ਪਿਆਰੇ ਸੱਜਣੋ! ਭਾਰਤੀ ਸਟੇਟ ਦੀ ਹਿੰਦੂਤਵੀ ਸਰਬ ਉਚ ਅਦਾਲਤ ਨੇ ਸਿੱਖਾਂ ਸਾਹਮਣੇ ਇੱਕ ਵਾਰ ਸਵਾਲ ਖੜਾ ਕਰ ਦਿੱਤਾ ਹੈ ਕਿ 'ਕੀ ਸਿੱਖਾਂ ਨੂੰ ਦਸਤਾਰ ਬੰਨਣੀ ਜ਼ਰੂਰੀ ਹੈ? ਜੇ ਜ਼ਰੂਰੀ ਹੈ ਤਾਂ ਇਹ ਧਰਮ ਤੋਂ ਬਗੈਰ ਕਿਹੜੇ ਵਿਧਾਨ 'ਚ ਲਿਖਿਆ ਹੋਇਆ ਹੈ?'
ਇਹ ਸਵਾਲ ਸਿੱਖਾਂ ਸਾਹਮਣੇ ਪਹਿਲੀ ਵਾਰ ਨਹੀਂ ਖੜ੍ਹਾ ਹੋਇਆ| ਇਤਿਹਾਸ ਵਿਚ ਵਾਰ-ਵਾਰ ਇਹ ਸਵਾਲ ਸਿਰ ਚੁੱਕਦਾ ਹੈ ਤੇ ਚੁੱਕਿਆ ਵੀ ਉਚ ਜਾਤੀ ਹਿੰਦੂ ਵਰਗ ਵਲੋਂ ਹੈ| ਮੈਂ ਆਪਣੀ ਪੁਸਤਕ 'ਕਾਮਾਗਾਟਾ ਮਾਰੂ ਦਾ ਅਸਲੀ ਸੱਚ' ਵਿਚ ਇਹ ਲਿਖਿਆ ਹੈ ਕਿ ਪਤਾ ਨਹੀਂ ਇਹ ਕੀ ਕਾਰਨ ਹੈ ਕਿ ਜਿੰਨਾ ਚਿਰ ਹਿੰਦੂ ਸਿੱਖ ਦੀ ਦਸਤਾਰ ਨਹੀਂ ਲੁਹਾਉਂਦਾ ਉਨਾ ਚਿਰ ਉਹਦੇ ਕਾਲਜੇ ਠੰਡ ਨਹੀਂ ਪੈਂਦੀ| ਸ਼ਹਿਰਾਂ ਦੇ ਸਕੂਲਾਂ ਵਿਚ ਜੂੜੇ ਤੇ ਪੱਗ ਵਾਲੇ ਬੱਚਿਆਂ ਨੂੰ ਹਿੰਦੂ ਬੱਚਿਆਂ ਵਲੋਂ ਗਿਆਨੀ, ਗਿਆਨੀ ਆਦਿ ਕਹਿ ਕੇ ਚਿੜਾਇਆ ਜਾਂਦਾ ਹੈ ਤੇ ਉਨ੍ਹਾਂ ਨੂੰ ਹੀਣ ਭਾਵਨਾ ਦਾ ਸ਼ਿਕਾਰ ਬਣਾਇਆ ਜਾਂਦਾ ਹੈ| ਜਦ ਉਹ ਕੇਸ ਮੁੰਨਾ ਕੇ ਘੋਨ-ਮੋਨ ਹੋ ਜਾਂਦੇ ਹਨ ਤਾਂ ਹਿੰਦੂ ਬੱਚੇ ਬਾਗੋਬਾਗ ਹੋ ਜਾਂਦੇ ਹਨ|
ਭਾਈ ਕਾਹਨ ਸਿੰਘ ਨਾਭਾ 1907 ਵਿੱਚ ਇੰਗਲੈਡ ਗਏ ਸਨ| ਉਨ੍ਹਾਂ ਨੇ ਉਥੇ ਜਾ ਕੇ ਦੇਖਿਆ ਕਿ ਜਿਥੇ ਵੀ ਕੋਈ ਸਿੱਖ ਰਹਿੰਦਾ ਹੈ ਆਰੀਆ ਸਮਾਜੀ ਉਥੇ ਸਵੇਰੇ ਹੀ ਪਹੁੰਚ ਜਾਂਦੇ ਸਨ ਤੇ ਉਸ ਸਿੱਖ ਨੂੰ ਦਸਤਾਰ ਉਤਾਰ ਕੇ ਦਾਹੜੀ ਕੇਸ ਮੁੰਨਾਉਣ ਲਈ ਮਜਬੂਰ ਕਰਦੇ ਸਨ| ਭਾਈ ਕਾਹਨ ਸਿੰਘ ਨਾਭਾ ਵਰਗੇ ਤਹੱਮਲ ਮਿਜ਼ਾਜ ਵਿਦਵਾਨ ਨੂੰ ਵੀ ਦੁਖੀ ਹਿਰਦੇ ਨਾਲ ਲਿਖਣਾ ਪੈ ਗਿਆ ਸੀ ਕਿ ਸਿੱਖਾਂ ਨੇ ਜਿਨ੍ਹਾਂ ਲੋਕਾਂ ਦੀਆਂ ਧੀਆਂ ਭੈਣਾਂ ਅਬਦਾਲੀ ਤੋਂ ਛੁਡਵਾਈਆਂ ਸਨ, ਉਹ ਹੁਣ ਉਨ੍ਹਾਂ ਨੂੰ ਕੇਸ ਕਟਾਉਣ ਦੀਆਂ ਸਲਾਹਾਂ ਦਿੰਦੇ ਹਨ! ਜਦ 1906 ਦੌਰਾਨ ਕੈਨੇਡਾ ਦੀ ਧਰਤੀ 'ਤੇ ਪੱਗ ਬੰਨ ਸਿੱਖਾਂ ਦੀ ਗਿਣਤੀ ਦਸ ਹਜ਼ਾਰ ਦੇ ਕਰੀਬ ਸੀ ਤਾਂ ਉਥੇ ਰਹਿੰਦੇ ਸਰਦੇ ਪੁੱਜਦੇ ਹਿੰਦੂ ਭਰਾਵਾਂ ਕੇਸੋ ਚੰਦ ਤੇ ਦੇਵੀ ਚੰਦ ਜੋ ਲੱਕੜ ਦੀਆਂ ਮਿੱਲਾਂ ਦੇ ਠੇਕੇਦਾਰ ਸਨ ਨੇ ਗੋਰੇ ਮਾਲਕਾਂ ਨੂੰ ਕਹਿ ਕੇ ਇਹ ਹੁਕਮ ਕਢਵਾਇਆ ਸੀ ਕਿ ਉਸ ਸਿੱਖ ਨੂੰ ਹੀ ਕੰਮ 'ਤੇ ਲਾਇਆ ਜਾਵੇ ਜੋ ਪੱਗ ਲਾਹ ਕੇ ਟੋਪੀ ਪਾਵੇਗਾ| ਪਰ ਸਿੱਖਾਂ ਨੇ ਪੱਗ ਲਾਹੁਣ ਤੋਂ ਇਨਕਾਰ ਕਰ ਦਿੱਤਾ ਤੇ ਮਿੱਲਾਂ ਵਿਚ ਹੜਤਾਲਾਂ ਕੀਤੀਆਂ| ਜੀ.ਡੀ. ਕੁਮਾਰ ਵਰਗੇ ਦੇਵ ਸਮਾਜੀਆਂ ਨੇ ਕੈਨੇਡਾ ਤੇ ਅਮਰੀਕਾ ਵਿਚ ਮੋਨਾ ਲਹਿਰ ਚਲਾਈ ਪਰ ਖਾਲਸਾ ਦੀਵਾਨ ਸੁਸਾਇਟੀ ਦੇ ਆਗੂਆਂ ਨੇ ਮੁਕਾਬਲੇ ਤੇ ਅੰਮ੍ਰਿਤ ਸੰਚਾਰ ਦੀ ਲਹਿਰ ਚਲਾ ਕੇ ਸਿੱਖ ਪਛਾਣ ਦੀਆਂ ਨੀਹਾਂ ਪੱਕੀਆਂ ਕੀਤੀਆਂ ਜਿਸਦਾ ਨਤੀਜਾ ਅੱਜ ਕੈਨੇਡਾ ਵਿਚ ਦਿਸ ਰਿਹਾ ਹੈ| ਜਦ 1915 ਵਿਚ ਗ਼ਦਰੀ ਬਾਬੇ ਸੋਹਣ ਸਿੰਘ ਭਕਨਾ, ਬਾਬਾ ਵਿਸਾਖਾ ਸਿੰਘ ਬਾਬਾ ਜਵਾਲਾ ਸਿੰਘ ਆਦ ਤੇ ਚੱਲੇ ਪਹਿਲੇ ਲਾਹੌਰ ਕੇਸ ਵਿਚ ਫਾਂਸੀਆਂ ਤੇ ਉਮਰ ਕੈਦਾਂ ਹੋਈਆਂ ਤਾਂ ਉਨ੍ਹਾਂ ਨੇ ਦਸਤਾਰਾਂ ਤੇ ਕਛਹਿਰੇ ਉਤਾਰ ਕੇ ਜੇਲ ਵਰਦੀ ਟੋਪੀ ਤੇ ਲੰਗੋਟੀ ਪਾਉਣ ਤੋਂ ਇਨਕਾਰ ਕਰ ਦਿੱਤਾ ਸੀ ਤੇ ਤਸ਼ੱਦਦ ਦਾ ਸਿਕਾਰ ਹੋਏ ਸਨ| ਇਸੇ ਤਰਾਂ ਹੀ ਦੂਜੇ ਲਹੌਰ ਸਾਜਸ਼ ਕੇਸ ਵਿਚ ਭਾਈ ਰਣਧੀਰ ਸਿੰਘ ਦੇ ਜਥੇ ਨੇ ਟੋਪੀ ਤੇ ਲੰਗੋਟੀ ਪਾਉਣ ਤੋਂ ਇਨਕਾਰ ਕਰ ਦਿੱਤਾ ਸੀ ਤੇ ਅੰਤਾਂ ਦੀ ਕੁੱਟ ਮਾਰ ਝੱਲੀ ਸੀ| ਬਾਦ 'ਚ ਇਹ ਨੰਗੇ ਸਿਰ ਹੀ ਦੇਸ ਦੀਆਂ ਵੱਖ ਵੱਖ ਜੇਲ੍ਹਾਂ ਵਿਚ ਗਏ ਤੇ ਦਸਤਾਰਾਂ ਦੀ ਪਰਾਪਤੀ ਲਈ ਲੰਬੀਆਂ ਭੁੱਖ ਹੜਤਾਲਾਂ ਕੀਤੀਆਂ ਤੇ ਡੰਡੇ ਬੇੜੀ ਦੀਆਂ ਸਜਾਵਾਂ ਝੱਲੀਆਂ | ਅਖੀਰ ਜਦ 1922 ਵਿਚ ਹਜ਼ਾਰਾਂ ਅਕਾਲੀਆਂ ਨੇ ਜੇਲ੍ਹਾਂ ਵਿਚ ਭੁੱਖ ਹੜਤਾਲਾਂ ਕੀਤੀਆਂ ਤਾਂ ਅੰਗਰੇਜ ਸਰਕਾਰ ਨੂੰ ਜੇਲ ਮੈਨੂਅਲ ਵਿਚ ਤਬਦੀਲੀ ਕਰਕੇ ਸਾਰੇ ਭਾਰਤ ਦੀਆਂ ਜੇਲਾਂ ਚ ਬੰਦ ਸਿੱਖਾਂ ਨੂੰ ਦਸਤਾਰਾਂ ਤੇ ਕਛਹਿਰੇ ਪਾਉਣ ਦੀ ਪਹਿਨਣ ਦੀ ਖੁੱਲ ਦਿੱਤੀ ਸੀ|
ਪਰ ਇੱਕ ਦੁਖਦਾਈ ਪਹਿਲੂ ਇਹ ਹੈ ਕਿ ਜਦ 1960 ਤੋਂ ਬਾਦ ਪੰਜਾਬ ਦੇ ਕਾਮਰੇਡ ਜੋ ਸਿੱਖ ਪਰਵਾਰਾਂ ਦੇ ਜੰਮਪਲ ਸਨ, ਇੰਗਲੈਂਡ ਕਨੇਡਾ ਜਾਣੇ ਸ਼ੁਰੂ ਹੋਏ ਤਾਂ ਉਹ ਦਿੱਲੀ ਹਵਾਈ ਅੱਡੇ ਤੋਂ ਹੀ ਪੱਗ ਲਾਹ ਕੇ ਪਰੇ ਵਗਾਹ ਮਾਰਦੇ ਸੀ ਤੇ ਘੋਨ ਮੋਨ ਹੋ ਕੇ ਜਾਂਦੇ ਸੀ | ਉਨ੍ਹਾਂ ਨੂੰ ਲੱਗਦਾ ਹੁੰਦਾ ਸੀ ਸਾਨੂੰ ਮੌਡਰਨ ਦੇਖ ਕੇ ਅਗਾਂਹ ਗੋਰੇ ਗੋਰੀਆਂ ਹਵਾਈ ਅੱਡਿਆਂ ਤੇ ਸੁਆਗਤ ਕਰਨ ਲਈ ਖੜੇ ਹੋਣਗੇ| ਇਨ੍ਹਾਂ ਨੇ ਇਨ੍ਹਾਂ ਮੁਲਕਾਂ ਵਿਚ ਕਾਮਿਆਂ ਦੀਆਂ ਟਰੇਡ ਯੂਨੀਅਨਾਂ ਬਣਾਕੇ ਲੰਬਾ ਸਮਾਂ ਸਿੱਖਾਂ ਨੂੰ ਪਤਿਤ ਕਰਨ ਦਾ ਮੋਨਾ ਕਲਚਰ ਵੀ ਪੈਦਾ ਕੀਤਾ| ਇਨ੍ਹਾਂ ਨੇ ਗੁਰਦੁਆਰਿਆਂ 'ਤੇ ਕਬਜ਼ੇ ਕਰਨ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ, ਪਰ ਕੁਝ ਸਮਾਂ ਇਹ ਕਾਮਯਾਬ ਵੀ ਰਹੇ ਪਰ ਗੁਰੂ ਦੇ ਸਿੱਖਾਂ ਨੇ ਇਨ੍ਹਾਂ ਦਾ ਹਰ ਯਤਨ ਨਾਕਾਮ ਬਣਾ ਦਿੱਤਾ| ਅੱਜ ਸਿੱਖ ਸਮਾਜ ਨੇ ਇਨ੍ਹਾਂ ਨੂੰ ਛੱਪੜ ਦੇ ਬੂਰ ਵਾਂਗ ਹੂੰਝ ਕੇ ਪਾਸੇ ਸੁੱਟ ਦਿੱਤਾ ਹੈ| ਅੱਜ ਭਾਰਤੀ ਸਟੇਟ ਦੀ ਅਦਾਲਤ ਨੇ ਮੁੰਹਮਦ ਅਲੀ ਜਿਨਾਹ ਦੀ ਮਾਸਟਰ ਤਾਰਾ ਸਿੰਘ ਨੂੰ ਆਖੀ ਗੱਲ ਸੱਚ ਕਰ ਵਿਖਾਈ ਹੈ ਕਿ ਮਾਸਟਰ ਜੀ ਤੁਸੀਂ ਹਿੰਦੂਆਂ ਨੂੰ ਗੁਲਾਮ ਹੀ ਦੇਖਿਆ ਹੈ ਪਤਾ ਤਾਂ ਉਦੋਂ ਲੱਗੇਗਾ ਜਦ ਇਨ੍ਹਾਂ ਦੇ ਹੱਥ ਰਾਜਸੀ ਸੱਤਾ ਆ ਗਈ|
ਰਾਜਵਿੰਦਰ ਸਿੰਘ ਰਾਹੀ
98157-51332