ਬਾਬਾ ਸਰਬਜੋਤ ਸਿੰਘ ਅਤੇ ਭਾਈ ਰਣਜੀਤ ਸਿੰਘ ਨਵੀਂ ਜਥੇਬੰਦੀ ਦੇ ਰੂਹੇ-ਰਵਾਂ ਹੋਣਗੇ
ਚੰਡੀਗੜ੍ਹ, 12 ਅਪ੍ਰੈਲ : ਪੰਥਕ ਰਾਜਨੀਤੀ ਨੇ ਅੱਜ ਉਸ ਸਮੇਂ ਨਵਾਂ ਮੌੜ ਲੈ ਲਿਆ ਜਦੋਂ ਸਿੱਖ ਰਾਜਨੀਤੀ ਦੇ ਧਾਰਮਿਕ ਪਹਿਲੂ ਨੂੰ ਅਕਾਲ ਤਖਤ ਸਾਹਿਬ ਦੇ ਮਰਿਆਦਾ ਮੁਤਾਬਿਕ ਪੱਕੇ ਪੈਰਾਂ 'ਤੇ ਸਥਾਪਿਤ ਕਰਨ ਲਈ ਅਤੇ ਸਿੱਖਾਂ ਦੇ ਦਿਲਾਂ ਦਾ ਹਿੱਸਾ ਬਣਾਉਣ ਲਈ 'ਪੰਥਕ ਅਕਾਲੀ ਲਹਿਰ' ਨਾਂਅ ਦੀ ਨਵੀਂ ਜਥੇਬੰਦੀ ਦਾ ਐਲਾਨ ਕੀਤਾ ਗਿਆ| ਇਸ ਲਹਿਰ ਦਾ ਪ੍ਰਤੱਖ ਮਨੋਰਥ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਜਾਣੀ ਜਾਂਦੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜ ਕੇ ਇਸ ਸੰਸਥਾ ਅੰਦਰ ਅਜਿਹੇ ਸੱਚੇ-ਸੁੱਚੇ ਅਤੇ ਸੂਝਬੂਝ ਵਾਲੇ ਉਮੀਦਵਾਰਾਂ ਨੂੰ ਜਿਤਾ ਕੇ ਸਾਹਮਣੇ ਲਿਆਂਦਾ ਜਾਏਗਾ ਤਾਂ ਜੋ ਸਿੱਖਾਂ ਦੇ ਧਾਰਮਿਕ ਤਰਜ਼ੇ-ਜ਼ਿੰਦਗੀ ਵਿੱਚ ਇੱਕ ਨਵੀਂ ਰੂਹ ਫੂਕੀ ਜਾ ਸਕੇ| ਇਥੇ ਇਹ ਚੇਤੇ ਕਰਾਇਆ ਜਾਂਦਾ ਹੈ ਕਿ ਇਸ ਸਮੇਂ ਹਾਲਤ ਇਹ ਬਣੀ ਹੋਈ ਹੈ ਕਿ ਬਾਦਲ ਪਰਿਵਾਰ ਨੇ ਮੁਕੰਮਲ ਰੂਪ ਵਿੱਚ ਇਸ ਸੰਸਥਾ ਉਪਰ ਕਬਜ਼ਾ ਕੀਤਾ ਹੋਇਆ ਹੈ ਅਤੇ ਇਥੇ ਇਹੋ ਜਿਹੇ ਗੈਰ-ਸਿਧਾਂਤਕ ਅਤੇ ਹਾਸੋ-ਹੀਣੇ ਫੈਸਲੇ ਹੁੰਦੇ ਰਹੇ ਹਨ ਅਤੇ ਹੋ ਰਹੇ ਹਨ, ਜਿਸ ਨਾਲ ਅੰਤਰਰਾਸ਼ਟਰੀ ਪੱਧਰ ਉਤੇ ਸਿੱਖਾਂ ਵਿੱਚ ਭਾਰੀ ਰੋਸ ਪਾਇਆ ਜਾਂਦਾ ਹੈ| ਹਾਲ ਵਿੱਚ ਹੀ 'ਨਾਨਕ ਸ਼ਾਹ ਫਕੀਰ' ਫਿਲਮ ਬਾਰੇ ਜਿਵੇਂ ਅਕਾਲ ਤਖਤ ਦੇ ਜਥੇਦਾਰ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਫਿਲਮ ਦੇ ਪ੍ਰੋਡਿਊਸਰ ਨੂੰ ਬਿਨਾਂ ਸੋਚੇ ਸਮਝੇ ਫਿਲਮ ਬਾਰੇ ਪ੍ਰਸ਼ੰਸਾ ਪੱਤਰ ਵੀ ਜਾਰੀ ਕਰ ਦਿੱਤਾ ਪਰ ਜਦੋਂ ਸਿੱਖ ਪੰਥ ਵਿੱਚ ਭਾਰੀ ਰੋਸ ਅਤੇ ਗੁੱਸਾ ਪੈਦਾ ਹੋਇਆ ਤਾਂ ਉਸ ਦਬਾਅ ਅਧੀਨ ਇਨ੍ਹਾਂ ਨੂੰ ਇਹ ਫੈਸਲਾ ਵਾਪਸ ਲੈਣ ਲਈ ਮਜਬੂਰ ਹੋਣਾ ਪਿਆ| ਇਸ ਲਈ ਸਮੁੱਖੀ ਸਿੱਖ ਕੌਮ ਚਾਹੁੰਦੀ ਹੈ ਕਿ ਸ਼੍ਰੋਮਣੀ ਕਮੇਟੀ ਦੇ ਅੰਦਰੂਨੀ ਪ੍ਰਬੰਧ ਵਿੱਚ ਬੁਨਿਆਦੀ ਤਬਦੀਲੀਆਂ ਲਿਆਂਦੀਆਂ ਜਾਣ|
ਇਥੇ ਇਹ ਵੀ ਚੇਤੇ ਕਰਾਇਆ ਜਾਂਦਾ ਹੈ ਕਿ ਇਸ ਨਵੀਂ ਜਥੇਬੰਦੀ ਨੂੰ ਦੋ ਉੱਘੀਆਂ ਹਸਤੀਆਂ- ਬਾਬਾ ਸਰਬਜੋਤ ਸਿੰਘ ਸਿੰਘ ਅਤੇ ਭਾਈ ਰਣਜੀਤ ਸਿੰਘ ਦੀ ਅਗਵਾਈ ਹਾਸਲ ਹੋਏਗੀ| ਬਾਬਾ ਸਰਬਜੋਤ ਸਿੰਘ ਨੂੰ ਖਾਲਸਾ ਪੰਥ ਦੇ ਤਮਾਮ ਹਲਕਿਆਂ ਵਿੱਚ ਗੁਰੂ ਨਾਨਕ ਸਾਹਿਬ ਦੀ ਅੰਸ਼ ਹੋਣ ਕਾਰਨ ਬੜੇ ਸਤਿਕਾਰ ਨਾਲ ਦੇਖਿਆ ਜਾਂਦਾ ਹੈ ਜਦਕਿ ਭਾਈ ਰਣਜੀਤ ਸਿੰਘ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਰਹਿ ਚੁੱਕੇ ਹਨ ਅਤੇ ਸੰਕਟ ਦੇ ਇੱਕ ਦੌਰ ਵਿੱਚ ਉਨ੍ਹਾਂ ਦੀਆਂ ਪੰਥਕ ਸੇਵਾਵਾਂ, ਰੋਲ ਅਤੇ ਭਾਰੀ ਕੁਰਬਾਨੀ ਕਾਰਨ ਸਿੱਖ ਹਲਕਿਆਂ ਵਿੱਚ ਉਨ੍ਹਾਂ ਦੀ ਵਿਸ਼ੇਸ਼ ਥਾਂ ਬਣੀ ਹੋਈ ਹੈ| ਭਾਈ ਰਣਜੀਤ ਸਿੰਘ ਨਾਲ ਤੁਰਤ ਸੰਪਰਕ ਨਹੀਂ ਹੋ ਸਕਿਆ ਪਰ ਬਾਬਾ ਸਰਬਜੋਤ ਸਿੰਘ ਨੇ ਇੱਕ ਵਿਸ਼ੇਸ਼ ਮੁਲਾਕਾਤ ਵਿੱਚ ਦੱਸਿਆ ਕਿ ਉਹ ਧਾਰਮਿਕ ਖੇਤਰ ਵਿੱਚ ਆਪਣੀਆਂ ਸਰਗਰਮੀਆਂ ਰੱਖਣਗੇ ਤਾਂ ਜੋ ਸ਼੍ਰੋਮਣੀ ਕਮੇਟੀ ਨੂੰ ਅਕਾਲ ਤਖਤ ਦੀਆਂ ਮਹਾਨ ਪਰੰਪਰਾਵਾਂ ਮੁਤਾਬਕ ਅਜ਼ਾਦ ਕੀਤਾ ਜਾ ਸਕੇ| ਇਹ ਦੋਵੇਂ ਹਸਤੀਆਂ ਜ਼ਮੀਨੀ ਪੱਧਰ 'ਤੇ ਵਿਚਰ ਕੇ ਇੱਕ ਅਜਿਹਾ ਸਿਲਸਿਲਾ ਕਾਇਮ ਕਰਨਗੀਆਂ, ਜਿਸ ਵਿੱਚ ਸੂਝਬੂਝ ਵਾਲੇ ਵਿਅਕਤੀਆਂ ਦੀ ਸ਼ਨਾਖਤ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਜਥੇਬੰਦੀ ਵਿੱਚ ਸ਼ਾਮਲ ਕੀਤਾ ਜਾਵੇਗਾ| ਇੱਕ ਵਿਸ਼ੇਸ਼ ਪ੍ਰੋਗਰਾਮ ਮੁਤਾਬਕ ਉਹ ਦਲਿਤ ਬਰਾਦਰੀ ਨੂੰ ਵੀ ਲਾਮਬੰਦ ਕਰਨਾ ਚਾਹੁੰਦੇ ਹਨ ਜੋ ਹੌਲੀ ਹੌਲੀ ਸਿੱਖ ਪੰਥ ਤੋਂ ਦੂਰ ਹੁੰਦੇ ਜਾ ਰਹੇ ਹਨ| ਜਥੇਬੰਦੀ ਦੇ ਘੇਰੇ ਨੂੰ ਵਿਸ਼ਾਲ ਕਰਨ ਲਈ ਬਕਾਇਦਾ ਇੱਕ ਦਫਤਰ ਕਾਇਮ ਕੀਤਾ ਗਿਆ ਹੈ ਅਤੇ ਸੋਸ਼ਲ ਮੀਡੀਆ ਵਿੱਚ ਆਪਣਾ ਪ੍ਰਭਾਵ ਕਾਇਮ ਕਰਨ ਲਈ ਇੱਕ ਵੈਬਸਾਈਟ ਕਾਇਮ ਕੀਤੀ ਜਾਵੇਗੀ ਜੋ ਦੁਨੀਆ ਭਰ ਵਿੱਚ ਫੈਲੇ ਨੌਜਵਾਨਾਂ ਨਾਲ ਸੰਪਰਕ ਕਰੇਗੀ ਅਤੇ ਉਨ੍ਹਾਂ ਕੋਲੋਂ ਸੁਝਾਅ ਹਾਸਲ ਕਰੇਗੀ|
ਅਜੇ ਤੱਕ ਇਹ ਨਹੀਂ ਪਤਾ ਲੱਗ ਸਕਿਆ ਕਿ ਜਥੇਬੰਦੀ ਦੀ ਸੰਤ ਸੰਪ੍ਰਦਾਵਾਂ ਦਾ ਸਹਿਯੋਗ ਹਾਸਲ ਕਰਨ ਲਈ ਕਿਸ ਤਰ੍ਹਾਂ ਦੀ ਰਣਨੀਤੀ ਹੋਵੇਗੀ| ਇਸ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਬਾਬਾ ਸਰਬਜੋਤ ਸਿੰਘ ਦਾ ਬਹੁਤ ਸਾਰੀਆਂ ਸੰਤ ਸੰਪ੍ਰਦਾਵਾਂ ਨਾਲ ਨੇੜਲਾ ਸੰਪਰਕ ਹੈ ਅਤੇ ਉਨ੍ਹਾਂ ਦੀ ਸ਼ਖਸੀਅਤ ਦਾ ਇਨ੍ਹਾਂ ਸੰਪ੍ਰਦਾਵਾਂ ਵਿੱਚ ਇੱਕ ਪ੍ਰਭਾਵ ਵੀ ਹੈ ਪਰ ਕੁਝ ਅਜਿਹੀਆਂ ਸੰਪ੍ਰਦਾਵਾਂ ਵੀ ਹਨ ਜੋ ਬਾਦਲ ਦਲ ਦੇ ਸਿੱਧੇ ਜਾਂ ਅਸਿੱਧੇ ਪ੍ਰਭਾਵ ਹੇਠ ਚੱਲ ਰਹੀਆਂ ਹਨ| ਕੀ ਉਨ੍ਹਾਂ ਨੂੰ ਨਵੀਂ ਜਥੇਬੰਦੀ ਦੀ ਛਤਰ-ਛਾਇਆ ਹੇਠ ਲਿਆਂਦਾ ਜਾ ਸਕੇਗਾ, ਇਹ ਭਾਈ ਰਣਜੀਤ ਸਿੰਘ ਅਤੇ ਬਾਬਾ ਸਰਬਜੋਤ ਸਿੰਘ ਲਈ ਵੱਡੀ ਸਮੱਸਿਆ ਹੋਵੇਗੀ| ਅਜੇ ਤੱਕ ਦਲ ਖਾਲਸਾ ਅਤੇ ਅਕਾਲੀ ਦਲ (ਅ) ਦੀ ਇਸ ਨਵੀਂ ਜਥੇਬੰਦੀ ਬਾਰੇ ਪਹੁੰਚ ਅਤੇ ਪ੍ਰਤੀਕ੍ਰਿਆ ਦਾ ਪਤਾ ਨਹੀਂ ਲੱਗ ਸਕਿਆ| ਪਰ ਇੱਕ ਗੱਲ ਸਪੱਸ਼ਟ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਖਾਲਸਾ ਪੰਥ ਦੀਆਂ ਧਿਰਾਂ ਵਿੱਚ ਇੱਕ ਵੱਡੀ ਸਰਗਰਮੀ ਅਤੇ ਹਿਲਜੁਲ ਸ਼ੁਰੂ ਹੋਏਗੀ ਅਤੇ ਇਹ ਜਥੇਬੰਦੀ ਕੀ ਉਨ੍ਹਾਂ ਸਾਰੀਆਂ ਧਿਰਾਂ ਨੂੰ ਆਪਣੇ ਵਿੱਚ ਸ਼ਾਮਿਲ ਕਰਨ ਵਾਸਤੇ ਵੱਡੀ ਖੁੱਲ੍ਹਦਿਲੀ ਅਤੇ ਲਚਕ ਵਿਖਾਏਗੀ, ਇਹ ਸਮਾਂ ਹੀ ਦੱਸੇਗਾ|
ਕਰਮਜੀਤ ਸਿੰਘ
99150-91063