ਵਿੱਚੋਂ ਗੱਲ ਕੁਝ ਵੀ ਨਹੀਂ ਸੀ| ਅਰੰਭ ਵਿੱਚ ਹੀ ਸੌਖਿਆਂ ਹੀ ਸੁਲਝਾਈ ਜਾ ਸਕਦੀ ਸੀ| ਪਰ ਹੈਰਾਨੀ ਇਸ ਗੱਲ ਦੀ ਸੀ ਕਿ ਉਲਝਾ ਦਿੱਤੀ ਗਈ ਖੁਦ ਕੈਪਟਨ ਅਮਰਿੰਦਰ ਸਿੰਘ ਵੱਲੋਂ, ਜੋ ਆਪ ਇਤਿਹਾਸ ਵਿਸ਼ੇ ਦੇ ਨਾ ਕੇਵਲ ਕਦਰਦਾਨ ਹਨ ਸਗੋਂ ਉਨ੍ਹਾਂ ਨੇ ਸਿੱਖ ਇਤਿਹਾਸ ਦੇ ਇੱਕ ਅਹਿਮ ਦੌਰ ਉਤੇ ਇੱਕ ਚਰਚਿਤ ਪੁਸਤਕ ਵੀ ਲਿਖੀ ਹੋਈ ਹੈ| ਇਥੇ ਹੀ ਬਸ ਨਹੀਂ ਸਗੋਂ ਉਨ੍ਹਾਂ ਨੂੰ ਇਤਿਹਾਸ ਦੇ ਸੰਕਲਪ ਅਤੇ ਇਸ ਦੀਆਂ ਬਰੀਕਬੀਨੀਆਂ ਦੀ ਵੀ ਸਮਝ ਹੈ| ਸ਼ੁਰੂ ਵਿੱਚ ਅਕਾਲੀ ਦਲ ਵੱਲੋਂ ਇਹ ਦੋਸ਼ ਲਾਇਆ ਗਿਆ ਸੀ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬਾਰ੍ਹਵੀਂ ਜਮਾਤ ਦੇ ਇਤਿਹਾਸ ਦਾ ਸਿਲੇਬਸ ਨਾ ਕੇਵਲ ਗਿਆਰਵੀਂ ਜਮਾਤ ਵਿੱਚ ਲਿਆਂਦਾ ਗਿਆ ਹੈ ਅਤੇ ਘਟਾਇਆ ਵੀ ਗਿਆ ਹੈ, ਸਗੋਂ ਇਤਿਹਾਸਕ ਤੱਥਾਂ ਅਤੇ ਉਨ੍ਹਾਂ ਦੀ ਵਿਆਖਿਆ ਵਿੱਚ ਵੀ ਬੱਜਰ ਗਲਤੀਆਂ ਕੀਤੀਆਂ ਗਈਆਂ ਹਨ| ਅਸਲ ਵਿੱਚ ਇਥੇ ਹੀ ਪੰਜਾਬ ਦੇ ਮੁੱਖ ਮੰਤਰੀ ਨੂੰ ਚੁਕੰਨੇ ਹੋ ਜਾਣਾ ਚਾਹੀਦਾ ਸੀ| ਰਾਜਨੀਤਿਕ ਸ਼ਰੀਕ ਨੂੰ ਢੁੱਕਵਾਂ ਜਵਾਬ ਦੇਣ ਲਈ ਸਬਰ ਦੀ ਲੋੜ ਸੀ ਕਿਉਂਕਿ ਕੱਪੜੇ ਨੂੰ 10 ਵਾਰ ਮਿਣ ਲੈਣ ਵਿੱਚ ਕੋਈ ਹਰਜ ਨਹੀਂ ਹੁੰਦਾ ਕਿਉਂਕਿ ਇਹ ਕੱਟਿਆ ਇੱਕ ਹੀ ਵਾਰ ਜਾ ਸਕਦਾ ਹੈ| ਪਰ ਕੈਪਟਨ ਸਾਹਿਬ ਨੇ ਇੱਕ ਕਾਹਲੇ ਸਿਆਸਤਦਾਨ ਵਾਂਗ ਜਵਾਬ ਦਿੰਦਿਆਂ ਪੂਰੇ ਆਤਮਵਿਸ਼ਵਾਸ ਨਾਲ ਇਹ ਦਾਅਵਾ ਕਰ ਦਿੱਤਾ ਕਿ ਇਤਿਹਾਸ ਦੀ ਇੱਕ ਸਤਰ ਵੀ ਨਹੀਂ ਬਦਲੀ ਗਈ ਅਤੇ ਪਹਿਲੇ ਵਾਲਾ ਇਤਿਹਾਸ ਹੀ ਐਨ ਸੀ ਈ ਆਰ ਟੀ ਦੀਆਂ ਹਦਾਇਤਾਂ ਨੂੰ ਧਿਆਨ ਵਿੱਚ ਰਖਦਿਆਂ ਬਾਰ੍ਹਵੀਂ ਜਮਾਤ ਤੋਂ ਚੁੱਕ ਕੇ ਗਿਆਰਵੀਂ ਜਮਾਤ ਵਿੱਚ ਲਿਆਂਦਾ ਗਿਆ ਹੈ| ਪਰ ਮੁੱਖ ਮੰਤਰੀ ਸਾਹਿਬ ਇਥੇ ਹੀ ਗਲਤੀ ਕਰ ਗਏ| ਉਨ੍ਹਾਂ ਨੇ ਇਹ ਜਾਨਣ ਦੀ ਕੋਸ਼ਿਸ਼ ਹੀ ਨਾ ਕੀਤੀ ਕਿ ਸਿਲੇਬਸ ਦੀ ਅਦਲਾ-ਬਦਲੀ ਪਿੱਛੇ ਗੰਭੀਰ ਕਾਰਨਾਂ ਅਤੇ ਇਤਿਹਾਸਕ ਤੱਥਾਂ ਵਿੱਚ ਹੋਈਆਂ ਗਲਤੀਆਂ ਦੀ ਜਾਂਚ ਆਪਣੇ ਸੁਤੰਤਰ ਸਰੋਤਾਂ ਰਾਹੀਂ ਕਰਵਾ ਲਈ ਜਾਵੇ| ਉਨ੍ਹਾਂ ਨੂੰ ਜਾਪਿਆ ਜਿਵੇਂ ਵਿਰੋਧੀ ਧਿਰ ਦਾ ਹਮਲਾ ਕੇਵਲ ਤੇ ਕੇਵਲ ਸੌੜੀ ਸਿਆਸਤ ਤੋਂ ਹੀ ਪ੍ਰੇਰਿਤ ਹੈ ਅਤੇ ਅਕਾਲੀ ਦਲ ਆਪਣੀ ਖੁਸ ਚੁੱਕੀ ਰਾਜਨੀਤਿਕ ਜ਼ਮੀਨ ਨੂੰ ਹਰ ਹਾਲਤ ਵਿੱਚ ਬਹਾਲ ਕਰਨ ਲਈ ਹੱਥ ਪੈਰ ਮਾਰ ਰਿਹਾ ਹੈ| ਪਰ ਮੁੱਖ ਮੰਤਰੀ ਨੇ ਇਤਿਹਾਸ ਵਰਗੇ ਨਾਜ਼ੁਕ ਵਿਸ਼ੇ ਦੇ ਮਾਪਦੰਡਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਅਤੇ ਸਿੱਖਿਆ ਬੋਰਡ ਦੀ ਅਫਸਰਸ਼ਾਹੀ ਉਤੇ ਮੁਕੰਮਲ ਭਰੋਸਾ ਕਰ ਲਿਆ ਜਿਨ੍ਹਾਂ ਨੇ ਤਸਵੀਰ ਦਾ ਇੱਕ ਪਾਸਾ ਹੀ ਉਨ੍ਹਾਂ ਨੂੰ ਵਿਖਾਇਆ ਅਤੇ ਬਰੀਕ ਸੱਚ ਦੇ ਕੁਝ ਹਿੱਸਿਆਂ ਨੂੰ ਲੁਕੋ ਕੇ ਰੱਖਿਆ ਜਾਂ ਧੁੰਦਲਾ ਕਰ ਕੇ ਪੇਸ਼ ਕੀਤਾ ਜਾਂ ਉਨ੍ਹਾਂ ਦੀ ਅਹਿਮੀਅਤ ਹੀ ਨਾ ਸਮਝੀ|
ਪਰ ਇਸ ਵਾਰ ਵਿਰੋਧੀ ਧਿਰ ਵੱਲੋਂ ਪੇਸ਼ ਮੁੱਦੇ ਵਿੱਚ ਜਾਨ ਵੀ ਸੀ ਤੇ ਵਜ਼ਨ ਵੀ ਸੀ| ਬਿਨਾਂ ਸ਼ੱਕ ਬਾਰ੍ਹਵੀਂ ਜਮਾਤ ਦੀ ਕਿਤਾਬ ਵਿੱਚ ਤਰੁੱਟੀਆਂ ਵੀ ਸਨ ਅਤੇ ਉਸ ਵਿੱਚ ਬੇਜਾਨ ਵਿਆਖਿਆ ਵੀ ਸੀ| ਪਰ ਗਿਆਰਵੀਂ ਜਮਾਤ ਦੀ ਕਿਤਾਬ ਤਾਂ ਹਾਲੇ ਛਪੀ ਹੀ ਨਹੀਂ ਸੀ, ਲੇਕਿਨ ਉਸ ਕਿਤਾਬ ਬਾਰੇ ਵੀ ਬਿਨਾਂ ਦੇਖੇ ਪੜ੍ਹੇ ਤੋਂ ਦੋਸ਼ਾਂ ਤੇ ਜਵਾਬੀ ਦੋਸ਼ਾਂ ਦੇ ਅੰਬਾਰ ਲਗਾ ਦਿੱਤੇ ਗਏ| ਇਸ ਦੌੜ ਵਿੱਚ ਨਿੱਕੇ ਵੱਡੇ ਸਾਰੇ ਆਗੂ ਸ਼ਾਮਿਲ ਹੋ ਗਏ| ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲੀਡਰਸ਼ਿਪ ਵੀ ਮੈਦਾਨ ਵਿੱਚ ਉਤਰ ਆਈ| ਹੁਣ ਅਕਾਲੀ ਦਲ ਨੂੰ ਦੋਹਰਾ ਫਾਇਦਾ ਹੋ ਰਿਹਾ ਸੀ ਕਿਉਂਕਿ ਸ਼ਾਹਕੋਟ ਦੀ ਜ਼ਿਮਨੀ ਚੋਣ ਵਿੱਚ ਇਸ ਮੁੱਦੇ ਨੂੰ ਅਧਾਰ ਬਣਾ ਕੇ ਉਹ ਮਾਹੌਲ ਨੂੰ ਆਪਣੇ ਹੱਕ ਵਿੱਚ ਪਲਟ ਸਕਦੇ ਸਨ| ਹੁਣ ਹਾਲਤ ਇਹ ਬਣ ਗਈ ਸੀ ਕਿ ਸੌੜੀ ਸਿਆਸਤ ਅਗਵਾਈ ਕਰ ਰਹੀ ਸੀ ਪਰ ਕਰ ਰਹੀ ਸੀ ਇਤਿਹਾਸ ਦਾ ਮੋਢਾ ਵਰਤ ਕੇ| ਇਤਿਹਾਸ ਰੱਥ ਸੀ ਤੇ ਸਿਆਸਤ ਰਥਵਾਨ ਬਣ ਰਹੀ ਸੀ| ਕੈਪਟਨ ਸਾਹਿਬ ਨੂੰ ਇਹ ਪਤਾ ਹੀ ਨਹੀਂ ਸੀ ਲੱਗ ਰਿਹਾ ਕਿ ਇਸ ਮੁੱਦੇ 'ਤੇ ਕੂਟਨੀਤਿਕ ਸਿਆਸਤ ਦੀ ਦੌੜ ਵਿੱਚ ਅਕਾਲੀ ਦਲ ਉਨ੍ਹਾਂ ਨਾਲੋਂ ਕਾਫੀ ਅੱਗੇ ਨਿਕਲ ਗਿਆ ਸੀ| ਦੂਜੇ ਪਾਸੇ ਨਾ ਚਾਹੁੰਦਿਆਂ ਹੋਇਆਂ ਵੀ ਆਮ ਆਦਮੀ ਪਾਰਟੀ ਦੀ ਰਾਜਨੀਤਿਕ ਤਾਕਤ ਵੀ ਅਕਾਲੀ ਦਲ ਦੇ ਖਾਤੇ ਵਿੱਚ ਹੀ ਜਮ੍ਹਾ ਹੋ ਰਹੀ ਸੀ| ਕੈਪਟਨ ਸਾਹਿਬ ਤੇ ਉਨ੍ਹਾਂ ਦੀ ਕਾਂਗਰਸ ਪਾਰਟੀ ਪਿਛਲੇ ਸਾਲ ਹੋਈਆਂ ਅਸੈਂਬਲੀ ਚੋਣਾਂ ਵਿੱਚ ਸ਼ਾਨਦਾਰ ਜਿੱਤ ਪ੍ਰਾਪਤ ਕਰਨ ਪਿੱਛੋਂ ਅਕਾਲੀ ਆਗੂਆਂ ਨੂੰ ਹਾਰੇ ਹੋਏ ਭਲਵਾਨ ਕਹਿ ਕੇ ਅਕਾਲੀ ਦਲ ਦੀ ਅੰਦਰਲੀ ਤਾਕਤ ਤੋਂ ਅੱਖਾਂ ਮੀਟ ਰਹੀ ਸੀ| ਪਰ ਕੈਪਟਨ ਸਾਹਿਬ ਇਹ ਨਹੀਂ ਸਨ ਜਾਣਦੇ ਕਿ ਉਹ ਹਾਰੇ ਹੋਏ ਭਲਵਾਨ ਤਾਂ ਜ਼ਰੂਰ ਹਨ ਪਰ ਉਨ੍ਹਾਂ ਨੇ ਘੁਲਣਾ ਅਜੇ ਛੱਡਿਆ ਨਹੀਂ ਸੀ| ਉਨ੍ਹਾਂ ਦਾ ਪਿਛਲਾ ਸ਼ਾਨਾਮੱਤਾ ਇਤਿਹਾਸ ਅਜੇ ਵੀ ਉਨ੍ਹਾਂ ਦੀ ਅਗਵਾਈ ਕਰ ਰਿਹਾ ਸੀ|
ਸਮੁੱਚੀ ਹਾਲਤ ਨੇ ਉਸ ਸਮੇਂ ਇੱਕ ਫੈਸਲਾਕੁੰਨ ਮੋੜ ਲੈ ਲਿਆ ਜਦੋਂ ਵਿਦਵਾਨ ਅਤੇ ਇਤਿਹਾਸਕਾਰ ਵੀ ਮੈਦਾਨ ਵਿੱਚ ਆ ਉਤਰੇ ਅਤੇ ਉਨ੍ਹਾਂ ਨੇ ਕੁਝ ਅਜਿਹੇ ਗੰਭੀਰ ਤੱਥ ਸਾਹਮਣੇ ਲਿਆਂਦੇ ਜੋ ਕੈਪਟਨ ਸਾਹਿਬ ਨੂੰ ਨਜ਼ਰਅੰਦਾਜ਼ ਕਰਨੇ ਔਖੇ ਹੋ ਗਏ| ਇੰਜ ਅਕਾਲੀ ਦਲ ਦਾ ਪਲੜਾ ਹੋਰ ਭਾਰੀ ਹੋ ਰਿਹਾ ਸੀ, ਹਾਲਾਂਕਿ ਵਿਦਵਾਨਾਂ ਨੇ ਇਹ ਗੱਲ ਵੀ ਸਪੱਸ਼ਟ ਕੀਤੀ ਸੀ ਕਿ ਇਤਿਹਾਸ ਦੀ ਪੁਸਤਕ ਵਿੱਚ ਹੋਈਆਂ ਬੱਜਰ ਗਲਤੀਆਂ ਦੇ ਦੌਰ ਦਾ ਅਸਲ ਉਦਘਾਟਨ ਅਕਾਲੀ-ਭਾਜਪਾ ਸਰਕਾਰ ਸਮੇਂ ਹੀ ਹੋ ਗਿਆ ਸੀ| ਪਰ ਉਨ੍ਹਾਂ ਦੀ ਇਹ ਖੋਜ ਹੁਣ ਮਾਹੌਲ ਉਤੇ ਬਹੁਤਾ ਅਸਰ ਨਹੀਂ ਸੀ ਕਰਦੀ ਕਿਉਂਕਿ ਉੱਚੀ-ਉੱਚੀ ਰੌਲਾ ਪਾਉਣ ਦੇ ਮੁਕਾਬਲੇ ਵਿੱਚ ਵੀ ਅਜੇ ਅਕਾਲੀ ਦਲ ਦਾ ਹੱਥ ਉਤੇ ਸੀ| ਫਿਰ ਅਚਾਨਕ ਕੈਪਟਨ ਸਾਹਿਬ ਨੇ ਐਲਾਨ ਕਰ ਕੇ ਅਸਿੱਧੇ ਰੂਪ ਵਿੱਚ ਇਹ ਗੱਲ ਸਵੀਕਾਰ ਕਰ ਲਈ ਕਿ ਜੇ ਗਲਤੀਆਂ ਹੋਈਆਂ ਹਨ, ਉਹ ਠੀਕ ਕਰ ਲਈਆਂ ਜਾਣਗੀਆਂ ਅਤੇ ਇਸ ਬਾਰੇ ਵੀ ਕਮੇਟੀ ਬਣਾਈ ਜਾ ਸਕਦੀ ਹੈ| ਸਿੱਖਿਆ ਮੰਤਰੀ ਸਮੇਤ ਤਿੰਨ ਮੰਤਰੀਆਂ ਨੇ ਵਿਸ਼ੇਸ਼ ਕਾਨਫਰੰਸ ਕਰਕੇ ਵੀ ਗਲਤੀਆਂ ਨੂੰ ਸਵੀਕਾਰ ਕਰ ਲਿਆ| ਪਰ ਕੈਪਟਨ ਸਾਹਿਬ ਦੀ 'ਜੇ' ਅਤੇ ਕਮੇਟੀਆਂ ਕਾਇਮ ਕਰਨ ਦੇ ਭਰੋਸੇ ਵਿੱਚ ਅਜੇ ਵੀ ਕਈ ਸ਼ੱਕ-ਸ਼ੁਬੇ ਮੌਜੂਦ ਸਨ| ਅਗਲੇ ਪੜਾਅ ਵਿੱਚ ਉਨ੍ਹਾਂ ਨੇ ਇੱਕ ਛੇ ਮੈਂਬਰੀ ਕਮੇਟੀ ਕਾਇਮ ਕਰਨ ਦਾ ਐਲਾਨ ਕਰ ਦਿੱਤਾ ਜਿਸ ਵਿੱਚ ਸ਼੍ਰੋਮਣੀ ਕਮੇਟੀ ਦੇ ਦੋ ਮੈੱਬਰ ਵੀ ਸ਼ਾਮਿਲ ਕਰ ਲਏ| ਜੇ ਕਮੇਟੀ ਵਿੱਚ ਸ਼ਾਮਿਲ ਇਤਿਹਾਸਕਾਰਾਂ ਦੇ ਝੁਕਾਅ ਅਤੇ ਵਤੀਰੇ ਦਾ ਗੰਭੀਰ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਇਹ ਕਮੇਟੀ ਵੀ ਅਕਾਲੀ ਦਲ ਦੇ ਸਿੱਧੇ ਅਤੇ ਅਸਿੱਧੇ ਹਮਾਇਤੀਆਂ ਦੀ ਹੀ ਹੈ| ਆਖਰੀ ਪੜਾਅ ਵਿੱਚ ਮੁੱਖ ਮੰਤਰੀ ਨੇ ਬਾਰ੍ਹਵੀਂ ਜਮਾਤ ਦੀ ਕਿਤਾਬ ਨੂੰ ਰਿਲੀਜ਼ ਕਰਨ ਉਤੇ ਰੋਕ ਲਾ ਕੇ ਇਸ ਗੱਲ ਨੂੰ ਸਵੀਕਾਰ ਕਰ ਲਿਆ ਕਿ ਇਤਿਹਾਸ ਦੀਆਂ ਕਿਤਾਬਾਂ ਵਿੱਚ ਵੱਡੀ ਗੜਬੜ ਹੈ| ਉਨ੍ਹਾਂ ਦੇ ਆਪਣੇ ਸੂਬੇ ਦੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਮਾਜ ਵਿਗਿਆਨ ਦੇ ਇੱਕ ਸੀਨੀਅਰ ਪ੍ਰੋਫੈਸਰ ਅਤੇ ਉਨ੍ਹਾਂ ਦੀ ਬੌਧਿਕ ਟੀਮ ਨੇ ਠੋਸ ਤੱਥਾਂ ਦੇ ਹਵਾਲੇ ਨਾਲ ਗੰਭੀਰ ਗਲਤੀਆਂ ਦੇ ਸਬੂਤ ਵੀ ਪੇਸ਼ ਕੀਤੇ ਅਤੇ ਨਾਲ ਹੀ ਸਿਲੇਬਸ ਦੀ ਸਮੱਗਰੀ ਦੇ ਮਿਆਰ ਅਤੇ ਪੇਸ਼ਕਾਰੀ ਉਤੇ ਵੀ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ| ਬਾਰ੍ਹਵੀਂ ਦੇ ਇਤਿਹਾਸ ਦੀ ਸਕੂਲ ਬੋਰਡ ਵੱਲੋਂ ਲਿਖੀ ਨਵੀਂ ਕਿਤਾਬ ਦਾ ਵਿਸ਼ਲੇਸ਼ਣ ਇਹ ਦੱਸਦਾ ਹੈ ਕਿ ਸਿੱਖਿਆ ਬੋਰਡ ਦੀ ਇਤਿਹਾਸਕ ਨਜ਼ਰ ਸਿੱਖ-ਯਾਦ ਦੀਆਂ ਬਹੁ-ਪਰਤਾਂ ਤੇ ਬਹੁ-ਦਿਸ਼ਾਵਾਂ ਵੇਖਣ ਦੇ ਸਮਰੱਥ ਨਹੀਂ ਸੀ| ਇਹ ਜ਼ਿੰਦਾਦਿਲ ਤੱਥ ਵੀ ਉਨ੍ਹਾਂ ਦੀ ਸਮਝ ਵਿੱਚ ਸ਼ਾਮਿਲ ਨਹੀਂ ਸੀ ਕਿ ਸਿੱਖ ਇਤਿਹਾਸ ਦੀਆਂ ਯਾਦਾਂ ਕੇਵਲ ਸਿੱਖਾਂ ਲਈ ਹੀ ਪ੍ਰੇਰਨਾਸਰੋਤ ਨਹੀਂ ਸਗੋਂ ਇਹ ਦੇਸ਼ ਅਤੇ ਵਿਸ਼ਵ ਦੀਆਂ ਕੌਮਾਂ ਦਾ ਜਗਦਾ-ਮਘਦਾ ਪ੍ਰਤੀਕ ਹੈ| ਇਸ ਲਈ ਇਤਿਹਾਸਕ ਤੱਥਾਂ ਦੇ ਆਪਸ ਵਿੱਚ ਜੋ ਅੰਤਰ-ਸਬੰਧ ਹੁੰਦੇ ਹਨ, ਉਹ ਬਾਰ੍ਹਵੀਂ ਦੀ ਇਸ ਕਿਤਾਬ ਪੜ੍ਹਨ ਲੱਗਿਆਂ ਵਿਦਿਆਰਥੀਆਂ ਨੂੰ ਵੱਡੀ ਰੌਸ਼ਨੀ ਨਹੀਂ ਦਿੰਦੇ|
ਪਰ ਇਸ ਸਾਰੇ ਵਰਤਾਰੇ ਵਿੱਚ ਅਕਾਲੀ ਦਲ, ਸ਼੍ਰੋਮਣੀ ਕਮੇਟੀ ਤੇ ਪੰਥਕ ਹਲਕਿਆਂ ਦਾ ਵੀ ਦਾਮਨ ਸਾਫ ਨਹੀਂ ਹੈ ਕਿਉਂਕਿ ਜੇਕਰ ਉਨ੍ਹਾਂ ਨੂੰ ਵਿਦਿਆਰਥੀਆਂ ਅੰਦਰ ਇਤਿਹਾਸ ਦਾ ਜਜ਼ਬਾ ਪੈਦਾ ਕਰਨ ਦੀ ਕੋਈ ਰੀਝ ਹੈ ਤਾਂ ਫਿਰ ਉਨ੍ਹਾਂ ਦੀਆਂ ਸੰਸਥਾਵਾਂ ਦੇ ਬਹੁਤੇ ਸਕੂਲਾਂ ਵਿੱਚ ਸੀਬੀਐਸਈ ਦੇ ਸਿਲੇਬਸ ਨੂੰ ਹੀ ਕਿਉਂ ਤਰਜੀਹ ਦਿੱਤੀ ਜਾਂਦੀ ਹੈ? ਸ਼੍ਰੋਮਣੀ ਕਮੇਟੀ, ਚੀਫ ਖਾਲਸਾ ਦੀਵਾਨ, ਸਿੱਖ ਆਗੂਆਂ ਵੱਲੋਂ ਚਲਾਏ ਜਾ ਰਹੇ ਹੋਰ ਕਈ ਸਕੂਲਾਂ ਵਿੱਚ ਵੀ ਸੀਬੀਐਸਈ ਦਾ ਹੀ ਸਿਲੇਬਸ ਕਿਉਂ ਲਾਗੂ ਹੈ ਜਿੱਥੇ ਸਿੱਖ ਇਤਿਹਾਸ ਦਾ ਨਾਮੋ-ਨਿਸ਼ਾਨ ਨਹੀਂ ਹੈ ਅਤੇ ਜਿਥੇ ਮਹਾਂਭਾਰਤ ਨੂੰ 'ਸਮਾਜਕ ਇਤਿਹਾਸ' ਦੇ ਵਰਗ ਵਿੱਚ ਰੱਖਿਆ ਗਿਆ ਹੈ? ਹਜ਼ਾਰਾਂ ਸਿੱਖ ਬੱਚੇ ਇਨ੍ਹਾਂ ਸਕੂਲਾਂ ਵਿੱਚ ਪੜ੍ਹ ਰਹੇ ਹਨ ਪਰ ਆਪਣੇ ਇਤਿਹਾਸ ਤੋਂ ਮਹਿਰੂਮ ਹਨ| ਸਿੱਖ ਪੰਥ ਦੀ ਅਗਵਾਈ ਕਰ ਰਹੇ ਸਿੱਖ ਆਗੂਆਂ ਦੇ ਜੇ ਸ਼ੱਤ-ਪ੍ਰਤੀਸ਼ੱਤ ਨਹੀਂ ਤਾਂ ਇਸ ਪ੍ਰਤੀਸ਼ੱਤ ਦੇ ਨੇੜੇ ਤੇੜੇ ਬਹੁਤੇ ਬੱਚੇ ਸੀਬੀਐਸਈ ਦੇ ਸਿਲੇਬਸ ਅਨੁਸਾਰ ਹੀ ਪੜ੍ਹਦੇ ਹਨ| ਫਿਰ ਇਹ ਸਿੱਖ ਆਗੂ ਸੀਬੀਐਸਈ ਦੇ ਸਿਲੇਬਸ ਵਿੱਚ ਪੰਜਾਬ ਦਾ ਇਤਿਹਾਸ ਸ਼ਾਮਿਲ ਕਰਨ ਦੀ ਅਵਾਜ਼ ਬੁਲੰਦ ਕਿਉਂ ਨਹੀਂ ਕਰਦੇ? ਜੇ ਇਨ੍ਹਾਂ ਸਿੱਖ ਆਗੂਆਂ ਦੇ ਬੱਚੇ ਸੀਬੀਐਸਹੀ ਵਾਲੇ ਸਕੂਲਾਂ ਵਿੱਚ ਹੀ ਪੜ੍ਹਦੇ ਹਨ ਤਾਂ ਫਿਰ ਇਹ ਕਿਨ੍ਹਾਂ ਬੱਚਿਆਂ ਅੰਦਰ ਇਤਿਹਾਸ ਦੀ ਰੂਹ ਫੂਕਣ ਲਈ ਸੰਘਰਸ਼ ਕਰ ਰਹੇ ਸਨ? ਇਸ ਸਵਾਲ ਦਾ ਢੁੱਕਵਾਂ ਜਵਾਬ ਤੇ ਬਹਿਸ ਹੋਣੀ ਹੀ ਚਾਹੀਦੀ ਹੈ|
ਕੈਪਟਨ ਸਾਹਿਬ ਦੇ ਇੱਕ ਸਾਲ ਦੇ ਰਾਜ ਦਾ ਇੱਕ ਕਮਜ਼ੋਰ ਪਰ ਮਹੱਤਵਪੂਰਨ ਤੇ ਅਣਪਛਾਤਾ ਪਹਿਲੂ ਇਹ ਵੀ ਹੈ ਕਿ ਉਨ੍ਹਾਂ ਦੇ ਆਪਣੇ ਸੁਤੰਤਰ ਤੇ ਨਿਰਪੱਖ ਸਰੋਤ ਨਹੀਂ ਹਨ ਜੋ ਕਿਸੇ ਵੀ ਆਗੂ ਲਈ ਖਬਰਾਂ ਹੇਠਲੀਆਂ ਖਬਰਾਂ ਅਤੇ ਘਟਨਾਵਾਂ ਵਿੱਚ ਲੁਕੀਆਂ ਘਟਨਾਵਾਂ ਜਾਨਣ ਲਈ ਜ਼ਰੂਰੀ ਹੁੰਦਾ ਹੈ| ਉਨ੍ਹਾਂ ਕੋਲ ਇਸ ਪਹਿਲੂ ਤੋਂ ਅਜਿਹੀ ਕੋਈ ਵਿਦਵਾਨਾਂ ਦੀ ਟੀਮ ਵੀ ਨਹੀਂ ਹੈ ਜੋ ਵਿਦਿਆ ਦੇ ਖੇਤਰ ਵਿੱਚ ਹੋ ਰਹੀ ਸਿਆਸਤ ਉਤੇ ਲੰਮੀ ਨਜ਼ਰ ਰੱਖ ਸਕੇ| ਉਨ੍ਹਾਂ ਨੇ ਮੀਡੀਆ ਦੀ ਉਸ ਪਰਤ ਨੂੰ ਹੀ ਨੇੜੇ ਲਾ ਰੱਖਿਆ ਹੈ ਜਿਨ੍ਹਾਂ ਦੇ ਧੁਰ ਅੰਦਰ ਪੰਜਾਬ ਤੇ ਪੰਜਾਬੀਅਤ ਦਾ ਬਸੇਰਾ ਹੀ ਨਹੀਂ ਹੈ| ਪੰਜਾਬੀ ਦੀਆਂ ਵੱਡੀਆਂ, ਛੋਟੀਆਂ ਤੇ ਅਣਗੌਲੀਆਂ ਅਖਬਾਰਾਂ ਤੇ ਰਸਾਲਿਆਂ ਵਿੱਚ ਛਪ ਰਹੀਆਂ ਅਸਲ ਖਬਰਾਂ ਅਤੇ ਘਟਨਾਵਾਂ ਦੇ ਵਿਸ਼ਲੇਸ਼ਣ ਉਨ੍ਹਾਂ ਦੀ ਰਾਜਨੀਤਿਕ ਰੂਹ ਤੋਂ ਕਿਤੇ ਦੂਰ ਰਹਿੰਦੇ ਹਨ ਜਦਕਿ ਕਈ ਵਾਰ ਇਤਿਹਾਸਕ ਕਰਿਸ਼ਮੇ ਉਨ੍ਹਾਂ ਹੀ ਸਰੋਤਾਂ ਤੋਂ ਜਨਮ ਲੈਂਦੇ ਹਨ| ਕੈਪਟਨ ਸਾਹਿਬ ਨੂੰ ਹਮਦਰਦੀ ਰੱਖਦਿਆਂ ਇੱਕ ਕਦਮ ਉਨ੍ਹਾਂ ਵੱਲ ਵੀ ਪੁੱਟਣਾ ਚਾਹੀਦਾ ਹੈ ਕਿਉਂਕਿ ਲਹਿੰਦੇ ਵਾਲੇ ਪਾਸੇ ਦੀ ਕੰਧ ਸੰਵਾਰਨ ਅਤੇ ਸ਼ਿੰਗਾਰਨ ਲਈ ਚੜ੍ਹਦੇ ਵਾਲੇ ਪਾਸੇ ਦੀ ਕੰਧ ਢਾਹ ਨਹੀਂ ਦੇਣੀ ਚਾਹੀਦੀ|
ਕਰਮਜੀਤ ਸਿੰਘ
99150-91063