ਸਰਕਾਰ ਨੇ ਸੰਘਰਸ਼ ਕਰ ਰਹੇ ਅਧਿਆਪਕ ਆਗੂਆਂ ਨੂੰ ਫਿਲਹਾਲ ਪਤਿਆਇਆ

ਮੁੱਖ ਮੰਤਰੀ ਵੱਲੋਂ ਅਧਿਆਪਕਾਂ ਦੀਆਂ ਮੰਗਾਂ 'ਤੇ ਵਿਚਾਰ ਕਰਨ ਦੇ ਭਰੋਸੇ ਨਾਲ ਸ਼ਾਹਕੋਟ ਜ਼ਿਮਨੀ ਚੋਣ ਤਕ ਮਾਮਲਾ ਠੰਡਾ
ਚੰਡੀਗੜ•, 28 ਅਪ੍ਰੈਲ (ਮਨਜੀਤ ਸਿੰਘ ਟਿਵਾਣਾ) : ਪੰਜਾਬ ਭਰ ਚ ਵੱਖ ਵੱਖ ਅਧਿਆਪਕ ਜਥੇਬੰਦੀਆਂ ਦੇ ਸਾਂਝੇ ਫਰੰਟ ਨੇ ਪਿਛਲੇ ਸਮੇਂ ਦੌਰਾਨ ਸਰਕਾਰ ਦੇ ਨੱਕ ਚ ਦਮ ਕਰ ਰੱਖਿਆ ਹੈ। ਸ਼ਾਹਕੋਟ ਜ਼ਿਮਨੀ ਚੋਣ ਦੇ ਮੱਦੇਨਜ਼ਰ ਅਧਿਆਪਕਾਂ ਦਾ ਇਹ ਸੰਘਰਸ਼ ਸਰਕਾਰ ਲਈ ਵੱਡੀ ਸਿਰਦਰਦੀ ਬਣ ਸਕਦਾ ਸੀ ਪਰ ਕੱਲ• ਮੁੱਖ ਮੰਤਰੀ ਅਤੇ ਅਧਿਆਪਕ ਆਗੂਆਂ ਦੀ ਬੈਠਕ ਤੋਂ ਬਾਅਦ ਮਾਮਲਾ ਫਿਲਹਾਲ ਸ਼ਾਂਤ ਹੋ ਗਿਆ ਸਮਝਿਆ ਜਾ ਰਿਹਾ ਹੈ। ਮੁੱਖ ਮੰਤਰੀ ਨੇ ਮੰਨਿਆ ਕਿ ਅਧਿਆਪਕਾਂ ਦੀਆਂ ਮੰਗਾਂ ਜਾਇਜ਼ ਹਨ ਤੇ ਇਨ•ਾਂ 'ਤੇ ਵਿਚਾਰ ਹੋਵੇਗੀ। ਮੁੱਖ ਮੰਤਰੀ ਨੇ ਤੁਰੰਤ ਇਸ ਬਾਬਤ ਕੋਈ ਕਾਰਵਾਈ ਕਰਨ ਵਿੱਚ ਅਸਮਰਥਾ ਜ਼ਾਹਰ  ਕਰਦਿਆਂ ਕਿਹਾ ਕਿ ਚੋਣ ਜ਼ਾਬਤਾ ਲੱਗਿਆ ਹੋਣ ਕਰਕੇ ਫਿਲਹਾਲ ਕੁਝ ਨਹੀਂ ਕੀਤਾ ਜਾ ਸਕਦਾ।
ਜ਼ਿਕਰਯੋਗ ਹੈ ਕਿ ਬੀਤੀ 27 ਮਾਰਚ ਨੂੰ ਲੁਧਿਆਣਾ ਵਿੱਚ ਅਧਿਆਪਕਾਂ ਵੱਲੋਂ ਕੀਤੀ ਵੱਡੀ ਰੈਲੀ ਦੌਰਾਨ ਸੜਕ ਜਾਮ ਕਰ ਦਿੱਤੀ ਗਈ ਸੀ, ਜਿਸ ਤੋਂ ਬਾਅਦ ਤਕਰੀਬਨ ਅੱਠ ਹਜ਼ਾਰ ਅਧਿਆਪਕਾਂ ਵਿਰੁੱਧ ਕੇਸ ਦਰਜ ਹੋ ਗਏ ਸਨ। ਕੱਲ• ਦੀ ਮੀਟਿੰਗ ਵਿਚ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਉਹ ਅਧਿਆਪਕਾਂ ਵਿਰੁੱਧ ਦਰਜ ਪੁਲਿਸ ਕੇਸ ਵਾਪਸ ਲਏ ਜਾਣ ਸਬੰਧੀ ਵਿਚਾਰ ਕਰਨਗੇ।
ਗੌਰਤਲਬ ਹੈ ਕਿ ਪੰਜਾਬ ਦਾ ਅਧਿਆਪਕ ਵਰਗ ਆਪਣੀਆਂ ਮੰਗਾਂ ਦੀ ਪੂਰਤੀ ਲਈ ਪਿਛਲੀ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਤੋਂ ਹੀ ਸੜਕਾਂ 'ਤੇ ਹੈ। ਲੰਘੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਆਪਣੇ ਚੋਣ ਮਨੋਰਥ ਪੱਤਰ ਵਿਚ ਵੀ ਅਧਿਆਪਕਾਂ ਦੀਆਂ ਮੰਗਾਂ ਮੰਨਣ ਦੀ ਹਾਮੀ ਭਰੀ ਸੀ।
ਅਧਿਆਪਕਾਂ ਦੇ ਵਧਦੇ ਸੰਘਰਸ਼ ਨੇ ਸਰਕਾਰ ਨੂੰ ਇਸ ਵਾਸਤੇ ਮਜਬੂਰ ਕਰ ਦਿੱਤਾ ਕਿ ਉਹ ਉਨ•ਾਂ ਦੀ ਗੱਲ ਸੁਣੇ। ਕੁਝ ਦਿਨ ਪਹਿਲਾਂ ਫ਼ਿਰੋਜ਼ਪੁਰ ਦੇ ਇੱਕ ਅਧਿਆਪਕ ਨੇ ਪੰਜ ਮਹੀਨਿਆਂ ਤੋਂ ਤਨਖ਼ਾਹ ਨਾ ਮਿਲਣ ਕਰ ਕੇ ਖ਼ੁਦਕੁਸ਼ੀ ਕਰ ਲਈ ਸੀ ਤੇ ਬੀਤੇ ਕੱਲ• ਪਠਾਨਕੋਟ ਦੇ ਇੱਕ ਅਧਿਆਪਕ ਨੇ ਸਿੱਖਿਆ ਵਿਭਾਗ ਨੂੰ ਪੱਤਰ ਲਿਖ ਕੇ ਪੰਜ ਮਹੀਨਿਆਂ ਤੋਂ ਤਨਖ਼ਾਹ ਨਾ ਦਿੱਤੇ ਜਾਣ ਕਾਰਨ ਖ਼ੁਦਕੁਸ਼ੀ ਕਰ ਲੈਣ ਦੀ ਚੇਤਾਵਨੀ ਦਿੱਤੀ ਸੀ। ਅਧਿਆਪਕਾਂ ਦੀ ਮੁੱਖ ਮੰਗ ਸਾਰੇ ਕੱਚੇ ਅਧਿਆਪਕਾਂ ਨੂੰ ਪੱਕਾ ਕਰਨਾ ਹੈ।
ਤਾਜ਼ਾ ਫੈਸਲੇ ਮੁਤਾਬਕ ਮੁੱਖ ਮੰਤਰੀ ਅਤੇ ਅਧਿਆਪਕਾਂ ਦਰਮਿਆਨ ਅਗਲੀ ਮੀਟਿੰਗ 4 ਜੂਨ ਨੂੰ ਹੋਵੇਗੀ। ਇਸ ਬਾਰੇ ਤਰਕ ਇਹ ਦਿਤਾ ਗਿਆ ਹੈ ਕਿ 28 ਮਈ ਨੂੰ ਸ਼ਾਹਕੋਟ ਜ਼ਿਮਨੀ ਚੋਣ ਲਈ ਵੋਟਾਂ ਪੈਣੀਆਂ ਹਨ ਤੇ 31 ਮਈ ਨੂੰ ਨਤੀਜੇ ਐਲਾਨੇ ਜਾਣਗੇ। ਇਸ ਤੋਂ ਬਾਅਦ ਚੋਣ ਜ਼ਾਬਤਾ ਹਟ ਜਾਵੇਗਾ ਤੇ ਅਧਿਆਪਕਾਂ ਦੀਆਂ ਮੰਗਾਂ 'ਤੇ ਕਾਰਵਾਈ ਸੰਭਵ ਹੋ ਸਕੇਗੀ।

Or