‘ਨਾਨਕ ਸ਼ਾਹ ਫਕੀਰ’ ਦਾ ਨਾਂਅ ‘ਸਤਿਆਰਥ ਪ੍ਰਕਾਸ਼’ ਵਿੱਚੋਂ ਲਿਆ ਗਿਆ : ਗੁਰਤੇਜ ਸਿੰਘ

ਸ਼ਬਦ-ਗੁਰੂ ਟਾਈਮ ਤੇ ਸਪੇਸ ਤੋਂ ਉਪਰ ਹੈ, ਇਸ ਦਾ ਕੋਈ ਰੰਗ-ਰੂਪ ਨਹੀਂ : ਗੁਰਦਰਸ਼ਨ ਸਿੰਘ ਢਿੱਲੋਂ
ਅਕਾਲ ਤਖਤ ਨੂੰ ਅਜ਼ਾਦ ਕੀਤਾ ਜਾਵੇ : ਬਾਬਾ ਸਰਬਜੋਤ ਸਿੰਘ
ਬਾਦਲ ਦਾ ਸਿੱਖੀ ਦੀ ਅੰਤਰੀਵ ਰੂਹ ਨਾਲ ਦੂਰ ਦਾ ਵੀ ਵਾਸਤਾ ਨਹੀਂ : ਦਿਲਮੇਘ ਸਿੰਘ
ਬੰਦਿਆਂ ਦੀ ਥਾਂ ਗੁਰੂ-ਪੰਥ ਤੇ ਗੁਰੂ-ਗ੍ਰੰਥ ਤੋਂ ਸੇਧ ਲਓ : ਪੰਜੋਲੀ
ਸਿੱਖ ਪੰਥ ਨੂੰ ਥਿੰਕ-ਟੈਂਕ ਦੀ ਲੋੜ : ਡਾ. ਸੁਖਦਿਆਲ ਸਿੰਘ
ਬਾਦਲਾਂ ਦਾ ਸਾਰਥਕ ਬਦਲ ਲੱਭਣ ਦੀ ਲੋੜ : ਪ੍ਰੋ. ਮਨਜੀਤ ਸਿੰਘ
ਅਜੋਕਾ ਦੌਰ ਅੱਜ ਵੀ ਫਿਰ 'ਇੱਕੋ ਮਹੰਤ' ਦਾ ਦੌਰ ਹੈ : ਹਰਪਾਲ ਸਿੰਘ ਪੰਨੂੰ

ਚੰਡੀਗੜ੍ਹ, 14 ਅਪ੍ਰੈਲ : ਵਿਵਾਦਗ੍ਰਸਤ ਫਿਲਮ 'ਨਾਨਕ ਸ਼ਾਹ ਫਕੀਰ' ਬਾਰੇ ਉੱਘੇ ਵਿਦਵਾਨਾਂ, ਇਤਿਹਾਸਕਾਰਾਂ ਅਤੇ 'ਐਨੀਮੇਸ਼ਨ' ਤਕਨੀਕ ਦੇ ਮਾਹਰਾਂ ਨੂੰ ਨਜ਼ਰਅੰਦਾਜ਼ ਕਰਨ ਦੇ ਦਿਸਦੇ ਤੇ ਅਣਦਿਸਦੇ ਕਾਰਨਾਂ ਦਾ ਪਤਾ ਲਾਉਣ ਲਈ ਅੱਜ ਜਦੋਂ ਮੈਂ ਖਾਲਸਾ ਪੰਥ ਦੀਆਂ ਉੱਘੀਆਂ ਹਸਤੀਆਂ ਦੇ ਵਿਚਾਰ ਜਾਨਣ ਲਈ ਉਨ੍ਹਾਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਵੱਲੋਂ ਕੀਤੀਆਂ ਟਿੱਪਣੀਆਂ ਵਿੱਚ ਗੁੱਸਾ ਅਤੇ ਰੋਸ ਤਾਂ ਸਾਂਝਾ ਅਤੇ ਸਿਖਰ 'ਤੇ ਸੀ ਪਰ ਨਾਲ ਹੀ ਉਨ੍ਹਾਂ ਵੱਲੋਂ ਸਿੱਖ ਮਸਲਿਆਂ 'ਤੇ ਸੁਝਾਅ ਵੀ ਦਿੱਤੇ ਗਏ| ਇੱਕ ਗੱਲ ਸਪੱਸ਼ਟ ਸੀ ਕਿ ਸਾਰੇ ਵਿਦਵਾਨ ਆਪਣੇ ਆਪਣੇ ਢੰਗ ਤਰੀਕੇ, ਸਲੀਕੇ ਅਤੇ ਅੰਦਾਜ਼ ਵਿੱਚ ਇਸ ਸੱਚਾਈ ਨੂੰ ਸਵੀਕਾਰ ਕਰਦੇ ਸਨ ਕਿ ਵੱਡੇ ਅਤੇ ਛੋਟੇ ਬਾਦਲ ਨੇ ਜਿਵੇਂ ਸਿੱਖਾਂ ਦੀਆਂ ਮਹਾਨ ਸੰਸਥਾਵਾਂ ਨੂੰ ਰੋਲ ਕੇ ਰੱਖ ਦਿੱਤਾ ਹੈ, ਸਿੱਖੀ ਸਿਧਾਂਤਾਂ ਨੂੰ ਜਿਵੇਂ ਬਰਬਾਦ ਕੀਤਾ ਹੈ, ਉਸ ਤੋਂ ਹੁਣ ਸਮੁੱਚੀ ਸਿੱਖ ਕੌਮ ਨੂੰ ਰਲ ਕੇ ਕੋਈ ਸਾਰਥਕ ਬਦਲ ਸਥਾਪਿਤ ਕਰਨ ਲਈ ਪੁਰਜ਼ੋਰ ਤੇ ਸੰਜੀਦਾ ਯਤਨ ਕਰਨੇ ਚਾਹੀਦੇ ਹਨ, ਨਹੀਂ ਤਾਂ ਇਤਿਹਾਸ ਸਾਨੂੰ ਕਦੇ ਵੀ ਮੁਆਫ ਨਹੀਂ ਕਰੇਗਾ|
ਜਿਨ੍ਹਾਂ ਵਿਦਵਾਨਾਂ ਨਾਲ ਸੰਪਰਕ ਕਰ ਕੇ ਵਿਚਾਰ ਜਾਨਣੇ ਚਾਹੇ, ਉਨ੍ਹਾਂ ਵਿੱਚ ਅਕਾਲ ਤਖਤ ਦੇ ਸਾਬਕਾ ਜਥੇਦਾਰ ਪ੍ਰੋ. ਮਨਜੀਤ ਸਿੰਘ, ਗੁਰੂ ਨਾਨਕ ਸਾਹਿਬ ਦੀ ਅੰਸ਼ ਵਿੱਚ ਸਤਿਕਾਰੇ ਜਾਣ ਵਾਲੀ ਹਸਤੀ ਬਾਬਾ ਸਰਬਜੋਤ ਸਿੰਘ, ਸਿੱਖ ਇਤਿਹਾਸਕਾਰ ਡਾ. ਗੁਰਦਰਸ਼ਨ ਸਿੱਘ ਢਿੱਲੋਂ, ਸ. ਗੁਰਤੇਜ ਸਿੰਘ ਆਈ ਏ ਐਸ, ਡਾ. ਸੁਖਦਿਆਲ ਸਿੰਘ, ਰਾਜਨੀਤੀ ਵਿਗਿਆਨ ਦੇ ਉੱਘੇ ਸਿੱਖ ਵਿਦਵਾਨ ਡਾ. ਕੇਹਰ ਸਿੰਘ, ਪੰਜਾਬੀ ਯੂਨੀਵਰਸਿਟੀ ਵਿੱਚ ਗੁਰੂ ਗ੍ਰੰਥ ਸਾਹਿਬ ਵਿਭਾਗ ਦੇ ਮੁਖੀ ਡਾ. ਸਰਬਇੰਦਰ ਸਿੰਘ, ਸਾਬਕਾ ਮੁਖੀ ਡਾ. ਬਲਕਾਰ ਸਿੰਘ, ਪੰਜਾਬੀ ਯੂਨੀਵਰਸਿਟੀ ਵਿੱਚ ਗੁਰੂ ਗੋਬਿੰਦ ਸਿੰਘ ਭਵਨ ਵਿਖੇ ਧਾਰਮਿਕ ਅਧਿਐਨ ਵਿਭਾਗ ਦੇ ਸਾਬਕਾ ਮੁਖੀ ਅਤੇ ਡੀਨ ਡਾ. ਹਰਪਾਲ ਸਿੰਘ ਪੰਨੂ, ਸ਼੍ਰੋਮਣੀ ਕਮੇਟੀ ਵਿੱਚ ਉੱਚੇ ਅਹੁਦਿਆਂ 'ਤੇ ਰਹੇ ਸ. ਦਿਲਮੇਘ ਸਿੰਘ ਅਤੇ ਸ. ਸੁਖਦੇਵ ਸਿੰਘ ਭੌਰ, ਸਿੱਖ ਮਸਲਿਆਂ ਬਾਰੇ ਸਿਧਾਂਤਕ ਪਹਿਲੂ ਤੋਂ ਬੇਬਾਕ ਰਾਇ ਰੱਖਣ ਵਾਲੇ ਕਰਨੈਲ ਸਿੰਘ ਪੰਜੋਲੀ ਸ਼ਾਮਿਲ ਸਨ| ਸਿੱਖ ਇਤਿਹਾਸਕਾਰ ਡਾ. ਕਿਰਪਾਲ ਸਿੰਘ, ਡਾ. ਗੁਰਦਰਸ਼ਨ ਸਿੰਘ ਗਰੇਵਾਲ ਅਤੇ ਡਾ. ਪਿਰਥੀਪਾਲ ਸਿੰਘ ਕਪੂਰ ਅਤੇ ਕਿਰਨਜੋਤ ਕੌਰ ਨਾਲ ਸੰਪਰਕ ਨਹੀਂ ਹੋ ਸਕਿਆ ਜਦਕਿ ਅਖੰਡ ਕੀਰਤਨੀ ਜਥੇ ਦੇ ਮੁਖੀ ਆਰ.ਪੀ. ਸਿੰਘ ਅਤੇ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੂੰ ਫੋਨ ਕੀਤੇ ਗਏ ਪਰ ਉਨ੍ਹਾਂ ਵੱਲੋਂ ਕੋਈ ਜਵਾਬ ਨਹੀਂ ਮਿਲ ਸਕਿਆ|
ਪ੍ਰੋ. ਮਨਜੀਤ ਸਿੰਘ ਦਾ ਕਹਿਣਾ ਸੀ ਕਿ ਹਾਲ ਵਿੱਚ ਹੀ ਜਦੋਂ ਉਹ ਇੰਗਲੈਂਡ ਵਿੱਚ ਸਨ ਤਾਂ ਸਿੱਖ ਨੌਜਵਾਨ ਬੱਚੇ ਬੱਚੀਆਂ ਵਿੱਚ ਪੰਥ ਦੀ ਅਜੋਕੀ ਹਾਲਤ ਬਾਰੇ ਜਿਥੇ ਭਾਰੀ ਨਿਰਾਸ਼ਤਾ ਸੀ ਉਥੇ ਉਹ ਮਸਲੇ ਦੇ ਹੱਲ ਵੀ ਜਾਨਣਾ ਚਾਹੁੰਦੇ ਸਨ| ਉਨ੍ਹਾਂ ਕਿਹਾ ਕਿ ਅਸੀਂ ਰਸਾਤਲ ਦੀ ਸਿਖਰ ਵੱਲ ਪਹੁੰਚ ਗਏ ਹਾਂ| ਹੁਣ ਸਾਨੂੰ ਇਕੱਠੇ ਹੋ ਕੇ ਕੋਈ ਵੱਡਾ ਬਦਲ ਲੱਭਣਾ ਚਾਹੀਦਾ ਹੈ| ਬਾਬਾ ਸਰਬਜੋਤ ਸਿੰਘ ਦਾ ਵਿਚਾਰ ਸੀ ਕਿ ਜਦੋਂ ਤੱਕ ਅਕਾਲ ਤਖਤ ਅਜ਼ਾਦ ਨਹੀਂ ਹੁੰਦਾ ਉਦੋਂ ਤੱਕ ਅਸੀਂ ਕਿਸੇ ਸਾਂਝੇ ਹੱਲ 'ਤੇ ਨਹੀਂ ਪਹੁੰਚ ਸਕਦੇ| ਸਭ ਤੋਂ ਪਹਿਲਾਂ ਸਾਨੂੰ ਸ਼੍ਰੋਮਣੀ ਕਮੇਟੀ ਵੱਲ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਵੱਡੀਆਂ ਸ਼ਖਸੀਅਤਾਂ ਚੁਣ ਕੇ ਇਸ ਸੰਸਥਾ ਵਿੱਚ ਆਉਣ ਅਤੇ ਅਕਾਲ ਤਖਤ ਸਾਹਿਬ ਦੇ ਵਰਤਮਾਨ ਢਾਂਚੇ ਵਿੱਚ ਇਨਕਲਾਬੀ ਤਬਦੀਲੀਆਂ ਲਈ ਠੋਸ ਪ੍ਰੋਗਰਾਮ ਨੂੰ ਅਮਲ ਵਿੱਚ ਲਿਆਂਦਾ ਜਾਏ| ਡਾ. ਗੁਰਦਰਸ਼ਨ ਸਿੰਘ ਢਿੱਲੋਂ ਨੇ ਸਿੱਖ ਧਰਮ ਨੂੰ ਦਾਰਸ਼ਨਿਕ ਨਜ਼ਰੀਏ ਤੋਂ ਪੇਸ਼ ਕਰਦਿਆਂ ਦੱਸਿਆ ਕਿ ਸਾਡੇ ਧਰਮ ਵਿੱਚ 'ਸ਼ਬਦ-ਗੁਰੂ' ਦਾ ਪਵਿੱਤਰ ਸਿਧਾਂਤ ਕੇਂਦਰ ਵਿੱਚ ਹੈ ਜਿਸ ਦਾ ਕੋਈ ਰੰਗ ਰੂਪ ਜਾਂ ਅਕਾਰ ਨਹੀਂ ਹੈ| ਉਸ ਨੂੰ ਪਰਦੇ ਉਤੇ ਨਹੀਂ ਲਿਆਂਦਾ ਜਾ ਸਕਦਾ| ਉਸ ਦੀ ਕੋਈ ਡਾਇਮੈਨਸ਼ਨ ਨਹੀਂ ਹੈ| ਇਹ ਗੱਲਾਂ ਗੁਰੂ ਗ੍ਰੰਥ ਸਾਹਿਬ ਵਿੱਚ ਸਪੱਸ਼ਟ ਕੀਤੀਆਂ ਗਈਆਂ ਹਨ| ਉਨ੍ਹਾਂ ਨੇ ਇਸਲਾਮ ਦੇ ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਦੀ ਬੇਟੀ ਦੀ ਮਿਸਾਲ ਦਿੱਤੀ ਕਿ ਜਦੋਂ ਉਸ ਨੂੰ ਪੁੱਛਿਆ ਗਿਆ ਕਿ ਤੁਸੀਂ ਪੈਗੰਬਰ ਦੇ ਦਰਸ਼ਨ ਕੀਤੇ ਹਨ ਤਾਂ ਦੱਸੋ ਕਿ ਉਹ ਕਿਹੋ ਜਿਹੇ ਸਨ ਤਾਂ ਉਸ ਨੇ ਜਵਾਬ ਦਿੱਤਾ ਕਿ ਹਾਂ ਮੈਂ ਦੇਖਿਆ ਹੈ ਅਤੇ ਫੇਰ ਇਹ ਕਹਿ ਕੇ ਉਸਨੇ ਪਵਿੱਤਰ ਕੁਰਾਨ 'ਤੇ ਹੱਥ ਰੱਖ ਦਿੱਤਾ ਤੇ ਕਿਹਾ ਕਿ ਉਹ ਇਹੋ ਜਿਹੇ ਸਨ| ਡਾ. ਗੁਰਦਰਸ਼ਨ ਸਿੰਘ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਬਾਰੇ ਪੰਚਮ ਪਾਤਸ਼ਾਹ ਨੇ ਕਿਹਾ ਸੀ ਕਿ 'ਪੋਥੀ ਪਰਮੇਸ਼ਰ ਕਾ ਥਾਨ' ਹੈ| ਇਹ ਟਾਈਮ ਤੇ ਸਪੇਸ ਤੋਂ ਉਪਰ ਹੈ| ਇਸਦਾ ਕੋਈ ਰੰਗ ਰੂਪ, ਕੱਦ-ਕਾਠ ਨਹੀਂ ਹੈ| ਅੱਜ ਇਸੇ ਸਿਧਾਂਤ ਨੂੰ ਖਤਮ ਕਰਨ ਦੀ ਸਾਜ਼ਿਸ ਹੈ| ਉਨ੍ਹਾਂ ਇਹ ਵੀ ਕਿਹਾ ਕਿ 'ਨਾਨਕ ਸ਼ਾਹ ਫਕੀਰ' ਫਿਲਮ ਦਾ ਨਾਂਅ ਹੀ ਬੇਹੂਦਾ ਹੈ ਕਿਉਂਕਿ ਗੁਰੂ ਨਾਨਕ ਸਾਹਿਬ ਤਾਂ ਪਾਤਸ਼ਾਹਾਂ ਦੇ ਪਾਤਸ਼ਾਹ ਸੀ ਪਰ ਫਿਲਮ ਦੇ ਪ੍ਰੋਡਿਊਸਰ ਨੇ ਉਨ੍ਹਾਂ ਨੂੰ ਫਕੀਰ ਬਣਾ ਕੇ ਰੱਖ ਦਿੱਤਾ| ਉਨ੍ਹਾਂ ਕਿਹਾ ਕਿ ਇਹ ਅਸਿੱਧੇ ਰੂਪ ਵਿੱਚ ਸਿੱਖ ਪ੍ਰਭੂਸੱਤਾ ਦੇ ਸਿਧਾਂਤ ਉਤੇ ਹਮਲਾ ਹੈ| ਡਾ. ਗੁਰਦਰਸ਼ਨ ਸਿੰਘ ਢਿੱਲੋਂ ਨੇ ਇੱਕ ਵੱਡਾ ਤਰਕ ਪੇਸ਼ ਕਰਦਿਆਂ ਕਿਹਾ ਕਿ ਜਦੋਂ ਗੁਰੂ ਨਾਨਕ ਸਾਹਿਬ 'ਨਿਰੰਕਾਰ' ਬਣ ਗਏ ਤਾਂ ਦੱਸੋ ਫਿਰ 'ਅਕਾਰ' ਕਿੱਥੇ ਰਹਿ ਗਿਆ? ਜਦੋਂ ਕੋਈ ਅਕਾਰ ਹੀ ਨਹੀਂ ਤਾਂ ਗੁਰੂ ਨਾਨਕ ਸਾਹਿਬ ਨੂੰ ਫਿਲਮ ਵਿੱਚ ਸਰੀਰਕ ਰੂਪ ਵਿੱਚ ਕਿਵੇਂ ਲਿਆਂਦਾ ਜਾ ਸਕਦਾ ਹੈ|
ਇਸੇ ਦੌਰਾਨ ਸਿੱਖ ਵਿਦਵਾਨ ਅਤੇ ਇਤਿਹਾਸਕਾਰ ਸ. ਗੁਰਤੇਜ ਸਿੰਘ ਨੇ ਇਹ ਹੈਰਾਨਕੁੰਨ ਇੰਕਸਾਫ ਕੀਤਾ ਕਿ 'ਨਾਨਕ ਸ਼ਾਹ ਫਕੀਰ' ਦਾ ਨਾਂਅ ਸਵਾਮੀ ਦਯਾਨੰਦ ਦੀ ਪੁਸਤਕ 'ਸਤਿਆਰਥ ਪ੍ਰਕਾਸ਼' ਵਿਚੋਂ ਲਿਆ ਗਿਆ ਹੈ ਜਦਕਿ ਹਰ ਸਿੱਖ ਜਾਣਦਾ ਹੈ ਕਿ ਸਵਾਮੀ ਦਯਾਨੰਦ ਨੇ ਗੁਰੂ ਨਾਨਕ ਸਾਹਿਬ ਬਾਰੇ ਨਿਰਾਦਰ ਭਰੇ ਸ਼ਬਦਾਂ ਦੀ ਵਰਤੋਂ ਕੀਤੀ ਸੀ| ਜਦੋਂ ਸ. ਗੁਰਤੇਜ ਸਿੰਘ ਨੂੰ ਪੁੱਛਿਆ ਗਿਆ ਕਿ ਉਹ ਅਜੋਕੇ ਦੌਰ ਨੂੰ ਕਿਵੇਂ ਵੇਖਦੇ ਹਨ ਤਾਂ ਉਨ੍ਹਾਂ ਨੇ ਜਵਾਬ ਦਿੱਤਾ ਕਿ ਇਹ ਇੱਕ ਤਰ੍ਹਾਂ ਨਾਲ ਮਨੂ ਦਾ ਕਾਲਾ ਦੌਰ ਹੈ ਜਿਸ ਵਿੱਚ ਸਾਡੇ ਉਤੇ 'ਮਨੂੰ ਸਿਮ੍ਰਤੀ' ਦੇ ਨਿਯਮ ਥੋਪਣ ਦੀ ਇੱਕ ਸਾਜ਼ਿਸ ਰਚੀ ਜਾ ਰਹੀ ਹੈ| ਉਨ੍ਹਾਂ ਕਿਹਾ ਕਿ ਇਹ ਇੱਕ 'ਵੱਡੀ ਖੇਡ' ਹੈ, ਜਿਸਦਾ ਜਥੇਦਾਰਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ| ਗੁਰਤੇਜ ਸਿੰਘ ਨੇ ਮੌਜੂਦਾ ਸਿੱਖ ਸਿਆਸਤਦਾਨਾਂ ਉਤੇ ਟਿੱਪਣੀ ਕਰਦਿਆਂ ਕਿਹਾ ਕਿ ਇਨ੍ਹਾਂ ਦਾ ਨਾਅਰਾ ਹੈ ਕਿ ਸਿੱਖੀ ਜਾਏ ਤਾਂ ਜਾਏ ਪਰ ਸਿਆਸੀ ਸੱਤਾ ਨਾ ਜਾਏ| ਪਰ ਉਨ੍ਹਾਂ ਨੇ ਸਿੱਖਾਂ ਵਿੱਚ ਮੌਜੂਦਾ ਰੋਸ ਅਤੇ ਗੁੱਸੇ ਦਾ ਵਿਸ਼ਲੇਸ਼ਣ ਕਰਦਿਆਂ ਇਸ ਰੋਸ ਨੂੰ 'ਕੁਦਰਤੀ ਵਰਤਾਰੇ' ਦਾ ਨਾਂਅ ਦਿੱਤਾ| ਉਨ੍ਹਾਂ ਕਿਹਾ ਕਿ ਮੋੜਾ ਪੈ ਚੁੱਕਿਆ ਹੈ, ਸਿੱਖ ਸਮੂਹਿਕ ਤੌਰ 'ਤੇ ਸਮਝ ਰਹੇ ਹਨ ਕਿ ਇਹ ਸਿੱਖ ਸਿਆਸਤਦਾਨ ਦੁਸ਼ਮਨਾਂ ਤੋਂ ਵੀ ਵੱਧ ਖਤਰਨਾਕ ਸਾਬਤ ਹੋ ਰਹੇ ਹਨ| ਇਹੀ ਕਾਰਨ ਹੈ ਕਿ ਸਿੱਖਾਂ ਨੇ ਸਿਆਣਪ ਵਰਤੀ ਅਤੇ ਅਕਾਲੀ ਪਾਰਟੀ ਨੂੰ ਤੀਜੀ ਥਾਂ 'ਤੇ ਲਿਆ ਸੁੱਟਿਆ ਕਿਉਂਕਿ ਸਿੱਖਾਂ ਨੂੰ ਇਹ ਸਮਝ ਲੱਗ ਗਈ ਸੀ ਕਿ ਗੁਰਮੀਤ ਰਾਮ ਰਹੀਮ ਨੂੰ ਮੁਆਫੀ ਦੇਣ ਬਾਰੇ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਬਾਰੇ ਇਹ ਪਾਰਟੀ ਹੀ ਕਿਸੇ ਨਾ ਕਿਸੇ ਰੂਪ ਵਿੱਚ ਦੋਸ਼ੀ ਹੈ|
ਸਿੱਖ ਇਤਿਹਾਸਕਾਰ ਡਾ. ਸੁਖਦਿਆਲ ਸਿੰਘ ਦਾ ਕਹਿਣਾ ਸੀ ਕਿ ਜਦੋਂ ਖਾਲਸਾ ਪੰਥ ਵਿੱਚ ਕੋਈ ਇੱਕ ਉੱਚੇ ਵਿਚਾਰਾਂ ਦੀ ਸੰਸਥਾ ਹੀ ਮੌਜੂਦ ਨਹੀਂ, ਜਿਸ ਦਾ ਭੈਅ ਸਿਆਸਤਦਾਨਾਂ ਦੀ ਤਰਜ਼ੇ-ਜ਼ਿੰਦਗੀ ਵਿੱਚ ਆਏ ਅਤੇ ਉਹ ਕੋਈ ਵੀ ਗੈਰ-ਸਿਧਾਂਤਕ ਕਦਮ ਪੁੱਟਣ ਤੋਂ ਗੁਰੇਜ਼ ਕਰਨ| ਉਨ੍ਹਾਂ ਕਿਹਾ ਕਿ ਇੱਕ ਸਮਾਂ ਸੀ ਜਦੋਂ 'ਇੰਸਟੀਚਿਊਟ ਆਫ ਸਿੱਖ ਸਟੱਡੀਜ਼' ਵਰਗੀ ਸੰਸਥਾ ਵਿੱਚ ਉੱਘੇ ਲੇਖਕ ਅਤੇ ਵਿਦਵਾਨ ਹੁੰਦੇ ਸਨ ਅਤੇ ਇਸ ਸੰਸਥਾ ਦੀ ਸਿਧਾਂਤਕ ਪਹੁੰਚ ਤੋਂ ਹੁਕਮਰਾਨ ਸਿੱਖ ਸਿਆਸਤਦਾਨ ਵੀ ਇਸ ਸੰਸਥਾ ਦਾ ਭੈਅ ਮੰਨਦੇ ਸਨ ਪਰ ਅੱਜ ਇਹ ਸੰਸਥਾ ਵੀ ਇਸ ਦਿਸ਼ਾ ਵਿੱਚ ਅਮਲ ਵਿੱਚ ਕਿਤੇ ਵੀ ਨਜ਼ਰ ਨਹੀਂ ਆ ਰਹੀ| ਸੁਖਦਿਆਲ ਸਿੰਘ ਨੂੰ ਡਰ ਹੈ ਕਿ ਜਿਵੇਂ ਇਥੇ ਹੁਣ ਤਕੜਾ ਧੜਾ ਸਿਧਾਂਤ ਵਾਲੇ ਬੰਦਿਆਂ ਨੂੰ ਕੁਚਲ ਰਿਹਾ ਹੈ ਤਾਂ ਕਿਸੇ ਸਮੇਂ ਵੀ ਗ੍ਰਹਿ ਯੁੱਧ ਛਿੜ ਸਕਦਾ ਹੈ| ਉਨ੍ਹਾਂ ਕਿਹਾ ਕਿ ਇਸ ਵੇਲੇ ਪੰਜ ਵੀ ਅਜਿਹੇ ਵਿਦਵਾਨ ਨਜ਼ਰ ਨਹੀਂ ਆਉਂਦੇ ਜੋ ਹੌਸਲੇ ਤੇ ਜੁਰਅਤ ਨਾਲ ਸਿੱਖ ਪੰਥ ਦੀ ਅਗਵਾਈ ਲਈ ਅੱਗੇ ਆਉਣ| ਅੱਜ ਫਿਰ ਸੰਤ ਜਰਨੈਲ ਸਿੰਘ ਵਰਗੇ ਸੰਤ ਨੂੰ ਲੋਕ ਯਾਦ ਕਰਦੇ ਹਨ ਜੋ ਹਰ ਸੰਕਟ ਵਿੱਚ ਵਿਦਵਾਨਾਂ ਦੀ ਸਲਾਹ ਲਿਆ ਕਰਦੇ ਸਨ|
ਡਾ. ਬਲਕਾਰ ਸਿੰਘ ਦਾ ਵਿਚਾਰ ਸੀ ਕਿ ਅਸਲ ਵਿੱਚ ਹੁਣ ਸਿੱਖ ਚੇਤੰਨਤਾ ਦਾ ਕੰਮ ਪ੍ਰਬੰਧਕਾਂ ਦੇ ਹੱਥ ਵਿੱਚ ਆ ਗਿਆ ਹੈ| ਸਿੱਖ ਪੰਥ ਦਾ ਆਪਣਾ ਕੋਈ ਏਜੰਡਾ ਨਹੀਂ, ਉਹ ਕਿਸੇ ਹੋਰ ਦੇ ਏਜੰਡੇ ਉਤੇ ਕੰਮ ਕਰ ਰਹੇ ਹਨ| ਗੁਰੂ ਗ੍ਰੰਥ ਸਾਹਿਬ ਵਿਭਾਗ ਦੇ ਚੇਅਰਮੈਨ ਰਹਿ ਚੁੱਕੇ ਇਸ ਵਿਦਵਾਨ ਦਾ ਕਹਿਣਾ ਸੀ ਕਿ ਹੁਣ ਸਿੱਖ 'ਸਪਿਰਟ ਅਤੇ ਵਿਧਾਨਕਤਾ' ਇੱਕ ਟਕਰਾਅ ਦੀ ਸਥਿਤੀ 'ਤੇ ਪਹੁੰਚ ਗਈ ਹੈ|  ਸ. ਦਿਲਮੇਘ ਸਿੰਘ ਦਾ ਵਿਚਾਰ ਸੀ ਕਿ ਸ. ਪ੍ਰਕਾਸ਼ ਸਿੰਘ ਬਾਦਲ ਇਹੋ ਜਿਹੇ ਵਿਅਕਤੀ ਹਨ, ਜਿਨ੍ਹਾਂ ਦਾ ਸਿੱਖ ਧਰਮ ਦੀ ਅੰਤਰੀਵ ਰੂਹ ਅਤੇ ਸਿਧਾਂਤਾਂ ਨਾਲ ਕੋਈ ਦੂਰ ਦਾ ਵੀ ਵਾਸਤਾ ਨਹੀਂ| ਉਨ੍ਹਾਂ ਨੂੰ ਸਿਰਫ ਤੇ ਸਿਰਫ ਸੱਤਾ ਚਾਹੀਦੀ ਹੈ ਅਤੇ ਸੱਤਾ ਲਈ ਉਹ ਸਿੱਖੀ ਸਿਧਾਂਤਾਂ ਨੂੰ ਕੁਰਬਾਨ ਕਰ ਸਕਦੇ ਹਨ ਅਤੇ ਕਰ ਰਹੇ ਹਨ|
ਡਾ. ਹਰਪਾਲ ਸਿੰਘ ਪੰਨੂ ਨੇ ਮੌਜੂਦਾ ਸਥਿਤੀ ਉਤੇ ਇੱਕ ਦਿਲਚਸਪ ਟਿੱਪਣੀ ਕਰਦਿਆਂ ਕਿਹਾ ਕਿ ਅਜੋਕਾ ਦੌਰ ਵੀ ਇੱਕ ਤਰ੍ਹਾਂ ਨਾਲ ਮਹੰਤਾਂ ਦਾ ਦੌਰ ਹੈ| ਫਰਕ ਕੇਵਲ ਇੰਨਾ ਹੈ ਕਿ ਪੁਰਾਣੇ ਮਹੰਤਾਂ ਦੇ ਪਿੱਛੇ ਅੰਗਰੇਜ਼ ਸਰਕਾਰ ਸੀ ਅਤੇ ਹਰ ਗੁਰਦਵਾਰੇ ਉਤੇ ਉਨ੍ਹਾਂ ਦਾ ਕਬਜ਼ਾ ਸੀ ਅਤੇ ਵਪਾਰ ਉਨ੍ਹਾਂ ਦੀ ਮੰਜ਼ਿਲ ਸੀ| ਪਰ ਅੱਜ ਹਾਲਤ ਇਹ ਹੈ ਕਿ ਇੱਕੋ ਮਹੰਤ ਦੇ ਹੱਥ ਵਿੱਚ ਸਾਰੀ ਸ਼੍ਰੋਮਣੀ ਕਮੇਟੀ ਹੈ, ਸਾਰਾ ਅਕਾਲੀ ਦਲ ਹੈ ਅਤੇ ਵਪਾਰ ਉਨ੍ਹਾਂ ਦਾ ਪ੍ਰਮੁੱਖ ਧੰਦਾ ਹੈ| ਉਨ੍ਹਾਂ ਦਾ ਇਸ਼ਾਰਾ ਸਪੱਸ਼ਟ ਬਾਦਲ ਪਰਿਵਾਰ ਵੱਲ ਸੀ| ਉਨ੍ਹਾਂ ਸਵਾਲ ਕੀਤਾ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਕੀ ਕਦੇ ਮੌਜੂਦਾ ਘਟਨਾਵਾਂ 'ਤੇ ਬੋਲੇ ਹਨ? ਉਹ ਨਿਸਲ ਹੋਏ ਬੈਠੇ ਹਨ, ਉਹ ਸਭ ਆਧੁਨਿਕ ਮਹੰਤ ਤੋਂ ਡਰਦੇ ਹਨ| ਉਨ੍ਹਾਂ ਕਿਹਾ ਕਿ ਅਕਾਲ ਤਖਤ ਦਾ ਜਥੇਦਾਰ ਤਾਂ ਖੁਦ ਤਨਖਾਹੀਆ ਹੈ, ਜਿਸ ਨੇ ਇਸ ਫਿਲਮ ਨੂੰ ਪ੍ਰਵਾਨਗੀ ਦਿੱਤੀ ਸੀ| ਇੱਕ ਤਨਖਾਹੀਏ ਨੇ ਪੰਥ ਵਿੱਚੋਂ ਕਿਸੇ ਨੂੰ ਛੇਕਣ ਦਾ ਅਧਿਕਾਰ ਕਿਵੇਂ ਹਾਸਲ ਕਰ ਲਿਆ?
ਗੁਰੂ ਗ੍ਰੰਥ ਸਾਹਿਬ ਵਿਭਾਗ ਦੇ ਮੁਖੀ ਸਰਬਇੰਦਰ ਸਿੰਘ ਦਾ ਕਹਿਣਾ ਸੀ ਕਿ ਸੱਚਮੁੱਚ ਅਸੀਂ ਨਿਘਾਰ ਦੀ ਸਿਖਰ 'ਤੇ ਪਹੁੰਚ ਗਏ ਹਾਂ| ਅੱਜ ਹਾਲਤ ਇਹ ਹੈ ਕਿ ਅਕਾਲ ਤਖਤ ਦੇ ਹਾਣ ਦਾ ਕੋਈ ਵੀ ਜਥੇਦਾਰ ਨਹੀਂ ਜੋ ਸਿੱਖ ਮਸਲਿਆਂ ਬਾਰੇ ਅੰਤਰਰਾਸ਼ਟਰੀ ਸਮਝ ਰੱਖਦਾ ਹੋਵੇ ਅਤੇ ਜਿਸ ਨੂੰ ਇਹ ਸ਼ੌਕ ਹੋਵੇ ਕਿ ਮਸਲਿਆਂ ਦੇ ਹੱਲ ਲਈ ਵਿਦਵਾਨਾਂ ਦੀ ਕਿੰਨੀ ਲੋੜ ਹੁੰਦੀ ਹੈ|
ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਅਤਿ ਨਜ਼ਦੀਕ ਰਹੇ ਸ. ਕਰਨੈਲ ਸਿੰਘ ਪੰਜੋਲੀ ਜੋ ਸਿੱਖੀ ਸਿਧਾਂਤਾਂ 'ਤੇ ਅਕਸਰ ਹੀ ਕਈ ਮਜਬੂਰੀਆਂ ਅਤੇ ਸੀਮਾਵਾਂ ਦੇ ਬਾਵਜੂਦ ਆਪਣੀ ਬੇਬਾਕ ਰਾਇ ਰੱਖਣ ਤੋਂ ਕਦੇ ਗੁਰੇਜ਼ ਨਹੀਂ ਕਰਦੇ, ਦਾ ਸੁਝਾਅ ਸੀ ਕਿ ਜਿੰਨਾ ਚਿਰ ਸੰਸਥਾਵਾਂ ਦੇ ਪ੍ਰਬੰਧਕ ਗੁਰੂ ਗ੍ਰੰਥ ਅਤੇ ਗੁਰੂ ਪੰਥ ਤੋਂ ਸੇਧ ਲੈਣਗੇ, ਉਨਾ ਚਿਰ ਤੱਕ ਸਾਰੇ ਫੈਸਲੇ ਪੰਥਕ ਹਿੱਤਾ ਵਿੱਚ ਹੀ ਸਮਝੇ ਜਾਣਗੇ| ਉਨ੍ਹਾਂ ਨੇ ਅਸਿੱਧੇ ਰੂਪ ਵਿੱਚ ਬਾਦਲ ਪਰਿਵਾਰ 'ਤੇ ਹਮਲਾ ਕਰਦਿਆਂ ਕਿਹਾ ਕਿ ਜਦੋਂ ਸੰਸਥਾਵਾਂ ਦੇ ਪ੍ਰਬੰਧਕ ਬੰਦਿਆਂ ਤੋਂ ਸੇਧ ਲੈ ਕੇ ਫੈਸਲੇ ਕਰਨਗੇ, ਉਸ ਹਾਲਤ ਵਿੱਚ ਇੱਕ ਤਾਂ ਉਹ ਫੈਸਲੇ ਦਿਸ਼ਾਹੀਣ ਹੋਣਗੇ, ਦੂਜਾ ਪੰਥ ਉਨ੍ਹਾਂ ਨੂੰ ਪ੍ਰਵਾਨ ਨਹੀਂ ਕਰੇਗਾ ਅਤੇ ਸਭ ਤੋਂ ਵੱਡਾ ਨੁਕਸਾਨ ਇਹ ਹੋਵੇਗਾ ਕਿ ਪੰਥਕ ਸੰਸਥਾਵਾਂ ਵੀ ਦਿਸ਼ਹੀਣ ਹੋ ਕੇ ਰਹਿ ਜਾਣਗੀਆਂ| ਉਨ੍ਹਾਂ ਇਹ ਟਿੱਪਣੀ ਕੀਤੀ ਕਿ ਮੌਜੂਦਾ ਦੌਰ ਵਿੱਚ ਵੀ ਇਹੋ ਕੁਝ ਵਾਪਰ ਰਿਹਾ ਹੈ| ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਾਬਕਾ ਚੇਅਰਮੈਨ ਅਤੇ ਰਾਜਨੀਤਿਕ ਵਿਦਵਾਨ ਡਾ. ਕੇਹਰ ਸਿੰਘ ਦਾ ਕਹਿਣਾ ਹੈ ਕਿ ਜੋ ਕੁਝ ਇਹ ਸਾਡੇ ਸਿਆਸਤਦਾਨ ਕਰ ਰਹੇ ਹਨ ਉਹ ਰਸਾਤਲ ਦੀ ਸਿਖਰ ਹੈ| ਉਨ੍ਹਾਂ ਕਿਹਾ ਕਿ ਜੇ ਫਿਲਮ ਬਾਰੇ ਫੈਸਲਾ ਕਰਨ ਵਾਲੇ ਲੋਕ ਖੁਦ ਹੀ ਸਿਆਣੇ, ਸੰਜੀਦਾ ਅਤੇ ਇਮਾਨਦਾਰ ਹੁੰਦੇ ਤਾਂ ਫਿਲਮ ਦਾ ਨਿਰਮਾਤਾ ਕਿਵੇਂ ਉਨ੍ਹਾਂ ਨੂੰ ਹਾਈਜੈਕ ਕਰ ਸਕਦਾ ਸੀ| ਉਨ੍ਹਾਂ ਕਿਹਾ ਕਿ ਸਾਰਾ ਕਸੂਰ ਸਿਆਸਤਦਾਨਾਂ ਅਤੇ ਜਥੇਦਾਰਾਂ ਦਾ ਹੈ|

ਕਰਮਜੀਤ ਸਿੰਘ
99150-91063

Or