ਕੱਲ੍ਹ ਚੰਡੀਗੜ੍ਹ 'ਚ ਸ਼ਰਾਬ ਦੇ ਠੇਕਿਆਂ ਨੂੰ ਖਾਲੀ ਕਰਨ ਵਾਲੇ ਸਨ ਕਾਂਗਰਸੀ : ਸੁਖਬੀਰ
ਚੰਡੀਗੜ੍ਹ, 21 ਮਾਰਚ (ਮਨਜੀਤ ਸਿੰਘ ਟਿਵਾਣਾ) : ਅੱਜ ਕਾਂਗਰਸ ਸਰਕਾਰ ਵੱਲੋਂ ਪੰਜਾਬ ਵਿਧਾਨ ਸਭਾ ਵਿੱਚ ਇਹ ਐਲਾਨ ਕਰ ਕੇ ਸਦਨ ਦੀ ਵਾਹ ਵਾਹ ਖੱਟ ਲਈ ਕਿ ਉਹ ਸ੍ਰੀ ਹਰਿਮੰਦਿਰ ਸਾਹਿਬ ਅੰਮ੍ਰਿਤਸਰ, ਰਾਮ ਤੀਰਥ, ਇਕ ਮੁਸਲਿਮ ਧਰਮ ਅਸਥਾਨ ਅਤੇ ਦੁਰਗਿਆਣਾ ਮੰਦਿਰ ਦੇ ਲੰਗਰ ਉੱਤੇ ਲੱਗੀ ਜੀਐਸਟੀ ਸਰਕਾਰੀ ਖਜ਼ਾਨੇ ਵਿੱਚੋਂ ਦੇਵੇਗੀ| ਇਸ ਬਾਰੇ ਇੱਕ ਮਤਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪੇਸ਼ ਕੀਤਾ ਅਤੇ ਸਪੀਕਰ ਨੂੰ ਇਸ ਨੂੰ ਬਹਿਸ ਲਈ ਤੁਰੰਤ ਪਰਵਾਨ ਕਰ ਲਿਆ| ਇਹ ਮਤਾ ਸਰਬਸੰਮਤੀ ਨਾਲ ਪਾਸ ਹੋਇਆ ਅਤੇ ਇਸ ਦੇ ਪਾਸ ਹੋਣ ਤੋਂ ਬਾਅਦ ਸਦਨ ਵਿੱਚ ਬੋਲੇ ਸੋ ਨਿਹਾਲ ਦੇ ਜੈਕਾਰੇ ਗੁੰਜਾਏ ਗਏ| ਮਤੇ ਅਨੁਸਾਰ ਹਰਿਮੰਦਰ ਸਾਹਿਬ ਤੇ ਦੁਰਗਿਆਣਾ ਮੰਦਰ ਵਿਚ ਰਾਸ਼ਨ ਤੇ ਲਗਦੇ ਜੀ ਐਸ ਟੀ ਦੇ 50 ਫੀਸਦੀ ਹਿਸੇ ਨੂੰ ਪੰਜਾਬ ਸਰਕਾਰ ਆਪਣੇ ਸਿਰ ਲਵੇਗੀ|
ਪੰਜਾਬ ਵਿਧਾਨ ਸਭਾ ਦੇ ਬਜ਼ਟ ਇਜਲਾਸ ਦੇ ਦੂਜੇ ਦਿਨ ਸਦਨ ਵਿੱਚ ਕਿਸਾਨਾਂ ਦੀ ਮੁਕੰਮਲ ਕਰਜ਼ਾ ਮੁਆਫੀ ਅਤੇ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਦਾ ਮਾਮਲਾ ਛਾਇਆ ਰਿਹਾ| ਅੱਜ ਕਾਂਗਰਸ ਪਾਰਟੀ ਦੇ ਵਿਧਾਇਕ ਕਾਫੀ ਹਮਲਾਵਰ ਰੌਂਅ ਵਿੱਚ ਸਨ ਜਦਕਿ ਕੱਲ ਦੇ ਐਕਸ਼ਨ ਤੋਂ ਬਾਅਦ ਅਕਾਲੀ ਭਾਜਪਾ ਦੇ ਵਿਧਾਇਕ ਆਰਾਮ ਫਰਮਾਉਂਦੇ ਜਾਪੇ| ਉਂਜ ਅੱਜ ਅਕਾਲੀ ਦਲ ਤੇ ਭਾਜਪਾ ਦੇ ਵਿਧਾਇਕ ਸਦਨ ਵਿਚ ਕਾਲੇ ਚੋਲੇ ਪਾ ਕੇ ਗਏ ਸਨ ਜਿਨ੍ਹਾਂ ਉੱਤੇ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਸਮੇਤ ਤਰ੍ਹਾਂ ਤਰ੍ਹਾਂ ਦੇ ਸਲੋਗਨ ਲਿਖੇ ਹੋਏ ਸਨ|
ਸਿਫ਼ਰ ਕਾਲ ਦੌਰਾਨ ਅਕਾਲੀ ਭਾਜਪਾ ਵੱਲੋਂ ਕਿਸਾਨਾਂ ਦਾ ਮੁਕੰਮਲ ਕਰਜ਼ਾ ਮਾਫ਼ ਕਰਨ ਦਾ ਮਾਮਲਾ ਉਠਾਉਣਾ ਚਾਹਿਆ ਪਰ ਸਪੀਕਰ ਨੇ ਕਿਹਾ ਕਿ ਇਹ ਮਾਮਲਾ ਰਾਜਪਾਲ ਦੇ ਭਾਸ਼ਣ 'ਤੇ ਬਹਿਸ ਦੌਰਾਨ ਜਾਂ ਬਜ਼ਟ ਬਾਰੇ ਬਹਿਸ ਸਮੇਂ ਉਠਾ ਲਿਆ ਜਾਵੇ| ਅਕਾਲੀ ਦਲ ਨੇ ਇਸ ਦਾ ਵਿਰੋਧ ਕੀਤਾ ਅਤੇ ਸਪੀਕਰ ਦੇ ਮੂਹਰੇ ਜਾ ਕੇ ਨਾਹਰੇਬਾਜ਼ੀ ਕੀਤੀ| ਇਸ ਤੋਂ ਬਾਅਦ ਵਿਧਾਨ ਸਭਾ ਅੱਧੇ ਘੰਟੇ ਲਈ ਉਠਾ ਦਿਤੀ ਗਈ|
ਸਦਨ ਦੀ ਦੋਬਾਰਾ ਕਾਰਵਾਈ ਸ਼ੁਰੂ ਹੋਈ ਤਾਂ ਆਮ ਆਦਮੀ ਪਾਰਟੀ ਦੇ ਵਲੋਂ ਸੁਖਪਾਲ ਸਿੰਘ ਖਹਿਰਾ ਨੇ ਕਿਸਾਨ ਖ਼ੁਦਕੁਸ਼ੀਆਂ ਦਾ ਮਸਲਾ ਉਠਾਇਆ| ਖਹਿਰਾ ਨੇ ਕਿਹਾ ਕਿ ਹਰ ਰੋਜ ਹੀ ਪੰਜਾਬ ਵਿੱਚ ਕਿਸਾਨਾਂ ਦੀਆਂ ਖੁਦਕੁਸ਼ੀਆਂ ਹੋ ਰਹੀਆਂ ਹਨ| ਇਸ ਕਰਕੇ ਇਸ ਗੰਭੀਰ ਮਾਮਲੇ ਉਤੇ ਸਭ ਤੋਂ ਪਹਿਲਾਂ ਚਰਚਾ ਕੀਤੀ ਜਾਵੇ| ਉਨ੍ਹਾਂ ਨੇ ਇਸ ਮੁੱਦੇ ਨੂੰ ਲੈ ਕੇ ਕੰਮ ਰੋਕੂ ਮਤਾ ਲਿਆਉਣ ਦੀ ਮੰਗ ਵੀ ਕੀਤੀ ਪਰ ਸਪੀਕਰ ਨੇ ਇਸ ਨੂੰ ਮਨਜ਼ੂਰੀ ਨਾ ਦਿੱਤੀ| ਇਸ ਦੇ ਰੋਸ ਵਜੋਂ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕ ਵਿਧਾਨ ਸਭਾ ਵਿਚੋਂ ਵਾਕ ਆਊਟ ਕਰ ਗਏ|
ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਇੱਕ ਨਖਿੱਧ ਸਰਕਾਰ ਹੈ| ਇਹ ਅਕਾਲੀ ਸਰਕਾਰ ਵੇਲੇ ਕੰਮਾਂ ਨੂੰ ਹੀ ਆਪਣੀਆਂ ਪ੍ਰਾਪਤੀਆਂ ਦਰਸ਼ਾ ਰਹੀ ਹੈ ਜਦਕਿ ਪਿਛਲੇ ਇੱਕ ਸਾਲ ਵਿੱਚ ਇਨ੍ਹਾਂ ਨੇ ਕੋਈ ਕੰਮ ਨਹੀਂ ਕੀਤਾ| ਉਨ੍ਹਾਂ ਅੱਜ ਮੀਡੀਆ ਵਿੱਚ ਕੱਲ ਦੇ ਅਕਾਲੀ ਭਾਜਪਾ ਧਰਨੇ ਤੋਂ ਬਾਅਦ ਪਾਰਟੀ ਵਰਕਰਾਂ ਵੱਲੋਂ ਚੰਡੀਗੜ੍ਹ ਦੇ ਸ਼ਰਾਬ ਦੇ ਠੇਕਿਆਂ ਉਤੋਂ ਮਣਾਂਮੂਹੀ ਸ਼ਰਾਬ ਖਰੀਦੇ ਜਾਣ ਦੇ ਮਾਮਲੇ ਉਤੇ ਯੂ ਟਰਨ ਮਾਰਦਿਆਂ ਕਿਹਾ ਕਿ ਸ਼ਰਾਬ ਖਰੀਦਣ ਵਾਲੇ ਸਾਰੇ ਹੀ ਕਾਂਗਰਸ ਪਾਰਟੀ ਵਾਲੇ ਸਨ|
ਰਾਜਪਾਲ ਦੇ ਭਾਸ਼ਨ ਉਤੇ ਬਹਿਸ ਅੱਜ ਵੀ ਜਾਰੀ ਰਹੀ, ਜਿਸ ਵਿੱਚ ਕਾਂਗਰਸ ਪਾਰਟੀ ਵੱਲੋਂ ਸੁਖਜਿੰਦਰ ਸਿੰਘ ਰੰਧਾਵਾ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਭਾਗ ਲੈਦਿਆਂ ਪਿਛਲੀ ਅਕਾਲੀ ਭਾਜਪਾ ਸਰਕਾਰ ਨੂੰ ਚੰਗੇ ਰਗੜੇ ਲਾਏ| ਉਨ੍ਹਾਂ ਨੇ ਰੁਜ਼ਗਾਰ ਸਕੀਮ, ਐਸ ਸੀ, ਬੀ ਸੀ ਵਰਗਾਂ ਨੂੰ ਕਰਜ਼ੇ ਦੇਣ ਅਤੇ ਅਮਨ ਕਾਨੂੰਨ ਸਮੇਤ ਬੇਰੁਜ਼ਗਾਰੀ ਦੇ ਮੁੱਦਿਆਂ ਨਾਲ ਸਬੰਧਿਤ ਅੰਕੜੇ ਪੇਸ਼ ਕਰਦਿਆਂ ਸਰਕਾਰ ਦੀ ਸਰਾਹਨਾ ਕੀਤੀ| ਆਮ ਆਦਮੀ ਪਾਰਟੀ ਦੇ ਵਿਧਾਇਕ ਕਵਰ ਸਿੱਧੂ ਨੇ ਗਵਰਨਰ ਦੇ ਭਾਸ਼ਣ ਤੇ ਬਹਿਸ ਸ਼ੁਰੂ ਕਰਦਿਆਂ ਕਾਂਗਰਸ ਅਤੇ ਅਕਾਲੀ ਦੋਵਾਂ ਤੇ ਤਿੱਖੇ ਹਮਲੇ ਕੀਤੇ, ਉਨ੍ਹਾਂ ਨੇ ਕਿਹਾ ਕਿ ਇਹ ਅੰਦਰੋਂ ਖਾਤੇ ਇਕ ਦੂਸਰੇ ਨਾਲ ਮਿਲੇ ਹੋਏ ਹਨ, ਇਸੇ ਕਰਕੇ ਇਸਦਾ ਵੱਡਾ ਸਬੂਤ ਪੰਜਾਬ ਵਿੱਚ ਬਾਦਲ ਪਰਿਵਾਰ ਦੇ ਟਰਾਂਸਪੋਰਟ ਵਪਾਰ ਵਿੱਚ ਵਾਧਾ ਹੋਇਆ ਹੈ| ਉਨ੍ਹਾਂ ਨੇ ਕਿਹਾ ਕਿ ਹੁਣ ਪੰਜਾਬ ਦੀ ਜੋ ਮਾੜੀ ਹਾਲਤ ਹੈ ਉਸਦੀ ਜ਼ਿੰਮੇਵਾਰੀ ਕੋਈ ਵੀ ਲੈਣ ਨੂੰ ਤਿਆਰ ਨਹੀਂ ਪੰਜਾਬ ਦਾ ਹਰ ਵਰਗ ਮੌਜੂਦਾ ਸਰਕਾਰ ਤੋਂ ਔਖਾ ਹੈ, ਕਿਉਂਕਿ ਬੇਰੁਜ਼ਗਾਰੀ ਮਹਿੰਗਾਈ ਕਿਸਾਨਾਂ ਦੀਆਂ ਖੁਦਕੁਸ਼ੀਆਂ, ਨਸ਼ੇ ਦਾ ਧੰਦਾ ਉਸੇ ਤਰ੍ਹਾਂ ਹੀ ਜਾਰੀ ਹਨ ਜੋ 10 ਸਾਲ ਪਹਿਲਾਂ ਅਕਾਲੀ ਭਾਜਪਾ ਸਰਕਾਰ ਵਿੱਚ ਜਾਰੀ ਸੀ|