ਲਾਲ ਕਿਲ੍ਹੇ ਉੱਤੇ ਕੇਸਰੀ ਝੰਡਾ : ਕਉਣ ਜਾਣੈ ਬਿਧਿ ਮੇਰੀਆ..? ਕਿਸ ਪਹਿ ਖੋਲਉ ਗੰਠੜੀ ..?ਇਤਿਹਾਸ ਤੋਂ ਪਾਰ ਜਾ ਕੇ ਵੇਖਣ ਦੀ ਇਹ ਅਤਿ ਪਿਆਰੀ ਯਾਦਗਾਰ ਇਸ ਸਮੇਂ ਸਭ ਧਿਰਾਂ ਵਿੱਚ ਏਕਤਾ ਦੀ ਲੋੜ ।
ਇਲਜ਼ਾਮਤਲਾਸ਼ੀ ਤੋਂ ਬਚਿਆ ਜਾਵੇ।
ਗਦਾਰੀਆਂ ਦੇ ਸਰਟੀਫੀਕੇਟ ਦੇਣ ਦਾ ਹਕ ਕਿਸੇ ਕੋਲ ਨਹੀਂ ਕਿਉਂ ਕਿ ਹਰ ਕਿਸੇ ਦਾ ਰੋਲ ਹੈ ਇਸ ਮੋਰਚੇ ਵਿੱਚ ਅਤੇ ਦੋਸ਼ ਵੀ ਸਾਂਝੇ ਹਨ।
ਹੀਣ ਭਾਵਨਾ ਤੋਂ ਬਚਿਆ ਜਾਵੇ ਕਿਉਂ ਕਿ ਸਰਕਾਰ ਇਹੋ ਨੈਰੇਟਿਵ ਸਿਰਜ ਰਹੀ ਹੈ ।ਇਸ ਸਮੇਂ forget ਅਤੇ forgive ਦਾ ਅਸੂਲ ਹੀ ਸਭਨਾਂ ਧਿਰਾਂ ਲਈ ਠੀਕ ਰਹੇਗਾ ਕਿਉਂ ਕਿ ਕੋਈ ਧਿਰ ਵੀ perfect ਨਹੀਂ।
ਕਰਮਜੀਤ ਸਿੰਘ 99150-91063
26 ਜਨਵਰੀ ਨੂੰ ਇਤਿਹਾਸਕ ਲਾਲ ਕਿਲ੍ਹੇ 'ਤੇ ਕੇਸਰੀ ਨਿਸ਼ਾਨ ਸਾਹਿਬ ਲਹਿਰਾਏ ਜਾਣ ਤੋਂ ਪਿੱਛੋਂ ਵੱਖ ਵੱਖ ਪਰ ਇੱਕ ਦੂਜੇ ਦੇ ਉਲਟ ਰਾਵਾਂ ਦਾ ਇਕ ਅੰਬਾਰ ਸਿਰਜਿਆ ਜਾ ਰਿਹਾ ਹੈ।ਪਰ ਇਸ ਇਤਹਾਸਕ, ਹੈਰਾਨਕੁਨ, ਯਾਦਾਂ ਵਿੱਚ ਵੱਸ ਜਾਣ ਵਾਲੀ ਅਤਿ ਪਿਆਰੀ, ਅਤਿ ਨਿਆਰੀ, ਅਤਿ ਨਿਰਾਲੀ, ਅਤਿ ਵਿੱਕੋਲੋਤਰੀ ਮਹਾਨ ਘਟਨਾ ਦਾ ਉਹ ਨੈਰੇਟਿਵ ਅਰਥਾਤ ਉਹ ਬਿਰਤਾਂਤ ਕਿਤੇ ਵਿਰਲਾ ਟਾਵਾਂ ਹੀ ਨਜ਼ਰ ਆ ਰਿਹਾ ਹੈ, ਜਿਸ ਵਿਚ ਇਤਿਹਾਸ ਤੋਂ ਪਾਰ ਜਾਣ ਵਾਲੀ ਸਮਰੱਥਾ, ਯੋਗਤਾ, ਕਾਬਲੀਅਤ, ਗਹਿਰਾਈਆਂ ਅਤੇ ਵਿਚਾਰ ਦੀਆਂ ਉੱਚੀਆਂ ਬੁਲੰਦੀਆਂ ਦੇ ਦੀਦਾਰ ਹੋ ਸਕਣ।
ਇਉਂ ਲੱਗਦਾ ਹੈ ਜਿਵੇਂ 32 ਕਿਸਾਨ ਜਥੇਬੰਦੀਆਂ ਸਮੇਤ ਸਿੱਖਾਂ ਦੇ ਵੱਡੇ ਹਿੱਸੇ ਨੇ ਆਪਣੇ ਆਪ ਨੂੰ ਭਾਰਤੀ ਸਟੇਟ, ਸਰਕਾਰ ਅਤੇ ਇੱਥੋਂ ਦੀ ਬਹੁ ਗਿਣਤੀ ਨਾਲ ਜੁੜੇ ਬੁੱਧੀਜੀਵੀਆਂ ਦੇ ਬਿਰਤਾਂਤ ਅੱਗੇ ਬਿਨਾਂ ਇਕ ਸੈਕਿੰਡ ਗਵਾਏ ਖ਼ੁਸ਼ੀ ਖ਼ੁਸ਼ੀ ਸਮਰਪਣ ਕਰ ਦਿੱਤਾ ਹੈ ਜਾਂ ਦੇਸੀ ਭਾਸ਼ਾ ਵਿੱਚ ਗੋਡੇ ਟੇਕ ਦਿੱਤੇ ਹੋਣ। ਵੈਸੇ ਅਗਲੇ ਕੁਝ ਦਿਨਾਂ ਵਿਚ ਤੁਸੀਂ ਅਖ਼ਬਾਰਾਂ , ਮੈਗਜ਼ੀਨਾਂ, ਟੀ ਵੀ ਚੈਨਲਾਂ ਕੌਫ਼ੀ ਹਾਊਸਾਂ ਵਿੱਚ ਬੁੱਧੀਜੀਵੀਆਂ ਦੀਆਂ ਚੱਲ ਰਹੀਆਂ ਗਰਮਾ-ਗਰਮ ਬਹਿਸਾਂ ਵਿੱਚ ਉਹ ਗੱਲ ਆਖੀ ਜਾਵੇਗੀ ਜਿਸ ਦੀਆਂ ਤਮਾਮ ਪਰਤਾਂ ਥੋੜ੍ਹੇ ਬਹੁਤੇ ਫ਼ਰਕ ਨਾਲ ਏਥੋਂ ਦੀ ਬਹੁਗਿਣਤੀ ਦੇ ਬਿਰਤਾਂਤ ਨਾਲ ਜੁਡ਼ੀਆਂ ਹੋਣਗੀਆਂ- ਐਨ ਉਸੇ ਤਰ੍ਹਾਂ ਜਿਵੇਂ ਜੂਨ 84 ਨੂੰ ਦਰਬਾਰ ਸਾਹਿਬ ਉੱਤੇ ਹੋਏ ਫੌਜ ਦੇ ਹਮਲੇ ਨਾਲ ਸਾਰਾ ਭਾਰਤ ਸਿੱਖਾਂ ਦੇ ਵਿਰੁੱਧ ਹੋ ਗਿਆ ਸੀ।
...ਤਾਂ ਫਿਰ ਸਤਾਰ੍ਹਵੀਂ ਸਦੀ ਦੇ ਸੁਲਤਾਨ ਬਾਹੂ ਜੋ ਘਟਨਾਵਾਂ ਤੇ ਵਰਤਾਰਿਆਂ ਨੂੰ ਰਹੱਸ ਦੇ ਨਜ਼ਰੀਏ ਤੋਂ ਵੇਖਦੇ ਹਨ, ਸ਼ਾਇਰ ਵੀ ਹਨ, ਵਿਦਵਾਨ ਵੀ ਹਨ ਅਤੇ ਸੂਫ਼ੀ ਫ਼ਕੀਰ ਵੀ ਹਨ ਉਨ੍ਹਾਂ ਦੀ ਅਗਵਾਈ ਹਾਸਲ ਕਰਦਿਆਂ "ਓਸੇ ਰਾਹ ਵੱਲ ਜਾਈਏ ਬਾਹੂ ਜਿਸ ਥੀਂ ਖਲਕਤ ਡਰਦੀ ਹੂ" ਨੂੰ ਸਾਹਮਣੇ ਰੱਖ ਕੇ ਇਸ ਘਟਨਾ ਦੀ ਵਿਆਖਿਆ ਕਰੀਏ।
ਕੇਸਰੀ ਝੰਡਾ ਲਹਿਰਾਉਣ ਤੋਂ ਪਿੱਛੋਂ ਜੇ ਕੌਮ ਦੀ ਮਾਨਸਿਕ ਹਾਲਤ ਦਾ ਗੰਭੀਰ ਵਿਸ਼ਲੇਸ਼ਣ ਕਰਨਾ ਹੋਵੇ ਤਾਂ ਅਸੀਂ ਕਹਿ ਸਕਦੇ ਹਾਂ ਕਿ ਇਹ ਕੌਮ ਦਰਜ਼ੀ ਦੀਆਂ ਲੀਰਾਂ ਵਾਂਗ ਖਿੱਲਰੀ ਪਈ ਹੈ। ਇਸ ਖਿਲਾਰੇ ਵਿਚ ਉਹ 'ਵਿਚਾਰਧਾਰਕ ਤੰਦ' ਤਾਂ ਹੀ ਨਜ਼ਰੀਂ ਪੈ ਸਕਦੀ ਹੈ ਜੋ ਤੰਦ ਸਟੇਟ ਦੇ ਭੈਅ ਤੋਂ ਪੂਰੀ ਤਰ੍ਹਾਂ ਮੁਕਤ ਹੋਵੇ। ਪਰ ਜੋ ਵਿਆਖਿਆਵਾਂ ਆ ਰਹੀਆਂ ਹਨ ਅਤੇ ਖ਼ਾਸ ਕਰਕੇ ਕਿਸਾਨ ਜਥੇਬੰਦੀਆਂ ਦੇ ਆਗੂ ਜੋ ਬਿਆਨ ਦੇ ਰਹੇ ਹਨ ਅਤੇ ਬਿਆਨ ਇਵੇਂ ਦੇ ਰਹੇ ਹਨ ਜਿਵੇਂ ਉਹ ਪੂਰੀ ਤਰ੍ਹਾਂ ਦੁੱਧ ਧੋਤੇ ਹੋਣ ਅਤੇ ਝੰਡਾ ਝੁਲਾਉਣ ਵਾਲੇ ਪੂਰੀ ਤਰ੍ਹਾਂ ਖਲਨਾਇਕ ਹੋਣ।
ਮੇਰੀ ਆਪਣੀ ਹਾਲਤ ਇਹ ਬਣੀ ਹੋਈ ਹੈ ਕਿ ਮੌਜੂਦਾ ਹਾਲਾਤ ਨੂੰ ਕਿਵੇਂ ਪੇਸ਼ ਕੀਤਾ ਜਾਵੇ। 'ਕਉਣ ਜਾਣੈ ਬਿਧਿ ਮੇਰੀਆ, ਕਿਸ ਪਹਿ ਖੋਲਉ ਗੰਠੜੀ । ਕਿਸਾਨ ਜਥੇਬੰਦੀਆਂ, ਸਰਕਾਰੀ ਬੁੱਧੀਜੀਵੀਆਂ, ਗ਼ੈਰ ਸਰਕਾਰੀ ਬੁੱਧੀਜੀਵੀਆਂ ਨੂੰ ਬੇਨਤੀ ਹੈ ਕਿ ਚੰਗਾ ਹੋਵੇਗਾ ਜੇ ਉਹ ਇਸ ਘਟਨਾ ਨੂੰ ਇਤਹਾਸ ਅਤੇ ਇਤਿਹਾਸਕਾਰਾਂ ਉੱਤੇ ਛੱਡ ਦੇਣ। ਰਾਸ਼ਟਰਵਾਦ ਦੇ ਵੰਨ ਸੁਵੰਨੇ ਰੰਗਾਂ ਵਿਚ ਰੰਗੇ ਇਹ ਲੋਕ ਇਸ ਘਟਨਾ ਦੇ ਰਹੱਸਵਾਦੀ ਅਰਥਾਂ ਨੂੰ ਨਹੀਂ ਸਮਝ ਸਕਦੇ। ਉਹ ਅਜੇ ਇਸ ਦੇ ਹਾਣ ਦੇ ਨਹੀਂ ਹਨ। ਉਹ ਫਿਲਹਾਲ ਸਮੇਂ ਦੀ ਬੇਰਹਿਮ ਦੌੜ ਦੇ ਸ਼ਿਕਾਰ ਹਨ। ਸਾਡੇ ਮੁੱਖ ਮੰਤਰੀ ਕੈਪਟਨ ਸਾਹਿਬ ਜਦੋਂ ਇਸ ਘਟਨਾ ਨੂੰ ਵੇਖ ਕੇ ਸ਼ਰਮ ਨਾਲ ਡੁੱਬ ਮਰੇ ਹਨ ਤਾਂ ਉਨ੍ਹਾਂ ਦੀ ਮਾਨਸਿਕਤਾ ਦਾ ਇਕ ਵੱਖਰੇ ਧਰਾਤਲ ਤੋਂ ਵਿਸ਼ਲੇਸ਼ਣ ਕਰਨਾ ਪੈਣਾ ਹੈ।
ਹੋਰ ਡੂੰਘਾ ਉਤਰ ਕੇ ਇਸ ਘਟਨਾ ਦੀ ਵਿਆਖਿਆ ਕਰਨ ਦਾ ਯਤਨ ਕਰਦੇ ਹਾਂ। ਸਿੱਖਾਂ ਦੇ ਅੰਦਰ ਇੱਕ ਵਹਿਣ ਵਹਿੰਦਾ ਹੈ। ਸੰਨ 1849 ਤੋਂ ਪਿੱਛੋਂ ਜਦੋਂ ਪੰਜਾਬ ਉੱਤੇ ਅੰਗਰੇਜ਼ਾਂ ਦਾ ਕਬਜ਼ਾ ਹੋ ਗਿਆ ਸੀ ਤਾਂ ਇਹ ਵਹਿਣ ਉਦੋਂ ਤੋਂ ਹੀ ਵਹਿ ਰਿਹਾ ਹੈ। ਜਦੋਂ ਵੀ ਮੌਕਾ ਮਿਲਦਾ ਹੈ, ਇਹ ਯਕਲਖਤ ਹੇਠਲੇ ਧਰਾਤਲ ਤੋਂ ਉੱਪਰ ਉੱਠ ਕੇ ਆ ਜਾਂਦਾ ਹੈ। ਕੋਈ ਸਮਾਜ ਵਿਗਿਆਨ ਜਾਂ ਕੋਈ ਹੋਰ ਸਾਇੰਸ ਇਹ ਨਹੀਂ ਦੱਸ ਸਕਦੀ ਕਿ ਸਿੱਖਾਂ ਅੰਦਰ ਇਹ ਭਾਣਾ ਕਦੋਂ ਵਾਪਰ ਜਾਣਾ ਹੈ। ਜਿਨ੍ਹਾਂ ਕੌਮਾਂ ਨੇ ਪ੍ਰਭੂਸੱਤਾ ਮਾਣੀ ਹੁੰਦੀ ਹੈ, ਉਹ ਵਹਿਣ ਰਾਜ ਦੇ ਖੁੱਸ ਜਾਣ ਮਗਰੋਂ ਮੱਠੇ-ਮੱਠੇ ਦਰਦ ਦੇ ਰੂਪ ਵਿੱਚ ਹਰ ਸਮੇਂ ਚਲਦਾ ਰਹਿੰਦਾ ਹੈ।
ਕੀ ਕਿਸਾਨ ਮੋਰਚੇ ਉੱਤੇ ਹੋਈਆਂ ਤਕਰੀਰਾਂ ਦਾ ਤੁਸੀਂ ਕਦੇ ਕੋਈ ਵਿਸ਼ਲੇਸ਼ਣ ਕੀਤਾ ਹੈ..? ਕੀ ਉਥੇ ਸੁਣਾਏ ਗਏ ਜੋਸ਼ੀਲੇ ਗੀਤ, ਕਵਿਤਾਵਾਂ ਅਤੇ ਵਾਰਾਂ ਦੀ ਕਦੇ ਪੜਚੋਲ ਕੀਤੀ ਹੈ ਕਿ ਉਹ ਅਸਲ ਵਿਚ ਸਿੱਖ ਸੰਗਤਾਂ ਨੂੰ ਕੀ ਸੰਦੇਸ਼ ਦੇ ਰਹੀਆਂ ਸਨ.? ਜੇ ਹੋਰ ਡੂੰਘਾ ਉਤਰੋਗੇ ਅਤੇ ਗੰਭੀਰ ਹੋਵੋਗੇ ਤਾਂ ਸੰਗਤਾਂ ਦੇ ਅੰਦਰ ਉਸ ਸਮੇਂ ਜੋ ਅਹਿਸਾਸ ਉਬਾਲੇ ਖਾ ਰਹੇ ਸਨ, ਉਹ ਤਿੰਨ ਕਾਨੂੰਨਾਂ ਨੂੰ ਰੱਦ ਕਰਨ ਦੇ ਨਾਲ-ਨਾਲ ਰੱਦ ਤੋਂ ਅਗਲੇ ਪਾਰ ਜਾਣ ਦੀਆਂ ਦੀਆਂ ਕਨਸੋਆਂ ਵੀ ਦੇ ਰਹੇ ਸਨ। ਕੀ ਤੁਸੀਂ ਸਾਡੇ ਜਲਾਵਤਨ ਜੁਝਾਰੂ ਭਾਈ ਗਜਿੰਦਰ ਸਿੰਘ ਦੀ ਇਤਿਹਾਸਕ ਕਵਿਤਾ ਦੀਆਂ ਸਤਰਾਂ ਨੂੰ ਕਦੇ ਪੜ੍ਹਿਆ ਹੈ.? ਜੇ ਪੜ੍ਹਿਆ ਹੈ ਤਾਂ ਉਨ੍ਹਾਂ ਨੂੰ ਵੀ ਲਾਲ ਕਿਲ੍ਹੇ ਵੱਲ ਜਾਂਦਿਆਂ ਸਰਦਾਰ ਬਘੇਲ ਸਿੰਘ ਦੀ ਯਾਦ ਆ ਜਾਂਦੀ ਹੈ। ਜਦੋਂ ਵੀ ਲਾਲ ਕਿਲ੍ਹੇ ਤੋਂ ਥੋੜ੍ਹੀ ਦੂਰ ਦਿੱਲੀ ਬਾਰਡਰ 'ਤੇ ਇਹੋ ਜਿਹੀਆਂ ਗੱਲਾਂ ਸੰਗਤ ਸੁਣਦੀ ਸੀ ਜਾਂ ਜਦੋਂ ਤੁਹਾਡੀਆਂ ਮਾਵਾਂ-ਭੈਣਾਂ ਨੇ ਤੁਹਾਡੇ ਬਚਪਨ ਵਿਚ ਇਹ ਯਾਦਾਂ ਵਸਾ ਦਿੱਤੀਆਂ ਸਨ, ਜਦੋਂ ਇਹ ਯਾਦਾਂ ਤੁਹਾਡੀ ਰੂਹ ਵਿੱਚ ਉਤਾਰ ਦਿੱਤੀਆਂ ਸਨ ਤਾਂ ਫਿਰ ਲਾਲ ਕਿਲ੍ਹੇ ਵੱਲ ਜਾਣ ਦੀ ਤਮੰਨਾ ਵੀ ਜਾਗ ਉੱਠਦੀ ਹੈ। ਇਹੋ ਤਮੰਨਾ ਭਾਈ ਜੁਗਰਾਜ ਸਿੰਘ ਤਰਨਤਾਰਨ ਅਤੇ ਹੋਰ ਨੌਜਵਾਨਾਂ ਦੇ ਅੰਦਰ ਜਾਗ ਉੱਠੀ, ਜਦੋਂ ਉਨ੍ਹਾਂ ਨੇ ਲਾਲ ਕਿਲ੍ਹੇ ਉਤੇ ਖ਼ਾਲਸਈ ਝੰਡਾ ਲਹਿਰਾਇਆ।
60 ਦਿਨ ਇਹ ਸਿਲਸਿਲਾ ਲਗਾਤਾਰ ਚੱਲਦਾ ਆ ਰਿਹਾ ਸੀ, ਜਦੋਂ ਇਤਿਹਾਸ, ਧਰਮ, ਸੱਭਿਆਚਾਰ ਤੇ ਰਾਜਨੀਤੀ ਦੇ ਰੰਗਾਂ ਨਾਲ ਸਾਰੀ ਸੰਗਤ ਰੰਗੀ ਗਈ ਸੀ। ਇੱਥੋਂ ਤਕ ਜਾਟ ਵੀਰ ਵੀ ਕਿਤੇ ਇਹ ਇੱਛਾ ਰੱਖ ਰਹੇ ਸਨ ਕਿ ਕਾਸ਼ ! ਅਸੀਂ ਵੀ ਸਿੱਖ ਬਣ ਜਾਈਏ। ਸੱਚਮੁੱਚ ਪੰਜਾਬ ਸਾਰੇ ਹਿੰਦੋਸਤਾਨ ਦੀ ਅਗਵਾਈ ਕਰ ਰਿਹਾ ਸੀ, ਪਰ ਸਿੱਖ ਤੇ ਸਿੱਖੀ ਇਸ ਦੀ ਅਗਵਾਈ ਕਰ ਰਹੇ ਸਨ। ਜਦੋਂ ਭਾਜਪਾ ਦੇ ਵੱਡੇ ਵਿਦਵਾਨ ਅਰੁਣ ਸ਼ੋਰੀ ਕਰਨ ਥਾਪਰ ਨੂੰ ਇਕ ਇੰਟਰਵਿਊ ਵਿੱਚ ਕਹਿ ਰਹੇ ਸਨ ਕਿ ਸਿੱਖ ਜਿਸ ਕੰਮ ਦੇ ਮਗਰ ਲੱਗ ਜਾਂਦੇ ਹਨ, ਉਹ ਉਸ ਨੂੰ ਕਰਾ ਕੇ ਹੀ ਛੱਡਦੇ ਹਨ, ਉਹ ਕਰਾ ਕੇ ਹੀ ਇੱਥੋਂ ਜਾਣਗੇ। ਇਨ੍ਹਾਂ ਲਫ਼ਜ਼ਾਂ ਵਿੱਚ ਬਹੁਤ ਕੁਝ ਲੁਕਿਆ ਪਿਆ ਹੈ। ਤਾਂ ਇਸ ਹਿਸਾਬ ਨਾਲ ਕਿਸਾਨ ਜਥੇਬੰਦੀਆਂ ਦੇ ਆਗੂ ਜੇ ਸੰਜੀਦਾ ਤੇ ਇਮਾਨਦਾਰ ਹਨ ਤਾਂ ਫਿਰ ਇਨ੍ਹਾਂ ਕਲਾਕਾਰਾਂ ਨੂੰ ਵੀ ਗੱਦਾਰੀ ਦਾ ਸਰਟੀਫਿਕੇਟ ਦੇਣਾ ਚਾਹੀਦਾ ਹੈ ਜਿਵੇਂ ਉਨ੍ਹਾਂ ਨੇ ਦੀਪ ਸੰਧੂ, ਲੱਖਾ ਸਧਾਣਾ ਤੇ ਹੋਰਨਾ ਵੀਰਾਂ ਨੂੰ ਦਿੱਤਾ ਹੈ ਕਿਉਂਕਿ ਉਨ੍ਹਾਂ ਕਲਾਕਾਰਾਂ ਨੇ ਵੀ ਤਾਂ ਸਿੱਖਾਂ ਨੂੰ ਆਪਣੇ ਗੀਤਾਂ ਰਾਹੀਂ ਅਸਿੱਧੇ ਰੂਪ ਵਿੱਚ ਲਾਲ ਕਿਲਾ ਵਿਖਾ ਹੀ ਦਿੱਤਾ ਸੀ।
ਇੱਕ ਹੋਰ ਬੇਨਤੀ ਹੈ। ਤਿੰਨ ਕਾਨੂੰਨਾਂ ਨੂੰ ਮਹਿਜ਼ ਆਰਥਿਕ ਨਜ਼ਰੀਏ ਤੋਂ ਹੀ ਨਹੀਂ ਵੇਖਣਾ ਚਾਹੀਦਾ। ਸਿੱਖਾਂ ਦੇ ਪ੍ਰਸੰਗ ਵਿਚ ਇਸ ਨਜ਼ਰੀਏ ਵਿਚ ਬਹੁਤ ਕੁਛ ਰਲਿਆ ਪਿਆ ਹੈ। ਸ਼ੰਭੂ ਮੋਰਚੇ 'ਤੇ ਜਦੋਂ ਸਿੰਘ ਬੈਰੀਕੇਡ ਨੂੰ ਤੋੜ ਰਹੇ ਸਨ ਤਾਂ ਕੀ ਉਸ ਗੁੱਸੇ, ਰੋਸ, ਜੋਸ਼ ਤੇ ਜਜ਼ਬੇ ਵਿੱਚ ਜੂਨ 1984 ਦਾ ਘੱਲੂਘਾਰਾ ਸ਼ਾਮਲ ਨਹੀਂ ਸੀ ? ਕੀ ਨਵੰਬਰ 84 ਵਿੱਚ ਸਿੱਖਾਂ ਦੀ ਨਸਲਕੁਸ਼ੀ ਦੀ ਯਾਦ ਸੱਜਰੀ ਨਹੀਂ ਸੀ ? ਉਸ ਸਮੇਂ ਸੰਤ ਜਰਨੈਲ ਸਿੰਘ ਵੀ ਚੇਤਿਆਂ ਵਿੱਚ ਆ ਕੇ ਕੁਝ ਪ੍ਰੇਰਨਾ ਦੇ ਰਹੇ ਹੋਣਗੇ।ਇਤਫਾਕਵੱਸ ਇਨ੍ਹਾਂ ਹੀ ਦਿਨਾਂ ਵਿੱਚ ਆਨੰਦਪੁਰ ਸਾਹਿਬ, ਚਮਕੌਰ ਦੀ ਗੜ੍ਹੀ, ਮਾਛੀਵਾੜਾ, ਫਤਿਹਗਡ਼੍ਹ ਸਾਹਿਬ ਅਤੇ ਮੁਕਤਸਰ ਵੀ ਚਸ਼ਮਦੀਦ ਗਵਾਹ ਬਣ ਕੇ ਦਿੱਲੀ ਵੱਲ ਵਧਣ ਦੀ ਪ੍ਰੇਰਨਾ ਦੇ ਰਹੇ ਸਨ। ਪਰ ਉਸ ਸਮੇਂ ਕਿਸਾਨ ਜਥੇਬੰਦੀਆਂ ਦੇ ਆਗੂ ਜੋ ਉਪਦੇਸ਼ ਦੇ ਰਹੇ ਸਨ, ਜੇ ਉਹ ਉਪਦੇਸ਼ ਨੌਜਵਾਨ ਮੰਨ ਲੈਂਦੇ ਤਾਂ ਕੀ ਇਹ ਆਗੂ ਦਿੱਲੀ ਤੱਕ ਪਹੁੰਚ ਪਹੁੰਚ ਸਕਦੇ ਸਨ? ਕੀ ਉਹ ਨੌਜਵਾਨਾਂ ਤੋਂ ਬਿਨਾਂ ਅੰਤਰਰਾਸ਼ਟਰੀ ਪ੍ਰਸਿੱਧੀ ਹਾਸਲ ਕਰ ਸਕਦੇ ਸਨ ? ਕੀ ਉਹ ਨਹੀਂ ਜਾਣਦੇ ਕਿ ਸ਼ੰਭੂ ਮੋਰਚੇ ਨੂੰ ਤੋੜਨ ਵਾਲਿਆਂ ਵਿਚ ਦੀਪ ਸੰਧੂ ਵੀ ਕਿਸੇ ਨਾ ਕਿਸੇ ਰੂਪ ਵਿੱਚ ਸ਼ਾਮਲ ਸੀ ਜਿਸ ਦੇ ਵਿਰੁੱਧ ਉਹ ਹੁਣ ਸਟੇਜ ਤੋਂ ਮੁਰਦਾਬਾਦ ਦੇ ਨਾਅਰੇ ਲਵਾਉਂਦੇ ਹਨ।
ਇਹ ਸਤਰਾਂ ਲਿਖਣ ਸਮੇਂ ਸਿੰਘੂ ਬਾਰਡਰ 'ਤੇ ਇਰਦ ਗਿਰਦ ਪਿੰਡਾਂ ਦੇ ਕੁਝ ਲੋਕ ਵਿਖਾਵਾ ਕਰਕੇ ਮੰਗ ਕਰ ਰਹੇ ਹਨ ਕਿ ਕਿਸਾਨ ਸਿੰਘੂ ਬਾਰਡਰ ਛੱਡ ਕੇ ਵਾਪਸ ਪਰਤ ਜਾਣ। ਇਨ੍ਹਾਂ ਵਿਖਾਵਿਆਂ ਵਿਚ ਕਿਸੇ ਨਾ ਕਿਸੇ ਰੂਪ ਵਿੱਚ ਸਰਕਾਰ ਵੀ ਸ਼ਾਮਲ ਹੈ ਤਾਂ ਜੋ ਸਿੰਘੂ ਬਾਰਡਰ 'ਤੇ ਇਕ ਅਜਿਹੀ ਸਥਿਤੀ ਪੈਦਾ ਕੀਤੀ ਜਾਵੇ ਕਿ ਕਿਸਾਨ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਨ। ਦੂਜੇ ਪਾਸੇ ਪੁਲੀਸ ਦੀਪ ਸਿੱਧੂ ਅਤੇ ਲੱਖਾ ਸਧਾਣਾ ਦੀ ਭਾਲ ਲਈ ਪੂਰੀ ਤਰ੍ਹਾਂ ਸਰਗਰਮ ਹੈ ਅਤੇ ਕਿਸੇ ਸਮੇਂ ਵੀ ਸਿੰਘੂ ਬਾਰਡਰ ਨੂੰ ਖਾਲੀ ਕਰਵਾਉਣ ਦਾ ਮਾਹੌਲ ਸਿਰਜਿਆ ਜਾ ਸਕਦਾ ਹੈ। ਇਸ ਸਮੇਂ ਸਰਕਾਰ ਨੇ ਵੱਡੀ ਪੱਧਰ 'ਤੇ ਇਹ ਪ੍ਰਾਪੇਗੰਡਾ ਆਰੰਭ ਕੀਤਾ ਹੋਇਐ ਕਿ ਤਿਰੰਗੇ ਝੰਡੇ ਦਾ 26 ਜਨਵਰੀ ਨੂੰ ਅਪਮਾਨ ਕੀਤਾ ਗਿਆ ਸੀ, ਜਦਕਿ ਤਿਰੰਗੇ ਝੰਡੇ ਨੂੰ ਛੂਹਿਆ ਤੱਕ ਨਹੀਂ ਸੀ ਗਿਆ ਅਤੇ ਉਸੇ ਤਰ੍ਹਾਂ ਹੀ ਝੂਲ ਰਿਹਾ ਸੀ। ਇਸ ਪ੍ਰਾਪੇਗੰਡੇ ਨਾਲ ਕਿਸਾਨਾਂ ਨੂੰ ਹੀ ਕਿਸਾਨਾਂ ਦੇ ਖ਼ਿਲਾਫ਼ ਕੀਤੇ ਜਾਣ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ ਅਤੇ ਦੇਸ ਦੇ ਕਿਸਾਨਾਂ/ਮਜਦੂਰਾਂ ਨੂੰ ਅਲੱਗ ਥਲੱਗ ਕਰਨ ਦੇ ਯਤਨ ਹੋ ਰਹੇ ਹਨ। ਇਸ ਹਾਲਤ ਵਿੱਚ ਕਿਸਾਨ ਜਥੇਬੰਦੀਆਂ ਨੂੰ ਸਰਕਾਰੀ ਪ੍ਰਾਪੇਗੰਡੇ ਨੂੰ ਅਸਫ਼ਲ ਕਰਨ ਲਈ ਕੋਈ ਰਣਨੀਤੀ ਅਖਤਿਆਰ ਕਰਨੀ ਪਵੇਗੀ ਜੋ ਸਾਰੀਆਂ ਧਿਰਾਂ ਦੀ ਸਹਿਮਤੀ ਨਾਲ ਤਿਆਰ ਕੀਤੀ ਜਾਣੀ ਚਾਹੀਦੀ ਹੈ। ਇੱਕ ਦੂਜੇ ਉੱਤੇ ਇਲਜ਼ਾਮ ਤਰਾਸ਼ੀ ਨਾਲ ਸਰਕਾਰ ਨੂੰ ਕਿਸਾਨਾਂ ਉੱਤੇ ਜਬਰਜ਼ੁਲਮ ਕਰਨ ਦੇ ਮੌਕੇ ਹਾਸਲ ਹੋ ਜਾਣਗੇ।
ਇਸ ਹਕੀਕਤ ਨੂੰ ਵੀ ਧਿਆਨ ਵਿੱਚ ਰੱਖ ਲਿਆ ਜਾਵੇ ਕਿ ਰਾਜੇਵਾਲ ਯੂਨੀਅਨ ਦੇ ਮੀਤ ਪ੍ਰਧਾਨ ਨੇ ਇਕ ਦਿਨ ਲਾਲ ਕਿਲ੍ਹੇ ਉਤੇ ਝੰਡਾ ਲਹਿਰਾਉਣ ਲਈ ਸਿੰਘੂ ਬਾਰਡਰ 'ਤੇ ਬੜੀ ਜੋਸ਼ੀਲੀ ਤਕਰੀਰ ਕਰਦਿਆਂ ਜ਼ੋਰਾਂ ਸ਼ੋਰਾਂ ਨਾਲ ਐਲਾਨ ਕੀਤਾ ਸੀ ਕਿ ਲਾਲ ਕਿਲ੍ਹੇ ਉੱਤੇ ਹਰ ਹਾਲਤ ਵਿੱਚ ਝੰਡਾ ਲਹਿਰਾਇਆ ਜਾਵੇਗਾ। ਪਰ ਨਾ ਤਾਂ ਰਾਜੇਵਾਲ ਨੇ ਉਸ ਦੀ ਪੁੱਛ ਪ੍ਰਤੀਤ ਕੀਤੀ। ਇਹ ਤਕਰੀਰ ਵੱਡੇ ਪੱਧਰ 'ਤੇ ਵਾਇਰਲ ਹੋ ਰਹੀ ਹੈ। ਪਰ ਜਦੋਂ ਹੋਰਨਾਂ ਕਿਸਾਨਾਂ ਨੇ ਲਾਲ ਕਿਲ੍ਹੇ ਉੱਤੇ ਕਿਸਾਨੀ ਝੰਡਾ ਅਤੇ ਖ਼ਾਲਸੇ ਦਾ ਝੰਡਾ ਲਹਿਰਾਇਆ ਤਾਂ ਉਹ ਗ਼ੱਦਾਰਾਂ ਦੀ ਸੂਚੀ ਵਿੱਚ ਸ਼ਾਮਲ ਕਰ ਦਿੱਤੇ ਗਏ, ਗ਼ੈਰ ਸਮਾਜੀ ਅਨਸਰ ਕਰਾਰ ਕਰ ਦਿੱਤੇ ਗਏ, ਅੰਦੋਲਨ ਦੀ ਪਿੱਠ ਵਿੱਚ ਛੁਰਾ ਮਾਰਨ ਦੇ ਦੋਸ਼ੀ ਐਲਾਨ ਦਿੱਤੇ ਗਏ ਅਤੇ ਉਨ੍ਹਾਂ ਵਿਰੁੱਧ ਮੁਰਦਾਬਾਦ ਦੇ ਨਾਅਰੇ ਲਗਵਾਏ ਗਏ। ਅਗਲੇ ਰਾਹ ਸੱਚਮੁਚ ਹੀ ਬਿਖੜੇ ਤੇ ਕੰਡਿਆਲੇ ਹਨ ਅਤੇ ਹਰ ਕਿਸੇ ਨੂੰ ਸੰਭਲ ਸੰਭਲ ਕੇ ਕਦਮ ਰੱਖਣੇ ਪੈਣੇ ਹਨ। ਕਿਸਾਨ ਮੋਰਚੇ ਦੀਆਂ ਸਾਰੀਆਂ ਧਿਰਾਂ ਨੂੰ ਵੱਡਾ ਦਿਲ ਰੱਖ ਕੇ ਇਕੱਠਾ ਕਰਨ ਦੀ ਇਤਿਹਾਸਕ ਲੋਡ਼ ਹੈ ਕਿਉਂਕਿ ਸਿੱਖੀ ਸਪਿਰਿਟ ਦੀ ਹਾਜ਼ਰੀ ਤੋਂ ਬਿਨਾਂ ਕੋਈ ਕਿਸਾਨ ਜਥੇਬੰਦੀ ਮੋਰਚੇ ਨੂੰ ਫਤਿਹ ਦੀ ਮੰਜ਼ਿਲ ਵੱਲ ਨਹੀਂ ਖੜ ਸਕਦੀ। ਖ਼ਾਸ ਕਰਕੇ ਹੁਣ ਕਿਸਾਨ ਜਥੇਬੰਦੀਆਂ ਦੇ ਲੀਡਰਾਂ ਨੂੰ ਇਹ ਕਰਨ ਦੀ ਜ਼ਰੂਰਤ ਹੈ ਕਿ ਲਾਪਤਾ ਸਿੰਘਾਂ ਦਾ ਪਤਾ ਲਾਇਆ ਜਾਵੇ, ਸ਼ਹੀਦ ਸਿੰਘਾਂ ਦੇ ਪਰਿਵਾਰਾਂ ਦੀ ਸਾਰ ਲਈ ਜਾਵੇ ਅਤੇ ਗ੍ਰਿਫ਼ਤਾਰ ਕੀਤੇ ਕਿਸਾਨਾਂ/ਮਜਦੂਰਾਂ ਨੂੰ ਰਿਹਾਅ ਕਰਵਾਉਣ ਲਈ ਕਦਮ ਪੁੱਟੇ ਜਾਣ।
Farmers Protest