ ਨੇ ਵੱਡੀ ਥਾਂ ਮੱਲ ਲਈ ਹੈ, ਜੋ ਕਾਰਨ ਹੁਣ ਪਾਰਟੀ 'ਚ ਵੱਡੀ ਰੱਦੋ-ਬਦਲ ਕਰਨ ਦੀ ਤਾਕਤ ਅਖਤਿਆਰ ਕਰਦੇ ਜਾ ਰਹੇ ਹਨ| ਅੱਜ ਦੀ ਘਟਨਾ ਜਿਸ ਵਿੱਚ ਪੰਜਾਬ ਭਾਜਪਾ ਦੇ ਪ੍ਰਧਾਨ ਵਿਜੈ ਸਾਂਪਲਾ ਦੀ ਅਹੁਦੇ ਤੋਂ ਛੁੱਟੀ ਕਰ ਦਿੱਤੀ ਗਈ ਹੈ ਅਤੇ ਨਵਾਂ ਪ੍ਰਧਾਨ ਸ਼ਵੇਤ ਮਲਿਕ ਨੂੰ ਲਾਉਣਾ ਵੀ ਪਾਰਟੀ ਅੰਦਰਲੀ ਇਸ ਧੜੇਬੰਦੀ ਦਾ ਹੀ ਨਤੀਜਾ ਮੰਨਿਆ ਜਾ ਰਿਹਾ ਹੈ|
ਪੰਜਾਬ ਦੀ ਰਾਜਨੀਤੀ ਦੇ ਪ੍ਰਸੰਗ ਵਿੱਚ ਜੇਕਰ ਅੱਜ ਦੀ ਰੱਦੋ-ਬਦਲ ਨੂੰ ਦੇਖਿਆ ਜਾਵੇ ਤਾਂ ਲੋਕ ਸਭਾ ਚੋਣਾਂ 2019 ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਇਕਾਈ ਦੀ ਕਮਾਨ ਵਿਜੇ ਸਾਂਪਲਾ ਦੇ ਹੱਥੋਂ ਲੈ ਕੇ ਸ਼ਵੇਤ ਮਲਿਕ ਦੇ ਹੱਥ ਸੌਂਪਣਾ ਪਾਰਟੀ ਹਾਈ ਕਮਾਨ ਦੁਆਰਾ ਪੰਜਾਬ ਵਿੱਚ ਭਾਜਪਾ ਦੀ ਅਕਾਲੀ ਦਲ ਦੇ ਸਾਏ 'ਚੋਂ ਬਾਹਰ ਨਿਕਲ ਕੇ ਆਪਣੀ ਵੱਖਰੀ ਥਾਂ ਤਲਾਸ਼ ਕਰਨ ਦੀਆਂ ਦਲੀਲਾਂ ਦੇ ਹੱਕ ਵਿੱਚ ਪੁੱਟਿਆ ਇੱਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ|
ਜਿਕਰਯੋਗ ਹੈ ਕਿ ਮਲਿਕ ਪਿਛਲੇ ਸਾਲ ਅਪ੍ਰੈਲ ਵਿੱਚ ਰਾਜ ਸਭਾ ਮੈਂਬਰ ਚੁਣੇ ਗਏ ਸਨ| ਪਾਰਟੀ ਅੰਦਰਲੇ ਸੂਤਰਾਂ ਮੁਤਾਬਕ ਭਾਜਪਾ ਹਾਈ ਕਮਾਨ ਪੰਜਾਬ ਦੀ ਇਕਾਈ ਵਿੱਚ ਆਉਂਦੇ ਸਮੇਂ ਦੌਰਾਨ ਹੋਰ ਵੀ ਵੱਡੇ ਬਦਲਾਅ ਲਿਆਉਣ ਬਾਰੇ ਸੋਚ ਰਹੀ ਹੈ| ਪਾਰਟੀ ਨੇ ਫਿਲਹਾਲ ਸੂਬਾ ਪ੍ਰਧਾਨ ਬਦਲਣ ਦੀ ਸ਼ੁਰੂਆਤ ਕਰਕੇ ਇਹ ਸੰਕੇਤ ਦਿੱਤਾ ਹੈ ਕਿ ਉਹ ਪੰਜਾਬ ਦੀ ਇਕਾਈ ਵਿੱਚ ਅਕਾਲੀ ਦਲ ਨਾਲੋਂ ਤੋੜ ਵਿਛੋੜਾ ਕਰ ਲੈਣ ਵਾਲੇ ਧੜੇ ਨੂੰ ਗੰਭੀਰਤਾ ਨਾਲ ਲੈਣ ਲੱਗੀ ਹੈ| ਇਸ ਤੋਂ ਪਹਿਲਾਂ ਵੀ ਭਾਵੇਂ ਭਾਰਤੀ ਜਨਤਾ ਪਾਰਟੀ ਅੰਦਰ ਪੰਜਾਬ ਵਿੱਚ ਅਕਾਲੀ ਦਲ ਨਾਲ ਗੱਠਜੋੜ ਨੂੰ ਲੈ ਕੇ ਵਾਦ-ਵਿਵਾਦ ਰਿਹਾ ਹੈ ਪਰ ਭਾਜਪਾ ਦੇ ਪੁਰਾਣੇ ਆਗੂਆਂ ਨੇ ਹਮੇਸ਼ਾ ਬਾਦਲ ਦਲ ਦਾ ਪੱਲਾ ਫੜ ਕੇ ਆਪਣੀ ਰਾਜਨੀਤੀ ਕਰਨ ਨੂੰ ਤਰਜੀਹ ਦਿੱਤੀ ਹੈ| ਇਥੋਂ ਤੱਕ ਕਿ ਵਾਜਪਾਈ-ਅਡਵਾਨੀ ਦੇ ਯੁੱਗ ਵਿੱਚ ਇਹ ਮੰਨਿਆ ਜਾਣ ਲੱਗ ਪਿਆ ਸੀ ਕਿ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਦਾ ਫੈਸਲਾ ਵੀ ਅਕਾਲੀ ਦਲ ਨੂੰ ਪੁੱਛ ਕੇ ਹੀ ਕੀਤਾ ਜਾਂਦਾ ਰਿਹਾ ਹੈ| ਇਸੇ ਕਰਕੇ ਭਾਜਪਾ ਦੀ ਪੰਜਾਬ ਇਕਾਈ ਦੇ ਬਹੁਤ ਸਾਰੇ ਆਗੂ ਆਪਣੀ ਪਾਰਟੀ ਦੀ ਹਾਈ ਕਮਾਨ ਦੇ ਨਾਲ ਨਾਲ ਅਕਾਲੀ ਦਲ ਦੇ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਨਾਲ ਵੀ ਸਿਆਸੀ ਰਿਸ਼ਤੇ ਮਜਬੂਤ ਕਰਨ ਦੇ ਆਹਰ ਵਿੱਚ ਲੱਗੇ ਰਹਿੰਦੇ ਸਨ| ਉਂਜ ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਕਮਾਂਡ ਅਮਿਤ ਸ਼ਾਹ-ਮੋਦੀ ਦੇ ਹੱਥ ਆਉਣ ਤੋਂ ਬਾਅਦ ਹੀ ਪਾਰਟੀ ਦੇ ਅਕਾਲੀ ਦਲ ਨਾਲ ਰਿਸ਼ਤਿਆਂ ਵਿੱਚ ਪਹਿਲਾਂ ਵਾਲੀ ਗਰਮਜੋਸ਼ੀ ਨਹੀਂ ਰਹੀ ਸੀ|
ਸੂਤਰਾਂ ਦਾ ਕਹਿਣਾ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਵਿੱਚ ਵਿਜੈ ਸਾਂਪਲਾ ਦੇ ਵਿਰੋਧ ਦੇ ਨਾਲ ਨਾਲ ਅਕਾਲੀ ਦਲ ਨਾਲ ਗਠਜੋੜ ਪ੍ਰਤੀ ਨਾਰਾਜ਼ਗੀ ਵੀ ਵਧ ਰਹੀ ਸੀ| ਇਸ ਕਾਰਨ ਪੰਜਾਬ ਭਾਜਪਾ ਵਿੱਚ ਧੜ੍ਹੇਬੰਦੀ ਕਾਫੀ ਤਿੱਖਾ ਰੂਪ ਅਖਤਿਆਰ ਕਰ ਗਈ ਹੈ| ਇਨ੍ਹਾਂ ਵਿੱਚੋਂ ਇੱਕ ਧੜਾ ਅਕਾਲੀ ਦਲ ਨਾਲ ਗਠਜੋੜ ਤੋੜ ਕੇ ਲੋਕ ਸਭਾ ਚੋਣਾਂ ਦੇ ਸਾਰੇ ਸਮੀਕਰਨ ਬਦਲਣ ਦੇ ਪੱਖ ਵਿੱਚ ਹੈ| ਇਨ੍ਹਾਂ ਕਾਰਨਾਂ ਕਰ ਕੇ ਪਾਰਟੀ ਦੀ ਹਾਲਤ ਚਿੰਤਾਜਨਕ ਬਣਦੀ ਜਾ ਰਹੀ ਹੈ| ਪਾਰਟੀ ਹਾਈ ਕਮਾਨ ਭਾਵੇਂ ਅਜੇ ਅਕਾਲੀ ਦਲ ਨਾਲੋਂ ਤੋੜ ਵਿਛੋੜਾ ਕਰ ਲੈਣ ਦੇ ਸਵਾਲ ਉਤੇ ਜਕੋ ਤਕੀ ਵਿੱਚ ਹੈ ਪਰ ਉਸਨੇ ਪਾਰਟੀ ਅੰਦਰ ਇਸ ਸਵਾਲ ਉਤੇ ਪੈਦਾ ਹੋਣ ਵਾਲੇ ਕਿਸੇ ਵੱਡੇ ਬਵਾਲ ਨੂੰ ਠੱਲ ਪਾਉਣ ਲਈ ਫਿਲਹਾਲ ਵਿਜੈ ਸਾਂਪਲਾ ਨੂੰ ਪ੍ਰਧਾਨਗੀ ਦੀ ਕੁਰਸੀ ਤੋਂ ਲਾਹ ਕੇ ਮਾਮਲਾ ਠੰਡਾ ਕਰਨ ਦੀ ਕੋਸ਼ਿਸ਼ ਕੀਤੀ ਹੈ|
ਮਨਜੀਤ ਸਿੰਘ ਟਿਵਾਣਾ
99158-94002