ਦਰਿਆ ਕੇ ਤੂਫਾਨ ਸੇ ਤੋ ਬਚ ਸਕਤੀ ਹੈ ਕਸ਼ਤੀ,
ਕਸ਼ਤੀ ਮੇਂ ਤੂਫਾਨ ਹੋ ਤੋ ਸਾਹਿਲ ਨਾ ਮਿਲੇਗਾ।
ਪੰਧੇਰ, ਪੰਨੂ, ਨਿਹੰਗ ਸਿੰਘ, ਲੱਖਾ ਸਧਾਣਾ, ਦੀਪ ਸਿਧੂ, ਨੌਜਵਾਨ ਵੀਰ, ਲਾਪਤਾ ਕਿਸਾਨ, ਗ੍ਰਿਫਤਾਰ ਕਿਸਾਨ, ਜ਼ਖ਼ਮੀ ਕਿਸਾਨ ,ਸਾਡੇ ਆਪਣੇ ਹਨ, ਸਾਡੇ ਹੀ ਜਿਸਮੋ-ਰੂਹ ਦਾ ਹਿੱਸਾ ਹਨ। ਇਨ੍ਹਾਂ ਨੇ ਹੀ ਕਿਸਾਨ ਆਗੂਆਂ ਨੂੰ ਆਪਣੇ ਪਿੰਡੇ ਤੇ ਤਸ਼ੱਦਦ ਝੱਲ ਕੇ ਦਿੱਲੀ ਦੀਆਂ ਬਰੂਹਾਂ ਤੇ ਬਿਠਾਇਆ। ਇਸ ਹਕੀਕਤ ਨੂੰ ਭੁੱਲਣਾ ਅਕਿਰਤਘਣਤਾ ਹੈ ।ਇਨ੍ਹਾਂ ਸਭਨਾਂ ਨੂੰ ਗੱਦਾਰ ਕਹਿ ਕੇ ਤੁਸੀਂ ਸਰਕਾਰੀ, ਨੀਮ ਸਰਕਾਰੀ, ਟੀ ਵੀ ਚੈਨਲਾਂ ਅਤੇ ਮੀਡੀਆ ਦੇ ਬਦਨਾਮ ਹਿੱਸੇ ਨਾਲ ਜੁੜੇ ਲੋਕਾਂ ਦੀ ਕਤਾਰ ਵਿੱਚ ਆਪ ਮੁਹਾਰੇ ਹੀ ਜਾ ਖਲੋਤੇ ਹੋ।
32 ਜਥੇਬੰਦੀਆਂ ਦੇ ਆਗੂ ਵੀਰੋ! ਤੁਸੀਂ ਅੱਜਕੱਲ੍ਹ ਰੱਬ ਬਣੇ ਬੈਠੇ ਹੋ। ਹੰਕਾਰ ਨਾਲ ਤੁਸੀਂ ਯਾਰੀਆਂ ਪਾਲੀਆਂ ਹੋਈਆਂ ਹਨ। ਰਾਜਿੰਦਰ ਸਿੰਘ ਦਾ ਜ਼ਹਿਰੀਲਾ ਭਾਸ਼ਣ ਸਰਕਾਰ ਲਈ ਖੁਸ਼ੀਆਂ ਲੈ ਕੇ ਆਇਆ ਹੈ। ਤੁਸੀਂ ਉਸ ਨੂੰ ਰੋਕਿਆ ਤੱਕ ਨਹੀਂ ।ਯਾਦ ਰੱਖੋ ਬਹੁਤਾ ਰੌਲਾ ਪਾਉਣ ਵਾਲੀ ਬਿੱਲੀ ਚੂਹੇ ਨਹੀਂ ਫੜ ਸਕਦੀ। ਸਿਆਣਪ ਇਹ ਸਿੱਖਣ ਵਿੱਚ ਹੁੰਦੀ ਹੈ ਕਿ ਆਪਣੀ ਜ਼ੁਬਾਨ ਨੂੰ ਲਗਾਮ ਕਦੋਂ ਦੇਣੀ ਹੈ।
ਟਿਕੈਤ ਸਾਹਿਬ ਵਲ ਵੇਖੋ।ਕਿਵੇਂ ਆਪਣੇ ਭਰਾਵਾਂ ਨਾਲ ਖਲੋਂਦੇ ਹਨ ।ਕਿਵੇਂ ਉਨ੍ਹਾਂ ਦੇ ਹੰਝੂਆਂ ਨੇ ਬੁਝੇ ਦੀਵਿਆਂ ਉੱਤੇ ਘਿਓ ਪਾਉਣ ਦਾ ਕੰਮ ਕੀਤਾ ਅਤੇ ਲੋਕ ਅੱਧੀ ਰਾਤ ਨੂੰ ਉਨ੍ਹਾਂ ਹੰਝੂਆਂ ਨੂੰ ਵੇਖ ਕੇ ਉਨ੍ਹਾਂ ਰਾਹਾਂ ਵੱਲ ਆਪ ਮੁਹਾਰੇ ਹੋ ਤੁਰੇ ਜਿਹੜਾ ਰਾਹ ਟਿਕੈਤ ਦੀ ਆਵਾਜ਼ ਵੱਲ ਜਾਂਦਾ ਸੀ। ਅੱਜ ਸਾਡੀ ਕੌਮ ਇਹੋ ਜਿਹੇ ਲੀਡਰਾਂ ਨੂੰ ਲਭ ਰਹੀ ਹੈ।
ਪਿਆਰੇ ਵੀਰੋ ,ਆਪਣੀ ਸੋਚ ਵਿੱਚ, ਆਪਣੇ ਜਜ਼ਬੇ ਵਿੱਚ ,ਆਪਣੇ ਜੋਸ਼ ਵਿਚ, ਆਪਣੀ ਹੋਸ਼ ਵਿੱਚ ਦਸਮੇਸ਼ ਪਿਤਾ ਵੱਲੋਂ ਬਖਸ਼ੇ ਤਿੰਨ ਰੰਗ ਭਰੋ। ਇਕ,ਅਨੰਦਪੁਰੀ- ਜੋਸ਼,ਦੋ, ਲਿਖਣਸਰ- ਗਿਆਨ,ਤਿੰਨ, ਜ਼ਫਰਨਾਮਾ- ਵਚਨਬੱਧਤਾ।
ਸੁਣੀਆਂ ਸੁਣਾਈਆਂ ਤੇ ਸਰਕਾਰ ਵੱਲੋਂ ਪ੍ਰਚਾਰੀਆਂ ਜਾ ਰਹੀਆਂ ਗੱਲਾਂ ਉੱਤੇ ਵਿਸ਼ਵਾਸ ਨਾ ਕਰੋ ਅਤੇ ਬਿਨਾਂ ਸੋਚੇ ਫਤਵੇ ਤੇ ਫੈਸਲੇ ਦੇਣ ਤੋਂ ਗੁਰੇਜ਼ ਕਰੋ । ਉੱਠੋ,ਜੁੜੋ ਤੇ ਸੂਝ ਦੇ ਹਥਿਆਰ ਨਾਲ ਮੁਕਾਬਲਾ ਕਰੋ।ਵੇਖਿਓ! ਗਿੱਦੜਾਂ ਦੀ ਕਿਵੇਂ ਪਦੀੜ ਪੈਂਦੀ ਹੈ। ਦੁਸ਼ਮਣ ਦੇ ਚੁਸਤ ਭੁਲੇਖਿਆਂ ਵਿੱਚ ਨਾ ਆਓ। ਆਪਣੀ ਤਾਕਤ ਨੂੰ ਗਿਆਨ ਨਾਲ ਜ਼ਰਬ (multiply) ਦਿਓ।
ਬਿਨਾਂ ਸ਼ੱਕ ਕਿਸਾਨ ਮੋਰਚੇ ਵਿੱਚ ਵਖਰੇਵੇਂ ਹਨ, ਮੱਤਭੇਦ ਹਨ, ਸਿਧਾਂਤਕ ਮਤਭੇਦ ਵੀ ਹਨ ਤੇ ਨਿੱਜੀ ਕਿੜਾਂ ਅਤੇ ਈਰਖਾਵਾਂ ਵੀ ਹਨ। ਪਰ ਸੰਗਤ ਇਨ੍ਹਾਂ ਨੂੰ ਇਕੱਠਿਆਂ ਕਰਦੀ ਹੈ। ਸੰਗਤ ਇਨ੍ਹਾਂ ਮੱਤਭੇਦਾਂ ਦਾ ਜਸ਼ਨ ਮਨਾਉਂਦੀ ਹੈ। ਪਰ ਕਿਸਾਨ ਆਗੂਆਂ ਨੂੰ ਅਜੇ ਇਹ ਗੱਲ ਪੂਰੀ ਤਰ੍ਹਾਂ ਸਮਝ ਵਿੱਚ ਨਹੀਂ ਆਉਂਦੀ। ਕੀ ਤੁਸੀਂ ਨਹੀਂ ਜਾਣਦੇ ਕਿ ਤ੍ਰੇਲ ਦੀਆਂ ਛੋਟੀਆਂ ਛੋਟੀਆਂ ਬੂੰਦਾਂ ਮਿਲ ਕੇ ਨਦੀ ਬਣ ਜਾਂਦੀਆਂ ਹਨ। ਪਿਆਰੇ ਵੀਰੋ, ਨਦੀ ਨੂੰ ਭੀੜ ਚ ਰਲ ਕੇ ਪਾਰ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਮਗਰਮੱਛ ਤੁਹਾਨੂੰ ਨਹੀਂ ਖਾ ਸਕਦਾ ।
ਸੰਗਤ ਕਿੰਨੀ ਮਹਾਨ ਹੈ। ਕਿੰਨੀ ਦੂਰ ਅੰਦੇਸ਼ ਹੈ।ਸੰਗਤ ਤੁਹਾਨੂੰ ਚੰਦ ਤੇ ਤਾਰਿਆਂ ਵੱਲ ਜਾਣ ਦਾ ਇਸ਼ਾਰਾ ਕਰ ਰਹੀ ਹੈ, ਪਰ ਤੁਹਾਨੂੰ ਸਿਰਫ਼ ਸੰਗਤ ਦੀ ਉਂਗਲੀ ਹੀ ਨਜ਼ਰ ਕਿਉਂ ਆ ਰਹੀ ਹੈ?ਪਿਆਰੇ ਵੀਰੋ, ਸੰਗਤ ਭਾਵੇਂ ਗੱਲਾਂ ਦਰਵਾਜ਼ੇ ਨਾਲ ਕਰ ਰਹੀ ਹੈ ਪਰ ਉਹ ਸੁਣਾ ਕੰਧਾਂ ਨੂੰ ਰਹੀ ਹੈ।ਕੀ ਤੁਸੀਂ ਕਦੇ ਇਨ੍ਹਾਂ ਕੰਧਾਂ ਨਾਲ ਆਪਣੇ ਕੰਨ ਲਾਏ ਹਨ?