ਸਿਲੇਬਸ ਵਿੱਚ ਤਬਦੀਲੀ ਦੇ ਮੁੱਦੇ ‘ਤੇ ਭੰਬਲਭੂਸਾ ਕਾਇਮ

ਫਰੋਲਿਆ ਜਾ ਰਿਹਾ ਹੈ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦਾ ਪਿਛੋਕੜ
ਗਿਆਰਵੀਂ ਜਮਾਤ ਦੀ ਕਿਤਾਬ ਬੋਰਡ ਦੀ ਵੈਬਸਾਈਟ ਤੋਂ ਅਚਾਨਕ ਗ਼ਾਇਬ
ਠੰਡ-ਠੰਡੋਲਾ ਕਾਇਮ ਕਰਨ ਲਈ ਸਰਕਾਰ ਵਿਚੋਲਿਆਂ ਦੀ ਭਾਲ ਵਿੱਚ
ਸਿੱਖ ਵਿਦਵਾਨਾਂ ਦਾ ਵਫਦ ਅੱਜ ਸਿੱਖਿਆ ਮੰਤਰੀ ਨੂੰ ਮਿਲੇਗਾ?
ਖੁਸ ਚੁੱਕੀ ਰਾਜਨੀਤਿਕ ਜ਼ਮੀਨ ਮੁੜ ਹਾਸਲ ਕਰਨ ਲਈ ਪੰਥਕ ਏਜੰਡਾ ਲਿਆਂਦਾ

ਚੰਡੀਗੜ੍ਹ, 3 ਮਈ (ਕਰਮਜੀਤ ਸਿੰਘ) : ਪੰਜਾਬ ਸਕੂਲ ਸਿੱਖਿਆ ਬੋਰਡ ਗਿਆਰਵੀਂ ਅਤੇ ਬਾਰ੍ਹਵੀਂ ਜਮਾਤ ਦੇ ਇਤਿਹਾਸ ਦੇ ਸਿਲੇਬਸ ਨੂੰ ਕਿਤਾਬਾਂ ਵਿੱਚ ਘਟਾਉਣ ਅਤੇ ਬਦਲਾਉਣ ਦੇ ਸਵਾਲ 'ਤੇ ਜਿਥੇ ਵਿਰੋਧੀ ਧਿਰ ਦੇ ਨਿਸ਼ਾਨੇ 'ਤੇ ਆ ਗਿਆ ਹੈ, ਉਥੇ ਪੰਜਾਬ ਸਰਕਾਰ ਵੀ ਬੁਰੀ ਤਰ੍ਹਾਂ ਕਸੂਤੀ ਹਾਲਤ ਵਿੱਚ ਘਿਰੀ ਹੋਈ ਹੈ ਅਤੇ ਉਸ ਦੇ ਬਚਾਅ ਪੱਖ ਵਿੱਚ ਦਿੱਤੀਆਂ ਜਾ ਰਹੀਆਂ ਦਲੀਲਾਂ ਤੇ ਤੱਥ ਪੂਰੀ ਤਰ੍ਹਾਂ ਗੈਰ-ਹਾਜ਼ਰ ਹਨ| ਸਮੁੱਚੀ ਹਾਲਤ ਦਾ ਦਿਲਚਸਪ ਪਹਿਲੂ ਇਹ ਵੀ ਹੈ ਕਿ ਜਿਹੜੇ ਪਹਿਲੀ ਅਤੇ ਦੂਜੀ ਕਤਾਰ ਦੇ ਵਿਰੋਧੀ ਧਿਰ ਦੇ ਆਗੂ ਸਰਕਾਰ ਵਿਰੁੱਧ ਆਪਣਾ ਗੁੱਸਾ ਕੱਢਣਾ ਦਾ ਇਹ ਸੁਨਹਿਰੀ ਮੌਕਾ ਗਵਾਉਣਾ ਨਹੀਂ ਚਾਹੁੰਦੇ, ਉਨ੍ਹਾਂ ਦੇ ਬਿਆਨਾਂ ਵਿੱਚ ਵੀ ਤੱਥ ਘੱਟ ਅਤੇ ਸਿਆਸਤ ਦਾ ਪੂਰਾ-ਪੂਰਾ ਬੋਲਬਾਲਾ ਹੈ| ਇਸ ਲਈ ਮਾਹੌਲ ਇਸ ਹੱਦ ਤੱਕ ਭੰਬਲਭੂਸੇ ਵਾਲਾ ਬਣ ਗਿਆ ਹੈ ਕਿ ਸਿੱਖਿਆ ਬੋਰਡ ਦੇ ਅਧਿਕਾਰੀ ਵੀ ਖੁੱਲ੍ਹ ਕੇ ਆਪਣਾ ਪੱਖ ਸਾਫ ਤੇ ਸਪੱਸ਼ਟ ਕਰਨ ਤੋਂ ਕੰਨੀ ਕਤਰਾ ਰਹੇ ਹਨ| ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਫਾਈ ਵਿੱਚ ਵੀ ਪੇਸ਼ ਕੀਤੇ ਜਾਣ ਵਾਲੇ ਤੱਥ ਤੇ ਹਕੀਕਤਾਂ ਕਮਜ਼ੋਰ ਸਾਬਤ ਹੋ ਰਹੀਆਂ ਹਨ| ਮੁੱਕਦੀ ਗੱਲ ਇਹ ਹੈ ਕਿ ਪੰਜਾਬ ਦੇ ਲੋਕਾਂ ਨੂੰ ਇਹ ਪਤਾ ਹੀ ਨਹੀਂ ਲੱਗ ਰਿਹਾ ਕਿ ਸੱਚ ਕਿੱਥੇ ਖੜ੍ਹਾ ਹੈ| ਇਸ ਲਈ ਜਦੋਂ ਤੱਕ ਗਿਆਰਵੀਂ ਜਮਾਤ ਦੀਆਂ ਕਿਤਾਬਾਂ ਬਜ਼ਾਰ ਵਿੱਚ ਨਹੀਂ ਆ ਜਾਂਦੀਆਂ ਉਦੋਂ ਤੱਕ ਇਹ ਨਿਰਣਾ ਕਰਨਾ ਔਖਾ ਹੋਵੇਗਾ ਕਿ ਜਦੋਂ ਬਾਰ੍ਹਵੀਂ ਜਮਾਤ ਦਾ ਸਿਲੇਬਸ ਗਿਆਰਵੀਂ ਜਮਾਤ ਵਿੱਚ ਲਿਆਂਦਾ ਗਿਆ, ਉਹ ਕਿਸ ਹੱਦ ਤੱਕ ਘਟਾ ਦਿੱਤਾ ਗਿਆ ਹੈ| ਇਸੇ ਦੌਰਾਨ ਗਿਆਰਵੀਂ ਜਮਾਤ ਦੀਆਂ ਕਿਤਾਬਾਂ ਆਉਣ ਵਿੱਚ ਅਜੇ ਘੱਟੋ ਘੱਟ 2 ਹਫਤੇ ਹੋਰ ਲੱਗ ਸਕਦੇ ਹਨ|
ਦੂਜੇ ਪਾਸੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦਾ ਪਿਛੋਕੜ ਪੂਰੀ ਤਰ੍ਹਾਂ ਫਰੋਲਿਆ ਜਾ ਰਿਹਾ ਹੈ ਅਤੇ ਕੁਝ ਰਾਜਨੀਤਿਕ ਹਲਕੇ ਤਾਂ ਬਿਨਾਂ ਕਿਸੇ ਠੋਸ ਸਬੂਤ ਤੋਂ ਸਿੱਧਮ ਸਿੱਧਾ ਇਹ ਕਹਿ ਰਹੇ ਹਨ ਕਿ ਸਿਲੇਬਸ ਵਿੱਚ ਤਬਦੀਲੀਆਂ ਪਿੱਛੇ ਆਰ ਐਸ ਐਸ ਦਾ ਸੂਖਮ ਹੱਥ ਹੈ ਅਤੇ ਕ੍ਰਿਸ਼ਨ ਕੁਮਾਰ ਉਨ੍ਹਾਂ ਦਾ ਮੋਹਰਾ ਬਣੇ ਹੋਏ ਹਨ| ਇਨ੍ਹਾਂ ਹਲਕਿਆਂ ਨੇ ਆਪਣਾ ਮੂੰਹ ਸਾਲ 2010 ਵੱਲ ਮੋੜ ਲਿਆ ਹੈ ਜਦੋਂ ਕ੍ਰਿਸ਼ਨ ਕੁਮਾਰ ਦੀ ਅਗਵਾਈ ਵਿੱਚ ਪ੍ਰਾਇਮਰੀ ਸਕੂਲ ਦੇ ਬੱਚਿਆਂ ਲਈ 'ਗਿਆਨ ਸਰੋਵਰ' ਦੇ ਨਾਂ ਹੇਠਾਂ ਇੱਕ ਕਿਤਾਬ ਛਪੀ ਸੀ, ਜੋ ਇੱਕ ਤਰ੍ਹਾਂ ਨਾਲ ਕੋਸ਼ (ਇਨਸਾਈਕਲੋਪੀਡੀਆ) ਦੀਆਂ ਲੀਹਾਂ ਉਤੇ ਤਿਆਰ ਕੀਤੀ ਗਈ ਸੀ| ਹੈਰਾਨੀ, ਅਫਸੋਸ, ਗੁੱਸਾ ਤੇ ਦੁੱਖ ਵਾਲੀ ਗੱਲ ਇਹ ਹੈ ਕਿ ਇਸ ਵਿੱਚ ਦਿੱਤਾ ਗਿਆ ਗਿਆਨ ਇਸ ਹੱਦ ਤੱਕ ਹਾਸੋਹੀਣਾ ਅਤੇ ਤੱਥ ਰਹਿਤ ਹੈ ਕਿ ਇਸ ਨੂੰ 'ਅਗਿਆਨ ਸਰੋਵਰ'࠴ਕਿਹਾ ਜਾਵੇ ਤਾਂ ਇਹ ਟਿੱਪਣੀ ਢੁੱਕਵੀਂ ਸਮਝੀ ਜਾਵੇਗੀ| ਹੈਰਾਨੀ ਇਸ ਗੱਲ ਦੀ ਸੀ ਕਿ ਇਸ ਵੱਡੇ ਅਫਸਰ ਬਾਰੇ ਉਨ੍ਹਾਂ ਦਿਨਾਂ ਵਿੱਚ ਅਤੇ ਅੱਜ ਵੀ ਇਸ ਪ੍ਰਚਾਰ ਨੂੰ ਅਸਮਾਨ ਦੀਆਂ ਕੰਧਾਂ ਤੱਕ ਪਹੁੰਚਾ ਦਿੱਤਾ ਗਿਆ ਹੈ ਕਿ ਇਹੋ ਜਿਹਾ ਇਮਾਨਦਾਰ ਅਫਸਰ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਮਿਲਣਾ ਮੁਸ਼ਕਲ ਹੈ| ਪਰ ਕੀ ਇਹੋ ਜਿਹੇ 'ਇਮਾਨਦਾਰ' ਅਫਸਰ ਨੂੰ ਇਹ ਵੀ ਨਹੀਂ ਪਤਾ ਕਿ ਕੋਸ਼ ਦਾ ਸੰਕਲਪ ਕੀ ਹੁੰਦਾ ਹੈ ਅਤੇ ਉਸ ਵਿੱਚ ਤੱਥ ਅਤੇ ਜਾਣਕਾਰੀ ਕਿਸ ਤਰ੍ਹਾਂ ਪੇਸ਼ ਕੀਤੀ ਜਾਂਦੀ ਹੈ? ਇਸ ਕਿਤਾਬ ਵਿੱਚ ਸਿੱਖ ਧਰਮ ਬਾਰੇ ਇਸ ਹੱਦ ਤੱਕ ਗਲਤੀਆਂ ਅਤੇ ਗੁਸਤਾਖੀਆਂ ਕੀਤੀਆਂ ਗਈਆਂ ਹਨ ਕਿ ਕ੍ਰਿਸ਼ਨ ਕੁਮਾਰ ਨੂੰ ਓੜਕ ਅਕਾਲ ਤਖਤ ਸਾਹਿਬ 'ਤੇ ਜਾ ਕੇ ਮੁਆਫੀ ਮੰਗਣੀ ਪਈ ਸੀ| ਸ੍ਰੀ ਕ੍ਰਿਸ਼ਨ ਕੁਮਾਰ ਇਸ ਕਿਤਾਬ ਦੇ ਮੁੰਖ ਸੰਪਾਦਕ ਸਨ ਜਦਕਿ ਅਸੀਂ ਕਿਸੇ ਹੋਰ ਥਾਂ 'ਤੇ ਉਨ੍ਹਾਂ ਸਭ ਵਿਅਕਤੀਆਂ ਦੇ ਨਾਂ ਵੀ ਦੇ ਰਹੇ ਹਾਂ ਜੋ ਇਸ ਬਦਨਾਮ ਪ੍ਰਕਿਰਿਆ ਵਿੱਚ ਸ਼ਾਮਿਲ ਹੋਏ|
ਹੁਣ ਸਵਾਲ ਇਹ ਖੜ੍ਹਾ ਹੋ ਗਿਆ ਹੈ ਕਿ ਕੀ ਸਿਲੇਬਸ ਸੱਚਮੁਚ ਹੀ ਘਟਾਇਆ ਗਿਆ ਹੈ ਅਤੇ ਕੀ ਸਿਲੇਬਸ ਵਿੱਚ ਸੱਚਮੁੱਚ ਹੀ ਅਹਿਮ ਤਬਦੀਲੀਆਂ ਕੀਤੀਆਂ ਗਈਆਂ ਹਨ? ਅੱਜ ਜਦੋਂ ਮੈਂ ਡਾ. ਜਸਬੀਰ ਸਿੰਘ ਨਾਲ ਸੰਪਰਕ ਕੀਤਾ ਜੋ ਸਿਲੇਬਸ ਤਿਆਰ ਕਰਨ ਵਾਲਿਆਂ ਦੀ ਸਲਾਹਕਾਰ ਕਮੇਟੀ ਦੇ ਮੈਂਬਰ ਸਨ ਤਾਂ ਉਨ੍ਹਾਂ ਨੇ ਵੀ ਇਹੋ ਹੀ ਦਾਅਵਾ ਕੀਤਾ ਕਿ ਕੋਈ ਤਬਦੀਲੀ ਨਹੀਂ ਕੀਤੀ ਹੈ| ਉਨ੍ਹਾਂ ਇਹ ਵੀ ਦੱਸਿਆ ਕਿ ਗਿਆਰਵੀਂ ਅਤੇ ਬਾਰ੍ਹਵੀਂ ਦੀਆਂ ਪਾਠ ਪੁਸਤਕਾਂ ਤਾਂ ਹੁਣ ਤੱਕ ਪ੍ਰਾਈਵੇਟ ਪਬਲਿਸ਼ਰ ਹੀ ਤਿਆਰ ਕਰਦੇ ਰਹੇ ਹਨ| ਸਿਰਫ ਇਸ ਵਾਰ ਹੀ ਗਿਆਰਵੀਂ ਅਤੇ ਬਾਰ੍ਹਵੀਂ ਦੀਆਂ ਪੁਸਤਕਾਂ ਬੋਰਡ ਵੱਲੋਂ ਤਿਆਰ ਕੀਤੀਆਂ ਗਈਆਂ ਹਨ| ਇਥੇ ਇਹ ਚੇਤੇ ਕਰਾਇਆ ਜਾਂਦਾ ਹੈ ਕਿ ਇਹੋ ਹੀ ਪੁਸਤਕਾਂ ਵਿਵਾਦ ਦਾ ਵਿਸ਼ਾ ਬਣੀਆਂ ਹੋਈਆਂ ਹਨ| ਅਸਲ ਵਿੱਚ ਗੱਲ ਇਹ ਹੈ ਕਿ ਪ੍ਰਾਈਵੇਟ ਪਬਲਿਸ਼ਰ ਸਿਲੇਬਸ ਦੇ ਅਧਾਰ ਉਤੇ ਗਾਈਡ-ਨੁਮਾ ਪੁਸਤਕਾਂ ਤਿਆਰ ਕਰਦੇ ਸਨ ਅਤੇ ਇਨ੍ਹਾਂ ਦੀ ਸਿਫਾਰਿਸ਼ ਬਕਾਇਦਾ ਬੋਰਡ ਵੱਲੋਂ ਕੀਤੀ ਜਾਂਦੀ ਸੀ| ਇਸ ਲਈ ਇਨ੍ਹਾਂ ਪੁਸਤਕਾਂ ਦੇ ਪੰਨੇ ਘੱਟ-ਵੱਧ ਹੋ ਸਕਦੇ ਹਨ| ਪਰ ਦੂਜੇ ਪਾਸੇ ਜਦੋਂ ਇਸ ਗਾਈਡ ਨੂੰ ਧਿਆਨ ਵਿੱਚ ਰੱਖਿਆ ਜਾਵੇ ਤਾਂ ਦੇਖਿਆ ਇਹ ਗਿਆ ਹੈ ਕਿ ਹੁਣ ਬੋਰਡ ਵੱਲੋਂ ਤਿਆਰ ਕੀਤੀਆਂ ਪਾਠ ਪੁਸਤਕਾਂ ਵਿੱਚ ਵੀ ਇੰਨ-ਬਿੰਨ ਹੂਬਹੂ ਸ਼ਬਦ ਕਰੀਬ-ਕਰੀਬ ਵਰਤੇ ਗਏ ਹਨ ਜੋ ਗਾਈਡਾਂ ਵਿੱਚ ਦਿੱਤੇ ਗਏ ਸਨ| ਇਸ ਲਈ ਹਾਲ ਦੀ ਘੜੀ ਕੁਝ ਵੀ ਕਹਿਣਾ ਠੀਕ ਨਹੀਂ ਹੈ|
ਇੱਕ ਹੋਰ ਖਬਰ ਵੀ ਆ ਰਹੀ ਹੈ ਕਿ ਬੋਰਡ ਦੀ ਵੈਬਸਾਈਟ ਤੋਂ ਗਿਆਰਵੀਂ ਦੀ ਪੁਸਤਕ ਹੁਣ ਹਟਾ ਦਿੱਤੀ ਗਈ ਹੈ| ਇਹ ਅਚਾਨਕ ਕਿਉਂ ਹਟਾ ਦਿੱਤੀ ਗਈ ਹੈ? ਅਫਵਾਹਾਂ ਦਾ ਬਜ਼ਾਰ ਗਰਮ ਹੈ| ਕੀ ਹੁਣ ਕਿਸੇ ਦਬਾਅ ਹੇਠ ਆ ਕੇ ਇਸ ਪੁਸਤਕ ਵਿੱਚ ਤਬਦੀਲੀ ਕੀਤੀ ਜਾ ਰਹੀ ਹੈ? ਬਾਰ੍ਹਵੀਂ ਦੀ ਨਵੀਂ ਪੁਸਤਕ ਵਿੱਚ ਜਿਸ ਤਰ੍ਹਾਂ ਬੰਦਾ ਸਿੰਘ ਬਹਾਦਰ ਬਾਰੇ ਜਾਣਕਾਰੀ ਦਿੱਤੀ ਗਈ ਹੈ, ਉਸ ਵਿੱਚ ਪੇਸ਼ ਕੀਤੇ ਗਏ ਤੱਥ ਇੰਨੇ ਖੁਸ਼ਕ ਤੇ ਕਮਜ਼ੋਰ ਹਨ ਕਿ ਵਿਦਿਆਰਥੀਆਂ ਦੀ ਮਾਨਸਿਕਤਾ ਵਿੱਚ ਥਾਂ ਹੀ ਨਹੀਂ ਬਣਾ ਸਕਦੇ| ਜਿਥੇ ਪੁਰਾਣੀ ਪੁਸਤਕ ਵਿੱਚ 4-5 ਪੰਨੇ ਦਿੱਤੇ ਗਏ ਹਨ ਉਥੇ ਬਾਰ੍ਹਵੀਂ ਦੀ ਪੁਸਤਕ ਵਿੱਚ ਇੰਨੇ ਨਾਲ ਹੀ ਗੱਲ ਮੁਕਾ ਦਿੱਤੀ ਗਈ ਹੈ ਕਿ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਨਾਲ ਉਸ ਦੇ ਬੇਟੇ ਦੀ ਵੀ ਸ਼ਹੀਦੀ ਹੋਈ| ਇਸੇ ਤਰ੍ਹਾਂ ਬੰਦਾ ਸਿੰਘ ਬਹਾਦਰ ਦੀਆਂ ਲੜਾਈਆਂ ਦਾ ਵੀ ਕੋਈ ਜ਼ਿਕਰ ਨਹੀਂ ਹੈ| ਦੂਜੇ ਸ਼ਬਦਾਂ ਵਿੱਚ ਉਸ ਮਹਾਨ ਵਿਅਕਤੀ ਦੀ ਇਤਿਹਾਸਕ ਮਹਾਨਤਾ ਤੇ ਮਹੱਤਤਾ ਨੂੰ ਵੀ ਨਜ਼ਰ-ਅੰਦਾਜ਼ ਕਰ ਦਿੱਤਾ ਗਿਆ|
ਇਸੇ ਤਰ੍ਹਾਂ ਇੱਕ ਹੋਰ ਖਬਰ ਵੀ ਮਿਲੀ ਹੈ ਕਿ ਅੱਜ ਸਿੱਖਿਆ ਮੰਤਰੀ ਅਤੇ ਬੋਰਡ ਦੇ ਉਚ ਅਧਿਕਾਰੀਆਂ ਦੀ ਇੱਕ ਲੰਮੀ ਮੀਟਿੰਗ ਸਿੱਖਿਆ ਬੋਰਡ ਦੇ ਕੰਪਲੈਕਸ ਵਿੱਚ ਹੀ ਹੋਈ| ਉਸ ਮੀਟਿੰਗ ਵਿੱਚੋਂ ਕੀ ਨਿਕਲਿਆ, ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ| ਇਸੇ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖਿਆ ਬੋਰਡ ਵਿੱਚ ਭੇਜੇ ਗਏ ਨੁਮਾਇੰਦੇ ਪ੍ਰੋਫੈਸਰ ਪਰਮਵੀਰ ਸਿੰਘ ਦਾ ਰੋਲ ਵੀ ਸਵਾਲਾਂ ਦੇ ਘੇਰੇ ਵਿੱਚ ਆ ਗਿਆ ਹੈ| ਭਾਵੇਂ ਉਨ੍ਹਾਂ ਨੇ ਮੇਰੇ ਨਾਲ ਫੋਨ ਉਤੇ ਇਹ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਤਾਂ ਤੱਥਾਂ ਦੀ ਪੜਤਾਲ ਕਰਨ ਲਈ ਹੀ ਨਿਯੁਕਤ ਕੀਤਾ ਗਿਆ ਸੀ ਪਰ ਅਤਿ ਭਰੋਸੇਯੋਗ ਸੂਤਰਾਂ ਅਨੁਸਾਰ ਉਹ ਸਾਰੀਆਂ ਮੀਟਿੰਗਾਂ ਵਿੱਚ ਬਕਾਇਦਾ ਸ਼ਾਮਿਲ ਹੋਏ ਅਤੇ ਸਲਾਹਾਂ ਦਿੰਦੇ ਰਹੇ ਹਨ|
ਦੂਜੇ ਪਾਸੇ ਪੰਜਾਬੀ ਯੁਨੀਵਰਸਿਟੀ ਦੇ ਸਮਾਜ ਵਿਗਿਆਨ ਦੇ ਪ੍ਰੋਫੈਸਰ ਡਾ. ਗੁਰਮੀਤ ਸਿੰਘ ਸਿੱਧੂ ਇਸੇ ਮੁੱਦੇ ਉਤੇ ਕੱਲ੍ਹ ਚੰਡੀਗੜ੍ਹ ਵਿੱਚ ਇੱਕ ਵਿਸ਼ੇਸ਼ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਹਨ| ਪਤਾ ਲੱਗਾ ਹੈ ਕਿ ਉਨ੍ਹਾਂ ਨੇ ਠੋਸ ਤੱਥ ਪੇਸ਼ ਕਰਦਿਆਂ 15 ਸਫਿਆਂ ਦੇ ਇੱਕ ਯਾਦਪੱਤਰ ਵੀ ਤਿਆਰ ਕੀਤਾ ਹੈ| ਇਸ ਦੌਰਾਟ ਪੰਜਾਬ ਸਰਕਾਰ ਵੀ ਮਾਹੌਲ ਵਿੱਚ ਠੰਡ-ਠੰਡੌਲਾ ਕਾਇਮ ਕਰਨ ਲਈ ਵਿਚੋਲਿਆਂ ਨੂੰ ਸਰਗਰਮ ਕਰ ਰਹੀ ਹੈ| ਇਸ ਦਿਸ਼ਾ ਵਿੱਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਦੀਆਂ ਸੇਵਾਵਾਂ ਹਾਸਲ ਕੀਤੀਆਂ ਜਾ ਰਹੀਆਂ ਹਨ| ਪਤਾ ਲੱਗਾ ਹੈ ਕਿ ਡਾ. ਗੁਰਦਰਸ਼ਨ ਸਿੰਘ ਢਿੱਲੋਂ ਅਤੇ ਉਨ੍ਹਾਂ ਦੇ ਸਾਥੀ ਵਿਦਵਾਨ ਕੱਲ੍ਹ ਸਿੱਖਿਆ ਮੰਤਰੀ ਓ.ਪੀ. ਸੋਨੀ ਨਾਲ ਵਿਸ਼ੇਸ਼ ਮੁਲਾਕਾਤ ਕਰ ਰਹੇ ਹਨ, ਜਿਥੇ ਉਹ ਉਨ੍ਹਾਂ ਨੂੰ ਸਾਰੀ ਸਥਿਤੀ ਤੋਂ ਜਾਣੂੰ ਕਰਵਾਉਣਗੇ| ਇਥੇ ਇਹ ਚੇਤੇ ਕਰਾਇਆ ਜਾਂਦਾ ਹੈ ਕਿ ਦੋ ਦਿਨ ਪਹਿਲਾਂ ਉੱਘੇ ਸਿੱਖ ਵਿਦਵਾਨਾਂ ਦੀ ਇੱਕ ਹੰਗਾਮੀ ਮੀਟਿੰਗ ਹੋਈ ਸੀ, ਜਿਸ ਵਿੱਚ ਉਨ੍ਹਾਂ ਨੇ ਮੰਗ ਕੀਤੀ ਸੀ ਕਿ ਮਾਹਰਾਂ ਦੀ ਇੱਕ ਵਿਸ਼ੇਸ਼ ਕਮੇਟੀ ਸਥਾਪਿਤ ਕੀਤੀ ਜਾਵੇ ਅਤੇ ਉਨ੍ਹਾਂ ਦੀ ਸਲਾਹ ਨਾਲ ਨਵੇਂ ਸਿਰਿਓਂ ਸਿਲੇਬਸ ਤਿਆਰ ਕੀਤਾ ਜਾਵੇ ਅਤੇ ਆ ਰਹੀਆਂ ਕਿਤਾਬਾਂ ਉਤੇ ਰੋਕ ਲਾਈ ਜਾਵੇ|
ਜਿਥੋਂ ਤੱਕ ਮੌਜੂਦਾ ਸਥਿਤੀ ਵਿੱਚ ਅਕਾਲੀ ਦਲ ਦੇ ਰੋਲ, ਪਹੁੰਚ ਤੇ ਰਵੱਈਏ ਦਾ ਸਬੰਧ ਹੈ, ਉਸ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਨੇ ਆਪਣੀ ਖੁਸੀ ਰਾਜਨੀਤਿਕ ਜ਼ਮੀਨ ਮੁੜ ਹਾਸਲ ਕਰਨ ਲਈ ਜਥੇਬੰਦ ਹੋ ਕੇ ਪੰਥਕ ਏਜੰਡਾ ਸਾਹਮਣੇ ਲਿਆਂਦਾ ਹੈ ਪਰ ਅਸਲ ਗੱਲ ਤਾਂ ਇਹ ਵੀ ਹੈ ਕਿ ਸਿਲੇਬਸ ਵਿੱਚ ਤਬਦੀਲੀ ਨੂੰ ਲੈ ਕੇ ਗੱਲਾਂ 2014 ਤੋਂ ਹੀ ਸ਼ੁਰੂ ਹੋ ਗਈਆਂ ਸਨ, ਜਦੋਂ ਉਸ ਸਮੇਂ ਦਲਜੀਤ ਸਿੰਘ ਪੰਜਾਬ ਦੇ ਸਿੱਖਿਆ ਮੰਤਰੀ ਸਨ| ਅੱਜਕੱਲ੍ਹ ਉਨ੍ਹਾਂ ਨੇ ਸੱਚ ਦਾ ਝੰਡਾ ਇਸ ਹੱਦ ਤੱਕ ਉੱਚਾ ਕਰ ਰੱਖਿਆ ਹੈ ਜਿਵੇਂ ਸਿਲੇਬਸ ਦੇ ਸਬੰਧ ਵਿੱਚ ਅਕਾਲੀ ਸਰਕਾਰ ਦਾ ਕੋਈ ਰੋਲ ਹੀ ਨਹੀਂ ਸੀ| ਉਨ੍ਹਾਂ ਨੂੰ ਸ਼ਾਇਦ ਇਹ ਵੀ ਪਤਾ ਨਹੀਂ ਕਿ ਕ੍ਰਿਸ਼ਨ ਕੁਮਾਰ ਦੀ ਅਗਵਾਈ ਵਿੱਚ ਜਦੋਂ 'ਗਿਆਨ ਸਰੋਵਰ' ਨਾਮ ਦੀ ਕਿਤਾਬ ਛਪੀ ਸੀ ਤਾਂ ਉਸ ਸਮੇਂ ਸਿੱਖਿਆ ਮੰਤਰੀ ਉਪਿੰਦਰਜੀਤ ਕੌਰ ਸੀ| ਭਾਵੇਂ ਉਸ ਸਮੇਂ ਕਿਤਾਬ ਉਤੇ ਪਾਬੰਦੀ ਲਗਾ ਦਿੱਤੀ ਗਈ ਸੀ ਪਰ ਕ੍ਰਿਸ਼ਨ ਕੁਮਾਰ ਨੂੰ ਫਿਰ ਵੀ ਉਚੇ ਅਹੁਦਿਆਂ 'ਤੇ ਨਿਵਾਜਿਆ ਗਿਆ| ਉਹ ਹੁਣ ਫਿਰ ਸਿੱਖਿਆ ਸਕੱਤਰ ਦੇ ਅਹਿਮ ਅਹੁਦੇ 'ਤੇ ਬਿਰਾਜਮਾਨ ਹਨ| ਜਦਕਿ ਕੈਪਟਨ ਅਮਰਿੰਦਰ ਸਿੰਘ ਨੇ ਵੀ ਉਨ੍ਹਾਂ ਦੇ ਪਿਛਲੇ ਰੋਲ ਨੂੰ ਧਿਆਨ ਵਿੱਚ ਨਹੀਂ ਰੱਖਿਆ ਅਤੇ ਸਿੱਖਿਆ ਵਰਗਾ ਅਹਿਮ ਮੰਤਰਾਲਾ ਇੱਕ ਵਾਰ ਫਿਰ ਉਨ੍ਹਾਂ ਨੂੰ ਸੌਂਪ ਦਿੱਤਾ| ਇਸ ਲਈ ਜੇ ਤੀਸਰੀ ਅੱਖ ਨਾਲ ਸਾਰੀ ਸਥਿਤੀ ਨੂੰ ਵੇਖਿਆ ਜਾਵੇ ਤਾਂ ਇਸ ਵਰਤਾਰੇ ਵਿੱਚ ਘੱਟ ਜਾਂ ਵੱਧ ਹਰ ਕੋਈ ਦੋਸ਼ੀ ਅਤੇ ਜ਼ਿੰਮੇਵਾਰ ਹੈ|
ਨੋਟ : ਇਥੇ ਅਸੀਂ ਗਿਆਰਵੀਂ ਅਤੇ ਬਾਰ੍ਹਵੀਂ ਜਮਾਤ ਦੇ ਨਵੇਂ ਸਿਲੇਬਸ ਨੂੰ ਪੇਸ਼ ਕਰ ਰਹੇ ਹਾਂ ਜੋ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਆਪਣੀ ਵੈਬਸਾਈਟ 'ਤੇ ਦਿੱਤਾ ਹੈ| ਦਿਲਚਸਪ ਗੱਲ ਇਹ ਹੈ ਕਿ ਇਹ ਹੱਦ ਤੱਕ ਸੰਖੇਪ ਕੀਤਾ ਗਿਆ ਹੈ ਕਿ ਇਸ ਤੋਂ ਇਹ ਅੰਦਾਜ਼ਾ ਲਾਉਣਾ ਵੀ ਔਖਾ ਹੈ ਕਿ ਸਬੰਧਿਤ ਕਾਂਡ ਵਿੱਚ ਉਸ ਕਾਂਡ ਦੇ ਛੋਟੇ ਵੇਰਵੇ ਹੀ ਨਹੀਂ ਦਿੱਤੇ ਗਏ ਜਦਕਿ ਹਰਿਆਣਾ, ਹਿਮਾਚਲ ਅਤੇ ਆਂਧਰਾ ਪ੍ਰਦੇਸ਼ ਦੇ ਸਿੱਖਿਆ ਬੋਰਡਾਂ ਦੇ ਸਿਲੇਬਸਾਂ ਵਿੱਚ ਸਬੰਧਿਤ ਕਾਂਡ ਦੇ ਸਿਰਲੇਖ ਹੇਠ ਕਈ ਨਿੱਕੇ ਨਿੱਕੇ ਵੇਰਵੇ ਸ਼ਾਮਿਲ ਕੀਤੇ ਗਏ ਹਨ, ਜੋ ਸਬੰਧਤ ਕਾਂਡ ਨਾਲ ਨੇੜਲੇ ਸਬੰਧ ਰੱਖਦੇ ਹਨ| ਇਸ ਤੋਂ ਬਿਨਾਂ ਬਾਰ੍ਹਵੀਂ ਦੇ ਸਿਲੇਬਸ ਵਿੱਚ ਦਿੱਤੀ ਗਈ ਤਰਤੀਬ ਹੀ ਗਲਤ ਹੈ|
ਇਸ ਤੋਂ ਇਲਾਵਾ ਅਸੀਂ ਉਨ੍ਹਾਂ ਵਿਅਕਤੀਆਂ ਦੇ ਨਾਂ ਵੀ ਦੇ ਰਹੇ ਹਾਂ ਜੋ ਸਿਲੇਬਸ ਨੂੰ ਤਿਆਰ ਕਰਨ ਦੀ ਪ੍ਰਕਿਰਿਆ ਵਿੱਚ ਵੱਖ ਵੱਖ ਰੂਪਾਂ ਵਿੱਚ ਸ਼ਾਮਿਲ ਹੋਏ| ਇਹ ਨਾਂ ਬਕਾਇਦਾ ਸਿੱਖਿਆ ਬੋਰਡ ਦੀ ਵੈਬਸਾਈਟ 'ਤੇ ਦਿੱਤੇ ਗਏ ਹਨ ਅਤੇ ਇਸ ਦਾ ਸਿਰਲੇਖ ਹੈ : ਪਾਠ ਪੁਸਤਕ ਰਚਨਾ ਅਤੇ ਸਮੀਖਿਆ ਕਮੇਟੀ|

ਗਿਆਰ੍ਹਵੀਂ ਸ਼੍ਰੇਣੀ - ਵਿਸ਼ਾ - ਇਤਿਹਾਸ
ਭਾਗ - 1
(ਪੰਜਾਬ ਦਾ ਇਤਿਹਾਸ)
1. ਪੰਜਾਬ ਦੇ ਇਤਿਹਾਸ ਦੇ ਸਰੋਤ : ਗੁਰੂ ਕਾਲ ਦੇ ਸੰਦਰਭ ਵਿੱਚ
2. ਸ੍ਰੀ ਗੁਰੂ ਨਾਨਕ ਦੇਵ ਜੀ ; ਯਾਤਰਾਵਾਂ ਅਤੇ ਸਿੱਖਿਆਵਾਂ
3. ਸਿੱਖ ਧਰਮ ਦਾ ਵਿਕਾਸ ਅਤੇ ਸਿੱਖ ਗੁਰੂਆਂ ਦਾ ਯੋਗਦਾਨ
4. ਸਿੱਖ ਧਰਮ ਦਾ ਰੂਪਾਂਤਰਨ
5. ਖਾਲਸਾ ਪੰਥ ਦੀ ਸਥਾਪਨਾ
6. ਚਾਰ ਸਾਹਿਬਜ਼ਾਦੇ
ਭਾਗ - 2
(ਵਿਸ਼ਵ ਦਾ ਇਤਿਹਾਸ)
7. ਬਦਲਦੀਆਂ ਹੋਈਆਂ ਪਰੰਪਰਾਵਾਂ ਅਤੇ ਨਵੇਂ ਸੱਭਿਆਚਾਰ ਦਾ ਅਰੰਭ
8. ਉਦਯੋਗਿਕ ਕ੍ਰਾਂਤੀ
9. ਬਸਤੀਵਾਦ
10. ਪੂਰਬੀ ਏਸ਼ੀਆ ਵਿੱਚ ਰਾਸ਼ਟਰਵਾਦ ਦਾ ਉਭਾਰ
11. ਬਸਤੀਵਾਦ ਵਿੱਚ ਰਾਸ਼ਟਰੀ ਸੁਤੰਤਰਤਾ ਅੰਦੋਲਨ

ਬਾਰ੍ਹਵੀਂ ਸ਼੍ਰੇਣੀ - ਵਿਸ਼ਾ ਇਤਿਹਾਸ
ਭਾਗ - 1
(ਭਾਰਤ ਦਾ ਇਤਿਹਾਸ : ਪੂਰਵ ਆਧੁਨਿਕ ਕਾਲ)
1. ਸ਼ਹਿਰ, ਵਪਾਰ ਅਤੇ ਸ਼ਿਲਪ
2. ਸਰਦਾਰ, ਸਮਰਾਟ ਅਤੇ ਵਪਾਰੀ
3. ਪੁਜਾਰੀ ਭਿਕਸ਼ੂ ਅਤੇ ਦਾਨੀ
4. ਮੱਧਕਾਲੀਨ ਭਾਰਤ ਅਤੇ ਰਾਜਨੀਤਿਕ ਅਤੇ ਆਰਥਿਕ ਵਿਕਾਸ
5. ਸੁਲਤਾਨ ਅਤੇ ਪਾਤਸ਼ਾਹ
6. ਭਗਤੀ ਦੇ ਨਵੇਂ ਰੂਪ
ਭਾਗ - 2
(ਭਾਰਤ ਦਾ ਇਤਿਹਾਸ : ਆਧੁਨਿਕ ਕਾਲ)
7. 1857 ਈ. ਦਾ ਵਿਦਰੋਹ
8. ਭਾਰਤ ਵਿੱਚ ਰਾਸ਼ਟਰਵਾਦ ਦਾ ਉਭਾਰ
9. ਸੁਤੰਤਰਤਾ ਵੱਲ ਭਾਰਤ
10. ਸਿੱਖ ਰਾਜ ਕਾਲ
11. ਬ੍ਰਿਟਿਸ਼ ਰਾਜ ਅਧੀਨ ਪੰਜਾਬ

Or