ਖੁਸ਼ਕ ਅੰਕੜਿਆਂ ਨੂੰ ਖੁਸ਼ਗਵਾਰ ਬਣਾਉਣ ਦੀ ਸ਼ਾਇਰਾਨਾ ਕੋਸ਼ਿਸ਼

ਉਰਦੂ ਸ਼ਬਦਾਂ ਦੀ ਭਰਮਾਰ, ਇਕਬਾਲ ਅਤੇ ਫੈਜ਼ ਦੇ ਸ਼ੇਅਰਾਂ ਨਾਲ ਬਜਟ ਦਾ ਆਦਿ ਅਤੇ ਅੰਤ
Manpreet
ਚੰਡੀਗੜ੍ਹ, 24 ਮਾਰਚ : ਅੱਜ ਇਥੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਖੁਸ਼ਕ ਬਜਟ ਨੂੰ ਰੰਗਾਰੰਗ ਬਣਾਉਣ ਲਈ ਦੋ ਤਰੀਕੇ ਵਰਤੇ| ਇੱਕ ਤਾਂ ਉਨ੍ਹਾਂ ਨੇ ਆਪਣੇ ਸੁਭਾਅ ਅਨੁਸਾਰ ਉਰਦੂ ਸ਼ਬਦਾਵਲੀ ਦੀ ਭਰਪੂਰ ਵਰਤੋਂ ਕੀਤੀ ਅਤੇ ਦੂਜਾ ਪੰਜਾਬੀ ਬੋਲੀ ਨੂੰ ਕੁਝ ਇਸ ਅੰਦਾਜ਼ ਵਿੱਚ ਪੇਸ਼ ਕੀਤਾ ਕਿ ਇੰਜ ਜਾਪਿਆ ਕਿ ਬਜਟ ਵਿੱਚ ਜਨਤਕ ਭਲਾਈ ਲਈ ਕੋਈ ਬਹੁਤ ਵੱਡੀਆਂ ਗੱਲਾਂ ਸਾਹਮਣੇ ਆਉਣਗੀਆਂ ਅਤੇ ਬਜਟ ਤਜਵੀਜ਼ਾਂ ਵਿੱਚ ਕੋਈ ਨਿਰਾਲੀ ਦੂਰ ਦ੍ਰਿਸ਼ਟੀ ਪੇਸ਼ ਕੀਤੀ ਜਾਵੇਗੀ ਪਰ ਅਜਿਹਾ ਕੁਝ ਵੀ ਨਹੀਂ ਹੋਇਆ|  ਥੋੜੇ ਚਿਰ ਪਿਛੋਂ ਹੀ ਖੁਸ਼ਕੀ ਅਤੇ ਸੋਕੇ ਦਾ ਆਲਮ ਸ਼ੁਰੂ ਹੋ ਗਿਆ|  ਅਰੰਭ ਵਿੱਚ ਉਨ੍ਹਾਂ ਨੇ ਮਹਾਨ ਸ਼ਾਇਰ ਫ਼ੈਜ਼ ਅਹਿਮਦ ਫ਼ੈਜ਼ ਦਾ ਇਹ ਪ੍ਰਸਿੱਧ ਸ਼ੇਅਰ ਪੇਸ਼ ਕੀਤਾ :
ਸਬਾ ਨੇ ਫਿਰ ਦਰ-ਏ-ਜੰਦਾਨ ਪੇ ਆ ਕੇ ਦਸਤਕ ਦੀ,
ਸਹਿਰ ਕਰੀਬ ਹੈ, ਦਿਲ ਸੇ ਕਹੋ, ਨਾ ਘਬਰਾਏ|
ਇਸ ਦੇ ਅਰਥ ਇਹ ਹਨ ਕਿ ਅੰਮ੍ਰਿਤ ਵੇਲੇ ਦੀ ਹਵਾ ਨੇ ਜੇਲ੍ਹਖਾਨੇ ਦੇ ਦਰਵਾਜ਼ੇ 'ਤੇ ਦਸਤਕ ਦੇ ਕੇ ਕੁਝ ਇਸ ਤਰ੍ਹਾਂ ਦਾ ਪੈਗਾਮ ਦਿੱਤਾ ਹੈ ਕਿ ਦੋਸਤੋ ਸਵੇਰ ਆਉਣ ਵਾਲੀ ਹੈ| ਹੁਣ ਘਬਰਾਓ ਨਾ|
ਅਖੀਰ ਵਿੱਚ ਉਨ੍ਹਾਂ ਨੇ ਅਜ਼ੀਮ ਸ਼ਾਇਰ ਅਤੇ ਇਸਲਾਮ ਦੇ ਢਾਡੀ ਇਕਬਾਲ ਦਾ ਇਹ ਸ਼ੇਅਰ ਪੇਸ਼ ਕੀਤਾ :
ਨਹੀਂ ਹੈ ਨਾ-ਉਮੀਦ ਇਕਬਾਲ
ਅਪਨੀ ਕਿਸ਼ਤ-ਏ-ਵੈਰਾਨ ਸੇ,
ਜ਼ਰਾ ਨਮ ਹੋ ਤੁਝੇ ਮਿੱਟੀ,
ਬਹੁਤ ਜਰਖੇਜ਼ ਹੈ ਸਾਕੀ|
ਇਸ ਦੇ ਅਰਥ ਇਹ ਹਨ ਕਿ ਭਾਵੇਂ ਖੇਤੀ ਵਿਰਾਨ ਹੋ ਚੁੱਕੀ ਹੈ, ਪਰ ਫਿਰ ਵੀ ਥੋੜੀ ਜਿਹੀ ਨਮੀ ਦੀ ਲੋੜ ਹੈ ਕਿਉਂਕਿ (ਪੰਜਾਬ ਦੀ) ਸਰਜ਼ਮੀਨ ਬਹੁਤ ਜਰਖੇਜ਼ ਹੈ| ਮਨਪ੍ਰੀਤ ਸਿੰਘ ਨੇ ਕੁਝ ਇਸ ਤਰ੍ਹਾਂ ਅਨੁਵਾਦ ਕੀਤਾ ਕਿ ਪੰਜਾਬ ਕੇ ਲੋਕਾਂ ਦੇ ਜਜ਼ਬਾ ਉਸ ਲਾਟ ਵਰਗਾ ਹੈ ਜੋ ਲੁਕਾਈ ਤਾਂ ਜਾ ਸਕਦੀ ਹੈ ਪਰ ਕਦੇ ਵੀ ਬੁਝਾਈ ਨਹੀਂ ਜਾ ਸਕਦੀ| ਸਾਡੀ ਸਰਕਾਰ ਦਾ ਬੁਨਿਆਦੀ ਫਰਜ਼ ਹੈ ਕਿ ਇੱਕ ਵਾਰ ਫਿਰ ਦੁਨੀਆ ਭਰ ਦੇ ਸਾਹਮਣੇ ਇਸ ਸ਼ਾਨਦਾਰ ਲਾਟ ਨੂੰ ਉਜਾਗਰ ਕਰੀਏ.... ਮੈਂ ਇਸ ਹਾਊਸ ਨੂੰ ਸਾਵਧਾਨ ਕਰਨਾ ਚਾਹੁੰਦਾ ਹਾਂ ਕਿ ਅਸੀਂ ਖੋਖਲੀਆਂ ਗੱਲਾਂ ਤੋਂ ਗੁਰੇਜ਼ ਕਰੀਏ ਜੋ ਵਕਤੀ ਤੌਰ 'ਤੇ ਅਕਸਰ ਚੰਗੀਆਂ ਲੱਗਦੀਆਂ ਹਨ... ਕੈਪਟਨ ਜੀ ਦੀ ਸਰਕਾਰ ਲੋਕਾਂ ਦੀ ਕਚਿਹਰੀ 'ਚੋਂ ਸੁਰਖਰੂ ਹੋ ਕੇ ਨਿਕਲੀ ਹੈ.... ਰਸਤਾ ਔਖਾ ਹੈ ਅਤੇ ਲੰਮਾ ਹੈ (ਪਰ) ਖੁਸ਼ਹਾਲੀ ਵੱਲ ਜਾਂਦਾ ਹੈ ਅਤੇ ਦੂਸਰਾ ਆਸਾਨ ਰਸਤਾ ਹੈ ਜੋ ਬਰਬਾਦੀ ਵੱਲ ਲੈ ਕੇ ਜਾਂਦਾ ਹੈ..... ਅਸੀਂ ਕਠਿਨ ਰਸਤਾ ਚੁਣਿਆ ਹੈ|
ਬਜਟ ਦੇ ਅਰੰਭ ਵਿੱਚ ਉਨ੍ਹਾਂ ਨੇ ਕੁਝ ਇਸ ਤਰ੍ਹਾਂ ਆਪਣੇ ਦਿਲ ਦੀਆਂ ਗੱਲਾਂ ਕੀਤੀਆਂ| ਪੰਜਾਬ ਦੇਸ਼ ਲਈ ਉਮੀਦ ਅਤੇ ਤਾਕਤ ਦਾ ਚਾਨਣ ਮੁਨਾਰਾ ਹੈ........ ਮੁੱਖ ਮੰਤਰੀ ਅਮਰਿੰਦਰ ਸਿੰਘ ਜੀ 'ਬਾ-ਖੁਦ ਸਾਬਕਾ ਫੌਜੀ' ਦੇ ਰੂਪ ਵਿੱਚ ਸਾਨੂੰ ਵਧੀਆ ਲੀਡਰਸ਼ਿਪ ਹਾਸਲ ਹੈ....... ਫਿਰ ਦੁਹਰਾ ਰਿਹਾ ਹਾਂ ਕਿ ਪੰਜਾਬੀ ਅਤੇ ਮਾਯੂਸੀ, ਪੰਜਾਬੀ ਅਤੇ ਬੁਜ਼ਦਿਲੀ, ਇਹ ਦੋ ਲਫ਼ਜ਼ ਇਕੋ ਸਾਹ ਵਿੱਚ ਜਮਾ ਨਹੀਂ ਹੋ ਸਕਦੇ........ ਉਹ ਸਾਡੇ ਹੀ ਬਜ਼ੁਰਗ ਸਨ ਜਿਨ੍ਹਾਂ ਨੇ ਸਿਕੰਦਰੇ ਆਜ਼ਮ ਦੀਆਂ ਫੌਜਾਂ ਦੇ ਮੂੰਹ ਮੋੜ ਦਿੱਤੇ...... ਖੈਬਰ ਦੇ ਪਹਾੜ ਦੀਆਂ ਛਾਤੀਆਂ ਨੂੰ ਫਤਿਹ ਕੀਤਾ........ ਬਿਜਲੀਆਂ ਕੜਕੀਆਂ ਤਾਂ ਮੁਸਕਰਾ ਕੇ ਜਵਾਬ ਦਿੱਤਾ....... ਹਨੇਰੀਆਂ ਉਠੀਆਂ ਤਾਂ ਉਨ੍ਹਾਂ ਨੂੰ ਕਿਹਾ ਕਿ ਤੁਹਾਡਾ ਰਸਤਾ ਇਹ ਨਹੀਂ ਹੈ......... ਇਹ ਖੂਬੀਆਂ ਹੱਟੀਆਂ ਤੋਂ ਨਹੀਂ ਖਰੀਦੀਆਂ ਜਾ ਸਕਦੀਆਂ..... ਇਹ ਤਾਂ ਦਿਲ ਦੀ ਦੁਕਾਨ ਤੋਂ ਹੀ ਮਿਲ ਸਕਦੀਆਂ....... ਭਾਰਤ ਦੀ ਤਰੱਕੀ ਦੇ ਕੁਝ ਸਫੇ ਅਜੇ ਵੀ ਖਾਲੀ ਪਏ ਹਨ .......... ਅਸੀਂ ਉਨ੍ਹਾਂ ਸਫਿਆਂ ਦੀ ਰੌਣਕ ਬਣ ਸਕਦੇ ਹਾਂ|
ਮਨਪ੍ਰੀਤ ਸਿੰਘ ਬਾਦਲ ਨੇ ਕਰੀਬ 70-80 ਸ਼ਬਦ ਉਰਦੂ ਦੇ ਵਰਤੇ ਜਿਹੜੇ ਅੱਜਕੱਲ ਪੰਜਾਬੀ ਬੋਲੀ ਵਿੱਚ ਲੱਗਭਗ ਗਾਇਬ ਹੀ ਹੋ ਗਏ ਹਨ| ਕੁਝ ਉਰਦੂ ਦੇ ਸ਼ਬਦ ਜਿਹੜੇ ਉਨ੍ਹਾਂ ਨੇ ਬਜਟ ਵਿੱਚ ਵਰਤੇ ਉਨ੍ਹਾਂ ਵਿੱਚੋਂ ਕੁਝ ਅਸੀਂ ਦੇ ਰਹੇ ਹਾਂ, ਜਿਵੇਂ ਮਸੱਤਰ, ਮੁਕਾਮ, ਕਾਬਲੇ ਕਦਰ, ਕਿਆਦਤ, ਗੁਜਿਸਤਾ, ਮਨਸੂਬੇ, ਮੁਨਤਜ਼ਿਰ, ਬ-ਖੁਦ, ਸਿਕੰਦਰ-ਏ-ਆਜ਼ਮ, ਨੁਸਰਤ, ਬਸ਼ਰਤੇ, ਅਜ਼ੀਮ, ਤਵੱਜੋ, ਇਲਫਾਜ਼, ਹਿਫਾਜ਼ਤੀ, ਮੁਕੱਦਸ, ਮੱਦੇਨਜ਼ਰ ਆਦਿ|

ਕਰਮਜੀਤ ਸਿੰਘ 
9915091063

Or