ਨੰਦਗੜ੍ਹ, ਵੇਦਾਂਤੀ, ਪ੍ਰਿਥੀਪਾਲ ਸਿੰਘ, ਦਿਲਮੇਘ ਸਿੰਘ ਅਤੇ ਪੰਜੋਲੀ ਵੱਲੋਂ ਦਖਲਅੰਦਾਜ਼ੀ ਦੀਆਂ ਮਿਸਾਲਾਂ ਪੇਸ਼
ਸਿੱਖ-ਅਵਚੇਤਨਾ ਵਿੱਚ ਬੁੱਤ ਦੀ ਫਿਲਾਸਫੀ ਸ਼ਾਮਿਲ ਕਰਨ ਦੀ ਸਿੱਕੇ ਵੱਲੋਂ ਸਾਜ਼ਿਸ਼
ਅਕਾਲ ਤਖਤ ਸਾਹਿਬ ਵੱਲੋਂ ਪ੍ਰਵਾਨਿਤ ਪੰਥਕ ਰਹਿਤ ਮਰਿਆਦਾ ਨੂੰ ਵੀ ਚੁੱਪ ਚੁਪੀਤੇ ਬਦਲਣ ਦੀਆਂ ਕੋਸ਼ਿਸ਼ਾਂ
ਚੰਡੀਗੜ੍ਹ, 16 ਅਪ੍ਰੈਲ : ਵਿਵਾਦਗ੍ਰਸਤ ਫਿਲਮ 'ਨਾਨਕ ਸ਼ਾਹ ਫਕੀਰ', ਰਾਮ ਰਹੀਮ ਦੀ ਮੁਆਫੀ ਦਾ ਮਾਮਲਾ, ਸ਼੍ਰੋਮਣੀ ਕਮੇਟੀ ਦੇ ਅੰਦਰੂਨੀ ਢਾਂਚੇ ਵਿੱਚ ਪਿਛਲੇ ਕੁਝ ਅਰਸੇ ਤੋਂ ਆਰ.ਐਸ.ਐਸ. ਦੀ ਗੁਪਤ ਤੇ ਪ੍ਰਤੱਖ ਹੋਂਦ ਅਤੇ ਉਸ ਦਾ ਅਸਰ, ਡੇਢ ਦਹਾਕੇ ਦੇ ਯਤਨਾਂ ਪਿੱਛੋਂ ਵਿਦਵਾਨਾਂ ਵੱਲੋਂ ਤਿਆਰ ਕੀਤੀ ਪੰਥਕ ਰਹਿਤ ਮਰਿਆਦਾ ਅਤੇ ਅਕਾਲ ਤਖਤ ਵੱਲੋਂ ਬਕਾਇਦਾ ਪ੍ਰਵਾਨਿਤ ਕੀਤੀ ਰਹਿਤ ਮਰਿਆਦਾ ਨੂੰ ਚੁੱਪ ਚੁਪੀਤੇ ਤਬਦੀਲ ਕਰਨ ਦੀਆਂ ਕੋਸ਼ਿਸ਼ਾਂ ਪਿੱਛੇ ਕਿਹੜੇ ਵਿਅਕਤੀ ਹਨ, ਕਿਹੜੀਆਂ ਤਾਕਤਾਂ ਹਨ-ਇਹ ਭੇਤ ਹੁਣ ਸਹਿਜੇ ਸਹਿਜੇ ਜੱਗ ਜ਼ਾਹਰ ਹੋ ਰਹੇ ਹਨ| ਕੁਝ ਰਾਜ਼ ਤਾਂ ਹਾਲ ਦੀ ਘੜੀ ਰਾਜ਼ ਹੀ ਰਹਿਣਗੇ ਪਰ ਕੁਝ-ਕੁਝ ਭੇਤਾਂ ਦੀ ਕੁਝ-ਕੁਝ ਤੱਥ ਭਰਪੂਰ ਤੇ ਧੁੰਦਲੀ ਜਾਣਕਾਰੀ ਮਿਲ ਤਾਂ ਰਹੀ ਹੈ| ਅਸਲ ਵਿੱਚ ਸਭ ਤੋਂ ਵੱਡੀ ਮੁਸ਼ਕਲ ਇਹ ਹੈ ਕਿ 'ਕਸੂਰਵਾਰਾਂ' ਦਾ ਵੱਡਾ ਕਾਫ਼ਲਾ ਇੱਕੋ ਮੰਚ 'ਤੇ ਆਣ ਖਲੋਤਾ ਹੈ| ਜਦੋਂ ਤੱਕ ਇਸ ਕਾਫ਼ਲੇ ਵਿੱਚ ਵੱਡੀ ਸੰਨ੍ਹ ਨਹੀਂ ਲੱਗਦੀ ਜਾਂ ਖੋਜੀ ਪੱਤਰਕਾਰ ਮੈਦਾਨ ਵਿੱਚ ਉਤਰਨ ਦਾ ਹੌਸਲਾ ਨਹੀਂ ਕਰਦੇ, ਉਦੋਂ ਤੱਕ ਸਿੱਖ ਪੰਥ ਨੂੰ ਸਿਧਾਂਤਕ ਰੂਪ ਵਿੱਚ ਅਤੇ ਯੋਜਨਾਬੱਧ ਢੰਗ ਨਾਲ ਕਮਜ਼ੋਰ ਕਰਨ ਵਾਲੇ 'ਤੇਜਾ ਸਿੰਘਾਂ ਤੇ ਪਹਾੜਾ ਸਿੰਘਾਂ' ਦਾ ਸਰਗਰਮ ਮਾਫੀਆ ਗੁਪਤ ਹੀ ਰਹੇਗਾ|
ਅੱਜ ਦੋ ਬਿਆਨਾਂ ਦਾ ਵਿਸ਼ਲੇਸ਼ਣ ਕਰਨਾ ਬਹੁਤ ਹੀ ਜ਼ਰੂਰੀ ਹੈ ਅਤੇ ਖਾਲਸਾ ਪੰਥ ਨੂੰ ਵੀ ਇਨ੍ਹਾਂ ਬਾਰੇ ਪਤਾ ਲੱਗਣਾ ਚਾਹੀਦਾ ਹੈ| ਇੱਕ ਬਿਆਨ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਸ. ਅਵਤਾਰ ਸਿੰਘ ਮੱਕੜ ਦਾ ਹੈ ਜੋ ਪੰਜਾਬੀ ਟ੍ਰਿਬਿਊਨ ਵਿੱਚ ਛਪਿਆ ਹੈ ਅਤੇ ਦੂਜਾ ਫਿਲਮ ਦੇ ਨਿਰਮਾਤਾ ਹਰਿੰਦਰ ਸਿੰਘ ਸਿੱਕੇ ਦਾ ਹੈ ਜਿਸਨੂੰ 'ਟਾਈਮਜ਼ ਆਫ ਇੰਡੀਆ' ਅਖਬਾਰ ਨੇ ਆਪਣੇ ਪੰਨ੍ਹਿਆਂ 'ਤੇ ਵੱਡੀ ਸੁਰਖੀ ਦੇ ਕੇ ਛਾਪਿਆ ਹੈ| ਸੱਚ ਤਾਂ ਇਹੋ ਹੈ ਕਿ ਦੋਵੇਂ ਬਿਆਨ ਗੋਬਲਜ਼ ਨੂੰ ਵੀ ਮਾਤ ਪਾ ਗਏ ਹਨ| ਗੋਬਲਜ਼ ਹਿਟਲਰ ਦੀ ਕੈਬਨਿਟ ਦਾ ਪ੍ਰਾਪੇਗੰਡਾ ਮੰਤਰੀ ਸੀ ਅਤੇ ਉਸ ਦੀ ਇੱਕ ਟਿੱਪਣੀ ਮੁਹਾਵਰਾ ਹੀ ਬਣ ਗਈ ਸੀ ਕਿ ਜੇ ਸੌ ਵਾਰ ਝੂਠ ਬੋਲਿਆ ਜਾਵੇ ਤਾਂ ਉਹ ਸੱਚ ਬਣ ਜਾਂਦਾ ਹੈ| ਅੱਜ ਪੰਥ ਦੇ ਆਗੂਆਂ ਦੀ ਹਾਲਤ ਕੁਝ ਇਸ ਤਰ੍ਹਾਂ ਦੀ ਹੀ ਹੈ ਕਿ ਝੂਠ ਦੀ ਚਾਰੇ ਪਾਸੇ ਸਰਦਾਰੀ ਹੈ ਅਤੇ ਵੱਡਾ ਦੁੱਖ ਇਸੇ ਗੱਲ ਦਾ ਹੈ ਕਿ ਸਿੱਖ ਪੰਥ ਦੀ ਸਮੂਹਿਕ ਮਾਨਸਿਕਤਾ ਨੇ ਵੀ ਕਿਸੇ ਨਾ ਕਿਸੇ ਰੂਪ ਵਿੱਚ ਇਸ ਝੂਠ ਨੂੰ ਮਾਨਤਾ ਦੇ ਦਿੱਤੀ ਹੈ|
ਮੱਕੜ ਸਾਹਿਬ ਦਾ ਬਿਆਨ ਪੜ੍ਹ ਕੇ 'ਦਰਦਨਾਕ ਹਾਸਾ' ਹੱਸਣ ਨੂੰ ਜੀਅ ਕਰਦਾ ਹੈ| ਜਨਾਬ ਫਰਮਾਉਂਦੇ ਹਨ ਕਿ ਬਾਦਲਾਂ ਨੇ ਸ਼੍ਰੋਮਣੀ ਕਮੇਟੀ ਅਧੀਨ ਆਉਂਦੇ ਵਿਦਿਅਕ ਅਦਾਰਿਆਂ ਵਿੱਚ 'ਕਿਸੇ ਵੀ ਮਾਮਲੇ ਵਿੱਚ' ਕਦੇ ਕੋਈ ਦਖਲਅੰਦਾਜ਼ੀ ਨਹੀਂ ਕੀਤੀ ਅਤੇ ਨਾ ਹੀ ਕਿਸੇ ਮੁਲਾਜ਼ਮ ਦੀ ਭਰਤੀ ਸਬੰਧੀ ਜਾਂ ਕਿਸੇ ਦੇ ਖਿਲਾਫ ਕੋਈ ਸਿਫਾਰਿਸ਼ ਕੀਤੀ ਹੈ| ਖਾਲਸਾ ਪੰਥ 'ਕਿਸੇ ਵੀ ਮਾਮਲੇ ਵਿੱਚ' ਸ਼ਬਦਾਂ ਉਤੇ ਖੁਦ ਹੀ ਰਾਇ ਦੇਵੇ ਤਾਂ ਚੰਗਾ ਰਹੇਗਾ| ਇਥੇ ਇਹ ਚੇਤੇ ਕਰਾਇਆ ਜਾਂਦਾ ਹੈ ਕਿ ਪਿਛਲੇ ਦਿਨੀਂ ਸਾਬਕਾ ਪ੍ਰਧਾਨ ਸ. ਕਿਰਪਾਲ ਸਿੰਘ ਬਡੂੰਗਰ ਨੇ ਇੱਕ ਵਿਸ਼ੇਸ਼ ਇੰਟਰਵਿਊ ਦੌਰਾਨ ਮੈਨੂੰ ਇਵੇਂ ਹੀ ਆਖਿਆ ਸੀ| ਪਰ ਦਿਲਚਸਪ ਜਾਣਕਾਰੀ ਇਹ ਹੈ ਕਿ ਬਡੂੰਗਰ ਸਾਹਿਬ ਨੇ ਪ੍ਰਧਾਨ ਬਣਨ ਤੋਂ ਕੋਈ ਤਿੰਨ ਹਫਤੇ ਪਹਿਲਾਂ ਖੁਦ ਹੀ ਮੈਨੂੰ ਆਪਣੇ ਦਫਤਰ ਵਿੱਚ ਬੁਲਾ ਕੇ ਇਹ ਜਾਣਕਾਰੀ ਦਿੱਤੀ ਸੀ ਕਿ ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਨੂੰ ਬੁਲਾ ਕੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਲਈ ਸਲਾਹ ਲਈ ਸੀ| ਇਸ ਗੱਲਬਾਤ ਵਿੱਚ ਬੀਬੀ ਜਗੀਰ ਕੌਰ ਅਤੇ ਸ਼ੇਖਵਾਂ ਸਾਹਿਬ ਦਾ ਨਾਂਅ ਵੀ ਆਇਆ ਪਰ ਉਹ ਰੱਦ ਕਰ ਦਿੱਤੇ ਗਏ ਸਨ| ਜਦੋਂ ਮੈਂ ਹੱਸ ਕੇ ਕਿਹਾ ਕਿ ਬਡੂੰਗਰ ਸਾਹਿਬ ਤੁਹਾਡੀ ਤਾਂ ਫਿਰ ਗੱਲ ਬਣ ਹੀ ਗਈ ਤਾਂ ਉਨ੍ਹਾਂ ਨੇ ਮੁਸਕਰਾ ਕੇ ਨਾਂਹ ਕੀਤੀ ਪਰ ਮੈਨੂੰ ਪਤਾ ਸੀ ਕਿ ਇਸ 'ਨਾਂਹ' ਵਿੱਚ 'ਹਾਂ' ਲੁਕੀ ਪਈ ਸੀ ਅਤੇ ਫਿਰ ਇਹ ਸੱਚ ਹੀ ਸਾਬਤ ਹੋਇਆ| ਬਡੂੰਗਰ ਸਾਹਿਬ ਪ੍ਰਧਾਨਗੀ ਦੀ ਕੁਰਸੀ 'ਤੇ ਸੁਸ਼ੋਭਿਤ ਹੋ ਗਏ|
ਸ਼੍ਰੋਮਣੀ ਕਮੇਟੀ ਅੰਦਰ ਇੱਕ ਬਹੁਤ ਹੀ ਉੱਚ ਅਧਿਕਾਰੀ ਨੇ ਆਪਣਾ ਨਾਂਅ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਮੱਕੜ ਸਾਹਿਬ ਨੇ ਫਿਲਮ ਦੀ ਪ੍ਰਵਾਨਗੀ ਲਈ ਸਬੰਧਤ ਫਾਇਲ 'ਤੇ ਬਕਾਇਦਾ ਲਿਖਤੀ ਪ੍ਰਵਾਨਗੀ ਦਿੱਤੀ ਸੀ| ਇਸ ਫਾਇਲ 'ਤੇ ਅੰਗਰੇਜ਼ੀ ਅਤੇ ਪੰਜਾਬੀ 'ਚ ਕੁਝ ਲਿਖਿਆ ਹੋਇਆ ਸੀ ਜੋ ਕੁਝ ਇਸ ਤਰ੍ਹਾਂ ਹੈ : 'ਵਿਦ ਦਾ ਵਰਦੀ ਆਰਡਰ ਆਫ ਪ੍ਰੇਜ਼ੀਡੈਂਟ'| ਹੋ ਸਕਦਾ ਹੈ ਇਹ ਲਫਜ਼ ਛਪਣ ਪਿੱਛੋਂ ਇਹ ਫਾਇਲ ਹੁਣ ਕਿਤੇ ਗੁੰਮ ਕਰ ਦਿੱਤੀ ਜਾਵੇ| ਸ਼੍ਰੋਮਣੀ ਕਮੇਟੀ ਵਿੱਚ ਇੰਜੀਨਿਅਰਿੰਗ ਕਾਲਜ, ਮੈਡੀਕਲ ਕਾਲਜ, ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਦੇ ਬਕਾਇਦਾ ਟਰੱਸਟ ਬਣੇ ਹੋਏ ਹਨ| ਇਨ੍ਹਾਂ ਉਤੇ ਬੈਠੇ ਟਰੱਸਟੀਆਂ ਦੀ ਨਿਯੁਕਤੀ ਕਰਨ ਲਈ ਭਲਾ ਮੱਕੜ ਸਾਹਿਬ ਕੋਈ ਜੁਰਅਤ ਕਰ ਸਕਦੇ ਹਨ? ਬਹੁਤੇ ਸਿਆਸਤਦਾਨ ਇਨ੍ਹਾਂ ਕੁਰਸੀਆਂ 'ਤੇ ਸੁਸ਼ੋਭਿਤ ਹਨ, ਅਸੀਂ ਉਨ੍ਹਾਂ ਦੇ ਨਾਂਅ ਅਜੇ ਨਹੀਂ ਦੇਣਾ ਚਾਹੁੰਦੇ| ਫਿਰ ਬਾਦਲ ਸਾਹਿਬ ਦੇ ਲੰਬੀ ਹਲਕੇ ਵਿੱਚ ਗੁਰਦੁਆਰਿਆਂ ਨੂੰ ਦਿੱਤੀ ਵਿਸ਼ੇਸ਼ ਸਹਾਇਤਾ ਭਲਾ ਕਿਸ ਦੇ 'ਹੁਕਮਾਂ' 'ਤੇ ਦਿੱਤੀ ਗਈ ਹੋਵੇਗੀ| ਇਹ ਸਹਾਇਤਾ ਲੰਬੀ ਹਲਕੇ ਲਈ ਹੀ ਕਿਉਂ ਅਤੇ ਬਾਕੀ ਹਲਕਿਆਂ ਦੇ ਗੁਰਦਵਾਰਿਆਂ ਨਾਲ ਵਿਤਕਰਾ ਕਿਉਂ? ਸਧਾਰਨ ਤੋਂ ਸਧਾਰਨ ਵਿਅਕਤੀ ਵੀ ਇਸ ਸਵਾਲ ਦਾ ਜਵਾਬ ਜਾਣਦਾ ਹੈ|
ਹੁਣ ਸ. ਕਰਨੈਲ ਸਿੰਘ ਪੰਜੋਲੀ ਦੀ ਗੱਲ ਸੁਣੋ| ਸਾਰੇ ਜਾਣਦੇ ਹਨ ਕਿ ਪੰਜੋਲੀ ਸਾਹਿਬ ਟੌਹੜਾ ਸਾਹਿਬ ਦੀ ਸਿਧਾਂਤਕ ਵਿਰਾਸਤ ਦੇ ਕਮਜ਼ੋਰ ਵਾਰਿਸ ਹਨ ਪਰ ਸਿਧਾਂਤਾਂ ਦੀ ਰਾਖੀ ਦੇ ਸਵਾਲ 'ਤੇ ਉਹ ਕਈ ਵਾਰ ਅੜਦੇ ਰਹੇ ਹਨ| ਭਾਵੇਂ ਇਹ ਵੀ ਹਕੀਕਤ ਹੈ ਕਿ ਕਈ ਮਜਬੂਰੀਆਂ ਅੱਗੇ ਉਨ੍ਹਾਂ ਨੂੰ ਝੁਕਣਾ ਵੀ ਪੈਂਦਾ ਹੈ| ਉਨ੍ਹਾਂ ਦੇ ਕਹਿਣ ਮੁਤਾਬਕ ਸ਼੍ਰੋਮਣੀ ਕਮੇਟੀ ਦੀ ਐਗਜ਼ੈਕਟਿਵ ਕਮੇਟੀ ਦੀ ਮੀਟਿੰਗ ਚੱਲ ਰਹੀ ਸੀ| ਮੱਕੜ ਸਾਹਿਬ ਪ੍ਰਧਾਨਗੀ ਕਰ ਰਹੇ ਸਨ| ਮਾਮਲਾ ਨਾਨਕਸ਼ਾਹੀ ਕੈਲੰਡਰ ਦਾ ਸੀ| ਪੁਰੇਵਾਲ ਸਾਹਿਬ ਦਾ ਕੈਲੰਡਰ ਹੀ ਜਾਰੀ ਰੱਖਣ ਬਾਰੇ ਸਿਫਾਰਿਸ਼ ਹੋ ਰਹੀ ਸੀ| ਵਿੱਚੋਂ ਹੀ ਸੁਖਬੀਰ ਸਿੰਘ ਬਾਦਲ ਦਾ ਫੋਨ ਆਇਆ ਤੇ ਧਮਕੀ ਵਰਗੀ ਬੇਨਤੀ ਆਈ ਕਿ ਕੈਲੰਡਰ ਵਿੱਚ ਸ਼ੋਧ ਕਰਨ ਬਾਰੇ ਫੈਸਲਾ ਕਰ ਦਿੱਤਾ ਜਾਵੇ| ਜਦੋਂ ਦੱਸਿਆ ਗਿਆ ਕਿ ਬਹੁ-ਗਿਣਤੀ ਹੱਕ ਵਿੱਚ ਨਹੀਂ ਤਾਂ ਅੱਗੋਂ ਜਵਾਬ ਆਇਆ ਕਿ ਇਹ ਪਾਰਟੀ ਦਾ ਫੈਸਲਾ ਹੈ| ਦੱਸੋ ਕਿਸ ਨੇ ਮੰਨਣਾ ਹੈ ਤੇ ਕਿਸ ਨੇ ਨਹੀਂ ਮੰਨਣਾ? ਮੱਕੜ ਸਾਹਿਬ ਨੂੰ ਝੁਕਣਾ ਪਿਆ ਪਰ ਪੰਜੋਲੀ ਸਾਹਿਬ ਮੁਤਾਬਕ ਉਨ੍ਹਾਂ ਨੇ ਆਪਣਾ ਵਿਰੋਧ ਜਾਰੀ ਰੱਖਿਆ| ਉਨ੍ਹਾਂ ਦਿਨਾਂ ਵਿੱਚ ਇਸ ਬਾਰੇ ਖਬਰਾਂ ਵੀ ਛਪਦੀਆਂ ਰਹੀਆਂ| ਪੰਜੋਲੀ ਸਾਹਿਬ ਨੇ ਦੱਸਿਆ ਕਿ ਜਦੋਂ ਮੈਂ ਸੁਖਬੀਰ ਬਾਦਲ ਨੂੰ ਕਿਹਾ ਕਿ ਇਹ ਕੈਲੰਡਰ ਸ਼੍ਰੋਮਣੀ ਕਮੇਟੀ ਦਾ ਨਹੀਂ ਪੰਥ ਦਾ ਹੈ, ਅਕਾਲ ਤਖਤ ਦਾ ਹੈ ਪਰ ਮੇਰੀ ਕੋਈ ਗੱਲ ਪ੍ਰਵਾਨ ਨਾ ਕੀਤੀ ਗਈ| ਉਨ੍ਹਾਂ ਇਹ ਵੀ ਦੱਸਿਆ ਕਿ ਅੱਜਕੱਲ੍ਹ ਹਾਲਤ ਇਹ ਹੈ ਕਿ ਸ਼੍ਰੋਮਣੀ ਕਮੇਟੀ ਅਕਾਲੀ ਦਲ ਦਾ ਵਿੰਗ ਹੈ ਅਤੇ ਇਹ ਬਰਾਸਤਾ ਰਘੁਜੀਤ ਸਿੰਘ ਵਿਰਕ ਕੰਮ ਕਰ ਰਹੀ ਹੈ| ਹੁਣ ਦੱਸੋ ਇਸ ਨੂੰ ਦਖਲਅੰਦਾਜ਼ੀ ਨਾ ਕਿਹਾ ਜਾਵੇ ਤਾਂ ਕੀ ਕਿਹਾ ਜਾਵੇ? ਇਹ ਸ਼ੇਅਰ ਯਾਦ ਆ ਗਿਆ ਹੈ : ਤੇਰੇ ਫਰੇਬ ਕਾ ਜਾਦੂ ਅਭੀ ਨਹੀਂ ਟੂਟਾ, ਅਭੀ ਤੋ ਤੁਝ ਪੇ ਮੇਰਾ ਐਤਬਾਰ ਬਾਕੀ ਹੈ|
ਦਖਲਅੰਦਾਜ਼ੀ ਦੇ ਸਵਾਲ ਨੂੰ ਲੈ ਕੇ ਮੈਂ ਭਾਈ ਬਲਵੰਤ ਸਿੰਘ ਨੰਦਗੜ੍ਹ ਨੂੰ ਫੋਨ ਲਾਇਆ ਜਿਨ੍ਹਾਂ ਨੂੰ ਕੈਲੰਡਰ ਦੇ ਸਵਾਲ 'ਤੇ ਹੀ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਦੀ ਉੱਚੀ ਪਦਵੀ ਤੋਂ ਹੱਥ ਧੋਣੇ ਪੈ ਗਏ ਸਨ| ਜਦੋਂ ਮੈਂ ਨੰਦਗੜ੍ਹ ਸਾਹਿਬ ਨੂੰ ਸਵਾਲ ਕੀਤਾ ਕਿ ਕੀ ਸਿੰਘ ਸਾਹਿਬ ਬਾਦਲਾਂ ਦੀ ਦਖਲਅੰਦਾਜ਼ੀ ਕਿਸੇ ਨਾ ਕਿਸੇ ਰੂਪ ਵਿੱਚ ਸ਼੍ਰੋਮਣੀ ਕਮੇਟੀ ਵਿੱਚ ਹੁੰਦੀ ਹੈ ਤਾਂ ਉਨ੍ਹਾਂ ਨੇ ਹਾਂ ਵਿੱਚ ਜਵਾਬ ਦਿੱਤਾ| ਉਨ੍ਹਾਂ ਦੱਸਿਆ ਕਿ ਇੱਕ ਵਾਰ ਵੱਡੇ ਬਾਦਲ ਸਾਹਿਬ, ਛੋਟੇ ਬਾਦਲ ਸਾਹਿਬ ਅਤੇ ਖੁਦ ਮੈਂ ਕਾਰ ਰਾਹੀਂ ਦਿੱਲੀ ਤੋਂ ਆ ਰਹੇ ਸਾਂ ਕਿ ਵੱਡੇ ਬਾਦਲ ਸਾਹਿਬ ਨੇ ਮੈਨੂੰ ਬੜੇ ਸਲੀਕੇ ਨਾਲ ਸੁਝਾਅ ਦਿੱਤਾ ਕਿ ਆਰ ਐਸ ਐਸ ਦੇ ਵਿਰੁੱਧ ਜਾਰੀ ਹੋਇਆ ਹੁਕਮਨਾਮਾ ਕਿਸੇ ਤਰ੍ਹਾਂ ਵਾਪਸ ਲੈ ਲਿਆ ਜਾਵੇ| ਸੁਖਬੀਰ ਬਾਦਲ ਨੇ ਵੀ ਇਸੇ ਸੁਝਾਅ ਨੂੰ ਮੰਨਣ ਉਤੇ ਜ਼ੋਰ ਦਿੱਤਾ| ਪਰ ਮੈਂ ਸਾਫ ਇਨਕਾਰ ਕਰ ਦਿੱਤਾ ਕਿ ਇਹ ਹੁਕਮਨਾਮਾ ਵਾਪਸ ਨਹੀਂ ਹੋ ਸਕਦਾ| ਕੀ ਇਸ ਤੋਂ ਇਹ ਅੰਦਾਜ਼ਾ ਲਾਉਣਾ ਮੁਸ਼ਕਿਲ ਹੈ ਕਿ ਵੱਡੇ ਤੇ ਛੋਟੇ ਬਾਦਲ ਸਾਹਿਬ ਦੀ ਸ਼੍ਰੋਮਣੀ ਕਮੇਟੀ ਦੇ ਅੰਦਰੂਨੀ ਮਾਮਲਿਆਂ ਵਿੱਚ ਕੋਈ ਦਖਲਅੰਦਾਜ਼ੀ ਹੁੰਦੀ ਹੀ ਨਹੀਂ? ਉਸ ਪਿੱਛੋਂ ਮੈਂ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਜੋਗਿੰਦਰ ਸਿੰਘ ਵੇਦਾਂਤੀ ਨਾਲ ਫੋਨ 'ਤੇ ਸੰਪਰਕ ਕੀਤਾ ਅਤੇ ਸਵਾਲ ਕੀਤਾ ਕਿ ਕੀ ਕਦੇ ਆਰ ਐਸ ਐਸ ਬਾਰੇ ਜਾਰੀ ਹੋਇਆ ਹੁਕਮਨਾਮਾ ਵਾਪਸ ਲੈਣ ਲਈ ਤੁਹਾਨੂੰ ਬਾਦਲਾਂ ਵੱਲੋਂ ਕਦੇ ਕੁਝ ਕਿਹਾ ਗਿਆ ਸੀ ਤਾਂ ਉਨ੍ਹਾਂ ਨੇ ਜਵਾਬ ਦਿੱਤਾ ਕਿ ਸਿੱਧੇ ਤੌਰ 'ਤੇ ਉਨ੍ਹਾਂ ਨੇ ਮੇਰੇ ਨਾਲ ਕਦੇ ਕੋਈ ਗੱਲ ਨਹੀਂ ਸੀ ਕੀਤੀ ਪਰ ਉਨ੍ਹਾਂ ਦੇ ਕੁਝ ਨੇੜਲੇ ਬੰਦਿਆਂ ਨੇ ਮੇਰੇ ਤੱਕ ਪਹੁੰਚ ਕੀਤੀ ਸੀ ਤੇ ਕਿਹਾ ਸੀ ਕਿ ਉਨ੍ਹਾਂ ਨੂੰ ਬਾਦਲ ਸਾਹਿਬ ਨੇ ਭੇਜਿਆ ਹੈ ਕਿ ਹੁਕਮਨਾਮਾ ਵਾਪਸ ਲੈਣ ਬਾਰੇ ਕੁਝ ਕੀਤਾ ਜਾਵੇ| ਵੇਦਾਂਤੀ ਸਾਹਿਬ ਨੇ ਦੱਸਿਆ ਕਿ ਉਨ੍ਹਾਂ ਨੇ ਸਾਫ ਇਨਕਾਰ ਕੀਤਾ ਸੀ ਤੇ ਬਾਦਲ ਸਾਹਿਬ ਖੁਦ ਆ ਕੇ ਗੱਲ ਕਰਨ ਫਿਰ ਹੀ ਅਸੀਂ ਉਨ੍ਹਾਂ ਨੂੰ ਆਪਣੇ ਵਿਚਾਰ ਦੱਸਾਂਗੇ| ਵੇਦਾਂਤੀ ਸਾਹਿਬ ਨੇ ਮੈਨੂੰ ਕਿਹਾ ਕਿ ਕਰਮਜੀਤ ਸਿੰਘ ਜੀ ਤੁਸੀਂ ਹੁਣ ਸ. ਪ੍ਰਿਥੀਪਾਲ ਸਿੰਘ ਨਾਲ ਗੱਲ ਕਰੋ, ਇਸ ਗੱਲ ਦੇ ਵੇਰਵੇ ਉਨ੍ਹਾਂ ਕੋਲੋਂ ਮਿਲਣਗੇ| ਮੈਂ ਤੁਰਤ ਸ. ਪ੍ਰਿਥੀਪਾਲ ਸਿੰਘ ਨਾਲ ਸੰਪਰਕ ਕੀਤਾ ਅਤੇ ਇਹ ਸੁਣ ਕੇ ਹੈਰਾਨ ਹੋ ਗਿਆ ਕਿ ਇਸ ਮਾਮਲੇ ਵਿੱਚ ਸ. ਪ੍ਰਕਾਸ਼ ਸਿੰਘ ਬਾਦਲ ਨੇ ਸਿੱਧੀ ਦਖਲਅੰਦਾਜ਼ੀ ਕੀਤੀ ਸੀ| ਸ. ਪ੍ਰਿਥੀਪਾਲ ਸਿੰਘ ਉਸ ਸਮੇਂ ਵੇਦਾਂਤੀ ਸਾਹਿਬ ਦੇ ਪੀ ਏ ਸਨ| ਉਨ੍ਹਾਂ ਮੁਤਾਬਕ ਸ. ਬਾਦਲ ਨੇ ਉਨ੍ਹਾਂ ਨੂੰ ਫੋਨ 'ਤੇ ਕਿਹਾ ਕਿ ਤੁਹਾਡੇ ਕੋਲ ਸ. ਅਜਾਇਬ ਸਿੰਘ ਮੁਖਮੈਲਪੁਰੀ ਅਤੇ ਰਾਸ਼ਟਰੀ ਸਿੱਖ ਸੰਗਤ ਦੇ ਪ੍ਰਧਾਨ ਸ. ਰੁਲਦਾ ਸਿੰਘ ਆ ਰਹੇ ਹਨ| ਉਨ੍ਹਾਂ ਨਾਲ ਗੱਲ ਕਰੋ ਅਤੇ ਆਰ.ਐਸ.ਐਸ. ਬਾਰੇ ਜਾਰੀ ਹੁਕਮਨਾਮੇ ਬਾਰੇ ਕੁਝ ਕਰੋ| ਮੈਂ ਜਦੋਂ ਉਨ੍ਹਾਂ ਨੂੰ ਕਿਹਾ ਕਿ ਬਾਦਲ ਸਾਹਿਬ ਇਹ ਕੌਮ ਦਾ ਸਵਾਲ ਹੈ, ਪੰਥ ਦਾ ਸਵਾਲ ਹੈ, ਅਕਾਲੀ ਦਲ ਦਾ ਵੀ ਸਵਾਲ ਹੈ ਅਤੇ ਸਿੱਖ ਪਰੰਪਰਾਵਾਂ ਮੁਤਾਬਕ ਇਹ ਸੰਭਵ ਨਹੀਂ ਹੋ ਸਕੇਗਾ| ਇਸ ਦੇ ਜਵਾਬ ਵਿੱਚ ਬਾਦਲ ਸਾਹਿਬ ਨੇ ਕਿਹਾ ਕਿ ਛੱਡੋ ਪਰੇ, ਇਸ ਨਾਲ ਕੋਈ ਫਰਕ ਨਹੀਂ ਪੈਂਦਾ, ਇਨ੍ਹਾਂ ਨਾਲ ਗੱਲ ਕਰੋ| ਇਥੇ ਇਹ ਚੇਤੇ ਕਰਾਇਆ ਜਾਂਦਾ ਹੈ ਕਿ ਬਾਅਦ ਵਿੱਚ ਰੁਲਦਾ ਸਿੰਘ ਦਾ ਕਤਲ ਹੋ ਗਿਆ ਸੀ| ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵਾਂ ਵਿਅਕਤੀਆਂ ਨਾਲ ਗੱਲਬਾਤ ਗੁਰੂ ਅਰਜਨ ਦੇਵ ਨਿਵਾਸ ਵਿੱਚ ਹੋਈ| ਪ੍ਰਿਥੀਪਾਲ ਸਿੰਘ ਨੇ ਆਪਣੀ ਯਾਦਦਾਸ਼ਤ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਇੱਕ ਮੀਟਿੰਗ ਵਿੱਚ ਦੋ-ਤਿੰਨ ਵਜ਼ੀਰਾਂ ਦੀ ਹਾਜ਼ਰੀ ਵਿੱਚ ਬਾਦਲ ਸਾਹਿਬ ਨੇ ਵੇਦਾਂਤੀ ਸਾਹਿਬ ਨੂੰ ਹੁਕਮਨਾਮਾ ਵਾਪਸ ਕਰਨ ਲਈ ਜ਼ੋਰ ਪਾਇਆ| ਅਸੀਂ ਅਜੇ ਇਨ੍ਹਾਂ ਵਜ਼ੀਰਾਂ ਦੇ ਨਾਂਅ ਨਹੀਂ ਦੱਸਣਾ ਚਾਹੁੰਦੇ ਕਿਉਂ ਜੋ ਅਸੀਂ ਚਾਹੁੰਦੇ ਹਾਂ ਕਿ ਇਖਲਾਕ ਇਸ ਗੱਲ ਦੀ ਮੰਗ ਕਰਦਾ ਹੈ ਕਿ ਉਹ ਖੁਦ ਹੀ ਇਸ ਗੱਲ ਦੀ ਪੁਸ਼ਟੀ ਕਰਨ|
ਇਸ ਪਿੱਛੋਂ ਮੈਂ ਸ਼੍ਰੋਮਣੀ ਕਮੇਟੀ ਤੋਂ ਉੱਚੀ ਪਦਵੀ ਤੋਂ ਰਿਟਾਇਰ ਹੋਏ ਸ. ਦਿਲਮੇਘ ਸਿੰਘ ਨਾਲ ਵੀ ਗੱਲ ਕੀਤੀ| ਉਨ੍ਹਾਂ ਨੇ ਵੀ ਦਖਲਅੰਦਾਜ਼ੀ ਦੀ ਗੱਲ ਸਪੱਸ਼ਟ ਤੌਰ 'ਤੇ ਮੰਨੀ ਅਤੇ ਕਈ ਮਿਸਾਲਾਂ ਪੇਸ਼ ਕੀਤੀਆਂ|
ਹੁਣ ਅਗਲੀ ਗੱਲ ਫਿਲਮ ਦੇ ਨਿਰਮਾਤਾ ਹਰਿੰਦਰ ਸਿੰਘ ਸਿੱਕਾ ਬਾਰੇ ਹੈ, ਜਿਨ੍ਹਾਂ ਨੇ ਇਹ ਇਤਰਾਜ਼ਯੋਗ ਟਿੱਪਣੀ ਕਰਦਿਆਂ 'ਟਾਈਮਜ਼ ਆਫ ਇੰਡੀਆ' 'ਚ ਕਿਹਾ ਕਿ ਪਹਿਲੇ ਗਰੂ ਸਾਹਿਬ ਗੁਰੂ ਨਾਨਕ ਦੇਵ ਜੀ ਨੇ ਕਦੇ ਵੀ ਕਿਸੇ ਧਰਮ ਦੀ ਸਥਾਪਨਾ ਨਹੀਂ ਕੀਤੀ| 'ਉਨ੍ਹਾਂ ਨੇ ਇੱਕ ਹਿੰਦੂ ਪਰਿਵਾਰ ਵਿੱਚ ਜਨਮ ਲਿਆ ਅਤੇ ਜਦ ਤੱਕ ਉਹ ਇਸ ਸੰਸਾਰ ਵਿੱਚ ਵਿਚਰੇ, ਉਨ੍ਹਾਂ ਨੇ ਮਾਨਵਤਾ ਅਤੇ ਅਸੂਲਾਂ ਦਾ ਹੀ ਪ੍ਰਚਾਰ ਕੀਤਾ ਅਤੇ ਕਦੇ ਕਿਸੇ ਨੂੰ ਸਜ਼ਾ ਨਹੀਂ ਦਿੱਤੀ|' ਇਹ ਬਿਆਨ ਇੰਨਾ ਗਲਤ, ਸਿਧਾਂਤਹੀਣ ਅਤੇ ਇਤਿਹਾਸਕ ਸਮਝ ਤੋਂ ਸੱਖਣਾ ਹੈ ਕਿ ਇਸ ਬਾਰੇ ਕੋਈ ਟਿੱਪਣੀ ਕਰਨ ਨੂੰ ਵੀ ਜੀਅ ਨਹੀਂ ਕਰਦਾ| ਸਿੱਕਾ ਸਾਹਿਬ ਨੂੰ ਪੁਛਿਆ ਜਾ ਸਕਦਾ ਹੈ ਕਿ ਜੇ ਗੁਰੂ ਨਾਨਕ ਸਾਹਿਬ ਨੇ ਕਿਸੇ ਧਰਮ ਦੀ ਸਥਾਪਨਾ ਨਹੀਂ ਕੀਤੀ ਤਾਂ ਫਿਰ ਗੁਰੂ ਅੰਗਦ ਦੇਵ ਜੀ ਨੂੰ ਗੱਦੀ ਦੇਣ ਪਿੱਛੇ ਕੀ ਮਨੋਰਥ ਸਨ ਅਤੇ ਫਿਰ ਇਹ ਦਸਾਂ ਗੁਰੂ ਸਾਹਿਬਾਨਾਂ ਤੱਕ ਗੱਦੀ ਚੱਲਦੀ ਚੱਲਦੀ ਗੁਰੂ ਗ੍ਰੰਥ ਸਾਹਿਬ ਨੂੰ ਗੱਦੀ ਦੇ ਕੇ ਜੋ ਇੱਕ ਕੌਮ, ਇਤਿਹਾਸ ਵਿੱਚ ਵਿਚਰੀ ਅਤੇ ਵਿਚਰ ਰਹੀ ਹੈ, ਕੀ ਸਿੱਕਾ ਸਾਹਿਬ ਉਸ ਕੌਮ ਨੂੰ ਹਿੰਦੂ ਕੌਮ ਦਾ ਹਿੱਸਾ ਦੱਸਣਾ ਚਾਹੁੰਦੇ ਹਨ? ਮੈਂ ਇਸ ਸਬੰਧ ਵਿੱਚ ਕੁਝ ਨੌਜਵਾਨਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜੋ ਸਿੱਕੇ ਦੀ ਇਸ ਟਿੱਪਣੀ ਬਾਰੇ ਸਿਧਾਂਤਕ ਰਾਵਾਂ ਲਈਆਂ ਜਾਣ| ਥਾਂ ਦੀ ਥੁੜ ਕਰਕੇ ਮੈਂ ਇਸ ਸਮੇਂ ਸਿੱਖ ਯੂਥ ਆਫ ਪੰਜਾਬ ਦੇ ਉਘੇ ਆਗੂ ਅਤੇ ਸਿਧਾਂਤਕਾਰ ਭਾਈ ਪ੍ਰਭਜੋਤ ਸਿੰਘ ਦਾ ਜ਼ਿਕਰ ਹੀ ਕਰਨਾ ਚਾਹੁੰਦਾ ਹਾਂ| ਭਾਈ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਅਸਲ ਵਿੱਚ ਸਿੱਕੇ ਵੱਲੋਂ 'ਨੂਰ' ਦੇ ਨਾਂ ਹੇਠਾਂ ਗੁਰੂ ਨਾਨਕ ਸਾਹਿਬ ਦੀ ਬੁੱਤ ਘਾੜਤ ਕੀਤੀ ਗਈ ਹੈ, ਜਦਕਿ ਹਕੀਕਤ ਇਹ ਹੈ ਕਿ 'ਨੂਰ' ਨੂੰ ਕੇਵਲ ਅਕਾਲ ਪੁਰਖ ਹੀ ਪ੍ਰਗਟ ਕਰ ਸਕਦਾ ਹੈ| ਹੋਰ ਕੋਈ ਵੀ ਤਾਕਤ ਨੂਰ ਨੂੰ ਪ੍ਰਗਟ ਨਹੀਂ ਕਰ ਸਕਦੀ| ਉਨ੍ਹਾਂ ਕਿਹਾ ਕਿ ਸਿੱਕੇ ਵੱਲੋਂ ਜੋ ਸਾਜ਼ਿਸ਼ ਕੀਤੀ ਜਾ ਰਹੀ ਹੈ, ਉਸ ਦੀ ਅਗਲੀ ਕਵਾਇਦ ਸਿੱਖਾਂ ਨੂੰ ਸਹਿਜੇ ਸਹਿਜੇ ਬੁੱਤਾਂ ਵੱਲ ਤੋਰਨਾ ਅਤੇ ਸਿੱਖਾਂ ਦੀ ਮਾਨਸਿਕਤਾ ਵਿੱਚ ਰਾਮਲੀਲਾ ਵਰਗਾ ਕਲਚਰ ਪੈਦਾ ਕਰਨਾ ਹੈ| 'ਨਾਨਕ ਸ਼ਾਹ ਫਕੀਰ' ਇਸ ਦੀ ਉਘੜਵੀਂ ਮਿਸਾਲ ਹੈ| ਉਨ੍ਹਾਂ ਕਿਹਾ ਕਿ ਅਸਤ ਗੱਲ ਤਾਂ ਇਹ ਹੈ ਕਿ ਹਿੰਦੂ ਜਿਸ 'ਅਵਚੇਤਨ' ਵਿੱਚ ਜੀਅ ਰਿਹਾ ਹੈ, ਉਹ ਸਿੱਖਾਂ ਨੂੰ ਵੀ ਹਿੰਦੂ-ਅਵਚੇਤਨ ਵਿੱਚ ਹੀ ਤਬਦੀਲ ਕਰਨਾ ਚਾਹੁੰਦੇ ਹਨ| ਭਾਈ ਪ੍ਰਭਜੋਤ ਸਿੰਘ ਜਿਨ੍ਹਾਂ ਨੇ ਵੱਖ ਵੱਖ ਧਰਮਾਂ ਦਾ ਡੂੰਘਾ ਅਧਿਐਨ ਕੀਤਾ ਹੋਇਆ ਹੈ, ਦਾ ਕਹਿਣਾ ਸੀ ਕਿ ਬਿਪਰ ਸੰਸਕਾਰੀ ਤਾਕਤਾਂ ਨੇ ਇਕ ਸਮੇਂ ਬੁੱਧ ਮੱਤ ਨੂੰ ਬੁੱਤਪ੍ਰਸਤ ਬਣਾ ਦਿੱਤਾ ਸੀ| ਹੁਣ ਇਹ ਤਾਕਤਾਂ ਸਿੱਖ-ਅਵਚੇਤਨ ਉਤੇ ਕਬਜ਼ਾ ਕਰਨਾ ਚਾਹੁੰਦੀਆਂ ਹਨ| ਉਨ੍ਹਾਂ ਕਿਹਾ ਕਿ ਜੇ ਹਿੰਦੂ ਦਰਸ਼ਨ ਵੱਲ ਡੂੰਘੀ ਝਾਤ ਮਾਰੀ ਜਾਵੇ ਤਾਂ ਅਸੀਂ ਵੇਖਦੇ ਹਾਂ ਕਿ ਬੁੱਤਦੀ ਫਿਲਾਸਫੀ ਨੇ ਹਿੰਦੂ-ਸੁਰਤ ਵਿੱਚ ਸਥਾਈ ਜਗ੍ਹਾ ਬਣਾਈ ਹੋਈ ਹੈ| ਹਿੰਦੂ ਕੌਮ ਦੀ ਸਮੂਹਿਕ ਚੇਤਨਾ ਸਿੱਖ ਕੌਮ ਦੀ ਵੱਖਰੀ ਹਸਤੀ ਮੰਨਣ ਵਿੱਚ ਰਾਜ਼ੀ ਨਹੀਂ| ਉਹ ਸਿੱਖ ਪਛਾਣ ਨੂੰ ਹੜੱਪ ਕਰਨਾ ਚਾਹੁੰਦੇ ਹਨ ਅਤੇ ਸਿੱਖ-ਸੁਰਤ ਵਿੱਚ ਆਪਣੀ ਅਵਚੇਤਨਾ ਪੱਕੇ ਪੈਰੀਂ ਸਥਾਪਤ ਕਰਨਾ ਚਾਹੁੰਦੇ ਹਨ| ਉਨ੍ਹਾਂ ਕਿਹਾ ਕਿ ਸਿੱਖ ਨੌਜਵਾਨ ਨੂੰ ਇਸ ਸਾਜ਼ਿਸ਼ ਬਾਰੇ ਜਿੰਨੀ ਛੇਤੀ ਸੁਚੇਤ ਤੇ ਜਾਗਰਤ ਹੋਣ ਉਨਾ ਹੀ ਚੰਗਾ ਹੈ ਕਿਉਂਕਿ ਹਿੰਦੂ ਧਰਮ ਸਿੱਖਾਂ ਦੀ ਸਿਧਾਂਤਕ-ਦੇਹ ਨੂੰ ਖਤਮ ਕਰਨਾ ਚਾਹੁੰਦਾ ਹੈ| ਉਨ੍ਹਾਂ ਨੇ ਹੁਣ ਮੁਸਲਮਾਨਾਂ ਉਤੇ ਜਿਸਮਾਨੀ ਹਮਲਾ ਕੀਤਾ ਹੋਇਆ ਹੈ ਜਦਕਿ ਸਿੱਖਾਂ ਦੇ ਉਤੇ ਹੋ ਰਹੇ ਹਮਲੇ ਦਾ ਰੂਪ ਜਿਸਮਾਨੀ ਘੱਟ ਅਤੇ ਸਿਧਾਂਤਕ ਜ਼ਿਆਦਾ ਹੈ|
ਕਰਮਜੀਤ ਸਿੰਘ
99150-91063