ਇਰਾਕ ਚ ਲਾਪਤਾ ਪੰਜਾਬੀਆਂ ਦੇ ਮਾਰੇ ਜਾਣ ਦੀ ਹੋਈ ਪੁਸ਼ਟੀ

ਹਰਜੀਤ ਮਸੀਹ ਦੇ ਬਿਆਨ ਨਾਲ ਸੁਸ਼ਮਾ ਸਵਰਾਜ ਸਵਾਲਾਂ ਦੇ ਘੇਰੇ ਵਿਚ

iraq 39 punjabi
ਚੰਡੀਗੜ੍ਹ, 20 ਮਾਰਚ (ਮਨਜੀਤ ਸਿੰਘ ਟਿਵਾਣਾ) : ਸੰਨ 2014 ਤੋਂ ਇਰਾਕ ਵਿੱਚ ਲਾਪਤਾ ਹੋਏ 39 ਭਾਰਤੀਆਂ ਦੀ ਮੌਤ ਦੀ ਪੁਸ਼ਟੀ ਕੇਂਦਰ ਸਰਕਾਰ ਨੇ ਅੱਜ ਕਰ ਦਿਤੀ ਹੈ| ਇਨਾਂ ਵਿਚ 28 ਪੰਜਾਬੀ ਸਨ, ਬਾਕੀ ਹਿਮਾਚਲ ਪ੍ਰਦੇਸ਼, ਬਿਹਾਰ ਤੇ ਪੱਛਮੀ ਬੰਗਾਲ ਦੇ ਰਹਿਣ ਵਾਲੇ ਸਨ| ਇਸ ਹੱਤਿਆ ਕਾਂਡ ਦੀ ਪੁਸ਼ਟੀ ਕਰਦਿਆਂ ਅੱਜ ਸੰਸਦ ਵਿੱਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਦੱਸਿਆ ਕਿ ਕਈ ਸਾਲ ਪਹਿਲਾਂ ਇਰਾਕ ਦੇ ਮੋਸੂਲ ਵਿੱਚ ਲਾਪਤਾ 39 ਭਾਰਤੀਆਂ ਦੀ ਮੌਤ ਹੋ ਚੁੱਕੀ ਹੈ|
ਗੌਰਤਲਬ ਹੈ ਕਿ ਇਸਲਾਮਿਕ ਸਟੇਟ ਦੇ ਲੜਾਕਿਆਂ ਨੇ ਕੁੱਲ 40 ਭਾਰਤੀਆਂ ਨੂੰ ਅਗਵਾ ਕੀਤਾ ਸੀ ਪਰ ਇਨ੍ਹਾਂ ਵਿੱਚੋਂ ਇੱਕ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਕਾਲਾ ਅਫ਼ਗਾਨਾ ਦਾ ਹਰਜੀਤ ਮਸੀਹ ਨਾਂ ਦਾ ਨੌਜਵਾਨ ਬਚ ਨਿਕਲਿਆ ਸੀ| ਇਰਾਕ ਵਿੱਚ ਅਗ਼ਵਾਕਾਰਾਂ ਦੇ ਚੁੰਗਲ 'ਚੋਂ ਬਚ ਨਿਕਲ ਕੇ ਆਏ ਹਰਜੀਤ ਮਸੀਹ ਨੇ ਦੱਸਿਆ ਸੀ ਕਿ ਆਈਐਸ. ਨੇ ਅਗ਼ਵਾ ਕੀਤੇ ਸਾਰੇ ਨੌਜਵਾਨਾਂ ਨੂੰ ਮਾਰ ਦਿੱਤਾ ਹੈ ਪਰ ਉਦੋਂ ਕੇਂਦਰ ਸਰਕਾਰ ਅਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਸੀ ਕਿ ਉਕਤ ਭਾਰਤੀ ਜਿਉਂਦੇ ਹਨ|
ਜੁਲਾਈ 2017 ਵਿੱਚ ਇਰਾਕੀ ਫੌਜਾਂ ਨੇ ਮੋਸੂਲ ਸ਼ਹਿਰ ਨੂੰ ਆਈਐਸ. ਦੇ ਕਬਜ਼ੇ ਵਿੱਚੋਂ ਛੁਡਵਾ ਲਿਆ ਸੀ ਪਰ ਉੱਥੇ ਇਨ੍ਹਾਂ ਭਾਰਤੀਆਂ ਦਾ ਕੋਈ ਨਾਮੋ ਨਿਸ਼ਾਨ ਨਹੀਂ ਸੀ ਮਿਲਿਆ|ਇਸ ਤਰ੍ਹਾਂ ਲਗਭਗ ਚਾਰ ਸਾਲ ਇਨ੍ਹਾਂ ਮ੍ਰਿਤਕ ਭਾਰਤੀਆਂ ਦੇ ਪਰਿਵਾਰ ਵਿਦੇਸ਼ ਮੰਤਰੀ ਦੇ ਕਥਿਤ ਝੂਠ ਕਾਰਨ ਗੁੰਮਰਾਹ ਹੁੰਦੇ ਰਹੇ ਪਰ ਹੁਣ ਚਾਰ ਸਾਲ ਬਾਅਦ ਸੁਸ਼ਮਾ ਸਵਰਾਜ ਨੇ ਹਰਜੀਤ ਮਸੀਹ ਦੇ ਦਾਅਵਿਆਂ ਨੂੰ ਸੱਚ ਮੰਨ ਲਿਆ ਹੈ| ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਵਾਰ ਵਾਰ ਇਹ ਕਹਿੰਦੇ ਰਹੇ ਕਿ ਸਰਕਾਰ ਇਨ੍ਹਾਂ ਅਗਵਾ ਕੀਤੇ ਨੌਜਵਾਨਾਂ ਦੀ ਭਾਲ ਲਈ ਚਾਰਾਜੋਈ ਕਰ ਰਹੀ ਹੈ| ਪੀੜਤ ਪਰਿਵਾਰ ਹੁਣ ਤਕ ਤਕਰੀਬਨ 14 ਵਾਰ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਮਿਲ ਚੁੱਕੇ ਹਨ ਤੇ ਉਹ ਹਰ ਵਾਰ ਉਨ੍ਹਾਂ ਨੂੰ ਉਨ੍ਹਾਂ ਦੇ ਬੱਚੇ ਸੁਰੱਖਿਅਤ ਹਨ, ਕਹਿ ਕੇ ਭੇਜ ਦਿੰਦੀ ਸੀ|
ਬੀਤੇ ਸਾਲ ਅਕਤੂਬਰ ਵਿੱਚ ਸਰਕਾਰ ਨੇ ਇਨ੍ਹਾਂ ਪੰਜਾਬੀਆਂ ਦੇ ਪਰਿਵਾਰਾਂ ਤੋਂ ਡੀਐਨਏ. ਨਮੂਨੇ ਇਕੱਠੇ ਕੀਤੇ ਸਨ| ਉਦੋਂ ਹੀ ਪੀੜਤ ਪਰਿਵਾਰਾਂ ਨੇ ਸਮਝ ਲਿਆ ਸੀ ਕਿ ਇਹ ਸਭ ਉਨ੍ਹਾਂ ਦੇ ਬੱਚਿਆਂ ਦੀ ਮੌਤ ਦੀ ਪੁਸ਼ਟੀ ਲਈ ਹੀ ਕੀਤਾ ਜਾ ਰਿਹਾ ਹੈ| ਅੱਜ ਸੁਸ਼ਮਾ ਨੇ ਸੰਸਦ ਵਿੱਚ ਦੱਸਿਆ ਕਿ ਸਭ ਤੋਂ ਪਹਿਲਾਂ ਸੰਦੀਪ ਨਾਮਕ ਲੜਕੇ ਦੇ ਡੀਐਨਏ. ਦਾ ਮਿਲਾਨ ਹੋਇਆ ਤੇ ਕੁੱਲ 38 ਭਾਰਤੀਆਂ ਦੇ ਨਮੂਨਿਆਂ ਦਾ ਮਿਲਾਨ ਸਹੀ ਪਾਇਆ ਗਿਆ ਤੇ ਇੱਕ ਦੇ ਨਮੂਨੇ ਨਹੀਂ ਮਿਲੇ ਹਨ|
ਰਾਜ ਸਭਾ 'ਚ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵੱਲੋਂ ਮੋਸੂਲ 'ਚ 39 ਭਾਰਤੀਆਂ ਦੀ ਮੌਤ ਹੋਣ ਦੀ ਪੁਸ਼ਟੀ ਕਰਨ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਖ਼ਬਰ ਦੀ ਆਸ ਪਹਿਲਾਂ ਤੋਂ ਹੀ ਸੀ| ਕੈਪਟਨ ਨੇ ਕਿਹਾ ਇਸ ਖ਼ਬਰ ਦਾ ਸਭ ਨੂੰ ਪਤਾ ਸੀ| ਕੇਂਦਰ ਸਰਕਾਰ ਨੂੰ ਇਹ ਪਹਿਲਾਂ ਹੀ ਐਲਾਨ ਕਰ ਦੇਣਾ ਚਾਹੀਦਾ ਸੀ| ਆਮ ਆਦਮੀ ਪਾਰਟੀ ਦੇ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਸਰਕਾਰ ਤੋਂ ਮਰਨ ਵਾਲੇ ਨੌਜਵਾਨਾਂ ਦੇ ਪੰਜਾਬ 'ਚ ਰਹਿਣ ਵਾਲੇ ਪਰਿਵਾਰਾਂ ਲਈ ਨੌਕਰੀ ਦੀ ਮੰਗ ਕੀਤੀ ਹੈ|

Or