ਸਾਰੀਆਂ ਨਿਯੁਕਤੀਆਂ ਐਕਟ ਮੁਤਾਬਕ ਹੀ ਹੋਈਆਂ : ਬਡੂੰਗਰ ਨਾਲ ਵਿਸ਼ੇਸ਼ ਇੰਟਰਵਿਊ
ਚੰਡੀਗੜ੍ਹ, 4 ਮਾਰਚ (ਕਰਮਜੀਤ ਸਿੰਘ ) : ਭਰੋਸੇਯੋਗ ਸੂਤਰਾਂ ਮੁਤਾਬਕ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ. ਕਿਰਪਾਲ ਸਿੰਘ ਬਡੂੰਗਰ ਦੇ ਪ੍ਰਧਾਨਗੀ ਕਾਰਜਕਾਲ ਦੌਰਾਨ ਕੀਤੀਆਂ ਗਈਆਂ 523 ਨਿਯੁਕਤੀਆਂ ਨਵੇਂ ਪ੍ਰਧਾਨ ਵੱਲੋਂ ਰੱਦ ਕਰਨ ਦਾ ਮਾਮਲਾ ਗੰਭੀਰ ਸ਼ਕਲ ਅਖਤਿਆਰ ਕਰਦਾ ਜਾ ਰਿਹਾ ਹੈ| ਫਾਰਗ਼ ਕੀਤੇ ਮੁਲਾਜ਼ਮਾਂ ਵਿੱਚ ਜਿਥੇ ਭਾਰੀ ਰੋਸ ਹੈ, ਉਥੇ ਨਾਲ ਹੀ ਉਹ ਆਪਣੀਆਂ ਖੁਸੀਆਂ ਨੌਕਰੀਆਂ ਬਹਾਲ ਕਰਨ ਦੇ ਉਦੇਸ਼ ਨੂੰ ਲੈ ਕੇ ਹਾਈਕੋਰਟ ਦਾ ਦਰਵਾਜ਼ਾ ਖੜਕਾਉਣ ਦੀਆਂ ਤਿਆਰੀਆਂ ਕਰ ਰਹੇ ਹਨ| ਇਥੇ ਚੇਤੇ ਕਰਾਇਆ ਜਾਂਦਾ ਹੈ ਕਿ ਸਾਬਕਾ ਪ੍ਰਧਾਨ ਸ. ਜਗਦੇਵ ਸਿੰਘ ਤਲਵੰਡੀ ਨੇ ਵੀ ਪ੍ਰਧਾਨਗੀ ਦਾ ਅਹੁਦਾ ਸੰਭਾਲਣ ਪਿੱਛੋਂ ਆਪਣੇ ਤੋਂ ਪਿਛਲੇ ਪ੍ਰਧਾਨ ਦੇ ਕਾਰਜਕਾਲ ਦੌਰਾਨ ਕੀਤੀਆਂ ਗਈਆਂ 489 ਨਿਯੁਕਤੀਆਂ ਰੱਦ ਕਰ ਦਿੱਤੀਆਂ ਸਨ| ਬਾਅਦ ਵਿੱਚ ਫਾਰਗ਼ ਕੀਤੇ ਮੁਲਾਜ਼ਮ ਹਾਈਕੋਰਟ ਤੱਕ ਪਹੁੰਚ ਗਏ ਅਤੇ ਮਾਣਯੋਗ ਅਦਾਲਤ ਦੇ ਹੁਕਮਾਂ ਮੁਤਾਬਕ ਉਹ ਸਾਰੇ ਮੁਲਾਜ਼ਮ ਤਨਖਾਹ ਸਮੇਤ ਬਹਾਲ ਕਰਨੇ ਪਏ ਸਨ|
ਇਸੇ ਦੌਰਾਨ ਸ. ਕਿਰਪਾਲ ਸਿੰਘ ਬਡੂੰਗਰ ਨੇ ਇੱਕ ਵਿਸ਼ੇਸ਼ ਇੰਟਰਵਿਊ ਵਿੱਚ ਇਸ ਦਾਅਵੇ ਨੂੰ ਮੁੜ ਦੁਹਰਾਇਆ ਹੈ ਕਿ ਉਨ੍ਹਾਂ ਵੱਲੋਂ ਕੀਤੀਆਂ ਗਈਆਂ ਸਾਰੀਆਂ ਨਿਯੁਕਤੀਆਂ ਬਕਾਇਦਾ ਅੰਤਰਿੰਗ ਕਮੇਟੀ ਵੱਲੋਂ ਪਾਸ ਕੀਤੀਆਂ ਗਈਆਂ ਹਨ ਅਤੇ ਇੱਕ ਵੀ ਅਜਿਹੀ ਨਿਯੁਕਤੀ ਨਹੀਂ ਜਿਸ ਵਿੱਚ ਸ਼੍ਰੋਮਣੀ ਕਮੇਟੀ ਦੇ 1925 ਐਕਟ ਦੀ ਉਲੰਘਣਾ ਕੀਤੀ ਗਈ ਹੋਵੇ| ਜਦੋਂ ਇਹ ਪੁੱਛਿਆ ਗਿਆ ਕਿ ਬਹੁਤੀਆਂ ਨਿਯੁਕਤੀਆਂ ਵਿੱਚ ਤਾਂ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੇ ਦੂਰ ਨੇੜੇ ਦੇ ਰਿਸ਼ਤੇਦਾਰ ਅਤੇ ਜਾਣਕਾਰ ਹੀ ਸ਼ਾਮਲ ਹਨ ਜਦਕਿ ਸ਼੍ਰੋਮਣੀ ਕਮੇਟੀ ਦੇ ਐਗਜੈਕਟਿਵ ਵੱਲੋਂ 1997 ਵਿੱਚ ਪਾਸ ਕੀਤੇ ਗਏ ਮਤੇ ਮੁਤਾਬਕ ਰਿਸ਼ਤੇਦਾਰ ਨਹੀਂ ਰੱਖੇ ਜਾ ਸਕਦੇ ਤਾਂ 3 ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਅਹੁਦੇ 'ਤੇ ਰਹੇ ਸ. ਕਿਰਪਾਲ ਸਿੰਘ ਬਡੂੰਗਰ ਨੇ ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਵੱਲੋਂ 2002 ਦਾ ਉਹ ਮਤਾ ਵਿਖਾਇਆ ਜਿਸ ਵਿੱਚ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੇ ਰਿਸ਼ਤੇਦਾਰ ਬਕਾਇਦਾ ਰੱਖੇ ਜਾ ਸਕਦੇ ਸਨ| ਇੰਜ 1997 ਦੇ ਮਤੇ ਵਿੱਚ ਤਰਮੀਮ ਕਰਕੇ ਹੀ ਅਜਿਹਾ ਕੀਤਾ ਗਿਆ| ਦਿਲਚਸਪ ਗੱਲ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਹ ਆਗੂ ਅਤੇ ਸ਼੍ਰੋਮਣੀ ਕਮੇਟੀ ਦੇ ਅਸਰ ਰਸੂਖ ਦੇ ਉਹ ਮੈਂਬਰ ਇਸ ਗੱਲ 'ਤੇ ਗੁੱਸੇ ਵਿੱਚ ਹਨ ਕਿ ਉਨ੍ਹਾਂ ਦੀਆਂ ਸਿਫਾਰਸ਼ਾਂ 'ਤੇ ਰੱਖੇ ਗਏ ਮੁਲਾਜ਼ਮ ਹੁਣ ਵਿਹਲੇ ਕਰ ਦਿੱਤੇ ਗਏ ਹਨ| ਜਦੋਂ ਸਾਬਕਾ ਪ੍ਰਧਾਨ ਨਾਲ ਇਹ ਇੰਟਰਵਿਊ ਚੱਲ ਰਹੀ ਸੀ ਤਾਂ ਉਸ ਸਮੇਂ ਫਾਰਗ਼ ਕੀਤੇ ਗਏ ਕੁਝ ਮੁਲਾਜ਼ਮ ਉਨ੍ਹਾਂ ਨੂੰ ਮਿਲਣ ਲਈ ਇੰਤਜ਼ਾਰ ਵੀ ਕਰ ਰਹੇ ਸਨ|
ਇੱਕ ਹੋਰ ਦਿਲਚਸਪ ਗੱਲ ਇੰਟਰਵਿਊ ਦੌਰਾਨ ਉਭਰ ਕੇ ਸਾਹਮਣੇ ਆਈ, ਜਿਸ ਵਿੱਚ ਸ. ਬਡੂੰਗਰ ਨੇ ਇਹ ਇੰਕਸਾਫ ਕੀਤਾ ਕਿ ਨਿਯੁਕਤੀਆਂ ਵਿੱਚ ਨਾ ਕਦੇ ਵੱਡੇ ਬਾਦਲ ਨੇ, ਨਾ ਛੋਟੇ ਬਾਦਲ ਨੇ ਅਤੇ ਨਾ ਹੀ ਹਰਸਿਮਰਤ ਕੌਰ ਨੇ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਦਖਲਅੰਦਾਜ਼ੀ ਕੀਤੀ ਸੀ| ਜਦੋਂ ਇਹ ਪੁੱਛਿਆ ਗਿਆ ਕਿ ਤੁਹਾਡੇ ਕੁਝ ਨਜ਼ਦੀਕੀ ਰਿਸ਼ਤੇਦਾਰ ਵੀ ਤਾਂ ਇਨ੍ਹਾਂ ਨਿਯੁਕਤੀਆਂ ਵਿੱਚ ਸ਼ਾਮਲ ਹਨ ਤਾਂ ਉਨ੍ਹਾਂ ਨੇ ਆਪਣੀ ਪੋਤ-ਨੂੰਹ ਦਾ ਜਿਕਰ ਕੀਤਾ ਜੋ ਬਕਾਇਦਾ ਮੈਰਿਟ 'ਤੇ ਰੱਖੀ ਗਈ ਸੀ| ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਜਿਹੜੀ 3 ਮੈਂਬਰੀ ਪੜਤਾਲੀਆ ਕਮੇਟੀ ਨਿਯੁਕਤੀਆਂ ਦੀ ਘੋਖ ਪੜਤਾਲ ਕਰਨ ਲਈ ਬਣਾਈ ਗਈ ਸੀ, 'ਉਨ੍ਹਾਂ ਨੂੰ ਨਾ ਤਾਂ ਸਿੱਖ ਗੁਰਦਵਾਰਾ ਐਕਟ 1925 ਦੀ ਕੋਈ ਸਮਝ ਹੈ ਅਤੇ ਨਾ ਹੀ ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਵੱਲੋਂ ਪਾਸ ਕੀਤੇ ਮਤਿਆਂ ਦੀ ਜਾਣਕਾਰੀ ਹੈ| ਉਹ ਕਈ ਵਾਰ ਬਹੁਤ ਹੀ ਭੁਲੇਖਾ ਪਾਊ ਅਤੇ ਤੱਥਾਂ ਤੋਂ ਉਲਟ ਬਿਆਨਬਾਜ਼ੀ ਕਰ ਰਹੇ ਹਨ ਅਤੇ ਮੇਰੀ ਲੰਮੀ ਪੱਥਕ ਸੇਵਾ ਅਤੇ ਬੇਦਾਗ ਅਕਸ਼ ਨੂੰ ਕਲੰਕਿਤ ਕਰਨ ਲਈ ਹੀ ਸਭ ਕੁਝ ਕੀਤਾ ਜਾ ਰਿਹਾ ਹੈ| ਜੋ ਕਿ ਬਹੁਤ ਹੀ ਮੰਦਭਾਗਾ ਅਤੇ ਪੰਥ ਵਿਰੋਧੀ ਕਾਰਾ ਹੈ|' ਜਦੋਂ ਬਡੂੰਗਰ ਸਾਹਿਬ ਤੋਂ ਪੁੱਛਿਆ ਗਿਆ ਕਿ ਆਖਿਰਕਾਰ ਉਹ ਕਿਹੜੇ ਵਿਅਕਤੀ ਅਤੇ ਤਾਕਤਾਂ ਹਨ, ਜਿਨ੍ਹਾਂ ਨੇ ਇਹ ਨਿਯੁਕਤੀਆਂ ਰੱਦ ਕਰਾਉਣ ਵਿੱਚ ਅਹਿਮ ਰੋਲ ਅਦਾ ਕੀਤਾ ਹੈ, ਤਾਂ ਬਡੂੰਗਰ ਸਾਹਿਬ ਇਸ ਸਵਾਲ ਦਾ ਕੋਈ ਵੀ ਸਪੱਸ਼ਟ ਜਵਾਬ ਨਾ ਦੇ ਸਕੇ| ਪਰ ਭਰੋਸੇਯੋਗ ਸੂਤਰਾਂ ਮੁਤਾਬਕ ਇਹ ਸਾਰੀਆਂ ਨਿਯੁਕਤੀਆਂ ਰੱਦ ਕਰਾਉਣ ਪਿੱਛੇ ਹਰਿਆਣਾ ਦੇ ਇੱਕ ਸ਼੍ਰੋਮਣੀ ਕਮੇਟੀ ਦੇ ਮਹੱਤਵਪੂਰਨ ਅਹੁਦੇਦਾਰ ਦੀ ਸਿਫਾਰਸ਼ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਚੋਟੀ ਦੇ ਇੱਕ ਆਗੂ ਵੱਲੋਂ ਕੀਤੀ ਗਈ ਹੈ| ਹੁਣ ਜਦਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਡਾਇਰੈਕਟੋਰੇਟ ਆਫ ਐਜੂਕੇਸ਼ਨ ਵੱਲੋਂ ਅੱਜ ਕਲਰਕਾਂ, ਡਰਾਈਵਰਾਂ, ਸੇਵਾਦਾਰਾਂ, ਸਫਾਈ-ਸੇਵਕਾਂ ਆਦਿਕ ਦੀਆਂ ਅਸਾਮੀਆਂ ਭਰਨ ਲਈ ਅਖਬਾਰਾਂ ਵਿੱਚ ਇਸ਼ਤਿਹਾਰ ਦਿੱਤੇ ਗਏ ਹਨ ਤਾਂ ਸਵਾਲ ਪੈਦਾ ਹੁੰਦਾ ਹੈ ਕਿ ਕੀ ਫਾਰਗ਼ ਕੀਤੇ ਮੁਲਾਜ਼ਮ ਦੁਬਾਰਾ ਇੰਟਰਵਿਊ ਵਿੱਚ ਸ਼ਾਮਿਲ ਹੋ ਸਕਣਗੇ ਜਾਂ ਨਹੀਂ|
ਸ. ਕਿਰਪਾਲ ਸਿੰਘ ਬਡੂੰਗਰ ਦਾ ਇੱਕ ਦਾਅਵਾ ਤਾਂ ਇਹ ਹੈ ਕਿ ਜਿਹੜੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ, ਉਹ ਗਰੀਬ ਪਰਿਵਾਰਾਂ ਨਾਲ ਸਬੰਧ ਰੱਖਣ ਵਾਲੇ ਅਤਿ ਲੋੜਵੰਦ ਬੱਚੇ ਬੱਚੀਆਂ ਹਨ ਤਾਂ ਕੀ ਇਨ੍ਹਾਂ ਮੁਲਾਜ਼ਮਾਂ ਨੂੰ ਨਵੀਆਂ ਇੰਟਰਵਿਊ ਵਿੱਚ ਹਮਦਰਦੀ ਦੇ ਰੂਪ ਵਿੱਚ ਦੁਬਾਰਾ ਰੱਖਿਆ ਜਾਵੇਗਾ| ਇੱਕ ਹੋਰ ਸਵਾਲ ਵੀ ਬਡੂੰਗਰ ਸਾਹਿਬ ਨੇ ਖੜ੍ਹਾ ਕੀਤਾ ਹੈ ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਡਾਇਰੈਕਟੋਰੇਟ ਆਫ ਐਜੂਕੇਸ਼ਨ ਦੇ ਵਰਤਮਾਨ ਡਾਇਰੈਕਟਰ ਅਤੇ ਡਿਪਟੀ ਡਾਇਰੈਕਟਰ ਦੀਆਂ ਨਿਯੁਕਤੀਆਂ ਵੀ ਉਨ੍ਹਾਂ ਵੱਲੋਂ ਹੀ ਕੀਤੀਆਂ ਗਈਆਂ ਹਨ, ਪਰ ਉਨ੍ਹਾਂ ਨੂੰ ਫਾਰਗ਼ ਕਿਊਂ ਨਹੀਂ ਕੀਤਾ ਗਿਆ? ਉਨ੍ਹਾਂ ਇਹ ਵੀ ਮੰਗ ਕੀਤੀ ਕਿ ਇਨ੍ਹਾਂ ਸਭਨਾਂ ਦੀਆਂ ਤਰੱਕੀਆਂ ਅਤੇ ਨਿਯੁਕਤੀਆਂ ਵੀ ਰੱਦ ਹੋਣੀਆਂ ਚਾਹੀਦੀਆਂ ਹਨ| ਇਹ ਵੀ ਪਤਾ ਲੱਗਾ ਹੈ ਕਿ ਸੇਵਾਦਾਰਾਂ ਦੀਆਂ ਅਸਾਮੀਆਂ ਭਰਨ ਲਈ ਅਖਬਾਰਾਂ ਵਿੱਚ ਕੋਈ ਇਸ਼ਤਿਹਾਰ ਨਹੀਂ ਦਿੱਤਾ ਗਿਆ ਜਦਕਿ ਠੇਕੇ 'ਤੇ ਅਤੇ ਰੈਗੂਲਰ ਮੁਲਾਜ਼ਮਾਂ ਦੀ ਭਰਤੀ ਲਈ ਬਕਾਇਦਾ ਇਸ਼ਤਿਹਾਰ ਦਿੱਤਾ ਗਿਆ ਸੀ|
ਇਸੇ ਦੌਰਾਨ ਦਲ ਖਾਲਸਾ ਦੇ ਆਗੂ ਸ. ਬਲਦੇਵ ਸਿੰਘ ਸਿਰਸਾ ਜਿਨ੍ਹਾਂ ਨੇ ਸ਼੍ਰੋਮਣੀ ਕਮੇਟੀ ਦੇ ਅੰਦਰ ਹੋ ਰਹੀਆਂ ਬੇਨਿਯਮੀਆਂ ਬਾਰੇ ਤੱਥਾਂ ਸਮੇਤ ਕਈ ਵਾਰ ਅਹਿਮ ਇੰਕਸਾਫ ਕੀਤੇ ਹਨ, ਇਸ ਪੱਤਰਕਾਰ ਨੂੰ ਫੋਨ 'ਤੇ ਦੱਸਿਆ ਕਿ ਸਾਰੀਆਂ ਨਿਯੁਕਤੀਆਂ ਗਲਤ ਨਹੀਂ ਸਨ| ਉਨ੍ਹਾਂ ਇਹ ਵੀ ਦੱਸਿਆ ਕਿ ਇਨ੍ਹਾਂ ਭਰਤੀਆਂ ਵਿੱਚ ਭਰੋਸੇਯੋਗ ਸੂਤਰਾਂ ਮੁਤਾਬਕ ਪੈਸੇ ਦਾ ਵੀ ਲੈਣ ਦੇਣ ਹੋਇਆ ਹੈ| ਉਨ੍ਹਾਂ ਕਿਹਾ ਕਿ ਇਸ ਦੀ ਹਾਈਕੋਰਟ ਦੇ ਜੱਜ ਵੱਲੋਂ ਬਕਾਇਦਾ ਜਾਂਚ ਕੀਤੀ ਜਾਣੀ ਚਾਹੀਦੀ ਹੈ ਅਤੇ ਜਿਹੜੇ ਵਿਅਕਤੀ ਮੈਰਿਟ ਦੇ ਅਧਾਰ 'ਤੇ ਯੋਗ ਪਾਏ ਜਾਣ ਉਨ੍ਹਾਂ ਨੂੰ ਦੁਬਾਰਾ ਉਨ੍ਹਾਂ ਦੀਆਂ ਨੌਕਰੀਆਂ 'ਤੇ ਬਹਾਲ ਕੀਤਾ ਜਾਣਾ ਚਾਹੀਦਾ ਹੈ| ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਨਵੇਂ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਅੰਦਰ ਇੰਨੀ ਜੁਰਅਤ ਤੇ ਹੌਸਲਾ ਹੀ ਨਹੀਂ ਕਿ ਉਹ ਪੜਤਾਲੀਆ ਕਮੇਟੀ ਦਾ ਹੁਕਮ ਜਾਰੀ ਕਰ ਦਿੰਦਾ| ਇਸ ਪੜਤਾਲੀਆ ਕਮੇਟੀ ਕਾਇਮ ਕਰਨ ਪਿੱਛੇ ਸਾਫ ਅਤੇ ਸਪੱਸ਼ਟ ਸੁਖਬੀਰ ਸਿੰਘ ਬਾਦਲ ਦਾ ਹੀ ਰੋਲ ਹੈ| ਜਦੋਂ ਮੈਂ ਸ. ਕਿਰਪਾਲ ਸਿੰਘ ਬਡੂੰਗਰ ਨੂੰ ਇਹ ਸਵਾਲ ਕੀਤਾ ਕਿ ਕੀ ਭਰਤੀਆਂ ਵਿੱਚ ਪੈਸਿਆਂ ਦਾ ਲੈਣ ਦੇਣ ਹੋਇਆ ਹੈ ਤਾਂ ਉਨ੍ਹਾਂ ਨੇ ਸਾਫ ਇਨਕਾਰ ਕਰ ਦਿੱਤਾ ਅਤੇ ਜਵਾਬ ਦਿੱਤਾ ਕਿ 6-6 ਹਜ਼ਾਰ 'ਤੇ ਰੱਖੇ ਸੇਵਾਦਾਰ ਜਿਨ੍ਹਾਂ ਦੇ ਪਰਿਵਾਰ ਘੋਰ ਗਰੀਬੀ ਵਿੱਚ ਦਿਨ ਕੱਟੀ ਕਰ ਰਹੇ ਹਨ, ਉਹ ਵਿਚਾਰੇ ਕਿੱਥੋਂ ਪੈਸੇ ਦੇ ਸਕਦੇ ਸਨ| ਉਨ੍ਹਾਂ ਇਹ ਵੀ ਦੱਸਿਆ ਕਿ ਵੱਡੀਆਂ ਅਸਾਮੀਆਂ ਲਈ ਬਕਾਇਦਾ ਇੱਕ ਵਿਧੀ ਵਿਧਾਨ ਹੁੰਦਾ ਹੈ, ਜਿਸ ਵਿੱਚ ਡੀਪੀਆਈ ਦਾ ਨੁਮਾਇੰਦਾ, ਯੂਨੀਵਰਸਿਟੀ ਦੇ ਨੁਮਾਇੰਦੇ ਫੈਸਲਿਆਂ ਵਿੱਚ ਸ਼ਾਮਿਲ ਹੁੰਦੇ ਹਨ| ਇਹੋ ਜਿਹੇ ਮਾਮਲਿਆਂ ਵਿੱਚ ਪੈਸੇ ਦੇ ਲੈਣ ਦੇਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ|
