ਫੈਸਲਾ ਸੁਣਨ ਪਿਛੋਂ ਤਾਰਾ ਦੇ ਚਿਹਰੇ 'ਤੇ ਨੂਰ ਦੀ ਝਲਕ ਸੀ
ਚੰਡੀਗੜ੍ਹ, 17 ਮਾਰਚ : ਬੁੜੈਲ ਜੇਲ੍ਹ ਵਿਚ ਲੱਗੀ ਵਿਸ਼ੇਸ਼ ਅਦਾਲਤ ਦਾ ਫੈਸਲਾ ਸੁਣਨ ਲਈ ਅੱਜ ਸਵੇਰੇ 11 ਵਜੇ ਹੀ ਲੋਕ ਬੁੜੈਲ ਜੇਲ੍ਹ ਦੇ ਬਾਹਰ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ, ਤਾਂ ਜੋ ਇਹ ਪਤਾ ਕਰ ਸਕਣ ਕਿ ਬੇਅੰਤ ਸਿੰਘ ਕਤਲ ਕਾਂਡ ਵਿਚ ਭਾਈ ਜਗਤਾਰ ਸਿੰਘ ਤਾਰਾ ਬਾਰੇ ਕਿਹੜਾ ਫੈਸਲਾ ਸਾਹਮਣੇ ਆਵੇਗਾ। ਇਸ ਮੌਕੇ 'ਤੇ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਅਤੇ ਉਨ੍ਹਾਂ ਨਾਲ ਪਾਰਟੀ ਦੇ ਕਾਰਕੁੰਨ ਅਤੇ ਸੀਨੀਅਰ ਆਗੂ ਵੱਡੀ ਗਿਣਤੀ ਵਿਚ ਆਏ ਹੋਏ ਸਨ। ਥੋੜੇ-ਥੋੜੇ ਫਰਕ ਨਾਲ ਖਾਲਿਸਤਾਨ ਅਤੇ ਭਾਈ ਜਗਤਾਰ ਸਿੰਘ ਤਾਰਾ ਦੇ ਹੱਕ ਵਿੱਚ ਨਾਅਰੇ ਲੱਗ ਰਹੇ ਸੀ। ਇਸ ਤੋਂ ਬਿਨਾਂ ਦਲ ਖਾਲਸਾ ਦੇ ਪ੍ਰਧਾਨ ਭਾਈ ਹਰਪਾਲ ਸਿੰਘ ਚੀਮਾ ਅਤੇ ਸਾਬਕਾ ਪ੍ਰਧਾਨ ਭਾਈ ਸਤਨਾਮ ਸਿੰਘ ਪਾਉਂਟਾ ਸਾਹਿਬ ਉਥੇ ਵਿਸ਼ੇਸ਼ ਤੌਰ 'ਤੇ ਪਹੁੰਚੇ ਹੋਏ ਸਨ। ਵੱਖ ਵੱਖ ਥਾਵਾਂ ਤੋਂ ਵੀ ਨੌਜਵਾਨ ਛੋਟੀਆਂ-ਛੋਟੀਆਂ ਟੋਲੀਆਂ ਦੀ ਸ਼ਕਲ ਵਿਚ ਫੈਸਲਾ ਸੁਣਨ ਲਈ ਆਏ ਹੋਏ ਸਨ। ਕੁਝ ਨੌਜਵਾਨ ਗੱਲਬਾਤ ਦੌਰਾਨ ਇਸ ਗੱਲ 'ਤੇ ਨਿਰਾਸ਼ ਸਨ ਕਿ ਭਾਈ ਜਗਤਾਰ ਸਿੰਘ ਤਾਰਾ ਦੇ ਕਾਜ਼ ਨਾਲ ਹਮਦਰਦੀ ਪ੍ਰਗਟ ਕਰਨ ਲਈ ਸੰਗਤਾਂ ਦੀ ਗਿਣਤੀ ਬਹੁਤ ਘੱਟ ਸੀ। ਕੁੱਲ ਮਿਲਾ ਕੇ 150 ਤੋਂ 200 ਤੱਕ ਹੀ ਸੰਗਤ ਉਥੇ ਪਹੁੰਚੀ ਹੋਈ ਸੀ, ਜਿਨ੍ਹਾਂ 'ਚ ਦਰਜਨ ਦੇ ਕਰੀਬ ਬੀਬੀਆਂ ਵੀ ਆਈਆਂ ਹੋਈਆਂ ਸਨ। ਫੈਸਲਾ ਅਸਲ ਵਿਚ 2 ਵਜੇ ਸੁਣਾਇਆ ਜਾਣਾ ਸੀ ਪਰ ਲੇਟ ਹੋਣ ਕਾਰਨ 4 ਵਜੇ ਦੇ ਕਰੀਬ ਸੀਨੀਅਰ ਐਡਵੋਕੇਟ ਸ਼ ਸਿਮਰਜੀਤ ਸਿੰਘ ਆਪਣੇ ਸਾਥੀਆਂ ਸਮੇਤ ਫੈਸਲੇ ਦੇ ਵੇਰਵੇ ਦੇਣ ਲਈ ਬੁੜੈਲ ਜੇਲ੍ਹ ਦੇ ਬਾਹਰ ਆਏ, ਜਿਥੇ ਟੀਚੈਨਲਾਂ ਦੇ ਪ੍ਰਤੀਨਿਧ ਅਤੇ ਪ੍ਰਿੰਟ ਮੀਡੀਆ ਦੇ ਪੱਤਰਕਾਰ ਵੱਡੀ ਗਿਣਤੀ ਵਿਚ ਫੈਸਲਾ ਸੁਣਨ ਲਈ ਬੜੇ ਚਿਰ ਤੋਂ ਇੰਤਜ਼ਾਰ ਕਰ ਰਹੇ ਸੀ।
ਨੌਜਵਾਨਾਂ ਦੀ ਇੱਕ ਟੋਲੀ ਨਾਲ ਮੇਰੀ ਇਕ ਵਿਸ਼ੇਸ਼ ਮੁਲਾਕਾਤ ਹੋਈ, ਜਿਸ ਵਿਚ ਇਕ ਸੁਲਝਿਆ ਹੋਇਆ ਨੌਜਵਾਨ ਗੁਰਜੰਟ ਸਿੰਘ ਅਤੇ ਉਨ੍ਹਾਂ ਨਾਲ ਆਏ ਹੋਏ ਹੋਰ ਸਾਥੀ ਸ਼ਾਮਲ ਸਨ। ਉਨ੍ਹਾਂ ਨਾਲ ਇਕ ਹੋਰ ਨੌਜਵਾਨ ਵਿਸ਼ੇਸ਼ ਕਰ ਕੇ ਲੁਧਿਆਣਾ ਤੋਂ ਆਇਆ ਸੀ। ਉਹ ਸਾਰੇ ਇਹ ਰੋਸ ਪ੍ਰਗਟ ਕਰ ਰਹੇ ਸਨ ਕਿ ਨਾ ਹੀ ਸੰਤ ਬਾਬੇ ਅਤੇ ਨਾ ਹੀ ਖਾਲਸਾ ਪੰਥ ਦੀਆਂ ਸਿਰਮੌਰ ਜਥੇਬੰਦੀਆਂ ਵੱਡੀ ਗਿਣਤੀ ਵਿੱਚ ਸ਼ਾਮਲ ਹੋਈਆਂ। ਇਥੋਂ ਤੱਕ ਕਿ ਉਨ੍ਹਾਂ ਨੇ ਆਪਣੇ ਵਿਸ਼ੇਸ਼ ਪ੍ਰਤੀਨਿਧ ਭੇਜਣ ਦੀ ਵੀ ਖੇਚਲ ਨਾ ਕੀਤੀ। ਇਨ੍ਹਾਂ ਨੌਜਵਾਨਾਂ ਨੇ ਇਸ ਗੱਲ 'ਤੇ ਦੁੱਖ ਪ੍ਰਗਟ ਕੀਤਾ ਕਿ ਇਥੋਂ ਤੱਕ ਕਿ ਟਕਸਾਲ ਦੇ ਮੌਜੂਦਾ ਮੁਖੀ ਨੇ ਵੀ ਆਪਣੀ ਹਾਜ਼ਰੀ ਲਗਵਾਉਣ ਲਈ ਵਿਹਲ ਨਹੀਂ ਕੱਢੀ। ਇਸ ਮੌਕੇ 'ਤੇ ਨੌਜਵਾਨਾਂ ਨੇ ਉਘੇ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਅਤੇ ਪੰਥਪ੍ਰੀਤ ਸਿੰਘ ਦਾ ਵਿਸ਼ੇਸ਼ ਜ਼ਿਕਰ ਕੀਤਾ, ਜਿਹੜੇ ਹਰ ਸਮਾਗਮ ਵਿੱਚ ਪੰਥ ਦੀਆਂ ਗੱਲਾਂ ਕਰਦੇ ਰਹਿੰਦੇ ਹਨ ਅਤੇ ਸਿੱਖੀ ਸਿਧਾਂਤਾਂ ਉਤੇ ਪਹਿਰਾ ਦੇਣ ਦੇ ਉਪਦੇਸ਼ ਦਿੰਦੇ ਰਹਿੰਦੇ ਹਨ। ਉਹ ਵੀ ਅੱਜ ਭਾਈ ਜਗਤਾਰ ਸਿੰਘ ਤਾਰਾ ਅਤੇ ਉਨ੍ਹਾਂ ਦੇ ਸਾਥੀਆਂ ਦੇ ਕਾਜ਼ ਨਾਲ ਹਮਦਰਦੀ ਪ੍ਰਗਟ ਕਰਨ ਵਾਸਤੇ ਇਥੇ ਨਹੀਂ ਪਹੁੰਚੇ। ਇਥੋਂ ਪਤਾ ਲੱਗਦਾ ਹੈ ਕਿ ਇਨ੍ਹਾਂ ਪ੍ਰਚਾਰਕਾਂ ਦੀ ਕਥਨੀ ਅਤੇ ਕਰਨੀ ਵਿੱਚ ਅਤੇ ਇਨ੍ਹਾਂ ਦੀ ਇਤਿਹਾਸਕ ਸਮਝ ਵਿੱਚ ਕਿੰਨੀ ਗਰੀਬੀ ਹੈ। ਪਰ ਦੂਜੇ ਪਾਸੇ ਸ਼ੋਸ਼ਲ ਮੀਡੀਆ 'ਤੇ ਭਾਈ ਜਗਤਾਰ ਸਿੰਘ ਛਾਏ ਹੋਏ ਸਨ। ਸਰਬਜੀਤ ਸਿੰਘ ਘੁਮਾਣ ਅਤੇ ਭਾਈ ਗਜਿੰਦਰ ਸਿੰਘ ਨੇ ਵਿਸ਼ੇਸ਼ ਪੋਸਟਾਂ ਪਾ ਕੇ ਭਾਈ ਜਗਤਾਰ ਸਿੰਘ ਦੀ ਕੁਰਬਾਨੀ ਦੀ ਪ੍ਰਸ਼ੰਸਾ ਕੀਤੀ ਅਤੇ ਹਜ਼ਾਰਾਂ ਨੌਜਵਾਨਾਂ ਨੇ ਭਾਈ ਜਗਤਾਰ ਸਿੰਘ ਤਾਰਾ ਦੀ ਮਹਾਨ ਕੁਰਬਾਨੀ ਦੀ ਸ਼ਲਾਘਾ ਕੀਤੀ।
ਭਾਈ ਜਗਤਾਰ ਸਿੰਘ ਤਾਰਾ ਦੇ ਵਕੀਲ ਸ਼ ਸਿਮਰਜੀਤ ਸਿੰਘ ਨੇ ਵਿਸ਼ੇਸ਼ ਇੰਟਰਵਿਊ ਵਿੱਚ ਵਿਸ਼ੇਸ਼ ਅਦਾਲਤ ਦੇ ਮਾਹੌਲ ਦਾ ਨਕਸ਼ਾ ਖਿੱਚਿਆ ਅਤੇ ਮੈਨੂੰ ਦੱਸਿਆ ਕਿ ਕਿਵੇਂ ਭਾਈ ਜਗਤਾਰ ਸਿੰਘ ਦੇ ਚਿਹਰੇ ਉਤੇ ਨੂਰ ਝਲਕਦਾ ਸੀ। ਵੈਸੇ ਉਸ ਨੂੰ ਇਹ ਪਤਾ ਸੀ ਕਿ ਅੱਜ ਉਸਨੂੰ ਸਜ਼ਾ-ਏ-ਮੌਤ ਦਾ ਫੈਸਲਾ ਸੁਣਾਇਆ ਜਾਣਾ ਹੈ, ਇਸ ਲਈ ਉਸ ਨੇ ਜੇਲ੍ਹ ਦੇ ਸਾਰੇ ਸਟਾਫ ਵਿੱਚ ਖੁਸ਼ੀ ਵਿੱਚ ਮਠਿਆਈ ਵੰਡਣ ਦਾ ਪ੍ਰੋਗਰਾਮ ਵੀ ਬਣਾਇਆ ਹੋਇਆ ਸੀ। ਸਿਮਰਜੀਤ ਸਿੰਘ ਮੁਤਾਬਕ ਜਦੋਂ ਜੱਜ ਨੇ ਭਾਈ ਜਗਤਾਰ ਸਿੰਘ ਤਾਰਾ ਨੂੰ ਆਪਣਾ ਪੱਖ ਪੇਸ਼ ਕਰਨ ਵਾਸਤੇ ਇਜਾਜ਼ਤ ਦੇ ਦਿਤੀ ਤਾਂ ਜਗਤਾਰ ਸਿੰਘ ਤਾਰਾ ਨੇ ਕਿਹਾ ਕਿ ਸਾਨੂੰ ਬੇਅੰਤ ਸਿੰਘ ਦਾ ਕਤਲ ਦਾ ਰਤਾ ਵੀ ਪਸ਼ਚਾਤਾਪ ਨਹੀਂ ਕਿਉਂਕਿ ਉਹ ਹਜ਼ਾਰਾਂ ਨੌਜਵਾਨਾਂ ਦੇ ਕਤਲ ਦਾ ਦੋਸ਼ੀ ਸੀ। ਪਰ ਉਸ ਦੇ ਕਤਲ ਦੌਰਾਨ ਜਿਹੜੇ 15 - 16 ਵਿਅਕਤੀ ਮਾਰੇ ਗਏ, ਸਾਨੂੰ ਉਨ੍ਹਾਂ ਦਾ ਅਫਸੋਸ ਹੈ। ਇਸ ਤੋਂ ਇਲਾਵਾ ਉਨ੍ਹਾਂ ਨਾਲ ਵੀ ਸਾਡੀ ਹਮਦਰਦੀ ਹੈ। ਸਾਡੀ ਕਿਸੇ ਨਾਲ ਵੀ ਕੋਈ ਨਿੱਜੀ ਦੁਸ਼ਮਣੀ ਨਹੀਂ ਸੀ ਪਰ ਜ਼ਾਲਮ ਨੂੰ ਸਜ਼ਾ ਦੇਣ ਦਾ ਸਾਡਾ ਹੱਕ ਬਣਦਾ ਹੈ। ਸਿਮਰਜੀਤ ਸਿੰਘ ਮੁਤਾਬਕ ਭਾਈ ਤਾਰਾ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਹ ਆਪਣੀ ਕੌਮ ਦੀ ਆਜ਼ਾਦੀ ਦੀ ਲੜਾਈ ਲੜ ਰਿਹਾ ਹੈ ਅਤੇ ਭਾਵੇਂ ਉਸ ਨੂੰ ਇਸ ਆਜ਼ਾਦੀ ਦੀ ਲੜਾਈ ਲਈ 100 ਜਨਮ ਵੀ ਕਿਉਂ ਨਾ ਲੈਣੇ ਪੈਣ ਤਾਂ ਵੀ ਉਹ ਖਾਲਿਸਤਾਨ ਦਾ ਸੰਘਰਸ਼ ਜਾਰੀ ਰੱਖੇਗਾ। ਮਾਣਯੋਗ ਜੱਜ ਨੇ ਉਸ ਦੇ ਬਿਆਨ ਨੂੰ ਬੜੇ ਧਿਆਨ ਨਾਲ ਸੁਣਿਆ। ਭਾਈ ਜਗਤਾਰ ਸਿੰਘ ਤਾਰਾ ਦੇ ਪਰਿਵਾਰ ਤੇ ਰਿਸ਼ਤੇਦਾਰਾਂ ਦੇ ਜਿਹੜੇ ਮੈਂਬਰ ਅਦਾਲਤ ਵਿੱਚ ਹਾਜ਼ਰ ਹੋਏ, ਉਨ੍ਹਾਂ ਵਿੱਚ ਭਾਈ ਤਾਰਾ ਦੀਆਂ ਚਾਰ ਭਤੀਜੀਆਂ, ਦੋ ਭਰਜਾਈਆਂ ਅਤੇ ਧਰਮ ਦੀ ਇੱਕ ਭੈਣ ਸਰਬਜੀਤ ਕੌਰ ਸ਼ਾਮਲ ਸੀ। ਉਥੇ ਹਾਜ਼ਰ ਲੋਕਾਂ ਵਿੱਚ ਭਾਈ ਪਰਮਜੀਤ ਸਿੰਘ ਭਿਉਰੇ ਦੀ ਭੈਣ ਅਤੇ ਇੱਕ ਸਿੱਖ ਆਗੂ ਹਰਮਿੰਦਰ ਸਿੰਘ ਢਿੱਲੋਂ, ਭਾਈ ਜਸਵੰਤ ਸਿੰਘ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਭਾਈ ਕਰਨੈਲ ਸਿੰਘ ਪੀਰਮੁਹੰਮਦ ਹਾਜ਼ਰ ਸਨ। ਭਾਈ ਜਗਤਾਰ ਸਿੰਘ ਤਾਰਾ ਛੇ ਭਰਾ ਹਨ, ਜਦਕਿ ਉਨ੍ਹਾਂ ਦੇ ਮਾਤਾ ਪਿਤਾ ਇਸ ਸੰਸਾਰ ਵਿੱਚ ਹੁਣ ਨਹੀਂ ਰਹੇ। ਉਥੇ ਆਈਆਂ ਸੰਗਤਾਂ ਲਈ ਲੰਗਰ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ। ਇਹ ਪੁੱਛੇ ਜਾਣ ਉਤੇ ਕਿ ਤੁਹਾਨੂੰ ਇਸ ਕੇਸ ਦੌਰਾਨ ਕਿਸੇ ਪਰੇਸ਼ਾਨੀ ਦਾ ਸਾਹਮਣਾ ਤਾਂ ਨਹੀਂ ਕਰਨਾ ਪਿਆ, ਵਕੀਲ ਸਿਮਰਜੀਤ ਸਿੰਘ ਨੇ ਕਿਹਾ ਕਿ ਸਿਰਫ ਡੀਚੰਡੀਗੜ੍ਹ ਨੇ ਇਸ ਤਰ੍ਹਾਂ ਦੇ ਹੁਕਮ ਜਾਰੀ ਕੀਤੇ ਜਿਨ੍ਹਾਂ ਵਿੱਚ ਇਹ ਕਿਹਾ ਗਿਆ ਸੀ ਕਿ ਅਦਾਲਤ ਵਿੱਚ ਆਉਣ ਤੋਂ ਪਹਿਲਾਂ ਉਸ ਦੀ ਪੂਰੀ ਪੂਰੀ ਤਲਾਸ਼ੀ ਕੀਤੀ ਜਾਵੇ ਅਤੇ ਕਈ ਵਾਰ ਕੀਤੀ ਜਾਵੇ। ਇਥੇ ਇਹ ਵੀ ਚੇਤੇ ਕਰਾਇਆ ਜਾਂਦਾ ਹੈ ਕਿ ਸਿਮਰਜੀਤ ਸਿੰਘ ਅਤੇ ਸਾਥੀਆਂ ਨੇ ਕੇਸ ਲੜਨ ਲਈ ਕੋਈ ਪੈਸਾ ਨਹੀਂ ਲਿਆ ਅਤੇ ਨਾ ਹੀ ਕਿਸੇ ਸਿੱਖ ਜਥੇਬੰਦੀ ਨੇ ਉਨ੍ਹਾਂ ਦੀ ਮੱਦਦ ਕੀਤੀ। ਰਾਜਨੀਤਿਕ ਵਿਗਿਆਨ ਦਾ ਪੋਸਟ ਗ੍ਰੈਜੂਏਟ ਇਹ ਵਕੀਲ 2014 ਤੋਂ ਇਹ ਕੇਸ ਲੜ ਰਿਹਾ ਸੀ। ਭਾਈ ਜਗਤਾਰ ਸਿੰਘ ਤਾਰਾ ਨੂੰ ਜਿਹੜੀ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਉਹ ਉਮਰ ਭਰ ਕਾਇਮ ਰਹੇਗੀ। ਦੂਜੇ ਸ਼ਬਦਾਂ ਵਿੱਚ ਉਸਨੂੰ ਮੌਤ ਤੱਕ ਜੇਲ੍ਹ ਵਿੱਚ ਹੀ ਰਹਿਣਾ ਪਵੇਗਾ। ਫੈਸਲਾ 146 ਪੰਨ੍ਹਿਆਂ ਵਿੱਚ ਫੈਲਿਆ ਹੋਇਆ ਹੈ। ਇਥੇ ਇਹ ਵੀ ਚੇਤੇ ਕਰਾਇਆ ਜਾਂਦਾ ਹੈ ਕਿ ਇਸ ਕੇਸ ਵਿੱਚ ਸੀ ਬੀਦੇ ਵਕੀਲ ਐਸ਼ਕੇਸਕਸੈਨਾ ਸਨ ਜੋ ਭਾਈ ਸੁੱਖੇ ਜਿੰਦੇ ਦੇ ਕੇਸ ਵਿੱਚ ਵੀ ਸੀਵੱਲੋਂ ਪੇਸ਼ ਹੋਏ ਸਨ।
ਅੱਜ ਸ਼ਾਮ ਨੂੰ ਜਦੋਂ 4 ਵਜੇ ਸਿਮਰਜੀਤ ਸਿੰਘ ਫੈਸਲਾ ਦੱਸਣ ਲਈ ਮੀਡੀਆ ਨੂੰ ਸੰਬੋਧਨ ਕਰ ਰਹੇ ਸਨ ਤਾਂ ਉਨ੍ਹਾਂ ਤੋਂ ਪਿੱਛੋਂ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਵੀ ਮੀਡੀਆ ਨੂੰ ਸੰਬੋਧਨ ਕੀਤਾ। ਆਪਣੇ ਸੰਖੇਪ ਭਾਸ਼ਣ ਵਿੱਚ ਉਨ੍ਹਾਂ ਨੇ ਜਿਥੇ ਭਾਈ ਜਗਤਾਰ ਸਿੰਘ ਤਾਰਾ ਦੀ ਕੁਰਬਾਨੀ ਦੀ ਸ਼ਲਾਘਾ ਕੀਤੀ, ਉਥੇ ਇਹ ਵੀ ਐਲਾਨ ਕੀਤਾ ਕਿ ਨਰਿੰਦਰ ਮੋਦੀ ਨੇ ਜਦੋਂ ਉਹ ਗੁਜਰਾਤ ਦੇ ਮੁੱਖ ਮੰਤਰੀ ਸਨ ਤਾਂ ਉਨ੍ਹਾਂ ਨੇ 2000 ਮੁਸਲਮਾਨਾਂ ਦਾ ਕਤਲ ਕਰਵਾਇਆ ਅਤੇ ਫਿਰ 2013 ਵਿੱਚ 60000 ਸਿੱਖਾਂ ਨੂੰ ਉਨ੍ਹਾਂ ਦੀ ਜ਼ਮੀਨਾਂ ਤੋਂ ਬੇਦਖਲ ਕਰਕੇ ਸੂਬੇ 'ਚੋਂ ਬਾਹਰ ਕੱਢ ਦਿੱਤਾ। ਉਨ੍ਹਾਂ ਕਿਹਾ ਕਿ ਇਥੇ ਮੁਸਲਮਾਨਾਂ ਇਸਾਈਆਂ ਅਤੇ ਸਿੱਖਾਂ ਉਤੇ ਹਮਲੇ ਹੁੰਦੇ ਹਨ, ਜਦਕਿ ਹਿੰਦੂਆਂ ਵੱਲੋਂ ਕੀਤੀਆਂ ਜਾ ਰਹੀਆਂ ਵਧੀਕੀਆਂ ਵਿਰੁਧ ਕੋਈ ਮੁਕੱਦਮਾ ਨਹੀਂ ਚਲਾਇਆ ਜਾਂਦਾ। ਉਨ੍ਹਾਂ ਕਿਹਾ ਕਿ ਸਾਡਾ ਇਸ ਸੰਵਿਧਾਨ ਵਿਚ ਕੋਈ ਵਿਸ਼ਵਾਸ ਨਹੀਂ ਅਤੇ ਅਸੀਂ ਖਾਲਿਸਤਾਨ ਲਈ ਪੁਰਅਮਨ ਸੰਘਰਸ਼ ਜਾਰੀ ਰੱਖਾਂਗੇ।
ਅੱਜ ਉਸ ਸਮੇਂ ਉਥੇ ਇਕੱਠ ਵਿੱਚ ਹਲਚਲ ਮਚ ਗਈ ਜਦੋਂ ਚੰਡੀਗੜ੍ਹ ਵਿੱਚ ਪੰਜਾਬੀ ਨੂੰ ਲਾਗੂ ਕਰਨ ਲਈ ਪਿਛਲੇ ਕਈ ਸਾਲਾਂ ਤੋਂ ਇਕੱਲਿਆਂ ਹੀ ਸੰਘਰਸ਼ ਕਰਨ ਵਾਲਾ ਭਾਈ ਬਲਜੀਤ ਸਿੰਘ ਖਾਲਸਾ ਨੇ ਇਕ ਮੀਲ ਪੱਥਰ 'ਤੇ ਅੰਗਰੇਜ਼ੀ ਵਿਚ ਲਿਖੇ ਸ਼ਬਦਾਂ 'ਤੇ ਕੂਚੀ ਫੇਰਨ ਦਾ ਯਤਨ ਕੀਤਾ ਪਰ ਪੁਲਿਸ ਦੀ ਭਾਰੀ ਫੋਰਸ ਨੇ ਉਸ ਦੀ ਇਸ ਕਾਰਵਾਈ ਨੂੰ ਅਸਫਲ ਬਣਾ ਦਿਤਾ। ਪਰ ਘੱਟੋ ਘੱਟ ਵਿਹਲੇ ਮੀਡੀਆ ਕਰਮੀਆਂ ਲਈ ਉਹ ਖਿੱਚ ਦਾ ਕੇਂਦਰ ਬਣ ਗਿਆ ਅਤੇ ਉਸ ਦੀਆਂ ਇੰਟਰਵਿਊ ਲੈਣੀ ਸ਼ੁਰੂ ਕਰ ਦਿਤੀਆਂ। ਇਥੇ ਇਹ ਵੀ ਚੇਤੇ ਕਰਾਇਆ ਜਾਂਦਾ ਹੈ ਕਿ ਇਸ ਇਕੱਲੇ ਵਿਅਕਤੀ ਨੇ ਕਈ ਥਾਵਾਂ 'ਤੇ ਪੰਜਾਬੀ ਲਾਗੂ ਕਰਾ ਦਿਤੀ। ਉਸ ਦਾ ਧਰਨਿਆਂ ਵਿਚ ਕੋਈ ਵਿਸ਼ਵਾਸ ਨਹੀਂ, ਕਿਉਂਕਿ ਉਸਨੂੰ ਇਹ ਪੱਕਾ ਵਿਸ਼ਵਾਸ ਹੋ ਚੁੱਕਾ ਹੈ ਕਿ ਇਹ ਧਰਨਿਆਂ ਵਾਲੇ ਆਪਣੀਆਂ ਰਾਜਨੀਤਕ ਰੋਟੀਆਂ ਸੇਕਣ ਲਈ ਹੀ ਇਥੇ ਆਉਂਦੇ ਹਨ ਜਦਕਿ ਐਕਸ਼ਨ ਕਰਨ ਦੀ ਜ਼ੁਰਅਤ ਇਨ੍ਹਾ ਵਿੱਚ ਨਹੀਂ ਹੁੰਦੀ।
ਕਰਮਜੀਤ ਸਿੰਘ
9915091063