ਇੱਕੋ ਸੀਟ 'ਤੇ 20 ਸਾਲਾਂ ਤੋਂ ਕੰਮ ਕਰ ਰਿਹਾ ਹੈ ਪੰਚਾਇਤ ਸਕੱਤਰ
ਐਸ.ਏ.ਐਸ. ਨਗਰ, 06 ਅਪ੍ਰੈਲ (ਮਨਜੀਤ ਸਿੰਘ ਟਿਵਾਣਾ) : ਮੋਹਾਲੀ ਜਿਲ੍ਹੇ ਅਧੀਨ ਪੈਂਦੇ ਪਿੰਡ ਚੰਦਪੁਰ ਦੀ ਪੰਜਾਬ ਸਰਕਾਰ ਵੱਲੋਂ ਐਕਵਾਇਰ ਕੀਤੀ ਜਮੀਨ ਦੇ ਲਗਭਗ ਡੇਢ ਤੋਂ ਦੋ ਕਰੋੜ ਰੁਪਏ ਪਿੰਡ ਲਈ ਆਏ ਸਨ ਪਰ ਪਿੰਡ ਵਾਸੀਆਂ ਨੇ ਪੰਚਾਇਤ ਮੈਂਬਰਾਂ 'ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਉਨ੍ਹਾਂ ਵੱਲੋਂ ਪੰਚਾਇਤ ਸਕੱਤਰ ਸੁਰਿੰਦਰ ਪਾਲ ਦੀ ਮਿਲੀ ਭੁਗਤ ਨਾਲ ਇਸ ਪੈਸੇ ਨੂੰ ਪਿੰਡ ਦੇ ਵਿਕਾਸ ਲਈ ਨਾ ਵਰਤ ਕੇ ਆਪਣੇ ਨਿਜੀ ਕੰਮ-ਕਾਰਾਂ ਲਈ ਵਰਤ ਲਏ ਹਨ| ਪਿੰਡ ਵਾਸੀ ਮਿਰਥੀ ਗਿਰ, ਅਸ਼ੋਕ ਕੁਮਾਰ, ਵੇਦ ਪ੍ਰਕਾਸ਼, ਹਰਪਾਲ ਸਿੰਘ, ਤਿਲਕਰਾਜ ਨੰਬਰਦਾਰ ਨੇ ਅੱਜ ਮੋਹਾਲੀ ਪ੍ਰੈਸ ਕਲੱਬ ਵਿੱਚ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਚਾਇਤ ਮੈਂਬਰਾਂ ਵੱਲੋਂ ਪਿੰਡ ਵਿੱਚ ਚਾਰ ਬੋਰ ਖੇਤੀਬਾੜੀ ਲਈ ਕਰਵਾਏ ਗਏ ਸਨ ਜਿਨ੍ਹਾਂ 'ਤੇ ਉਨ੍ਹਾਂ ਵੱਲੋਂ 25 ਲੱਖ ਰੁਪਏ ਦਾ ਖਰਚਾ ਕੀਤਾ ਵਿਖਾਇਆ ਗਿਆ ਹੈ ਜਦੋਂ ਕਿ ਇਹ ਬੋਰ ਕਰਨ ਲਈ ਉਨ੍ਹਾਂ ਕੋਲ ਕਿਸੇ ਅਧਿਕਾਰੀ ਦੀ ਪਰਵਾਨਗੀ ਤਕ ਨਹੀਂ ਸੀ|
ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਦੋ ਬੋਰ 'ਤੇ ਬਣਾਏ ਕੋਠੇ ਜਿਨ੍ਹਾਂ 'ਤੇ ਪੰਚਾਇਤ ਮੈਂਬਰਾਂ ਵੱਲੋਂ 10 ਲੱਖ ਰੁਪਏ ਦਾ ਖਰਚ ਦੱਸਿਆ ਗਿਆ ਹੈ ਪਰ ਉਨ੍ਹਾਂ ਕਿਹਾ ਕਿ ਇੱਕ ਆਮ ਵਿਅਕਤੀ ਪੰਜ ਲੱਖ ਰੁਪਏ ਵਿੱਚ ਆਪਣਾ ਪੂਰਾ ਮਕਾਨ ਬਣਾ ਲੈਂਦਾ ਹੈ, ਪਰ ਪੰਚਾਇਤ ਸਕੱਤਰ ਸੁਰਿੰਦਰਪਾਲ ਅਤੇ ਪੰਚਾਇਤ ਵੱਲੋ ਬਿਨਾਂ ਕਿਸੇ ਡਰ ਤੋ ਪੰਜ ਲੱਖ ਰੁਪਏ ਇੱਕ ਸਾਰ ਦਿਵਾਰਾਂ 'ਤੇ ਲਗਾ ਦਿੱਤਾ ਗਿਆ ਹੈ| ਇਸ ਤੋਂ ਇਲਾਵਾ ਪਿੰਡ ਵਿੱਚ ਬਹੁਤ ਸਾਰੇ ਅਜਿਹੇ ਕੰਮ ਕੀਤੇ ਗਏ ਹਨ ਜਿਨ੍ਹਾਂ ਤੋਂ ਸਾਫ ਪਤਾ ਚਲਦਾ ਹੈ ਕਿ ਕਥਿਤ ਤੌਰ 'ਤੇ ਪੰਚਾਇਤ ਅਤੇ ਪੰਚਾਇਤ ਸਕੱਤਰ ਦੀ ਮਿਲੀਭੁਗਤ ਨਾਲ ਪੈਸਾ ਖੁਰਦ-ਬੁਰਦ ਕੀਤਾ ਗਿਆ ਹੈ| ਉਨ੍ਹਾਂ ਕਿਹਾ ਕਿ ਪਿੰਡ ਦੇ ਵਿਕਾਸ ਕਾਰਜਾਂ 'ਤੇ ਕੋਈ ਪੈਸਾ ਨਹੀਂ ਲਗਾਇਆ ਗਿਆ| ਬੀ ਡੀ ਪੀ ਓ ਬਲਾਕ ਮਾਜਰੀ ਵੱਲੋ ਪਿੰਡ ਦਾ ਦੌਰਾ ਜ਼ਰੂਰ ਕੀਤਾ ਗਿਆ ਸੀ ਪਰ ਵਿਕਾਸ ਕਾਰਜਾਂ ਲਈ ਕੋਈ ਪਹਿਲ ਨਹੀਂ ਕੀਤੀ ਗਈ| ਪਿੰਡ ਵਾਸੀਆਂ ਨੇ ਦੱਸਿਆ ਕਿ ਬੀਡੀਪੀਓ ਬਲਾਕ ਮਾਜਰੀ ਨੇ ਵੀ ਉਨ੍ਹਾਂ ਦੀ ਕਿਸੇ ਦਲੀਲ 'ਤੇ ਕੋਈ ਕਾਰਵਾਈ ਨਹੀਂ ਕੀਤੀ ਅਤੇ ਨਾਲੇ ਬਣਾਉਣ ਸਬੰਧੀ ਬਲਾਕ ਅਫਸਰ ਨੂੰ ਮੌਕਾ ਦਿਖਾਉਣ ਤੋਂ ਬਾਅਦ ਵੀ ਅਜੇ ਤੱਕ ਕੋਈ ਕੰਮ ਨਹੀਂ ਕੀਤਾ ਗਿਆ ਅਤੇ ਇਸ ਤੋਂ ਬਾਅਦ ਵੀ ਗੰਦਗੀ ਅੱਜ ਵੀ ਲੋਕਾਂ ਦੇ ਘਰਾਂ ਅੱਗੇ ਪਈ ਹੈ|
ਇਸੇ ਦੌਰਾਨ ਜਦੋਂ ਇਸ ਸਬੰਧੀ ਬੀਡੀਪੀਓ ਦਿਲਾਵਰ ਕੌਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਇਸ ਮਾਮਲੇ ਸਬੰਧੀ ਡਿਪਟੀ ਡਾਇਰੈਕਟਰ ਵੱਲੋਂ ਜਾਂਚ ਕੀਤੀ ਜਾ ਰਹੀ ਹੈ| ਜਲਦ ਹੀ ਜਾਂਚ ਪੂਰੀ ਹੋਣ 'ਤੇ ਕਾਰਵਾਈ ਕੀਤੀ ਜਾਏਗੀ|
ਪਿੰਡ ਵਾਸੀਆਂ ਨੇ ਇਹ ਦੋਸ਼ ਵੀ ਲਾਇਆ ਕਿ ਕਾਗਜ਼ਾਂ ਵਿੱਚ ਵੱਧ ਖਰਚਾ ਵਿਖਾ ਕੇ ਪੰਚਾਇਤ ਮੈਂਬਰਾਂ ਵੱਲੋਂ ਇਹ ਪੈਸਾ ਆਪਣੇ ਘਰਾਂ ਤੇ ਪਲਾਟਾਂ ਉੱਤੇ ਲਗਾ ਦਿੱਤਾ ਗਿਆ ਹੈ| ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਚੱਲ ਰਹੀ ਮਨਰੇਗਾ ਸਕੀਮ ਵਿੱਚ ਪਿੰਡ ਦੀ ਸਰਪੰਚ ਵੱਲੋਂ ਆਪਣਿਆਂ ਚਹੇਤਿਆਂ ਦੇ ਨਾਂ ਸ਼ਾਮਿਲ ਕੀਤੇ ਗਏ ਹਨ| ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪੰਚਾਇਤ ਸੈਕਟਰੀ ਲਗਭਗ 20 ਸਾਲਾਂ ਤੋਂ ਇੱਕ ਹੀ ਸੀਟ 'ਤੇ ਕੰਮ ਕਰਦਾ ਆ ਰਿਹਾ ਹੈ|
ਪੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਇਨ੍ਹਾਂ ਵੱਲੋਂ ਵਰਤੀ ਗਈ ਰਕਮ ਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ| ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀ ਮੰਗ ਪੂਰੀ ਨਾਂ ਕੀਤੀ ਗਈ ਤਾਂ ਆਉਣ ਵਾਲੇ ਦਿਨਾਂ 'ਚ ਬੀਡੀਪੀਓ ਦਫਤਰ ਦਾ ਘਿਰਾਓ ਕੀਤਾ ਜਾਏਗਾ|
ਇਸ ਸਬੰਧੀ ਪੰਚਾਇਤ ਸਕੱਤਰ ਨਾਲ ਜਦੋਂ ਸੰਪਰਕ ਕੀਤਾ ਗਿਆ ਤਾਂ ਵਾਰ-ਵਾਰ ਫੋਨ ਕਰਨ ਤੋਂ ਬਾਅਦ ਵੀ ਉਨ੍ਹਾਂ ਵੱਲੋਂ ਫੋਨ ਨਹੀਂ ਚੁੱਕਿਆ ਗਿਆ|
ਇਸ ਸਬੰਧੀ ਪਿੰਡ ਦੀ ਸਰਪੰਚ ਪ੍ਰਕਾਸ਼ ਕੌਰ ਨੂੰ ਜਦੋਂ ਫੋਨ ਕੀਤਾ ਗਿਆ ਤਾਂ ਉਨ੍ਹਾਂ ਦਾ ਫੋਨ ਉਸ ਦੇ ਪਤੀ ਮਲਖਾਨ ਨੇ ਚੁੱਕਿਆ ਜਿਨ੍ਹਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਪੈਸੇ ਦਾ ਪੂਰਾ ਰਿਕਾਰਡ ਪਿਆ ਹੈ, ਉਹ ਜਦੋਂ ਮਰਜੀ ਆ ਕੇ ਵੇਖ ਸਕਦੇ ਹਨ|