ਭਾਰਤ ਦੀ ਅਜ਼ਾਦੀ ਮੌਕੇ ਜਦੋਂ ਮੁਹੰਮਦ ਅਲੀ ਜਿਨਾਹ ਨੇ ਸਿੱਖ ਆਗੂ ਮਾਸਟਰ ਤਾਰਾ ਸਿੰਘ ਨੂੰ ਆਪਣੇ ਨਾਲ ਰਲ੍ਹ ਜਾਣ ਦੀਆਂ ਵੱਡੀਆਂ ਆਫਰਾਂ ਦਿੱਤੀਆਂ ਤਾਂ ਮਾਸਟਰ ਤਾਰਾ ਸਿੰਘ ਦਾ ਬੋਲਿਆ ਗਿਆ ਇੱਕ ਡਾਇਲਾਗ ਇਤਿਹਾਸ ਵਿੱਚ ਦਰਜ ਹੈ| ਮਾਸਟਰ ਜੀ ਨੇ ਜਿਨਾਹ ਨੂੰ ਆਖਿਆ ਕਿ 'ਅਸੀਂ ਆਪਣੀ ਦਾੜ੍ਹੀ ਤੁਹਾਡੇ ਹੱਥ ਵਿੱਚ ਕਿਵੇਂ ਦੇ ਦਈਏ|' ਸ਼ਾਇਦ ਮਾਸਟਰ ਤਾਰਾ ਸਿੰਘ ਨੇ ਜਿਨਾਹ ਨੂੰ ਇਹ ਕਹਿਣ ਵੇਲੇ ਕਦੇ ਚਿੱਤ ਚੇਤੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ ਕਿ ਜਿਨ੍ਹਾਂ ਨੂੰ ਆਪਣੇ ਵੱਡੇ ਭਰਾ ਮੰਨਦੇ ਹੋਏ ਉਹ ਸਮੁੱਚੀ ਸਿੱਖ ਕੌਮ ਦੀ ਹੋਣੀ ਹਿੰਦੁਸਤਾਨ ਨਾਲ ਜੋੜ ਰਹੇ ਹਨ ਉਥੇ ਉਨ੍ਹਾਂ ਦੀ ਪੱਗ ਨੂੰ ਹੱਥ ਪਾਇਆ ਜਾਵੇਗਾ| ਪਿਛਲੇ ਦਿਨੀਂ ਹਿੰਦੁਸਤਾਨ ਦੀ ਸਰਬਉੱਚ ਅਦਾਲਤ ਵੱਲੋਂ ਸਿੱਖਾਂ ਦੀ ਪੱਗ ਉਤੇ ਉਠਾਏ ਗਏ ਸਵਾਲ ਨੇ ਪੂਰੀ ਦੁਨੀਆ ਵਿੱਚ ਵਸਦੇ ਸਿੱਖਾਂ 'ਚ ਖਲਬਲੀ ਮਚਾ ਦਿੱਤੀ ਹੈ| ਬੌਧਿਕ ਹਲਕਿਆਂ ਵਿੱਚ ਇਹ ਸਵਾਲ ਵਾਰ-ਵਾਰ ਉਠ ਰਿਹਾ ਹੈ ਕਿ ਕੀ ਵਾਕਈ ਮਾਣਯੋਗ ਜੱਜ ਸਾਹਿਬ ਸਿੱਖਾਂ ਦੇ ਸਿਰ ਉਤੇ ਬੰਨ੍ਹੀ ਦਸਤਾਰ ਬਾਰੇ ਕੁਝ ਨਹੀਂ ਜਾਣਦੇ? ਇਸ ਬਾਰੇ ਤਰ੍ਹਾਂ ਤਰ੍ਹਾਂ ਦੀਆਂ ਪੋਸਟਾਂ ਸੋਸ਼ਲ ਮੀਡੀਆ ਉਤੇ ਹਨ੍ਹੇਰੀ ਬਣ ਕੇ ਝੁੱਲ ਰਹੀਆਂ ਹਨ| ਸੰਦੀਪ ਸਿੰਘ ਤੇਜਾ ਦੇ ਨਾਂ ਹੇਠ ਅਜਿਹੀ ਹੀ ਇੱਕ ਨਿੱਕੀ ਜਿਹੀ ਪੋਸਟ ਨੇ ਸੋਸ਼ਲ ਮੀਡੀਆ ਉਤੇ ਵੱਡੇ ਤਬਕੇ ਦਾ ਧਿਆਨ ਖਿਚਿਆ ਹੈ| 'ਹੰਸ ਸਰਵਰ' ਦੇ ਪਾਠਕਾਂ ਲਈ ਇਸ ਪੋਸਟ ਨੂੰ ਹੂ-ਬ-ਹੂ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ|
ਜੱਜ ਸਾਬ੍ਹ! ਜਦੋਂ ਮੈਂ ਕਾਰਗਿਲ ਦੀ ਲੜਾਈ 'ਚ ਟਾਈਗਰ ਹਿੱਲ 'ਤੇ ਲੜ ਰਿਹਾ ਸੀ ਤਾਂ ਮੈਂ ਪੱਗ ਬੱਧੀ ਹੋਈ ਸੀ| ਜੱਜ ਸਾਬ੍ਹ ਜਦੋਂ ਮੈਂ ਪਾਰਲੀਮੈਂਟ 'ਚ RTI ਐਕਟ ਪਾਸ ਕਰ ਰਿਹਾ ਸੀ ਤਦ ਵੀ ਮੈਂ ਪੱਗ ਬੱਧੀ ਸੀ| ਜਦੋਂ ਮੈਂ ਯੋਜਨਾ ਕਮਿਸ਼ਨ ਦੇ ਸਿਖਰਲੇ ਥਾਂ 'ਤੇ ਬਹਿ ਕੇ ਇੰਡੀਆ ਸ਼ਾਈਨਿੰਗ ਲਿਖ ਰਿਹਾ ਸੀ ਤਾਂ ਵੀ ਮੈਂ ਪੁੱਠੀ ਪੱਗ ਬੱਧੀ ਸੀ| ਜਿੱਦਣ ਤੁਸੀਂ ਪੈਂਹਠ ਦੀ ਲੜਾਈ 'ਚ ਬਿਨਾਂ ਲੜਿਆਂ ਬਿਆਸ ਦੇ ਕੰਢਿਓਂ ਮੁੜ ਆਉਣ ਲੱਗੇ ਸੀ ਤਾਂ ਰੜੇ ਮੈਦਾਨ ਮੈਂ ਪੱਗ ਬੰਨ੍ਹ ਖਲੋ ਗਿਆ ਸੀ, ਪੈਂਟਨ ਟੈਂਕਾਂ ਸਾਹਵੇਂ| ਤੇ ਫੌਜਾਂ ਵਾਪਸ ਲਾਹੌਰ ਧੱਕ ਆਇਆ ਸੀ, ਉੱਦਣ ਵੀ ਮੈਂ ਪੱਗ ਬੱਧੀ ਸੀ| ਜਿੱਦਣ 'ਕੱਤਰ ਦੀ ਲੜਾਈ 'ਚ ਜਰਨਲ ਨਿਆਜੀ ਨੇ ਆਪਣਾ ਖਾਲੀ ਪਿਸਤੌਲ ਮੇਰੇ ਅੱਗੇ ਸਰੈਂਡਰ ਕੀਤਾ ਸੀ ਤਾਂ ਮੈਂ ਪੱਗ ਬੱਧੀ ਹੋਈ ਸੀ| 1962 'ਚ ਜਦੋਂ ਤੁਹਾਡੇ ਪੁਰਖੇ ਬਾਰਡਰ ਤੋਂ ਨੱਠ ਪਏ ਸੀ ਤਾਂ ਉੱਥੇ ਹਿੱਕ ਡਾਹ ਕੇ ਲੜ-ਮਰਨ ਵੇਲੇ ਮੈਂ ਪੱਗ ਬੱਧੀ ਸੀ|
1947 ਤੋਂ ਪਹਿਲਾਂ ਜਦੋਂ ਮੈਂ ਕਾਲੇ ਪਾਣੀ ਗਿਆ ਸੀ, ਜਲਿਆਂ ਵਾਲੇ ਬਾਗ ਮਰਿਆ ਸੀ ਤੇ ਬਜਬਜ ਘਾਟ 'ਤੇ ਲੜਿਆ ਸੀ ਤਾਂ ਮੇਰੇ ਪੱਗ ਬੱਝੀ ਸੀ| ਜਦੋਂ ਮੈਂ ਅਫਗਾਨ ਧਾੜਵੀਆਂ ਨਾਲ ਲੜਿਆ ਸੀ ਤਾਂ ਮੇਰੇ ਪੱਗ ਬੱਝੀ ਸੀ| ਜਦੋਂ ਮੈਂ ਨੀਹਾਂ 'ਚ ਚਿਣਿਆ ਸੀ ਤਾਂ ਵੀ ਮੇਰੇ ਪੱਗ ਬੱਝੀ ਸੀ|
ਮੈਂ ਤੁਹਾਥੋਂ ਅੱਕ ਕੇ ਜਦੋਂ ਜਹਾਜ਼ੇ ਚੜ੍ਹਿਆ ਸੀ ਤਾਂ ਵੀ ਮੇਰੇ ਪੱਗ ਬੱਝੀ ਸੀ| ਮੈਂ ਤਮਾਮ ਦੁਨੀਆਂ 'ਚ ਵਸਿਆ ਤਾਂ ਮੇਰੇ ਪੱਗ ਬੱਝੀ ਸੀ| ਮੈਂ ਪੱਗ ਜੰਮਣ ਤੋਂ ਮਰਨ ਤੱਕ ਬੰਨ੍ਹਦਾਂ ਆ| ਮੈਂ ਸਵੇਰੇ ਉੱਠਣ ਤੋਂ ਰਾਤ ਮੰਜੇ 'ਤੇ ਡਿੱਗਣ ਤੱਕ ਪੱਗ ਬੰਨ੍ਹਦਾਂ ਆਂ|
ਜੱਜ ਸਾਬ੍ਹ ਮੇਰੀ ਪੱਗ ਵੱਲ ਤੇਰਾ ਵਧਦਾ ਹੱਥ ਮੈਨੂੰ ਦਿਖ ਰਿਹਾ ਹੈ| ਮੈਂ ਪੱਗ ਤੋਂ ਬਿਨਾਂ ਜਿਊਣਾ ਨਹੀਂ ਜਾਣਦਾ ਤੇ ਮੈਂ ਬਿਨਾਂ ਲੜ੍ਹਿਆਂ ਮਰਨਾ ਵੀ ਨਹੀਂ ਜਾਣਦਾ| ਅੱਜ ਸਾਰੀ ਦੁਨੀਆ ਮੈਨੂੰ ਪੱਗ ਨਾਲ ਕਬੂਲਦੀ ਆ, ਜੇ ਤੂੰ ਨਾ ਕਬੂਲੇਂ ਤਾਂ ਮੈਨੂੰ ਫਰਕ ਨਹੀਂ ਪੈਂਦਾ|
ਆਖਿਰ 'ਚ ਸੱਜਣ ਸਿੰਘ ਰੰਗਰੂਟ ਵਾਲੀ ਗੱਲ ਕਿ ਜਿਹੜੇ ਪੱਗ ਬੰਨ੍ਹਣੀ ਜਾਣਦੇ ਨੇ ਉਹ ਪੱਗ ਸਾਂਭਣੀ ਵੀ ਜਾਣਦੇ ਨੇ|
ਮਿਹਰਬਾਨੀ - ਸ਼ੁਕਰਾਨ!
ਸਨਦੀਪ ਸਿੰਘ ਤੇਜਾ