ਓ, ਕੇਜਰੀਵਾਲ! ਜਿਵੇਂ ਬਿਕਰਮ ਸਿੰਘ ਮਜੀਠੀਆ ਅੱਗੇ ਗੋਡੇ ਟੇਕ ਕੇ ਮੁਆਫੀ ਮੰਗੀ ਗਈ ਹੈ, ਉਸ ਨਾਲ 'ਤੁਸੀਂ' ਦੀ ਥਾਂ 'ਤੇ ਹੁਣ 'ਤੂੰ' ਦਾ ਹੱਕਦਾਰ ਸੀ, ਪਰ ਫਿਰ ਵੀ ਅਸੀਂ ਰਾਜਨੀਤਕ ਸਲੀਕੇ ਅਤੇ ਪੱਤਰਕਾਰੀ ਦੇ ਸਦਾਚਾਰਕ ਨਿਯਮਾਂ ਨੂੰ ਕਾਇਮ ਰੱਖਦੇ ਹੋਏ ਤੁਹਾਨੂੰ 'ਤੁਸੀਂ' ਨਾਲ ਹੀ ਸੰਬੋਧਨ ਹੋਵਾਂਗੇ। ਤੁਸਾਂ ਮੁਆਫੀ ਮੰਗ ਕੇ ਪੰਜਾਬ ਦੀ ਪੱਗ ਨੂੰ ਮਿੱਟੀ ਵਿੱਚ ਰੋਲਣ ਦਾ ਕੋਝਾ ਯਤਨ ਕੀਤਾ। ਇਹ ਇਕ ਵੱਡਾ ਰਾਜਨੀਤਕ ਅਤੇ ਸਦਾਚਾਰਕ ਅਪਰਾਧ ਸੀ। ਪੰਜਾਬ ਤੁਹਾਨੂੰ ਕਦੇ ਮੁਆਫ ਨਹੀਂ ਕਰੇਗਾ। ਕਿਸੇ ਨੂੰ ਵੀ ਐਨੀ ਉਮੀਦ ਨਹੀਂ ਸੀ ਕਿ ਜਿਸ ਆਦਮੀ ਨੂੰ ਪੰਜਾਬ ਦੇ ਲੋਕਾਂ ਨੇ ਆਪਣੀ ਪਲਕਾਂ 'ਤੇ ਬਿਠਾ ਰੱਖਿਆ ਸੀ, ਉਹ ਇੱਕ ਦਿਨ ਕਿਸੇ ਮਨਹੂਸ ਘੜੀ ਵਿੱਚ ਇਸ ਹੱਦ ਤੱਕ ਗਿਰ ਜਾਏਗਾ, ਇਸ ਹੱਦ ਤੱਕ ਡਰਪੋਕ ਨਿਕਲੇਗਾ, ਇਸ ਹੱਦ ਤੱਕ ਕਾਇਰ ਸਾਬਤ ਹੋਏਗਾ।
ਕੇਜਰੀਵਾਲ ਜੀ, ਤੁਸੀਂ ਕੀ ਜਾਣ ਸਕਦੇ ਹੋ ਪੰਜਾਬ ਨੂੰ। ਪੰਜਾਬ ਅਣਖ ਦਾ ਦੂਜਾ ਨਾਂਅ ਹੈ। ਪੰਜਾਬ ਗੁਰਾਂ ਦੇ ਨਾਂਅ 'ਤੇ ਵੱਸਦਾ ਹੈ। ਉਹ ਲੋਕਾਂ ਦੀਆਂ ਇੱਜ਼ਤਾਂ ਦਾ ਰਖਵਾਲਾ ਹੈ। ਇਤਿਹਾਸ ਇਸ ਦਾ ਚਸ਼ਮਦੀਦ ਗਵਾਹ ਰਿਹਾ ਹੈ। ਜਦੋਂ ਹਿੰਦੁਸਤਾਨ ਵਿੱਚ ਚੋਣਾਂ ਦੌਰਾਨ ਤੁਹਾਨੂੰ ਕਿਸੇ ਨੇ ਵੀ ਨਹੀਂ ਸੀ ਪੁੱਛਿਆ, ਤੁਹਾਡੀ ਕਿਸੇ ਨੇ ਵੀ ਸਾਰ ਨਹੀਂ ਸੀ ਲਈ, ਉਸ ਸਮੇਂ ਪੰਜਾਬ ਨੇ ਚਾਰ ਪਾਰਲੀਮੈਂਟ ਮੈਂਬਰ ਬਣਾ ਕੇ ਤੁਹਾਡੀ ਬਾਂਹ ਫੜੀ। ਪਰ ਤੁਸੀਂ ਅਹਿਸਾਨ ਫਰਾਮੋਸ਼ ਸਾਬਤ ਹੋਏ। ਵੈਸੇ ਜਦੋਂ ਪੰਜਾਬ ਦੇ ਲੁੱਟੇ ਜਾ ਰਹੇ ਪਾਣੀਆਂ ਦੀ ਗੱਲ ਤੁਰੀ ਸੀ, ਤਾਂ ਪੰਜਾਬ ਨੇ ਤੁਹਾਡੇ ਵੱਲ ਵੇਖਿਆ ਸੀ, ਪਰ ਤੁਸੀਂ ਦਿੱਲੀ ਵਾਲਿਆਂ ਦੀ ਸਿਆਸਤ ਨਾਲ ਜਾ ਖਲੋਤੇ। ਉਦੋਂ ਹੀ ਸਿਆਣਿਆਂ ਨੂੰ ਪਤਾ ਲੱਗ ਗਿਆ ਸੀ ਕਿ ਆਉਣ ਵਾਲੇ ਕੱਲ ਨੂੰ ਤੁਸੀਂ ਕੀ ਬਣੋਗੇ? ਪਰ ਫਿਰ ਵੀ ਬਹੁਤਿਆਂ ਨੂੰ ਇਕ ਖੂਬਸੂਰਤ ਭੁਲੇਖਾ ਹੀ ਸੀ, ਹੁਣ ਜਦੋਂ ਤੁਸੀਂ ਮੁਆਫੀ ਮੰਗੀ ਤਾਂ ਪਤਾ ਲੱਗਾ ਕਿ ਤੁਸੀਂ ਕਿੰਨੇ ਕੁ ਪਾਣੀ ਵਿਚ ਹੋ? ਹੁਣ ਪਤਾ ਲੱਗਦਾ ਹੈ ਕਿ ਪੰਜਾਬੀਆਂ ਬਾਰੇ ਤੁਹਾਡੀ ਇਤਿਹਾਸਕ ਸਮਝ ਵਿੱਚ ਅੰਤਾਂ ਦੀ ਗਰੀਬੀ ਹੈ। ਤੁਸੀਂ ਮੰਜ਼ਲ ਤੋਂ ਭਟਕ ਗਏ ਹੋ। ਤੁਸੀ ਹੁਣ ਸਾਡੀ ਰੂਹ ਦੇ ਹਾਣੀ ਨਹੀਂ। ਤੁਹਾਡੀ ਮੁਆਫੀ ਤੋਂ ਇਹ ਹਕੀਕਤ ਸਾਹਮਣੇ ਆਈ ਹੈ ਕਿ ਤੁਹਾਡੇ ਰਾਜਨੀਤਕ ਫੁੱਲ ਵਿੱਚ ਕਸੁੰਭੜੇ ਵਾਲਾ ਰੰਗ ਹੈ। ਪਰ ਤੁਸੀਂ ਕੱਚੇ ਵਿਅਕਤੀ ਸਾਬਤ ਹੋਏ ਹੋ ਅਤੇ ਕੱਚਿਆਂ ਨਾਲ ਪੰਜਾਬੀਆਂ ਦਾ ਕੋਈ ਰਿਸ਼ਤਾ ਨਹੀਂ।
ਕੇਜਰੀਵਾਲ ਜੀ, ਤੁਹਾਨੂੰ ਪੰਜਾਬ ਨੇ ਆਪਣੇ ਦਿਲਾਂ ਵਿੱਚ ਬਿਠਾ ਰੱਖਿਆ ਸੀ, ਕਿਉਂਕਿ ਉਨ੍ਹਾਂ ਨੂੰ ਇਹ ਮਹਿਸੂਸ ਹੋ ਗਿਆ ਕਿ ਤੁਸੀਂ ਹੋਰਨਾਂ ਨਾਲੋਂ ਵੱਖਰੇ ਤੇ ਨਿਆਰੇ ਹੋ। ਚੋਣ ਪ੍ਰਚਾਰ ਦੌਰਾਨ ਇੱਕ ਨਾਅਰਾ ਲੱਗਾ ਸੀ ਕਿ 'ਕੇਜਰੀਵਾਲ ਸਾਰਾ ਪੰਜਾਬ ਤੇਰੇ ਨਾਲ'। ਲੋਕਾਂ ਨੇ ਇਸ ਨਾਅਰੇ ਨੂੰ ਪੈਰ ਲਾ ਕੇ ਪਿੰਡ ਪਿੰਡ ਤੱਕ ਇਹ ਨਾਅਰਾ ਲੋਕਾਂ ਦੇ ਦਿਲਾਂ ਵਿੱਚ ਵਸਾ ਦਿੱਤਾ। ਜਿਸ ਦਾ ਨਤੀਜਾ ਇਹ ਹੋਇਆ ਕਿ 80 ਸਾਲ ਪੁਰਾਣੀ ਅਕਾਲੀ ਪਾਰਟੀ ਨੂੰ ਲੋਕਾਂ ਨੇ ਤੀਜੇ ਨੰਬਰ 'ਤੇ ਲਿਆ ਸੁੱਟਿਆ। ਪੰਜਾਬ ਦੇ ਇਤਿਹਾਸ ਵਿੱਚ ਇੰਨ੍ਰਾ ਵੱਡਾ ਚਮਤਕਾਰ ਪਹਿਲਾਂ ਕਦੇ ਨਹੀਂ ਵਾਪਰਿਆ।
ਮੈਂ ਅਮਰੀਕਾ ਅਤੇ ਕੈਨੇਡਾ ਵਿੱਚ ਆਪਣੀਆਂ ਇਨ੍ਹਾਂ ਅੱਖਾਂ ਨਾਲ ਦੇਖਿਆ ਸੀ ਕਿ ਪੰਜਾਬ ਦੇ ਗੱਭਰੂ ਤੁਹਾਡੇ ਲਈ ਕਮਲੇ ਹੋਏ ਫਿਰਦੇ ਸਨ। ਤੁਹਾਡੇ ਪ੍ਰਚਾਰ ਲਈ ਆਪਣੇ ਕੰਮ ਛੱਡ ਕੇ ਉਹ ਦਿਨ ਰਾਤ ਲੱਗੇ ਰਹੇ। ਸੱਚ ਤਾਂ ਇਹ ਸੀ ਕਿ ਉਨ੍ਹਾਂ ਨੇ ਤਨ, ਮਨ ਅਤੇ ਧਨ ਸਾਰੇ ਹੀ ਤੁਹਾਡੇ ਹਵਾਲੇ ਕਰ ਦਿੱਤੇ। ਇਤਿਹਾਸ ਵਿੱਚ ਇਹੋ ਜਿਹਾ ਕਰਿਸ਼ਮਾ ਕਦੇ ਕਦੇ ਹੀ ਵਾਪਰਦਾ ਹੈ। ਪਰ ਤੁਸੀਂ! ਤੁਸੀਂ!! ਹਾਂ ਤੁਸੀਂ ਹੁਣ ਪੰਜਾਬ ਦੇ ਵਾਰਸ ਨਹੀਂ ਰਹੇ। ਤੁਹਾਨੂੰ ਕੀ ਪਤਾ ਕਿ ਪੰਜਾਬੀਆਂ ਦੀਆਂ ਬੇਪਰਵਾਹੀਆਂ, ਖੁਲ੍ਹਦਿਲੀਆਂ ਅਤੇ ਦਰਿਆਦਿਲੀਆਂ ਦੇ ਰੰਗ ਕਿਹੋ ਜਿਹੇ ਹਨ, ਜੋ ਉਨ੍ਹਾਂ ਨੇ ਸਿੱਖੀ ਦੀ ਫੁਲਵਾੜੀ ਵਿਚੋਂ ਹਾਸਲ ਕੀਤੇ ਹਨ। ਇਸੇ ਸੁਹਾਵਣੇ ਮੰਚ 'ਤੇ ਖਲੋਅ ਕੇ ਸਾਰੇ ਪੰਜਾਬੀ ਸਰਬੱਤ ਦਾ ਭਲਾ ਮੰਗਦੇ ਹਨ। ਹੁਣ ਪਤਾ ਲੱਗਿਆ ਕਿ ਪੰਜਾਬੀਆਂ ਨੇ ਤੁਹਾਨੂੰ ਹੰਸ ਸਮਝਿਆ ਸੀ, ਪਰ ਮਾਫੀ ਮੰਗ ਕੇ ਉਹ ਹੰਸ ਹੁਣ ਛੱਪੜੀਆਂ 'ਤੇ ਜਾ ਬੈਠਾ ਹੈ। ਹੁਣ ਪਤਾ ਲੱਗ ਰਿਹਾ ਹੈ ਕਿ ਤੁਸੀਂ ਦੂਰ ਦੇ ਕੁਝ ਹੋਰ ਸੀ, ਤੇ ਨੇੜ ਦੇ ਕੁਝ ਹੋਰ ਹੋ। ਇੱਕ ਨਿੱਕੇ ਜਿਹੇ ਵਾਵਰੋਲੇ ਨਾਲ ਹੀ ਤੁਸੀਂ ਉੱਡ ਗਏ। ਪੰਜਾਬੀਆਂ ਨੇ ਤੁਹਾਡੇ ਉੱਤੇ ਵਿਸ਼ਵਾਸ ਕਰਕੇ ਗਲਤੀ ਕੀਤੀ, ਕਿਉਂਕਿ ਸਿਆਣਿਆਂ ਨੇ ਕਿਹਾ ਹੈ ਕਿ ਅੰਨ੍ਹਾ ਵਿਸ਼ਵਾਸ ਕਰਨ ਵਾਲਿਆਂ ਦੀ ਹੀ ਗਾਂ ਚੋਰੀ ਹੁੰਦੀ ਹੈ। ਤੁਸੀਂ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਸੀ, ਜਿਸ ਵਿਅਕਤੀ ਤੋਂ ਹੁਣ ਮਾਫੀ ਮੰਗੀ ਹੈ ਅਤੇ ਜੋ ਮਾਫੀ ਦੀ ਸ਼ਰਮਨਾਕ ਸ਼ਬਦਾਵਲੀ ਹੈ, ਉਸ ਤੋਂ ਪਤਾ ਲੱਗਦਾ ਹੈ ਕਿ ਕਿਸੇ ਵੱਡੀ ਝੀਲ ਬਾਰੇ ਕਿਨਾਰੇ ਉਤੇ ਰਹਿ ਕੇ ਗੱਲਾਂ ਕਰਨੀਆਂ ਸੌਖੀਆਂ ਹਨ, ਪਰ ਉਸ ਵਿੱਚ ਛਾਲ ਮਾਰਨ ਲਈ ਵੱਡੇ ਜਿਗਰੇ ਚਾਹੀਦੇ ਹਨ। ਹੁਣ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ ਭਾਵੇਂ ਬੇੜੀ ਤੁਹਾਡੀ ਆਪਣੀ ਸੀ, ਪਰ ਚੱਪੂ ਤੁਸੀ ਹੋਰਨਾਂ ਨੂੰ ਵੀ ਦਿੱਤੇ ਸੀ। ਹੁਣ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ ਸੱਚ ਵਾਲੇ ਪਾਸੇ ਜਾਣ ਵਾਲੀਆਂ ਪੌੜੀਆਂ ਤਿਲਕਵੀਆਂ ਹੁੰਦੀਆਂ ਹਨ। ਹੁਣ ਪੰਜਾਬ ਦੇ ਲੋਕਾਂ ਨੂੰ ਸਮਝ ਆ ਗਈ ਹੈ ਕਿ ਅੱਕਾਂ ਦੇ ਫਲ ਵਿੱਚੋਂ ਕਦੋਂ ਕਿਸੇ ਨੇ ਸ਼ਹਿਦ ਚੱਖਿਆ ਹੈ। ਇੱਕ ਨਿੱਕੀ ਜਿਹੀ ਲਹਿਰ ਦੇ ਸਾਹਮਣੇ ਹੀ ਤੁਹਾਡੀ ਕਿਸ਼ਤੀ ਡੋਲ ਗਈ ਹੈ। ਪੰਜਾਬ ਤੁਹਾਨੂੰ ਕਦੇ ਕਦੇ ਕਦੇ ਮੁਆਫ ਨਹੀਂ ਕਰੇਗਾ।
ਕਰਮਜੀਤ ਸਿੰਘ
9915091063