ਕਰਮਜੀਤ ਸਿੰਘ
99150-91063
ਚੰਡੀਗੜ੍ਹ, 16 ਮਈ : ਸੁਪਰੀਮ ਕੋਰਟ ਵੱਲੋਂ ਪੰਜਾਬ ਦੇ ਸੈਰ ਸਪਾਟਾ ਮੰਤਰੀ ਅਤੇ ਉਘੇ ਕ੍ਰਿਕਟ ਖਿਡਾਰੀ ਨਵਜੋਤ ਸਿੰਘ ਸਿੱਧੂ ਨੂੰ ਤਿੰਨ ਦਹਾਕੇ ਪੁਰਾਣੇ ਰੋਡਰੇਜ ਮਾਮਲੇ ਵਿਚ ਵੱਡੀ ਰਾਹਤ ਮਿਲਣ ਪਿੱਛੋਂ ਹੁਣ ਪਾਰਟੀ ਦੇ ਅੰਦਰ ਅਤੇ ਸਰਕਾਰ ਵਿਚ ਉਸ ਦੀ ਪੁਜੀਸ਼ਨ ਅਤੇ ਪ੍ਰਭਾਵ ਨਾ ਕੇਵਲ ਮਜ਼ਬੂਤ ਹੋਏਗਾ, ਸਗੋਂ ਆਉਣ ਵਾਲੇ ਦਿਨਾਂ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਿਰਦਰਦੀ ਹੋਰ ਵੱਧ ਜਾਏਗੀ| ਇਹ ਇੱਕ ਨੰਗੀ ਚਿੱਟੀ ਹਕੀਕਤ ਹੈ ਕਿ ਉਹ ਪਿਛਲੇ ਇੱਕ ਅਰਸੇ ਤੋਂ ਆਪਣੇ ਇਸ ਸਿਆਸੀ ਸ਼ਰੀਕ ਨੂੰ ਮੂੰਧੜੇ ਮੂੰਹ ਸੁੱਟਣ ਲਈ ਕਈ ਵਿੰਗੀਆਂ-ਟੇਢੀਆਂ ਗੁਪਤ ਚਾਲਾਂ ਚਲਦੇ ਰਹੇ ਹਨ| ਜਦੋਂ ਰੋਡਰੇਜ ਕੇਸ ਦੇ ਸਬੰਧ ਵਿਚ ਕੈਪਟਨ ਸਰਕਾਰ ਨੇ ਸੁਪਰੀਮ ਕੋਰਟ ਵਿਚ ਪਿਛਲੀ ਸਰਕਾਰ ਦੇ ਫੈਸਲੇ ਨੂੰ ਹੀ ਜਾਰੀ ਰੱਖਣ ਬਾਰੇ ਦਲੀਲਾਂ ਪੇਸ਼ ਕੀਤੀਆਂ ਤਾਂ ਨਵਜੋਤ ਸਿੰਘ ਸਿੱਧੂ ਨੂੰ ਬਹੁਤ ਦੁਖ ਪਹੁੰਚਿਆ| ਪਰ ਫਿਰ ਵੀ ਉਨ੍ਹਾਂ ਨੇ ਆਪਣੇ ਆਪੇ 'ਤੇ ਪੂਰਾ ਕਾਬੂ ਰੱਖਿਆ ਕਿਉਂਕਿ ਉਨ੍ਹਾਂ ਨੂੰ ਲੱਗਦਾ ਸੀ ਕਿ ਸਰਕਾਰ ਦੇ ਅੰਦਰ ਉਨ੍ਹਾਂ ਦੀ ਪੁਜੀਸ਼ਨ ਅਜੇ ਇੰਨੀ ਤਕੜੀ ਨਹੀਂ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਦਾ ਪਲੜਾ ਭਾਰੀ ਹੈ| ਇਸ ਲਈ ਉਨ੍ਹਾਂ ਨੇ ਆਪਣੇ ਪੱਤੇ ਖੇਡਣ ਦਾ ਕੰਮ ਹਾਲਤਾਂ ਮੁਤਾਬਕ ਕੁਝ ਚਿਰ ਲਈ ਅੱਗੇ ਪਾ ਦਿੱਤਾ|
ਸਰਬਉੱਚ ਅਦਾਲਤ ਵੱਲੋਂ ਸਿੱਧੂ ਨੂੰ ਰਾਹਤ ਮਿਲਣ ਨਾਲ ਅਕਾਲੀ ਦਲ ਬਾਦਲ ਦੀਆਂ ਨੀਂਦਰਾਂ ਵੀ ਹਰਾਮ ਹੋ ਗਈਆਂ ਕਿਉਂਕਿ ਸਰਕਾਰ ਅੰਦਰ ਇੱਕ ਨਵਜੋਤ ਸਿੱਧੂ ਹੀ ਰਹਿ ਗਏ ਸਨ ਜੋ ਅੰਤ ਤੱਕ ਡਰੱਗ ਮਾਮਲੇ ਵਿਚ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਵਿਰੁੱਧ ਸਖਤ ਕਦਮ ਚੁੱਕਣ ਲਈ ਅਵਾਜ਼ ਬੁਲੰਦ ਕਰਦੇ ਰਹੇ| ਉਨ੍ਹਾਂ ਨੇ ਠੋਸ ਤੱਥਾਂ ਅਤੇ ਸਬੂਤਾਂ ਦੇ ਅਧਾਰ 'ਤੇ ਮਜੀਠੀਆ ਵਿਰੁੱਧ ਗਾਹੇ ਬਗਾਹੇ ਇਹੋ ਜਿਹੇ ਬਿਆਨ ਦਿੱਤੇ ਕਿ ਕੈਪਟਨ ਅਮਰਿੰਦਰ ਸਿੰਘ ਲਈ ਹੁਣ ਮਜੀਠੀਆ ਦੇ ਹੱਕ ਵਿੱਚ ਸਿੱਧੀ ਹਮਾਇਤ ਕਰਨੀ ਕਾਫੀ ਮੁਸ਼ਕਲ ਹੋ ਗਈ ਸੀ| ਜਦੋਂ ਪਿਛਲੀ ਅਸੈਂਬਲੀ ਸੈਸ਼ਨ ਦੌਰਾਨ ਸਿੱਧੂ ਅਤੇ ਮਜੀਠੀਆ ਕਈ ਵਾਰ ਆਹਮੋ ਸਾਹਮਣੇ ਹੁੰਦੇ ਸਨ ਅਤੇ ਉਨ੍ਹਾਂ ਵਿੱਚ ਤਿੱਖੀ ਨੋਕ ਝੋਕ, ਕਈ ਵਾਰ ਗਾਲਾਂ ਤੱਕ ਪਹੁੰਚ ਜਾਂਦੀ ਸੀ, ਉਸ ਵੇਲੇ ਕੈਪਟਨ ਦੀ ਬਾਡੀ ਲੈਂਗਵੇਜ ਤੋਂ ਇਹ ਸਾਫ ਬੁੱਝਿਆ ਜਾ ਸਕਦਾ ਸੀ, ਜਿਵੇਂ ਉਨ੍ਹਾਂ ਨੂੰ ਮਜੀਠੀਆ ਵਿਰੁੱਧ ਪੈ ਰਿਹਾ ਰੌਲਾ ਚੰਗਾ ਨਹੀਂ ਸੀ ਲੱਗਦਾ| ਲੇਕਿਨ ਹੁਣ ਸਥਿਤੀ ਬਦਲ ਗਈ ਹੈ| ਅਗਲੇ ਕੁਝ ਦਿਨਾਂ ਵਿਚ ਪਾਰਟੀ ਅਤੇ ਸਰਕਾਰ ਦੇ ਅੰਦਰ ਬਹੁਤ ਕੁਝ ਨਵਾਂ-ਨਵਾਂ ਵੇਖਣ ਨੂੰ ਮਿਲੇਗਾ| ਪੰਜਾਬ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਸੁਪਰੀਮ ਕੋਰਟ ਦੇ ਫੈਸਲੇ 'ਤੇ ਟਿੱਪਣੀ ਕਰਦਿਆਂ ਠੀਕ ਕਿਹਾ ਹੈ ਕਿ ਹੁਣ ਪੰਜਾਬ ਕੈਬਨਿਟ ਵਿਚ ਨਵਜੋਤ ਸਿੱਧੂ ਦੀ ਅਵਾਜ਼ ਇਕੱਲੀ ਅਵਾਜ਼ ਹੀ ਨਹੀਂ ਰਹੇਗੀ, ਸਗੋਂ ਹੋਰ ਸਾਥੀ ਵੀ ਉਨ੍ਹਾਂ ਦੇ ਨਾਲ ਡੱਟ ਕੇ ਖਲੋਣਗੇ|
ਇੱਕ ਹੋਰ ਨੁਕਤਾ ਵੀ ਧਿਆਨ ਦੇਣ ਵਾਲਾ ਹੈ ਅਤੇ ਉਹ ਇਹ ਹੈ ਕਿ ਪਿਛਲੇ ਇੱਕ ਦੋ ਮਹੀਨਿਆਂ ਤੋਂ ਸਿੱਧੂ ਦੀ ਰਾਹੁਲ ਗਾਂਧੀ ਨਾਲ ਨੇੜਤਾ ਹੋਰ ਵੀ ਵੱਧ ਗਈ ਹੈ| ਇਥੇ ਇਹ ਚੇਤੇ ਕਰਾਇਆ ਜਾਂਦਾ ਹੈ ਕਿ ਸੁਪਰੀਮ ਕੋਰਟ ਵਿੱਚ ਕੇਸ ਜਿੱਤਣ ਪਿੱਛੋਂ ਸਿੱਧੂ ਨੂੰ ਵਧਾਈ ਦੇਣ ਵਾਲਿਆਂ ਵਿੱਚੋਂ ਸਭ ਤੋਂ ਪਹਿਲੇ ਵਿਅਕਤੀ ਰਾਹੁਤ ਗਾਂਧੀ ਅਤੇ ਸੋਨੀਆ ਗਾਂਧੀ ਸਨ| ਦੂਜੇ ਪਾਸੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਕੈਪਟਨ ਦਰਮਿਆਨ ਦੂਰੀਆਂ ਜਾਖੜ ਤੇ ਸਿੱਧੂ ਨੂੰ ਇੱਕ ਦੂਜੇ ਦੇ ਨੇੜੇ ਲਿਆਉਣ 'ਚ ਸਹਾਈ ਹੋ ਸਕਦੀਆਂ ਹਨ| ਇਸ ਦਾ ਕਾਰਨ ਸਾਫ ਹੈ ਕਿ ਪਾਰਟੀ ਦੇ ਅੰਦਰ ਅਤੇ ਸਰਕਾਰ ਦੇ ਅੰਦਰ ਨਵਜੋਤ ਸਿੰਘ ਸਿੱਧੂ ਸੱਤਾ ਦਾ ਇੱਕ ਵੱਖਰਾ ਪਰ ਦਿਲਚਸਪ ਕੇਂਦਰ ਬਣ ਗਿਆ ਹੈ ਅਤੇ ਜਿਵੇਂ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਬਣਨ ਪਿੱਛੋਂ ਜਾਣੇ ਜਾਂ ਅਨਜਾਣੇ ਵਿੱਚ ਸਿੱਖਾਂ ਦੇ ਵੱਡੇ ਹਿੱਸੇ ਨੂੰ ਆਪਣੇ ਤੋਂ ਦੂਰ ਰੱਖ ਲਿਆ ਅਤੇ ਆਪਣੇ ਕੰਮ ਕਰਨ ਦੀ ਜੀਵਨ-ਸ਼ੈਲੀ ਵਿੱਚ ਵੱਡੀਆਂ ਤੇ ਬੁਨਿਆਦੀ ਤਬਦੀਲੀਆਂ ਨਹੀਂ ਕੀਤੀਆਂ ਅਤੇ ਜਿਵੇਂ ਉਨ੍ਹਾਂ ਨੂੰ ਮਿਲਣ ਲਈ ਆਪਣੀ ਪਾਰਟੀ ਦੇ ਵਿਧਾਇਕਾਂ ਨੂੰ ਹੀ ਕਈ ਕਈ ਦਿਨ ਇੰਤਜ਼ਾਰ ਕਰਨਾ ਪੈਂਦਾ ਹੈ, ਉਸ ਤੋਂ ਇਹ ਹੈਰਾਨੀ ਵਾਲੀ ਗੱਲ ਨਹੀਂ ਹੋਏਗੀ ਜੇਕਰ ਸੱਤਾ ਦੀ ਲੁਕਣ-ਮੀਚੀ ਵਾਲੀ ਖੇਡ ਵਿੱਚ ਨਵਜੋਤ ਸਿੰਘ ਸਿੱਧੂ ਦਾ ਹੱਥ ਉਤੇ ਹੋ ਜਾਵੇ|