ਬਾਦਲ, ਮਜੀਠੀਆ ਅਤੇ ਵਿਜੈ ਸਾਂਪਲਾ ਸਮੇਤ ਕਈ ਆਗੂ ਗ੍ਰਿਫਤਾਰ ਅਤੇ ਰਿਹਾਅ
ਵੱਡੇ ਲੀਡਰਾਂ ਨੇ ਖੇਡੀ ਗ੍ਰਿਫਤਾਰ ਹੋਣ ਦੀ ਰਾਜਨੀਤੀ
ਚੰਡੀਗੜ੍ਹ, 20 ਮਾਰਚ (ਮਨਜੀਤ ਸਿੰਘ ਟਿਵਾਣਾ) : ਅਕਾਲੀ ਹਾਈ ਕਮਾਨ ਦੇ ਸੱਦੇ 'ਤੇ ਪੰਜਾਬ ਭਰ 'ਚੋਂ ਚੰਡੀਗੜ੍ਹ ਪਹੁੰਚੇ ਅਕਾਲੀਆਂ ਨੂੰ ਅੱਜ ਚੰਡੀਗੜ੍ਹ ਪੁਲਿਸ ਨੇ ਭਿਉਂ–ਭਿਉਂ ਕੇ ਕੁੱਟਿਆ| ਜਵਾਬ ਵਿਚ ਬਾਦਲ ਦਲ ਦੀਆਂ ”ਲਾਡਲੀਆਂ ਫੌਜਾਂ” ਨੇ ਵੀ ਪੱਥਰਬਾਜ਼ੀ ਕੀਤੀ| ਪੰਜਾਬ ਵਿਧਾਨ ਸਭਾ ਦਾ ਘਿਰਾਓ ਕਰਨ ਲਈ ਅੱਗੇ ਵਧ ਰਹੇ ਅਕਾਲੀਆਂ 'ਤੇ ਚੰਡੀਗੜ੍ਹ ਪੁਲਿਸ ਨੇ ਰੱਜ ਕੇ ਡਾਂਗ ਫੇਰੀ| ਪੁਲਿਸ ਨੇ ਜਬਰਦਸਤ ਲਾਠੀਚਾਰਜ ਕੀਤਾ ਅਤੇ ਪਾਣੀ ਦੀਆਂ ਬੁਛਾੜਾਂ ਨਾਲ ਭੀੜ ਨੂੰ ਤਿਤਰ ਬਿਤਰ ਕਰ ਦਿਤਾ| ਇਸ ਦੌਰਾਨ ਹੋਈ ਖਿੱਚ–ਧੂਹ ਵਿਚ ਕਈਆਂ ਦੀਆਂ ਪੱਗਾਂ ਵੀ ਲਹਿ ਗਈਆਂ ਅਤੇ ਕੱਪੜੇ ਫਟ ਗਏ| ਕੁੱਟ ਖਾ ਕੇ ਰੋਹ ਵਿਚ ਆਏ ਅਕਾਲੀਆਂ ਨੇ ਵੀ ਪੁਲਿਸ 'ਤੇ ਪੱਥਰ ਵਰ੍ਹਾਏ|
ਯਾਦ ਰਹੇ ਕਿ ਅਕਾਲੀ ਦਲ ਨੇ ਕਿਸਾਨਾਂ ਦੇ ਕਰਜ਼ਿਆਂ ਤੇ ਹੋਰ ਮਸਲਿਆਂ ਨੂੰ ਲੈ ਕੇ ਵਿਧਾਨ ਸਭਾ ਦੇ ਘਿਰਾਓ ਦਾ ਐਲਾਨ ਕੀਤਾ ਸੀ| ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਅਕਾਲੀਆਂ ਦੀ ਅਗਵਾਈ ਵਿਚ ਪੰਜਾਬ ਵਿਧਾਨ ਸਭਾ ਵੱਲ ਕੂਚ ਕਰ ਰਹੇ ਕਰ ਰਹੇ ਅਕਾਲੀ ਦਲ ਦੇ ਵਰਕਰਾਂ ਨੂੰ ਪਹਿਲਾਂ ਪੁਲਿਸ ਵੱਲੋਂ ਬੈਰੀਕੇਡ ਲਾ ਕੇ ਰੋਕਿਆ ਗਿਆ ਪਰ ਅਕਾਲੀਆਂ ਨੇ ਬੇਰੀਕੇਡ ਤੋੜਨ ਦੀ ਕੋਸ਼ਿਸ਼ ਕੀਤੀ| ਪੁਲਿਸ ਦੀਆਂ ਚੇਤਾਵਨੀਆਂ ਨੂੰ ਲਗਾਤਾਰ ਨਜ਼ਰ–ਅੰਦਾਜ਼ ਕਰਦੇ ਜਾ ਰਹੇ ਅਕਾਲੀ ਵਰਕਰਾਂ ਨੂੰ ਆਖਰ ਪੁਲਿਸ ਨੇ ਡੰਡੇ ਨਾਲ ਰੋਕਣ 'ਚ ਸਫਲਤਾ ਹਾਸਲ ਕੀਤੀ| ਇਸ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸੀਨੀਅਰ ਆਗੂਆਂ ਬਿਕਰਮ ਸਿੰਘ ਮਜੀਠੀਆ, ਪਰਮਿੰਦਰ ਸਿੰਘ ਢੀਂਡਸਾ ਆਦਿ ਨੇ ਗ੍ਰਿਫਤਾਰੀ ਦੇ ਦਿੱਤੀ|
ਅਕਾਲੀ ਦਲ ਵੱਲੋਂ ਅੱਜ ਸਵੇਰੇ ਪੰਜਾਬ ਵਿਧਾਨ ਸਭਾ ਦਾ ਘਿਰਾਓ ਕਰਨ ਦੇ ਪ੍ਰੋਗਰਾਮ ਤੋਂ ਪਹਿਲਾਂ ਚੰਡੀਗੜ੍ਹ ਦੇ ਸੈਕਟਰ 25 ਦੇ ਗਰਾਉਂਡ ਵਿੱਚ ਰੈਲੀ ਕੀਤੀ ਗਈ| ਇਸ ਰੈਲੀ ਚ ਵੱਖ ਵੱਖ ਬੁਲਾਰਿਆਂ ਨੇ ਇਲਜ਼ਾਮ ਲਾਇਆ ਕਿ ਕਾਂਗਰਸ ਸਰਕਾਰ ਪੰਜਾਬ ਵਾਸੀਆਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਵਾਸਤੇ ਗੰਭੀਰ ਨਹੀਂ ਹੈ| ਕਿਸਾਨੀ ਦੇ ਸਾਰੇ ਕਰਜ਼ਿਆਂ ਨੂੰ ਮਾਫ ਕਰਨ ਦੇ ਵਾਅਦੇ ਦੀ ਥਾਂ ਲੀਪਾਪੋਚੀ ਕੀਤੀ ਜਾ ਰਹੀ ਹੈ| ਇਸ ਵਾਅਦਾ ਖਿਲਾਫੀ ਕਰਨ ਕਰਕੇ ਸਰਕਾਰ ਇਕ ਸਾਲ ਦੇ ਅੰਦਰ ਹੀ ਲੋਕਾਂ ਦੇ ਮਨਾਂ ਤੋਂ ਉਤਰ ਚੁੱਕੀ ਹੈ| ਉਨ੍ਹਾਂ ਕਿਹਾ ਕਿ 2019 ਵਿੱਚ ਹੋਣ ਜਾ ਰਹੀਆਂ ਚੋਣਾਂ ਮੌਕੇ ਇਸ ਸਰਕਾਰ ਦਾ ਅੰਤ ਹੋ ਜਾਏਗਾ|
ਅਕਾਲੀ ਦਲ ਨੇ ਇਹ ਦੋਸ਼ ਵੀ ਲਗਾਇਆ ਕਿ ਸਰਕਾਰ ਵੱਲੋਂ ਅਕਾਲੀ ਭਾਜਪਾ ਸਰਕਾਰ ਦੀਆਂ ਪੰਜਾਬ ਦੇ ਲੋਕਾਂ ਨੂੰ ਦਿੱਤੀਆਂ ਗਈਆਂ ਸਹੂਲਤਾਂ ਵੀ ਬੰਦ ਕੀਤੀਆਂ ਜਾ ਰਹੀਆਂ ਹਨ| ਅਕਾਲੀਆਂ ਨੇ ਕਾਂਗਰਸ ਸਰਕਾਰ ਨੂੰ ਕਿਸਾਨਾਂ ਦੀਆਂ ਮੋਟਰਾਂ ਉੱਤੇ ਮੀਟਰ ਲਾਉਣ ਅਤੇ ਲੰਮੇ ਸਮੇਂ ਤੋਂ ਸੇਵਾ ਕਰਦੇ ਆ ਰਹੇ ਅਧਿਆਪਕਾਂ ਦੀਆਂ ਤਨਖ਼ਾਹਾਂ ਘਟਾਉਣ ਆਦਿ ਦੇ ਮੁੱਦਿਆਂ 'ਤੇ ਘੇਰਿਆ|