ਸਿਆਸਤਦਾਨਾਂ ਦੇ ਬੋਲ-ਕੁਬੋਲ ਕਮਿਸ਼ਨ ਦੇ ਘੇਰੇ ਵਿੱਚ ਆਉਣਗੇ?
ਹਥਿਆਰ-ਸੱਭਿਆਚਾਰ ਦੀ ਹਾਂ-ਪੱਖੀ ਤਾਕਤ ਵੀ ਸਵਾਲਾਂ ਦੇ ਘੇਰੇ ਵਿੱਚ
ਚੰਡੀਗੜ੍ਹ, 31 ਮਾਰਚ : ਪੰਜਾਬ ਸਰਕਾਰ ਨੇ ਲੱਚਰ ਅਤੇ ਹਥਿਆਰ-ਸਭਿਆਚਾਰ ਨੂੰ ਹੱਲਾਸ਼ੇਰੀ ਦੇਣ ਵਾਲੇ ਗੀਤਾਂ ਉਤੇ ਸ਼ਿਕੰਜਾ ਕਸਣ ਦਾ ਮਨ ਬਣਾ ਲਿਆ ਹੈ| ਉਂਜ ਇਹ ਗੱਲ ਆਪਣੇ ਆਪ ਵਿੱਚ ਹੀ ਇੱਕ ਵਿਵਾਦਪੂਰਨ ਮਾਮਲਾ ਹੈ ਕਿ ਇਸ ਗੱਲ ਨੂੰ ਕਿਹੜੇ ਮਾਪਦੰਡ ਤੈਅ ਕਰਨਗੇ ਕਿ ਕਲਾ, ਸਾਹਿਤ ਅਤੇ ਗੀਤ ਸੰਗੀਤ ਦੀ ਕਿਹੜੀ ਵੰਨਗੀ ਕਥਿਤ ਤੌਰ 'ਤੇ ਅਸਭਿਅਕ ਹੈ| ਸ਼ੀਲਤਾ ਅਤੇ ਅਸ਼ਲੀਲਤਾ ਦੇ ਵਿੱਚ ਇੱਕ ਸੂਖਮ ਪਰਤ ਇੱਕ ਅਜਿਹੀ ਵੀ ਮੰਨੀ ਜਾਂਦੀ ਹੈ ਜਿਹੜੀ ਇੱਕੋ ਹੀ ਕਲਾਕਿਰਤ ਨੂੰ ਕਿਸੇ ਇੱਕ ਸਮਾਜ ਵਿੱਚ ਅਸ਼ਲੀਲ ਮੰਨ ਸਕਦੀ ਹੈ ਜਦਕਿ ਦੂਜੀ ਥਾਂ ਉਤੇ ਉਹੀ ਕਲਾਕਿਰਤ ਸਰਬਪ੍ਰਵਾਨਿਤ ਮੰਨੀ ਜਾਂਦੀ ਹੈ|
ਅੱਜ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਸੱਭਿਆਚਾਰ ਕਮਿਸ਼ਨ ਦਾ ਗਠਨ ਕਰਨ ਦਾ ਐਲਾਨ ਕੀਤਾ ਹੈ| ਇਸ ਮੌਕੇ ਉਹ ਅਜਿਹਾ ਕੁੱਝ ਵੀ ਸਪੱਸ਼ਟ ਨਹੀਂ ਕਰ ਸਕੇ ਕਿ ਇਹ ਕਮਿਸ਼ਨ ਕਿਸ ਅਧਾਰ ਉਤੇ ਕਥਿਤ ਮਾੜੀ ਗਾਇਕੀ ਜਾਂ ਗੀਤਕਾਰੀ ਨੂੰ ਰੋਕਣ ਲਈ ਕੰਮ ਕਰੇਗਾ| ਮੰਤਰੀ ਨੇ ਕਮਿਸ਼ਨ ਦਾ ਮੰਤਵ ਪੰਜਾਬੀ ਗੀਤਾਂ ਵਿੱਚ ਅਸ਼ਲੀਲਤਾ ਤੇ ਲੱਚਰਤਾ ਨੂੰ ਖ਼ਤਮ ਕਰਨਾ ਦੱਸਿਆ| ਸਿੱਧੂ ਨੇ ਦੱਸਿਆ ਕਿ ਪੰਜਾਬ ਸੱਭਿਆਚਾਰ ਕਮਿਸ਼ਨ ਦੇ ਚੇਅਰਮੈਨ ਮੁੱਖ ਮੰਤਰੀ ਹੋਣਗੇ ਜਦਕਿ ਉਹ ਉਪ-ਚੇਅਰਮੈਨ ਦਾ ਅਹੁਦਾ ਸੰਭਾਲਣਗੇ| ਮੰਤਰੀ ਨੇ ਸਪੱਸ਼ਟ ਕੀਤਾ ਕਿ ਜਿਹੜਾ ਲੱਚਰ ਤੇ ਅਸ਼ਲੀਲ ਗੀਤ ਗਾਵੇਗਾ ਉਸ 'ਤੇ ਕਮਿਸ਼ਨ ਐਫ ਆਈ ਆਰ ਦਰਜ ਕਰਾਵੇਗਾ|
ਨਵਜੋਤ ਸਿੱਧੂ ਨੇ ਇਹ ਵੀ ਕਿਹਾ ਕਿ ਅਸੀਂ ਅਗਲੀ ਪੀੜ੍ਹੀ ਦੀ ਚਿੰਤਾ ਕਰ ਕੇ ਹੀ ਇਹ ਕਦਮ ਚੁੱਕ ਰਹੇ ਹਾਂ| ਮਾੜੇ ਕੰਮਾਂ ਵਾਲਿਆਂ ਨੂੰ ਸਜ਼ਾ ਦੇਣਾ ਸਾਡਾ ਫਰਜ਼ ਹੈ| ਫ਼ਿਲਹਾਲ ਇਹ ਤੈਅ ਨਹੀਂ ਹੋਇਆ ਕਿ ਕਮਿਸ਼ਨ ਦੇ ਮੈਂਬਰ ਕਿੰਨੇ ਹੋਣਗੇ ਅਤੇ ਕੈਪਟਨ ਤੇ ਸਿੱਧੂ ਤੋਂ ਬਿਨਾ ਹੋਰ ਕੌਣ-ਕੌਣ ਇਸ ਦੇ ਮੈਂਬਰ ਹੋਣਗੇ| ਕਮਿਸ਼ਨ ਦੇ ਗਠਨ ਦਾ ਐਲਾਨ ਕਰਨ ਮੌਕੇ ਪੰਜਾਬ ਕਲਾ ਪ੍ਰੀਸ਼ਦ ਦੇ ਮੁਖੀ ਡਾ. ਸੁਰਜੀਤ ਪਾਤਰ, ਕਲਾਕਾਰ ਗੁਰਪ੍ਰੀਤ ਘੁੱਗੀ ਤੇ ਪੰਮੀ ਬਾਈ ਵੀ ਮੌਜੂਦ ਸਨ|
ਅੱਜ ਦੇ ਇਸ ਸਰਕਾਰੀ ਐਲਾਨ ਤੋਂ ਬਾਅਦ ਸਾਹਿਤ ਅਤੇ ਸੱਭਿਆਚਾਰਕ ਹਲਕਿਆਂ ਵਿੱਚ ਇਸ ਮੁੱਦੇ ਉਤੇ ਬਹਿਸ ਵੀ ਛਿੜ ਪਈ ਹੈ| ਇਸ ਐਲਾਨ ਮੌਕੇ ਹੀ ਬਹੁਤ ਸਾਰੇ ਪੱਤਰਕਾਰ ਵਿਅੰਗ ਕਸਦੇ ਦੇਖੇ ਗਏ ਕਿ ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਮਜੀਠੀਆ ਦਾ ਵਿਧਾਨ ਸਭਾ ਵਿੱਚ ਹੋਇਆ ਗਾਲੀ ਗਲੋਚ ਵੀ ਕੀ ਇਸ ਕਮਿਸ਼ਨ ਦੇ ਘੇਰੇ ਵਿੱਚ ਆਵੇਗਾ| ਕਈਆਂ ਨੇ ਕਮਿਸ਼ਨ ਦੇ ਇੱਕ ਮੈਂਬਰ ਵੱਲੋਂ ਫਿਲਮਾਂ ਵਿੱਚ ਅਦਾਕਾਰੀ ਦੌਰਾਨ ਬੋਲੇ ਗਏ ਕਥਿਤ ਦੋਹਰੇ ਅਰਥਾਂ ਵਾਲੇ ਡਾਇਲਾਗਾਂ 'ਤੇ ਟਿੱਪਣੀਆਂ ਕਰਦਿਆਂ ਕਿਹਾ ਕਿ 'ਦੁੱਧ ਦੀ ਰਾਖੀ ਲਈ, ਬਿੱਲਾ ਬਿਠਾਇਆ ਗਿਆ' ਵਾਲੀ ਗੱਲ ਹੋ ਗਈ ਹੈ| ਉਂਜ ਪੰਜਾਬੀ ਦੇ ਸਿਰਮੌਰ ਕਵੀ ਸੁਰਜੀਤ ਪਾਤਰ ਦੀ ਕਮਿਸ਼ਨ ਵਿੱਚ ਮੌਜੂਦਗੀ ਨੂੰ ਸਾਰਿਆਂ ਨੇ ਤਸੱਲੀ ਵਾਲੀ ਗੱਲ ਮੰਨਦਿਆਂ ਆਸ ਪ੍ਰਗਟਾਈ ਕਿ ਸ਼ਾਇਦ ਕੋਈ ਸਾਰਥਕ ਨਤੀਜਾ ਨਿਕਲ ਆਵੇ|
ਮਨਜੀਤ ਸਿੰਘ ਟਿਵਾਣਾ
99158-94002