ਨੌਜਵਾਨਾਂ ਦੀ ਨਵੀਂ ਜਥੇਬੰਦੀ ਕਾਇਮ ਹੋਣ ਦੀ ਸੰਭਾਵਨਾ?

ਦਲਜੀਤ ਸਿੰਘ, ਜਸਪਾਲ ਸਿੰਘ ਹੇਰਾਂ ਅਤੇ ਹਰਸਿਮਰਨ ਸਿੰਘ ਸਰਪ੍ਰਸਤ?
ਉਦੇਸ਼ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲੜਨ ਤੱਕ ਹੀ ਸੀਮਤ
ਨਵੀਂ ਜਥੇਬੰਦੀ ਲਈ ਨੌਜਵਾਨਾਂ ਦੀ ਸੂਚੀ ਜਾਰੀ
ਜਥੇਬੰਦੀ ਤਮਾਮ ਰਾਜਸੀ ਪਾਰਟੀਆਂ ਤੋਂ ਸਤਿਕਾਰਤ ਦੂਰੀ ਅਤੇ ਨੇੜਤਾ ਬਣਾ ਕੇ ਰੱਖੇਗੀ
ਚੰਡੀਗੜ੍ਹ, 18 ਅਪ੍ਰੈਲ : ਪਿਛਲੇ ਦਿਨੀਂ ਚੰਡੀਗੜ੍ਹ ਵਿੱਚ ਕੁਝ ਨੌਜਵਾਨਾਂ ਦੇ ਗੈਰ-ਰਸਮੀ ਇਕੱਠ ਵਿੱਚ ਪੰਥ ਦੀ ਅਜੋਕੀ ਹਾਲਤ ਅਤੇ ਇਸ ਹਾਲਤ ਨੂੰ ਬਦਲਣ ਲਈ ਠੋਸ ਅਤੇ ਸੰਜੀਦਾ ਸੁਝਾਵਾਂ ਉਤੇ ਵਿਚਾਰ ਕੀਤਾ ਗਿਆ| ਸਾਰੇ ਨੌਜਵਾਨਾਂ ਨੇ ਦੋ ਦਿਨ ਦੀ ਗੰਭੀਰ ਵਾਰਤਾਲਾਪ ਪਿੱਛੋਂ ਇਹ ਸਾਂਝਾ ਸਿੱਟਾ ਕੱਢਿਆ ਕਿ ਇਸ ਸਮੇਂ ਸਿੱਖਾਂ ਦੀ ਕੋਈ ਵੀ ਰਾਜਨੀਤਿਕ ਪਾਰਟੀ ਜਾਂ ਕੋਈ ਵੀ ਜਥੇਬੰਦੀ, ਜਾਂ ਕੋਈ ਵੀ ਸੰਸਥਾ ਸਿੱਖ ਜਜ਼ਬਿਆਂ ਦੀ ਅਤੇ ਸਿੱਖ ਦਰਦ ਦੀ ਅਤੇ ਸਿੱਖ ਹਿੱਤਾਂ ਦੀ ਹਕੀਕੀ ਰੂਪ ਵਿੱਚ ਨੁਮਾਇੰਦਗੀ ਨਹੀਂ ਕਰਦੀ| ਮਿੱਠੀ ਹਉਮੈ ਦਾ ਵਾਸਾ ਸਾਰੀਆਂ ਜਥੇਬੰਦੀਆਂ ਵਿੱਚ ਪਿਛਲੇ ਲੰਮੇ ਅਰਸੇ ਤੋਂ ਲਗਾਤਾਰ ਕਾਇਮ ਹੈ ਅਤੇ ਅੱਜ ਵੀ ਹਾਲਤ ਜਿਉਂ ਦੀ ਤਿਉਂ ਬਣੀ ਹੋਈ ਹੈ| ਹਾਂ, ਇਹ ਗੱਲ ਦਰੁਸਤ ਹੈ ਕਿ ਇਹ ਸਾਰੀਆਂ ਜਥੇਬੰਦੀਆਂ ਸਿੱਖ ਹਿੱਤਾਂ ਦੀ ਰਾਖੀ ਲਈ ਭਰਪੂਰ ਨੁਮਾਇਸ਼ ਜ਼ਰੂਰ ਕਰਦੀਆਂ ਹਨ ਅਤੇ ਇਕ ਤੋਂ ਵੱਧ ਅੱਗੇ ਜਾ ਕੇ ਏਕਤਾ ਲਈ ਉਤਸ਼ਾਹ ਤੇ ਕੀਰਨੇ ਵੀ ਪ੍ਰਗਟ ਕਰਦੀਆਂ ਰਹਿੰਦੀਆਂ ਹਨ|
ਮੀਟਿੰਗ ਦੌਰਾਨ ਇੱਕ ਨੌਜਵਾਨ ਉਠਿਆ ਅਤੇ ਉਸਨੇ ਸਿੱਖ ਪੰਥ ਵਿੱਚ ਆਈ ਇੱਕ ਨਵੀਂ ਤਬਦੀਲੀ ਦੇ ਤਿੰਨ ਰੂਪੋਸ਼ ਨੁਕਤਿਆਂ ਨੂੰ ਸਤਹਿ ਉਤੇ ਲਿਆ ਕੇ ਹੈਰਾਨ ਕਰ ਦਿੱਤਾ| ਇੱਕ ਨੁਕਤਾ ਇਹ ਦੱਸਿਆ ਗਿਆ ਕਿ 'ਨਾਨਕ ਸ਼ਾਹ ਫਕੀਰ' ਨੂੰ ਰੋਕਣ ਵਿੱਚ ਸਾਰਾ ਰੋਲ, ਗੁੱਸਾ ਅਤੇ ਰੋਸ ਅਸਲ ਵਿੱਚ ਨੌਜਵਾਨਾਂ ਦਾ ਹੀ ਸੀ| ਬਾਕੀ ਸਾਰੇ ਉਨ੍ਹਾਂ ਪਿੱਛੇ ਪਿਛਲੱਗ ਬਣਨ ਲਈ ਮਜਬੂਰ ਹੋਏ| ਇਥੋਂ ਤੱਕ ਕਿ ਸਕੂਲਾਂ ਦੇ ਬੱਚੇ ਵੀ ਇਸ ਰੋਸ ਵਿੱਚ ਸ਼ਾਮਿਲ ਹੋਏ| ਹੋਰ ਤਾਂ ਹੋਰ ਪਹਿਲੀ ਵਾਰ ਵੱਡੀ ਗਿਣਤੀ ਵਿੱਚ ਲੜਕੀਆਂ ਨੇ ਵੀ ਆਪਣਾ ਰੋਸ ਪ੍ਰਗਟ ਕੀਤਾ| ਦੂਜਾ, ਇਸ ਵਾਰ ਵਿਸਾਖੀ ਦੇ ਮੌਕੇ 'ਤੇ ਇਸ ਪਵਿੱਤਰ ਤਿਉਹਾਰ ਨੂੰ ਮਨਾਉਣ ਲਈ ਜਿਸ ਕਿਸਮ ਦਾ ਉਤਸ਼ਾਹ ਤੇ ਜਜ਼ਬਾ ਪਾਇਆ ਗਿਆ ਉਹ ਪਹਿਲਾਂ ਬਹੁਤ ਘੱਟ ਪਾਇਆ ਗਿਆ ਸੀ| ਤੀਜਾ, ਪਹਿਰੇਦਾਰ ਸਮੇਤ ਦੋ ਅਖਬਾਰਾਂ ਨੇ ਵਿਸਾਖੀ ਨੂੰ ਵਿਸ਼ੇਸ਼ ਅਹਿਮੀਅਤ ਦੇ ਕੇ ਛੁੱਟੀ ਕੀਤੀ ਅਤੇ ਅਖਬਾਰਾਂ ਨਾ ਛਾਪਣ ਦਾ ਫੈਸਲਾ ਕੀਤਾ|
ਮੀਟਿੰਗ ਦੌਰਾਨ ਜਦੋਂ ਇਹ ਸਵਾਲ ਕੀਤਾ ਗਿਆ ਕਿ ਇਨ੍ਹਾਂ ਤਿੰਨਾਂ ਨੁਕਤਿਆਂ ਦੇ ਵੱਡੇ ਅਰਥ ਕੀ ਹੋ ਸਕਦੇ ਹਨ? ਤਾਂ ਇੱਕ ਹੋਰ ਨੌਜਵਾਨ ਨੇ ਬਹਿਸ ਨੂੰ ਅੱਗੇ ਤੋਰਦਿਆਂ ਇਹ ਤਰਕ ਪੇਸ਼ ਕੀਤਾ ਕਿ ਹੁਣ ਸਮਾਂ ਆ ਗਿਆ ਹੈ ਕਿ ਨੌਜਵਾਨਾਂ ਨੂੰ ਅਤੇ ਸਿਰਫ ਨੌਜਵਾਨਾਂ ਨੂੰ ਹੀ ਖਾਲਸਾ ਪੰਥ ਦੀ ਵਾਗਡੋਰ ਸੰਭਾਲਣ ਲਈ ਅੱਗੇ ਆਉਣਾ ਪਵੇਗਾ| ਇਤਿਹਾਸ ਨੇ ਉਨ੍ਹਾਂ ਲਈ ਇਹ ਰਾਹ ਆਪ ਮੁਹਾਰੇ ਹੀ ਪੱਧਰਾ ਕਰ ਦਿੱਤਾ ਹੈ| ਜਦੋਂ ਇੱਕ ਸਵਾਲ ਹੋਰ ਆਇਆ ਕਿ ਨੌਜਵਾਨ ਤਾਂ ਭੀੜ ਦੀ ਤਰ੍ਹਾਂ ਹਨ, ਇਕ ਕਾਫਲੇ ਦੀ ਤਰ੍ਹਾਂ ਹਨ ਅਤੇ ਉਨ੍ਹਾਂ ਕੋਲ ਕੋਈ ਸੰਗਠਨ ਜਾਂ ਜਥੇਬੰਦੀ ਹੀ ਨਹੀਂ, ਉਨ੍ਹਾਂ ਕੋਲ ਮੰਜ਼ਿਲ ਤਾਂ ਹੈ ਪਰ ਰਸਤਾ ਹੀ ਨਹੀਂ, ਉਨ੍ਹਾਂ ਕੋਲ ਗੁਰਬਾਣੀ ਤਾਂ ਹੈ ਪਰ ਇਤਿਹਾਸ ਨਹੀਂ ਤਾਂ ਅਜਿਹੇ ਨੌਜਵਾਨ ਕਿਸ ਤਰ੍ਹਾਂ ਅਗਵਾਈ ਕਰ ਸਕਦੇ ਹਨ? ਇਹ ਵਿਚਾਰ ਵੀ ਸਾਹਮਣੇ ਆਇਆ ਕਿ ਜਾਗਦੀਆਂ ਜ਼ਮੀਰਾਂ ਵਰਗੇ ਨੌਜਵਾਨ ਸਾਰੀਆਂ ਵੱਖ-ਵੱਖ ਪਾਰਟੀਆਂ ਵਿੱਚ ਅਤੇ ਜਥੇਬੰਦੀਆਂ ਵਿੱਚ ਇੱਕ ਤਰ੍ਹਾਂ ਨਾਲ ਕੈਦ ਭੁਗਤ ਰਹੇ ਹਨ ਅਤੇ ਉਨ੍ਹਾਂ ਉਤੇ ਕਾਬਜ਼ ਲੀਡਰ ਹੀ ਸਾਰੇ ਫੈਸਲੇ ਕਰਦੇ ਹਨ| ਨੌਜਵਾਨਾਂ ਨੂੰ ਤਾਂ ਕੇਵਲ 'ਲੀਡਰਾਂ ਦੇ ਹਿੱਤਾਂ' ਲਈ ਹੀ ਵਰਤਿਆ ਜਾਂਦਾ ਹੈ, ਭਾਵੇਂ ਕਿਹਾ ਇਹੋ ਜਾਂਦਾ ਹੈ ਕਿ ਇਸ ਵਿੱਚ ਪੰਥ ਦੇ ਹਿੱਤ ਹਨ| ਇਹ ਦਲੀਲ ਵੀ ਦਿੱਤੀ ਗਈ ਕਿ ਹੁਣ ਤੱਕ ਜਿੰਨੇ ਵੀ ਲੀਡਰ ਉੱਚੇ ਅਹੁਦਿਆਂ 'ਤੇ ਸੁਸ਼ੋਭਿਤ ਹਨ, ਉਨ੍ਹਾਂ ਨੇ ਦੂਜੀ ਕਤਾਰ ਦਾ ਕੋਈ ਨੇਤਾ ਹੀ ਉਭਰਨ ਨਹੀਂ ਦਿੱਤਾ| ਇਥੋਂ ਤੱਕ ਕਿ ਇਹੋ ਜਿਹੇ ਨੌਜਵਾਨ ਕਿਸੇ ਹੱਦ ਤੱਕ ਬਾਦਲ ਦਲ ਵਿੱਚ ਵੀ ਮੌਜੂਦ ਹਨ| ਪਰ ਇਤਿਹਾਸ ਦਾ ਕਿੰਨਾ ਵੱਡਾ ਦਰਦਨਾਕ ਵਿਅੰਗ ਹੈ ਕਿ ਗੈਰ-ਅੰਮ੍ਰਿਤਧਾਰੀ ਉਸ ਜਥੇਬੰਦੀ ਦੀ ਅਗਵਾਈ ਕਰ ਰਿਹਾ ਹੈ ਅਤੇ ਅਕਾਲ ਤਖਤ ਸਮੇਤ ਕਿਸੇ ਵਿੱਚ ਵੀ ਇਹ ਜੁਰਅਤ ਨਹੀਂ ਕਿ ਉਸ ਵਿਅਕਤੀ ਦੀ ਪੁੱਛਗਿੱਛ ਕੀਤੀ ਜਾਵੇ| ਇਥੋਂ ਤੱਕ ਫਖਰ-ਏ-ਕੌਮ ਵੀ ਉਸ ਨੂੰ ਪੁੱਛਣ ਤੋਂ ਡਰਦਾ ਹੈ| ਸਾਰੇ ਨੌਜਵਾਨਾਂ ਦਾ ਆਪਣੀਆਂ ਆਪਣੀਆਂ ਜਥੇਬੰਦੀਆਂ ਵਿੱਚ ਸਾਹ ਘੁੱਟ ਰਿਹਾ ਹੈ| ਜਦੋਂ ਉਨ੍ਹਾਂ ਨਾਲ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦਾ ਇਹੋ ਜਵਾਬ ਹੁੰਦਾ ਹੈ ਕਿ ਉਨ੍ਹਾਂ ਕੋਲ ਹੋਰ ਕੋਈ ਰਸਤਾ ਵੀ ਤਾਂ ਨਹੀਂ, ਇਸ ਲਈ ਉਨ੍ਹਾਂ ਦੀ ਤਕਦੀਰ ਵਿੱਚ ਇਥੇ ਹੀ ਹਰ ਰੋਜ਼ ਜਿਉਣਾ-ਮਰਣਾ ਲਿਖਿਆ ਹੋਇਆ ਹੈ| ਇਸ ਲਈ ਮੀਟਿੰਗ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਜਗਦੀਆਂ ਮਘਦੀਆਂ ਜ਼ਮੀਰਾਂ ਵਾਲਿਆਂ ਨੂੰ ਇੱਕ ਮੰਚ ਉਤੇ ਲਿਆਂਦਾ ਜਾਵੇ| ਮੀਟਿੰਗ ਵਿੱਚ ਸਹਿਮਤੀ ਹੋਈ ਕਿ ਨੌਜਵਾਨ ਇਕੱਠੇ ਹੋਣ ਅਤੇ ਇੱਕ ਜਥੇਬੰਦੀ ਕਾਇਮ ਕੀਤੀ ਜਾਵੇ ਪਰ ਇੱਕ ਸੁਝਾਅ ਇਹ ਆਇਆ ਕਿ ਜਥੇਬੰਦੀ ਕਾਇਮ ਕਰਨ ਦੀ ਅਜੇ ਕਾਹਲੀ ਨਾ ਕੀਤੀ ਜਾਵੇ, ਅਜੇ ਸਿਰਫ ਇਕੱਠੇ ਹੀ ਹੋਇਆ ਜਾਵੇ|
ਇੱਕ ਨੌਜਵਾਨ ਨੇ ਸਵਾਲ ਕੀਤਾ ਕਿ ਜੇ ਨੌਜਵਾਨ ਇਕੱਠੇ ਹੋ ਵੀ ਜਾਣ, ਜਥੇਬੰਦੀ ਵੀ ਕਾਇਮ ਹੋ ਜਾਵੇ ਤਾਂ ਫਿਰ ਕੀ ਸਿੱਖਾਂ ਦੀਆਂ ਰਾਜਨੀਤਿਕ ਪਾਰਟੀਆਂ ਅਤੇ ਜਥੇਬੰਦੀਆਂ, ਜਿਨ੍ਹਾਂ ਉਤੇ ਵੱਡੇ ਵੱਡੇ ਖੁੰਢ ਅਤੇ ਧਨੰਤਰ ਲੀਡਰ ਬੈਠੇ ਹੋਏ ਹਨ ਅਤੇ ਜੋ ਪੂਰੀ ਤਰ੍ਹਾਂ ਖੜੋਤ ਵਾਲੀ ਜ਼ਿੰਦਗੀ ਦੇ ਪਹਿਰੇਦਾਰ ਬਣ ਚੁੱਕੇ ਹਨ, ਕੀ ਉਹ ਇਸ ਨਵੀਂ ਜਥੇਬੰਦੀ ਵਿੱਚ ਨਵੇਂ ਨਵੇਂ ਢੰਗ ਤਰੀਕਿਆਂ ਨਾਲ ਅਤੇ ਚਲਾਕੀਆਂ ਨਾਲ ਰੁਕਾਵਟ ਨਹੀਂ ਬਣਨਗੇ? ਮੀਟਿੰਗ ਵਿੱਚ ਇਸ ਗੱਲ 'ਤੇ ਸਹਿਮਤੀ ਪ੍ਰਗਟ ਕੀਤੀ ਗਈ ਕਿ ਸਥਾਪਿਤ ਲੀਡਰਾਂ ਵਿੱਚ ਜਿਨ੍ਹਾਂ ਅੰਦਰ ਕਦੇ ਜਜ਼ਬਿਆਂ ਦਾ ਦਰਿਆ ਵਗਦਾ ਸੀ ਉਹ ਹੁਣ ਸੁੱਕ ਗਿਆ ਹੈ| ਉਹ ਜਿਹੜੇ ਕਦੇ ਬਹਾਰਾਂ ਦਾ ਪੈਗਾਮ ਲੈ ਕੇ ਆਏ ਸੀ, ਉਹ ਪਤਝੜ ਦੀ ਰੁੱਤ ਵਿੱਚ ਬਦਲ ਗਏ ਹਨ| ਭਾਵੇਂ ਉਹ ਇਸ ਗੱਲ ਨੂੰ ਸਵੀਕਾਰ ਨਾ ਕਰਨ ਪਰ ਉਨ੍ਹਾਂ ਦੇ ਕੁਮਲਾਏ ਹੋਏ ਚਿਹਰਿਆਂ 'ਤੇ ਇਹ ਹਾਰੀ ਦਾਸਤਾਨ ਪੜ੍ਹੀ ਜਾ ਸਕਦੀ ਹੈ| ਜਦੋਂ ਇਹ ਸਵਾਲ ਸਾਹਮਣੇ ਆਇਆ ਕਿ ਭਾਵੇਂ ਇਹ ਆਗੂ ਹੁਣ ਖੜੋਤ ਵਿੱਚ ਹਨ ਪਰ ਫਿਰ ਵੀ ਕੀ ਨਵੀਂ ਜਥੇਬੰਦੀ ਦੀ ਤਰੱਕੀ ਲਈ ਉਹ ਕੋਈ ਵੀ ਰੋਲ ਅਦਾ ਨਹੀਂ ਕਰਨਗੇ? ਇਸ ਸਵਾਲ ਦਾ ਇਹ ਜਵਾਬ ਦਿੱਤਾ ਗਿਆ ਕਿ ਉਹ ਕੇਵਲ ਸਲਾਹਕਾਰ ਹੋਣੇ ਚਾਹੀਦੇ ਹਨ| ਉਨ੍ਹਾਂ ਦੀ ਸਲਾਹ ਉਤੇ ਅਮਲ ਕਰਨਾ ਹੈ ਜਾਂ ਨਹੀਂ, ਇਸ ਦਾ ਫੈਸਲਾ ਨਵੀਂ ਜਥੇਬੰਦੀ ਦੀ ਲੀਡਰਸ਼ਿਪ ਕਰੇਗੀ| ਨੌਜਵਾਨਾਂ ਉਤੇ ਉਨ੍ਹਾਂ ਦੀਆਂ ਸਲਾਹਵਾਂ ਬਾਰੇ ਕੋਈ ਬੰਦਿਸ਼ ਨਹੀਂ ਹੋਵੇਗੀ|
ਇੱਕ ਹੋਰ ਨੌਜਵਾਨ ਨੇ ਸੰਤ ਜਰਨੈਲ ਸਿੰਘ ਦੀ ਰਣਨੀਤੀ ਅਤੇ ਦੈਵੀ ਰਾਜਨੀਤੀ ਦਾ ਗੰਭੀਰ ਵਿਸ਼ਲੇਸ਼ਣ ਕਰਦਿਆਂ ਕਿਹਾ ਕਿ ਧਰਮਯੁੱਧ ਦੌਰਾਨ ਇੱਕ ਅਜਿਹਾ ਸਮਾਂ ਵੀ ਆਇਆ ਜਦੋਂ ਸਾਰੀ ਕੌਮ ਦੇ ਨੌਜਵਾਨ ਉਨ੍ਹਾਂ ਦੀ ਅਗਵਾਈ ਵਿੱਚ ਇਕੱਠੇ ਹੋ ਗਏ| ਉਸ ਸਮੇਂ ਅਨੇਕ ਵਿਰੋਧੀ ਮੰਚ ਉਤੇ ਆਏ| ਇਥੋਂ ਤੱਕ ਕਿ ਪਾਰਟੀ ਦੇ ਪ੍ਰਧਾਨ ਹਰਚੰਦ ਸਿੰਘ ਲੌਂਗੋਵਾਲ ਦੀ ਵੀ ਪੁੱਛ ਪ੍ਰਤੀਤ ਨਹੀਂ ਸੀ ਰਹਿ ਗਈ| ਧਰਮਯੁੱਧ ਮੋਰਚੇ ਲਈ ਗ੍ਰਿਫਤਾਰੀਆਂ ਦੇਣ ਵਾਲੇ ਨੌਜਵਾਨਾਂ ਲਈ ਖਿੱਚ ਅਤੇ ਪਿਆਰ ਦਾ ਕੇਂਦਰ ਸੰਤ ਜਰਨੈਲ ਸਿੰਘ ਹੀ ਸਨ| ਸਭ ਰਵਾਇਤੀ ਲੀਡਰ ਹਾਸ਼ੀਏ 'ਤੇ ਚਲੇ ਗਏ ਸਨ| ਨੌਜਵਾਨਾਂ ਦੀ ਸਾਰੀ ਦੀ ਸਾਰੀ ਪੀੜ੍ਹੀ ਨੇ ਰਵਾਇਤੀ ਲੀਡਰਾਂ ਨੂੰ ਇੱਕ ਤਰ੍ਹਾਂ ਨਾਲ ਰੱਦ ਕਰ ਦਿੱਤਾ ਸੀ| ਉਹ ਕੇਵਲ ਪਿਛਲੱਗ ਹੀ ਰਹਿ ਗਏ ਸਨ| ਇੱਕ ਨੌਜਵਾਨ ਨੇ ਸੁਝਾਅ ਦਿੱਤਾ ਕਿ ਪੰਥ ਦੀ ਵਰਤਮਾਨ ਲੀਡਰਸ਼ਿਪ ਨੂੰ ਭਾਵੇਂ ਰੱਦ ਨਾ ਕੀਤਾ ਜਾਵੇ ਪਰ ਹਾਲ ਦੀ ਘੜੀ ਉਨ੍ਹਾਂ ਤੋਂ ਇੱਕ ਸਤਿਕਾਰ ਵਾਲੀ ਦੂਰੀ ਜ਼ਰੂਰ ਬਣਾ ਲਈ ਜਾਵੇ|
ਮੀਟਿੰਗ ਦੌਰਾਨ ਜੁਝਾਰੂ ਲਹਿਰ ਦੇ ਇੱਕ ਨੌਜਵਾਨ ਨੇ ਜੋ ਉਸ ਦੌਰ ਦੇ ਉਤਰਾਵਾਂ-ਚੜ੍ਹਾਵਾਂ ਉਤੇ ਗੰਭੀਰ ਖੋਜ ਕਰ ਰਿਹਾ ਸੀ, ਉਸ ਨੇ ਯਾਦ ਕਰਾਇਆ ਕਿ ਇੱਕ ਵੇਲਾ ਅਜਿਹਾ ਵੀ ਆਇਆ ਸੀ ਜਦੋਂ ਅਨੰਦਪੁਰ ਸਾਹਿਬ ਵਿੱਚ 21 ਤੋਂ ਵੱਧ ਸਿੱਖਾਂ ਦੀਆਂ ਜਥੇਬੰਦੀਆਂ ਨੇ ਮਤੇ ਰਾਹੀਂ ਇਹ ਐਲਾਨ ਕੀਤਾ ਕਿ ਕੌਮ ਦੀ ਤਕਦੀਰ ਦਾ ਅੰਤਿਮ ਫੈਸਲਾ ਅਤੇ ਕੇਂਦਰ ਨਾਲ ਗੱਲਬਾਤ ਕਰਨ ਦੇ ਸਾਰੇ ਅਧਿਕਾਰ ਕੇਵਲ ਤੇ ਕੇਵਲ ਖਾੜਕੂਆਂ ਕੋਲ ਹੀ ਹਨ| ਇ੍ਹਨਾਂ ਜਥੇਬੰਦੀਆਂ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਜਥੇਬੰਦੀ ਵੀ ਸ਼ਾਮਿਲ ਸੀ| ਇਸ ਨੌਜਵਾਨ ਨੇ ਤਰਕ ਪੇਸ਼ ਕੀਤਾ ਕਿ ਜੇ ਅੱਜ ਵੀ ਨੌਜਵਾਨ ਦ੍ਰਿੜਤਾ ਨਾਲ ਇੱਕ ਹੋ ਜਾਣ ਤਾਂ ਉਨ੍ਹਾਂ ਨੂੰ ਪੰਜਾਬ ਵਿੱਚ ਕਿਸੇ ਸਮੇਂ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਨੂੰ ਮਿਲੀ ਜ਼ਬਰਦਸਤ ਹਮਾਇਤ ਨਾਲੋਂ ਵੀ ਕਿਤੇ ਵੱਧ ਹਮਾਇਤ ਨੌਜਵਾਨਾਂ ਦੀ ਜਥੇਬੰਦੀ ਨੂੰ ਮਿਲ ਸਕਦੀ ਹੈ|
ਸਾਰੀ ਬਹਿਸ ਕਿਨਾਰੇ ਲੱਗਦੀ ਵੇਖ ਕੇ ਇੱਕ ਨੌਜਵਾਨ ਨੇ ਸਵਾਲ ਕਰ ਦਿੱਤਾ ਕਿ ਅੱਜ ਤੇ ਹੁਣੇ ਹੀ ਇਹ ਫੈਸਲਾ ਕੀਤਾ ਜਾਵੇ ਕਿ ਉਹ ਕਿਹੜੀਆਂ ਪੰਜ ਬੇਦਾਗ ਸ਼ਖਸੀਅਤਾਂ ਹਨ ਜਿਨ੍ਹਾਂ ਨੂੰ ਨੌਜਵਾਨਾਂ ਦੀ ਜਥੇਬੰਦੀ ਦਾ ਸਰਪ੍ਰਸਤ ਬਣਾਇਆ ਜਾਵੇ? ਇਸ ਨੁਕਤੇ ਉਤੇ ਕਈ ਘੰਟੇ ਬਹਿਸ ਹੋਈ ਅਤੇ ਲੰਮੇ ਵਿਚਾਰ ਵਟਾਂਦਰੇ ਤੋਂ ਬਾਅਦ ਕੇਵਲ ਤਿੰਨ ਨਾਂਅ ਹੀ ਇਸ ਸੂਚੀ ਵਿੱਚ ਸ਼ਾਮਿਲ ਹੋ ਸਕੇ| ਇਨ੍ਹਾਂ ਵਿੱਚੋਂ ਭਾਈ ਦਲਜੀਤ ਸਿੰਘ, ਦੂਜੇ ਪਹਿਰੇਦਾਰ ਅਖਬਾਰ ਦੇ ਸੰਪਾਦਕ ਭਾਈ ਜਸਪਾਲ ਸਿੰਘ ਹੇਰਾਂ ਅਤੇ ਤੀਜੇ ਭਾਈ ਹਰਸਿਮਰਨ ਸਿੰਘ ਦੇ ਨਾਂਅ ਸ਼ਾਮਿਲ ਹਨ| ਇਸ ਗੱਲ 'ਤੇ ਸਰਬਸਹਿਮਤੀ ਹੋਈ ਕਿ ਭਾਈ ਦਲਜੀਤ ਸਿੰਘ ਹੀ ਇੱਕ ਅਜਿਹੇ ਵਿਅਕਤੀ ਹਨ ਜਿਨ੍ਹਾਂ ਨੂੰ ਨਾ ਕੇਵਲ ਗੁਰਬਾਣੀ, ਸਿੱਖ ਇਤਿਹਾਸ ਅਤੇ ਅੰਤਰਰਾਸ਼ਟਰੀ ਮਾਮਲਿਆਂ ਦੀ ਗੰਭੀਰ ਤੇ ਬਰੀਕ ਸਮਝ ਹੈ ਸਗੋਂ ਉਨ੍ਹਾਂ ਦੀ ਕੁਰਬਾਨੀ ਦੀ ਹਰ ਨੌਜਵਾਨ ਕਦਰ ਕਰਦਾ ਹੈ| ਦੂਜਾ ਭਾਈ ਜਸਪਾਲ ਸਿੰਘ ਹਨ, ਜਿਨ੍ਹਾਂ ਨੇ ਪਿਛਲੇ ਇੱਕ ਦਹਾਕੇ ਤੋਂ ਲੱਗਭਗ 2000 ਸੰਪਾਦਕੀਆਂ ਵਿੱਚ ਪੰਥਕ ਏਕਤਾ ਲਈ ਹਾਅ ਦਾ ਨਾਅਰਾ ਮਾਰਿਆ ਹੈ ਪਰ ਜਥੇਬੰਦੀਆਂ ਦੀ ਹਉਮੈ ਹਰ ਵਾਰ ਜੇਤੂ ਹੋ ਕੇ ਨਿਕਲਦੀ ਰਹੀ| ਭਾਈ ਹਰਸਿਮਰਨ ਸਿੰਘ ਨੇ ਇੱਕ ਦਰਜਨ ਕਿਤਾਬਾਂ ਲਿਖ ਕੇ ਪੰਥ ਨੂੰ ਸਿਧਾਂਤ ਰੂਪ ਵਿੱਚ ਜਗਾਉਣ ਦੀ ਕੋਸ਼ਿਸ਼ ਕੀਤੀ ਹੈ ਅਤ ਉਹ ਇੱਕੋ ਇੱਕ ਵਿਅਕਤੀ ਹੈ ਜਿਸਨੇ ਅਕਾਲ ਤਖਤ ਅਤੇ ਸਰਬੱਤ ਖਾਲਸਾ ਦੀ ਰੂਪਰੇਖਾ ਬਾਰੇ ਕੀਮਤੀ ਸੁਝਾਵਾਂ ਨਾਲ ਭਰਪੂਰ ਪੁਸਤਕ ਪੱਥ ਦੀ ਝੋਲੀ ਵਿੱਚ ਪਾਈ| ਇਹ ਤਿੰਨੇ ਵਿਅਕਤੀ ਸਿੱਖਾਂ ਦੇ ਅੰਤਰੀਵ ਤੇ ਭੁੱਲੇ ਵਿਸਰੇ ਦਰਦ ਦੀ ਅਗਵਾਈ ਕਰ ਸਕਦੇ ਹਨ, ਹਾਲ ਦੀ ਘੜੀ ਇਨ੍ਹਾਂ ਤਿੰਨਾਂ ਨੂੰ ਹੀ ਨੌਜਵਾਨਾਂ ਦੇ ਜਜ਼ਬਿਆਂ ਦਾ ਪ੍ਰਤੀਨਿਧ ਮੰਨਿਆ ਜਾ ਸਕਦਾ ਹੈ| ਇਹ ਹੀ ਨੌਜਵਾਨਾਂ ਦੀ ਰੂਹ ਦੇ ਹਾਣੀ ਹਨ ਅਤੇ ਇਨ੍ਹਾਂ ਨੇ ਹੀ ਅਮਲ ਵਿੱਚ ਇਹ ਰੋਲ ਨਿਭਾਇਆ ਹੈ| ਮੀਟਿੰਗ ਦੌਰਾਨ ਇਹ ਵੀ ਫੈਸਲਾ ਹੋਇਆ ਕਿ ਪਹਿਰੇਦਾਰ ਨੂੰ ਖਾਲਸਾ ਪੰਥ ਦਾ ਸਾਂਝਾ ਅਖਬਾਰ ਐਲਾਨਿਆ ਜਾਵੇ ਅਤੇ ਦੇਸ਼-ਵਿਦੇਸ਼ ਵਿੱਚ ਵਸਦੇ ਵੀਰਾਂ ਨੂੰ ਇਸ ਅਖਬਾਰ ਦੀ ਮਾਇਕ ਸਹਾਇਤਾ ਲਈ ਅਤੇ ਇਸ ਨੂੰ ਉੱਚ ਕੋਟੀ ਦਾ ਮਿਆਰੀ ਅਖਬਾਰ ਬਣਾਉਣ ਲਈ ਖੁੱਲ੍ਹੇ ਦਿਲ ਨਾਲ ਮਾਇਕ ਸਹਾਇਤਾ ਦਿੱਤੀ ਜਾਵੇ|
ਮੀਟਿੰਗ ਵਿੱਚ ਕੁੱਲ ਫੈਸਲੇ ਸਰਬਸੰਮਤੀ ਨਾਲ ਸਰਬਸੰਮਤੀ ਨਾਲ ਕੀਤੇ ਗਏ| ਮੀਟਿੰਗ ਨੇ ਐਲਾਨ ਕੀਤਾ ਕਿ ਜਥੇਬੰਦੀ ਦਾ ਉਦੇਸ਼  ਕੇਵਲ ਤੇ ਕੇਵਲ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਿੱਚ ਇਨਕਲਾਬੀ ਸੁਧਾਰ ਕਰਨੇ ਹਨ ਅਤੇ ਇਸ ਦੇ ਸਰੂਪ ਨੂੰ ਪੰਥਕ ਸਰੂਪ ਬਣਾਇਆ ਜਾਵੇਗਾ| ਇਸ ਉਦੇਸ਼ ਲਈ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਇਹ ਨਵੀਂ ਜਥੇਬੰਦੀ ਹੀ ਪੰਥਕ ਉਮੀਦਵਾਰਾਂ ਦੀ ਚੋਣ ਕਰੇਗੀ ਅਤੇ ਉਨ੍ਹਾਂ ਨੂੰ ਜਿਤਾ ਕੇ ਇਸ ਸੰਸਥਾ ਵਿੱਚ ਭੇਜੇਗੀ| ਇਸ ਉਦੇਸ਼ ਲਈ ਤਮਾਮ ਜਥੇਬੰਦੀਆਂ ਤੇ ਸੁਹਿਰਦ ਵਿਅਕਤੀਆਂ ਦਾ ਸਹਿਯੋਗ ਲਿਆ ਜਾਵੇਗਾ ਪਰ ਅੰਤਿਮ ਫੈਸਲਾ ਕਰਨ ਦਾ ਅਧਿਕਾਰ ਕੇਵਲ ਤੇ ਕੇਵਲ ਜਥੇਬੰਦੀ ਕੋਲ ਹੀ ਹੋਵੇਗਾ| ਇਸ ਤੋਂ ਇਲਾਵਾ ਇਹ ਫੈਸਲਾ ਵੀ ਕੀਤਾ ਗਿਆ ਕਿ ਨਵੀਂ ਜਥੇਬੰਦੀ ਅਕਾਲ ਤਖਤ ਵੱਲੋਂ ਪ੍ਰਵਾਨਿਤ ਪੰਥਕ ਰਹਿਤ ਮਰਿਆਦਾ 'ਤੇ ਹੀ ਪਹਿਰਾ ਦੇਵੇਗੀ ਅਤੇ ਇਸੇ ਮਰਿਆਦਾ ਉਤੇ ਰਹਿ ਕੇ ਸਾਰੇ ਪੰਥ ਨੂੰ ਇਕੱਠਿਆਂ ਕਰੇਗੀ| ਰਾਗਮਾਲਾ ਅਤੇ ਦਸਮ ਗ੍ਰੰਥ ਵਰਗੇ ਮੁੱਦਿਆਂ ਬਾਰੇ ਕਿਸੇ ਵੀ ਫੈਸਲੇ ਨੂੰ ਉਸ ਸਮੇਂ ਤੱਕ ਅੱਗੇ ਪਾਇਆ ਜਾਵੇਗਾ ਜਦੋਂ ਤੱਕ ਪੰਥਕ ਹਸਤੀਆਂ ਦਾ ਰੌਸ਼ਨ-ਦਿਮਾਗ ਅਤੇ ਵਿਵੇਕ ਬੁੱਧ ਉੱਚੀ ਅਵਸਥਾ ਨੂੰ ਹਾਸਿਲ ਨਹੀਂ ਕਰ ਲੈਂਦੀ| ਸੰਤ ਸੰਪ੍ਰਦਾਵਾਂ, ਸਿੱਖਾਂ ਦੀਆਂ ਪਾਰਟੀਆਂ, ਸੰਸਥਾਵਾਂ ਤੇ ਸਿੱਖ ਪੰਥ ਵਿੱਚ ਸਤਿਕਾਰਤ ਵਿਅਕਤੀਆਂ ਦੀ ਨਾ ਹੀ ਅੰਨ੍ਹੇਵਾਹ ਹਮਾਇਤ ਕੀਤੀ ਜਾਵੇਗੀ ਅਤੇ ਨਾ ਹੀ ਅੰਨ੍ਹੇਵਾਹ ਵਿਰੋਧਤਾ ਕੀਤੀ ਜਾਵੇਗੀ| ਉਨ੍ਹਾਂ ਸਭਨਾਂ ਨੂੰ ਨਵੀਂ ਜਥੇਬੰਦੀ ਦੀ ਅਗਵਾਈ ਵਿੱਚ ਪੰਥਕ ਏਕਤਾ ਲਈ ਲਗਾਤਾਰ ਬੇਨਤੀਆਂ ਕਰਨ ਦਾ ਸਿਲਸਿਲਾ ਜਾਰੀ ਰਹੇਗਾ| ਇਸ ਤੋਂ ਇਲਾਵਾ ਅੰਮ੍ਰਿਤਸਰ, ਚੰਡੀਗੜ੍ਹ, ਪਟਿਆਲਾ, ਬਠਿੰਡਾ ਤੇ ਫਿਰੋਜ਼ਪੁਰ ਵਿੱਚ ਜਥੇਬੰਦੀ ਦੇ ਦਫਤਰ ਕਾਇਮ ਕੀਤੇ ਜਾਣਗੇ ਜਿਥੇ 35 ਤੋਂ ਹੇਠਾਂ ਨੌਜਵਾਨਾਂ ਦੀ ਭਰਤੀ ਕੀਤੀ ਜਾਵੇਗੀ ਅਤੇ ਚੰਡੀਗੜ੍ਹ ਵਿੱਚ ਇਸ ਜਥੇਬੰਦੀ ਦੀ ਵੈਬਸਾਇਟ ਕਾਇਮ ਕਰ ਕੇ ਦੁਨੀਆਂ ਭਰ ਦੇ ਨੌਜਵਾਨਾਂ ਨੂੰ ਖਾਲਸਾਈ ਝੰਡੇ ਹੇਠ ਇਕੱਠੇ ਕਰਨ ਦੀ ਅਤੇ ਮਿਲ-ਬੈਠਣ ਦੀ ਮੁਹਿੰਮ ਆਰੰਭ ਕੀਤੀ ਜਾਵੇਗੀ|
ਇਸ ਮੀਟਿੰਗ ਦਾ ਸਭ ਤੋਂ ਦਿਲਚਸਪ ਪਹਿਲੂ ਇਹ ਸੀ ਕਿ ਉਨ੍ਹਾਂ ਨੌਜਵਾਨਾਂ ਦੀ ਸੂਚੀ ਅਖੀਰ 'ਤੇ ਤਿਆਰ ਕੀਤੀ ਗਈ, ਜਿਨ੍ਹਾਂ ਨੌਜਵਾਨਾਂ ਨੇ ਨਵੀਂ ਜਥੇਬੰਦੀਆਂ ਦੇ ਨਿਯਮ, ਸੰਵਿਧਾਨ ਅਤੇ ਹੋਰ ਜ਼ਰੂਰੀ ਮਾਮਲੇ ਤੈਅ ਕਰਨੇ ਹਨ| ਇਨ੍ਹਾਂ ਨੌਜਵਾਨਾਂ ਦੇ ਕੁਝ ਨਾਂਅ ਇਸ ਪ੍ਰਕਾਰ ਹਨ : ਭਾਈ ਪਪਲਪ੍ਰੀਤ ਸਿੰਘ, ਭਾਈ ਸਰਬਜੀਤ ਸਿੰਘ ਘੁਮਾਣ, ਭਾਈ ਅਮਰੀਕ ਸਿੰਘ ਮੁਕੇਰੀਆਂ, ਭਾਈ ਪਰਮਜੀਤ ਸਿੰਘ ਗਾਜ਼ੀ, ਭਾਈ ਸੇਵਕ ਸਿੰਘ, ਭਾਈ ਪ੍ਰਭਜੋਤ ਸਿੰਘ, ਭਾਈ ਮਨਜੀਤ ਸਿੰਘ, ਭਾਈ ਨੋਬਲਪ੍ਰੀਤ ਸਿੰਘ, ਭਾਈ ਅਨਭੋਲ ਸਿੰਘ, ਭਾਈ ਸੁਖਵਿੰਦਰ ਸਿੰਘ 'ਸੱਥ', ਭਾਈ ਗੁਰਜੰਟ ਸਿੰਘ, ਭਾਈ ਰਾਜਪਾਲ ਸਿੰਘ, ਭਾਈ ਬਲਜੀਤ ਸਿੰਘ 'ਵੰਗਾਰ', ਭਾਈ ਜਗਸੀਰ ਸਿੰਘ ਸੰਧੂ, ਭਾਈ ਬਘੇਲ ਸਿੰਘ, ਭਾਈ ਖੁਸ਼ਹਾਲ ਸਿੰਘ, ਭਾਈ ਹਰਪ੍ਰੀਤ ਸਿੰਘ| ਇਨ੍ਹਾਂ ਨਾਵਾਂ ਤੋਂ ਇਲਾਵਾ ਕੁਝ ਹੋਰ ਨਾਂਅ ਵੀ ਸ਼ਾਮਿਲ ਕੀਤੇ ਜਾ ਰਹੇ ਹਨ, ਜਿਨ੍ਹਾਂ ਦਾ ਅੰਤਿਮ ਫੈਸਲਾ ਕਰਨਾ ਬਾਕੀ ਹੈ| ਜਦੋਂ ਇਹ ਪੁੱਛਿਆ ਗਿਆ ਕਿ ਇਸ ਮੀਟਿੰਗ ਵਿੱਚ ਕੌਣ ਕੌਣ ਵਿਅਕਤੀ ਸ਼ਾਮਿਲ ਹੋਏ ਤਾਂ ਸਬੰਧਿਤ ਵਿਅਕਤੀ ਨੇ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਅਤੇ ਇਹ ਵੀ ਦੱਸਿਆ ਕਿ ਜਿਨ੍ਹਾਂ ਨਾਵਾਂ ਦੀ ਸੂਚੀ ਤਿਆਰ ਕੀਤੀ ਗਈ ਹੈ ਉਨ੍ਹਾਂ ਵਿੱਚੋਂ ਕੋਈ ਵੀ ਵਿਅਕਤੀ ਇਸ ਮੀਟਿੰਗ ਵਿੱਚ ਸ਼ਾਮਿਲ ਨਹੀਂ ਹੋਇਆ ਅਤੇ ਨਾ ਹੀ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਹੈ| ਇਸ ਪੱਤਰਕਾਰ ਨੂੰ ਇਹ ਵੀ ਦੱਸਿਆ ਗਿਆ ਕਿ ਇਸ ਨਵੀਂ ਸੂਚੀ ਬਾਰੇ ਕਾਫੀ ਮਿਹਨਤ ਕੀਤੀ ਗਈ ਹੈ ਅਤੇ ਉਸ ਤੋਂ ਪਿੱਛੋਂ ਹੀ ਇਨ੍ਹਾਂ ਨੌਜਵਾਨਾਂ ਦੀ ਕਾਰਗੁਜ਼ਾਰੀ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਹੀ ਫੈਸਲਾ ਕੀਤਾ ਗਿਆ| ਉਸਨੇ ਇਹ ਵੀ ਦੱਸਿਆ ਕਿ ਇਹੋ ਹੀ ਨੌਜਵਾਨ ਹੋਰ ਨੌਜਵਾਨਾਂ ਨੂੰ ਸ਼ਾਮਿਲ ਕਰ ਕੇ ਨਵੀਂ ਜਥੇਬੰਦੀ ਬਾਰੇ ਫੈਸਲੇ ਕਰਨਗੇ| ਜਦੋਂ ਉਨ੍ਹਾਂ ਨੂੰ ਇਹ ਪੁੱਛਿਆ ਗਿਆ ਕਿ ਕੀ ਉਨ੍ਹਾਂ ਨੌਜਵਾਨਾਂ ਦੀ ਸਹਿਮਤੀ ਲਈ ਗਈ ਹੈ ਤਾਂ ਉਨ੍ਹਾਂ ਨੇ ਨਾਂਹ ਵਿੱਚ ਜਵਾਬ ਦਿੱਤਾ| ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਨ੍ਹਾਂ ਨੌਜਵਾਨਾਂ ਨੂੰ ਇਕੱਠਿਆਂ ਕੌਣ ਕਰੇਗਾ ਤਾਂ ਉਨ੍ਹਾਂ ਕਿਹਾ ਕਿ ਇਕੱਠ ਪਹਿਰੇਦਾਰ ਦੇ ਸੰਪਾਦਕ ਜਸਪਾਲ ਸਿੰਘ ਹੇਰਾਂ, ਭਾਈ ਦਲਜੀਤ ਸਿੰਘ, ਭਾਈ ਹਰਸਿਮਰਨ ਸਿੰਘ ਕਰ ਸਕਦੇ ਹਨ ਪਰ ਜੇ ਉਹ ਸਹਿਮਤ ਨਾ ਵੀ ਹੋਣ ਤਾਂ ਇਹ ਨੌਜਵਾਨ ਖੁਦ ਵੀ ਇਕੱਠੇ ਹੋ ਕੇ ਫੈਸਲੇ ਕਰ ਸਕਦੇ ਹਨ|

ਕਰਮਜੀਤ ਸਿੰਘ 
99150-91063

Or