ਬਾਦਲਾਂ ਦੇ ਕਿਲ੍ਹੇ ਨੂੰ ਪਹਿਲੀ ਵਾਰ ਅੰਦਰੋਂ ਪਿਆ ਘੇਰਾ - ਮਨਪ੍ਰੀਤ ਬਾਦਲ ਨੇ ਗਿਣ-ਗਿਣ ਕੇ ਬਦਲੇ ਲਏ
ਚੰਡੀਗੜ੍ਹ, 28 ਮਾਰਚ : ਪੰਜਾਬ ਵਿਧਾਨ ਸਭਾ ਵਿੱਚ ਅੱਜ ਬਰਾਜ਼ੀਲ ਮੁਲਕ ਦੇ ਲੋਕਾਂ ਦੀ ਚਰਚਿਤ ਕਹਾਵਤ ਸੱਚ ਸਾਬਤ ਹੋ ਗਈ ਕਿ ਕਈ ਵਾਰ ਕਿਲ੍ਹੇ ਨੂੰ ਘੇਰਾ ਅੰਦਰੋਂ ਵੀ ਪੈਂਦਾ ਹੈ| ਸੋ, ਬਾਦਲ ਕਬੀਲੇ ਵਿੱਚੋਂ ਕਈ ਸਾਲ ਪਹਿਲਾਂ ਬਾਹਰ ਕੱਢੇ ਗਏ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਬਾਦਲ ਪਰਿਵਾਰ ਤੋਂ ਗਿਣ-ਗਿਣ ਕੇ ਬਦਲੇ ਲਏ| ਅਗਲੀਆਂ-ਪਿਛਲੀਆਂ ਸਾਰੀਆਂ ਕਸਰਾਂ ਕੱਢ ਦਿੱਤੀਆਂ| ਅੱਜ ਉਸ ਦੇ ਤਰਕਸ਼ ਵਿੱਚ ਜਿੰਨੇ ਵੀ ਤੀਰ ਸਨ, ਉਨ੍ਹਾਂ ਦਾ ਨਿਸ਼ਾਨਾ ਬਾਦਲ ਪਰਿਵਾਰ ਹੀ ਸੀ|
ਸਿਆਸਤ ਵਿੱਚ ਸਾਊ, ਨਿਮਰ, ਸ਼ਰੀਫ, ਭਲੇ ਮਾਣਸ ਅਤੇ ਬੀਬੇ ਰਾਣੇ ਸਮਝੇ ਜਾਂਦੇ ਖਜ਼ਾਨਾ ਮੰਤਰੀ ਨੇ ਅੱਜ ਚਿਰਾਂ ਤੋਂ ਸਾਂਭੇ ਸੰਜਮ ਨੂੰ ਅਲਵਿਦਾ ਕਹਿ ਦਿੱਤਾ| ਜਦੋਂ ਉਹ ਬੋਲ ਰਹੇ ਸਨ ਤਾਂ ਕੁਝ ਪਲਾਂ ਲਈ ਇਹੋ ਮਹਿਸੂਸ ਹੋਇਆ ਜਿਵੇਂ ਇਸ ਨਿਮਰ ਬੰਦੇ ਦੇ ਸਾਰੇ ਬੰਨ੍ਹ ਅੱਜ ਟੁੱਟ ਗਏ ਹੋਣ ਅਤੇ ਇਸ ਦੇ ਹੜ੍ਹ ਅੱਗੇ ਬਾਦਲ ਪਰਿਵਾਰ ਰੁੜ੍ਹਦਾ ਹੋਇਆ ਨਜ਼ਰ ਆ ਰਿਹਾ ਸੀ|
ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਗੁੱਸੇ, ਰੋਸ ਅਤੇ ਕ੍ਰੋਧ ਦਾ ਇਜ਼ਹਾਰ ਉਦੋਂ ਸ਼ੁਰੂ ਹੋਇਆ ਜਦੋਂ ਬਜਟ ਇਜਲਾਸ ਦੇ ਆਖਰੀ ਦਿਨ 'ਤੇ ਬਜਟ 'ਤੇ ਹੋਈ ਬਹਿਸ ਦਾ ਉਹ ਜਵਾਬ ਦੇ ਰਹੇ ਸਨ| ਜਦੋਂ ਉਹ ਬੋਲ ਰਹੇ ਸਨ ਤਾਂ ਵਿੱਚੋਂ ਹੀ ਬਿਕਰਮ ਸਿੰਘ ਮਜੀਠੀਆ ਅਤੇ ਅਕਾਲੀ ਵਿਧਾਇਕ ਖੜ੍ਹੇ ਹੋ ਕੇ ਜੋ-ਜੋ ਟੈਕਸ ਬਾਰੇ ਜਾਣਕਾਰੀ ਹਾਸਲ ਕਰਨਾ ਚਾਹੁੰਦ ਸਨ, ਜਿਸਨੂੰ ਉਹ ਗੁੰਡਾ ਟੈਕਸ ਵੀ ਕਹਿੰਦੇ ਹਨ| ਇਥੇ ਚੇਤੇ ਕਰਾਇਆ ਜਾਂਦਾ ਹੈ ਕਿ ਬਠਿੰਡਾ ਰਿਫਾਇਨਰੀ ਵਿੱਚ ਜੋ ਗੁੰਡਾ ਟੈਕਸ ਵਸੂਲ ਕਰਦੇ ਸਨ, ਉਨ੍ਹਾਂ ਵਿੱਚ ਜੋ-ਜੋ ਦਾ ਦਾ ਨਾਮ ਵੀ ਕਥਿਤ ਤੌਰ 'ਤੇ ਬੋਲਦਾ ਹੈ, ਜੋ ਮਨਪ੍ਰੀਤ ਬਾਦਲ ਦਾ ਸਾਲਾ ਹੈ| ਮਜੀਠੀਆ ਦੀ ਅਗਵਾਈ ਵਿੱਚ ਅਕਾਲੀ ਵਿਧਾਇਕ ਵੈੱਲ ਅੱਗੇ ਇਕੱਠੇ ਹੋ ਗਏ ਅਤੇ ਉਸ ਰੌਲੇ ਵਿੱਚ ਕੁਝ ਵੀ ਨਹੀਂ ਸੀ ਸਮਝ ਆ ਰਿਹਾ ਕਿ ਉਹ ਮਨਪ੍ਰੀਤ ਸਿੰਘ ਬਾਦਲ ਦੇ ਸਾਹਮਣੇ ਖੜ੍ਹੇ ਹੋ ਕੇ ਕਿਹੜੇ ਮਿਹਣੇ ਅਤੇ ਤਾਹਣੇ ਮਾਰ ਰਹੇ ਸਨ| ਹੁਣ ਉਹ ਵਕਤ ਆ ਗਿਆ, ਜਦੋਂ ਮਨਪ੍ਰੀਤ ਸਿੰਘ ਬਾਦਲ ਅਤੇ ਉਨ੍ਹਾਂ ਦਾ ਗੁੱਸਾ ਇੱਕ ਥਾਂ 'ਤੇ ਇਕੱਠੇ ਹੋ ਗਏ ਅਤੇ ਜੋ ਕੁਝ ਉਨ੍ਹਾਂ ਨੇ ਬੋਲਿਆ ਤੇ ਜਿਸ ਅੰਦਾਜ਼ ਵਿੱਚ ਬੋਲਿਆ, ਉਸ ਨੇ ਖਚਾਖਚ ਭਰੀਆਂ ਮੀਡੀਆ ਗੈਲਰੀਆਂ ਵਿੱਚ ਬੈਠੇ ਅਤੇ ਖਲੋਤੇ ਪੱਤਰਕਾਰਾਂ ਨੂੰ ਹੈਰਾਨ ਕਰ ਕੇ ਰੱਖ ਦਿੱਤਾ| ਵਿਧਾਨ ਸਭਾ ਵਿੱਚ ਸੁਨੰਮਸਾਨ ਛਾ ਗਈ ਕਿ ਇਹ ਉਹੀ ਮਨਪ੍ਰੀਤ ਹੈ ਜੋ ਹਰ ਲਫਜ਼ ਸੁਨਿਆਰੇ ਦੀ ਤੱਕੜੀ ਵਿੱਚ ਤੋਲ ਕੇ ਬੋਲਿਆ ਕਰਦਾ ਸੀ|
ਮਨਪ੍ਰੀਤ ਸਿੰਘ ਬਾਦਲ ਦਾ ਅੰਦਾਜ਼ੇ-ਬਿਆਨ ਦਾ ਉਦਘਾਟਨ ਕੁਝ ਇਨ੍ਹਾਂ ਸ਼ਬਦਾਂ ਨਾਲ ਹੋਇਆ : 'ਜੇ ਮਰਦ ਦਾ ਬੱਚਾ ਹੈ ਤਾਂ ਅੱਜ ਸੁਣ ਕੇ ਜਾਈਂ' ਇਹ ਇਸ਼ਾਰਾ ਸਪੱਸ਼ਟ ਤੌਰ 'ਤੇ ਮਜੀਠੀਏ ਵੱਲ ਸੀ| ਮਨਪ੍ਰੀਤ ਬਾਦਲ ਨੇ ਆਪਣਾ ਗੁੱਸਾ ਜਾਰੀ ਰੱਖਿਆ : 'ਅੱਜ ਇਨ੍ਹਾਂ ਨੂੰ ਗੱਲਾਂ ਸੁਣਾ ਹੀ ਦੇਣੀਆਂ ਨੇ..... ਇਹ ਬਹਾਨੇ ਲੱਭ ਰਹੇ ਨੇ... ਇਹ ਭੱਜ ਰਹੇ ਨੇ......|' ਮਨਪ੍ਰੀਤ ਬਾਦਲ ਨੇ ਪਹਿਲਾ ਵਾਰ ਸਿੱਧਾ ਮਜੀਠੀਏ 'ਤੇ ਕੀਤਾ ਅਤੇ ਕਿਹਾ ਕਿ ਜਦੋਂ ਇਨ੍ਹਾਂ ਨੇ ਆਪਣੀ ਭੈਣ ਦਾ ਰਿਸ਼ਤਾ ਕੀਤਾ ਸੀ ਤਾਂ ਦਾਜ ਵਿੱਚ ਜਿਹੜੀ ਕਾਰ ਦਿੱਤੀ, ਉਹ ਕਿਸ਼ਤਾਂ ਵਿੱਚ ਸੀ.... ਪਰ ਅੱਜ ਇਹ ਪੰਜਾਬ ਦਾ ਸੱਭ ਤੋਂ ਅਮੀਰ ਬੰਦਾ ਹੈ..... ਕਰੋੜ-ਕਰੋੜ ਦੀਆਂ ਗੱਡੀਆਂ ਉਤੇ ਚੜਦੇ ਹਨ.....| ਮਨਪ੍ਰੀਤ ਬਾਦਲ ਨੇ ਮਜੀਠੀਏ ਵੱਲੋਂ ਲਾਂਭੇ ਹੋ ਕੇ ਹੁਣ ਆਪਣੀ ਤਾਈ ਜੀ ਦੀ ਗੱਲ ਕਰਨੀ ਸ਼ੁਰੂ ਕਰ ਦਿੱਤੀ| ਮੇਰੇ ਤਾਈ ਜੀ (ਵੱਡੇ ਬਾਦਲ ਦੀ ਪਤਨੀ ਸੁਰਿੰਦਰ ਕੌਰ) ਨੂੰ ਕੈਂਸਰ ਹੋ ਗਿਆ ਅਤੇ ਉਸ ਦੇ ਇਲਾਜ ਦਾ ਸਾਰਾ ਖਰਚਾ ਪੰਜਾਬ ਸਰਕਾਰ ਨੇ ਦਿੱਤਾ..... ਮੇਰੇ ਤਾਈ ਜੀ ਦਾ ਜਦੋਂ ਭੋਗ ਪਿਆ ਤਾਂ ਪਤੈ ਲੰਗਰ ਕਿੱਥੋਂ ਆਇਆ? ਲੰਗਰ ਵਰਤਾਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ.....|
ਹੁਣ ਇਹ ਕਹਿੰਦੇ ਨੇ ਮੈਨੂੰ ਖਜ਼ਾਨਾ ਨਹੀਂ ਚਲਾਉਣਾ ਆਉਂਦਾ| ਹਾਂ, ਮੈਨੂੰ ਨਹੀਂ ਚਲਾਉਣਾ ਆਉਂਦਾ ਕਿਉਂਕਿ ਮੇਰੇ ਪੰਜ ਸਿਤਾਰੇ ਹੋਟਲ ਨਹੀਂ ਹਨ...... ਹਾਂ, ਮੈਨੂੰ ਖਜ਼ਾਨਾ ਨਹੀਂ ਚਲਾਉਣਾ ਆਉਂਦਾ, ਕਿਉਂਕਿ ਮੈਨੂੰ ਚਿੱਟਾ ਵੇਚਣਾ ਨਹੀਂ ਆਉਂਦਾ (ਇਥੇ ਇਸ਼ਾਰਾ ਮਜੀਠੀਏ ਵੱਲ).... ਹਾਂ, ਮੈਨੂੰ ਖਜ਼ਾਨਾ ਲੁੱਟਣਾ ਨਹੀਂ ਆਉਂਦਾ...... ਹਾਂ, ਮੇਰੀਆਂ ਸੈਂਕੜੇ ਬੱਸਾਂ ਨਹੀਂ ਹਨ.....| ਮਨਪ੍ਰੀਤ ਇਥੇ ਵੀ ਨਹੀਂ ਰੁਕੇ ਅਤੇ ਇਤਿਹਾਸ ਦਾ ਹਵਾਲਾ ਦੇਣ ਲੱਗੇ| ਮੈਂ ਇਤਿਹਾਸ ਦੀਆਂ ਕਿਤਾਬਾਂ ਵਿੱਚ ਰਾਜ ਕਰਨ ਵਾਲੇ ਜੋ ਘਟੀਆ ਬੰਦੇ ਪੜ੍ਹੇ ਹਨ, ਇਹ (ਟੱਬਰ) ਉਨ੍ਹਾਂ ਵਿੱਚੋਂ ਇੱਕ ਹਨ..... ਹੁਣ ਕਹਿੰਦੇ ਮੈਨੂੰ ਖਜ਼ਾਨਾ ਨਹੀਂ ਚਲਾਉਣਾ ਆਉਂਦਾ|
ਮਨਪ੍ਰੀਤ ਬਾਦਲ 'ਹੁਣ ਮੈਨੂੰ ਕਹਿੰਦੇ ਖਜ਼ਾਨਾ ਨਹੀਂ ਚਲਾਉਣਾ ਆਉਂਦਾ', ਸ਼ਬਦਾਂ ਦੀ ਵਾਰ-ਵਾਰ ਜਦੋਂ ਵਰਤੋਂ ਕਰ ਰਹੇ ਸਨ ਤਾਂ ਸ਼ੈਕਸ਼ਪੀਅਰ ਦੇ ਸੰਸਾਰ ਪ੍ਰਸਿੱਧ ਨਾਟਕ 'ਜੂਲੀਅਸ ਸੀਜ਼ਰ' ਦੀ ਯਾਦ ਆ ਗਈ ਜਿਸ ਦੇ ਕਤਲ 'ਤੇ ਉਸ ਦੇ ਜਰਨੈਲ ਐਂਟਨੀ ਨੇ ਭਾਸ਼ਣ ਦੇ ਕੇ ਫੌਜ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਅਤੇ ਜੰਗ ਦਾ ਸਾਰਾ ਪਾਸਾ ਹੀ ਆਪਣੇ ਹੱਕ ਵਿੱਚ ਕਰ ਲਿਆ ਸੀ| ਅੱਜ ਜਦੋਂ ਮਨਪ੍ਰੀਤ ਬਾਦਲ ਬੋਲ ਰਹੇ ਸਨ ਤਾਂ ਇਉਂ ਹੀ ਲੱਗਦਾ ਸੀ ਕਿ 'ਘਰ ਦੇ ਭੇਤੀ ਨੇ' ਬਾਦਲ ਪਰਿਵਾਰ ਦੇ 'ਸੋਨੇ ਦੀ ਲੰਕਾ' ਨੂੰ ਪਲਾਂ ਵਿੱਚ ਢਹਿ-ਢੇਰੀ ਕਰ ਦਿੱਤਾ ਹੈ| ਮਨਪ੍ਰੀਤ ਬਾਦਲ ਹੁਣ ਸਹਿਜੇ-ਸਹਿਜੇ ਵੱਡੇ ਬਾਦਲ ਸਾਹਬ ਨੂੰ ਘੇਰਨ ਦੀ ਕੋਸ਼ਿਸ਼ ਕਰ ਰਹੇ ਸਨ| ਉਨ੍ਹਾਂ ਕਿਹਾ ਕਿ ਇਹ ਆਖਿਆ ਜਾਂਦਾ ਹੈ ਕਿ ਬਾਦਲ ਸਾਹਬ ਜਿਸਨੂੰ ਪਾਰਟੀ 'ਚੋਂ ਬਾਹਰ ਕੱਢ ਦਿੰਦੇ ਹਨ, ਉਹ ਬੰਦਾ ਮੁੜ ਆਪਣੇ ਪੈਰਾਂ 'ਤੇ ਨਹੀਂ ਖਲੋ ਸਕਦਾ, ਉਹ ਦਰੱਖਤ ਮੁੜ ਹਰਾ ਨਹੀਂ ਹੋ ਸਕਦਾ..... ਜੇ ਮੇਰੇ ਵਿੱਚ ਕੋਈ ਖੋਟ ਹੁੰਦਾ ਤਾਂ ਜਦੋਂ ਮੈਂ ਇਨ੍ਹਾਂ ਨੂੰ ਛੱਡ ਕੇ ਬਾਹਰ ਆਇਆ ਸੀ, ਤਾਂ ਇਨ੍ਹਾਂ ਨੇ ਮੈਨੂੰ ਟੁੰਗ ਦੇਣਾ ਸੀ, ਇਹ ਹੁਣ ਵਾਕ ਆਊਟ ਕਰ ਕੇ ਚਲੇ ਗਏ ਨੇ..... ਮੈਂ ਉਸ ਨੂੰ ਕਿਹਾ ਕਿ ਜੇ ਮਰਦ ਦਾ ਬੱਚਾ ਹਾਂ ਤਾਂ ਸੁਣਦਾ ਜਾਈਂ.... ਮੈਂ ਇਨ੍ਹਾਂ ਦਾ ਸਿਆਸੀ ਸ਼ਰੀਕ ਹਾਂ..... ਇਹ ਗੱਲ ਇਨ੍ਹਾਂ ਨੂੰ ਹਜ਼ਮ ਹੀ ਨਹੀਂ ਹੁੰਦੀ ਕਿ ਮੈਂ ਖਜ਼ਾਨੇ ਦਾ ਮੰਤਰੀ ਕਿਵੇਂ ਬਣ ਗਿਆ..... ਕੱਲ੍ਹ ਇਨ੍ਹਾਂ ਨੇ ਮੇਰੀ ਕਿਰਦਾਰਕੁਸ਼ੀ ਕੀਤੀ ਸੀ.... ਮੈਂ ਚੁੱਪ ਰਿਹਾ..... ਚਲੋ ਗੱਲ ਟੱਲ ਜਾਵੇ ਤਾਂ ਬਿਹਤਰ ਹੈ..... ਇਹ ਜਿਹੜੇ ਆਪਣੇ ਆਪ ਨੂੰ ਵੱਡੇ ਵੱਡੇ ਲੀਡਰ ਅਖਵਾਉਂਦੇ ਨੇ, ਮੇਰੀ ਗੱਲ ਤਾਂ ਸੁਣ ਕੇ ਜਾਂਦੇ..... ਮੈਂ ਤਰੀਕੇ ਤੇ ਸਲੀਕੇ ਨਾਲ ਹੀ ਜਵਾਬ ਦੇਣਾ ਸੀ..... ਮੈਂ ਇੱਕ ਹੱਦ ਤੱਕ ਹੀ ਰਹਿਣਾ ਚਾਹੁੰਦਾ ਹਾਂ.... ਮੈਂ ਉਸ ਹੱਦ ਤੋਂ ਅੱਗੇ ਨਹੀਂ ਵਧਣਾ ਚਾਹੁੰਦਾ.... ਪਰ ਜੇ ਇਨ੍ਹਾਂ ਨੇ ਹੱਦ ਤੋੜਨ ਦੀ ਕੋਸ਼ਿਸ਼ ਕੀਤੀ, ਜ਼ਰੂਰਤ ਪਈ ਤਾਂ ਮੇਰੇ ਕੋਲ ਵੱਡੇ-ਵੱਡੇ ਇੰਕਸਾਫ ਨੇ, ਉਹ ਮੈਂ ਅਗਲੇ ਦਿਨਾਂ ਵਿੱਚ ਦੱਸਾਂਗਾ....|
ਮਨਪ੍ਰੀਤ ਬਾਦਲ ਹੁਣ ਬਾਦਲ ਪਰਿਵਾਰ ਦੇ ਨੌਕਰਾਂ ਦਾ ਜ਼ਿਕਰ ਕਰਨ ਲੱਗੇ| ਇਹ ਜਿਹੜੇ ਇਨ੍ਹਾਂ ਦੇ ਘਰਾਂ ਵਿੱਚ ਨੌਕਰ ਅਤੇ ਮੁਨਸ਼ੀ ਹਨ, ਉਨ੍ਹਾਂ ਦੀਆਂ ਕੋਠੀਆਂ ਮਨਪੀ੍ਰਤ ਨਾਲੋਂ ਕਿਤੇ ਵੱਡੀਆਂ ਹਨ..... ਮੈਂ ਜਦੋਂ ਵੀ ਦਿੱਲੀ ਕਿਸੇ ਮੀਟਿੰਗ ਵਿੱਚ ਜਾਂਦਾ ਸੀ, ਭਾਵੇਂ ਮੈਂ ਆਪਣੀ ਗੱਡੀ ਵਿੱਚ ਜਾਂਦਾ, ਭਾਵੇਂ ਜਹਾਜ਼ ਵਿੱਚ, ਇੱਕ ਲੀਟਰ ਤੇਲ ਦਾ ਖਰਚਾ ਵੀ ਮੈਂ ਸਰਕਾਰ 'ਤੇ ਨਹੀਂ ਪਾਇਆ, ਨਾ ਹੀ ਜਹਾਜ਼ਾਂ ਦਾ ਖਰਚਾ ਵਸੂਲ ਕੀਤਾ..... ਪਰ ਇਹ 15 ਕਰੋੜ ਰੁਪਏ ਹਵਾਈ ਜਹਾਜ਼ਾਂ ਅਤੇ ਹੈਲੀਕਾਪਟਰਾਂ 'ਤੇ ਹੀ ਇੱਕ ਸਾਲ ਵਿੱਚ ਖਰਚ ਕਰ ਦਿੰਦੇ ਸਨ..... 2017 ਵਿੱਚ ਬਾਦਲ ਸਾਹਬ ਦਿਲ ਦੇ ਮਰੀਜ਼ ਬਣ ਗਏ...... ਇਨ੍ਹਾਂ ਨੇ ਏਅਰਪੋਰਟ 'ਤੇ ਵੇਟਿੰਗ ਲਾਂਜ ਬੁੱਕ ਕਰਾਇਆ, ਉਸਦਾ ਖਰਚਾ 40 ਲੱਖ ਰੁਪਏ ਦਿੱਤਾ ਗਿਆ..... | ਜਦੋਂ ਇਨ੍ਹਾਂ ਨੇ 2007 ਵਿੱਚ ਪੰਜਾਬ ਦਾ ਰਾਜ-ਭਾਗ ਸੰਭਾਲਿਆ, ਉਦੋਂ ਪੰਜਾਬ ਜੀਅ ਪ੍ਰਤੀ ਆਮਦਨ ਪੱਖੋਂ ਪਹਿਲੇ ਨੰਬਰ 'ਤੇ ਸੀ...... ਜਦੋਂ ਇਨ੍ਹਾਂ ਨੇ ਛੱਡਿਆ ਤਾਂ ਪੰਜਾਬ 11ਵੇਂ ਸਥਾਨ 'ਤੇ ਆ ਗਿਆ....... ਹੁਣ ਇਹ ਕਹਿੰਦੇ ਨੇ ਕਿ ਮੈਨੂੰ ਖਜ਼ਾਨਾ ਨਹੀਂ ਚਲਾਉਣਾ ਆਉਂਦਾ......| ਹੁਣ ਇਹ ਪੰਜਾਬ ਦੇ ਹਰ ਵਿਅਕਤੀ ਉਤੇ 10000 ਦਾ ਕਰਜ਼ਾ ਛੱਡ ਕੇ ਗਏ ਨੇ..... ਮੈਨੂੰ ਕਈ ਵਾਰੀ ਕਹਿੰਦੇ ਨੇ ਕਿ ਮੈਂ ਸ਼ੇਅਰ ਬੋਲਦਾ ਹਾਂ, ਪਰ ਮੈਨੂੰ ਅਂੱਜ ਫਿਰ ਇੱਕ ਸ਼ੇਅਰ ਯਾਦ ਆਇਆ ਹੈ : ਅਗਰ ਮੌਜੇਂ ਡੁਬੋ ਦੇਤੀ, ਤੋ ਕੁਝ ਤਸਕੀਨ ਹੋ ਜਾਤੀ| ਇਸ ਬਾਤ ਕਾ ਗ਼ਮ ਹੈ ਕਿ ਸਾਹਿਲ ਨੇ ਡੁਬੋਯਾ ਹੈ ਮੁਝੇ| ਅਰਥਾਤ 'ਜੇ ਮੈਂ ਲਹਿਰਾਂ ਵਿੱਚ ਡੁੱਬ ਜਾਂਦਾ ਤਾਂ ਚਲੋ ਫਿਰ ਵੀ ਤਸੱਲੀ ਹੋ ਜਾਂਦੀ ਕਿ ਚਲੋ ਲਹਿਰਾਂ ਨੇ ਹੀ ਡੁਬੋਇਆ ਹੈ| ਗ਼ਮ ਤਾਂ ਉਸ ਵੇਲੇ ਹੁੰਦਾ ਹੈ ਜਦੋਂ ਕਿਨਾਰੇ ਹੀ ਤੁਹਾਨੂੰ ਡੁਬੋ ਦੇਣ....' ਇਨ੍ਹਾਂ ਨੇ 30 ਹਜ਼ਾਰ ਕਰੋੜ ਨੂੰ ਟਰਨ ਓਵਰ ਵਿੱਚ ਕਨਵਰਟ ਕਰ ਦਿੱਤਾ ਅਤੇ ਕੀਤਾ ਵੀ ਵਿਧਾਨ ਸਭਾ ਦੇ ਨਤੀਜੇ ਆਉਣ ਤੋਂ ਇੱਕ ਦਿਨ ਪਹਿਲਾਂ...... ਸਾਬਕਾ ਖਜ਼ਾਨਾ ਮੰਤਰੀ ਢੀਂਡਸਾ ਸਾਹਿਬ 30 ਹਜ਼ਾਰ ਕਰੋੜ ਦੇ ਕਾਗਜ਼ਾਂ ਤੇ ਦਸਤਖਤ ਨਹੀਂ ਸਨ ਕਰਨਾ ਚਾਹੁੰਦੇ, ਪਰ ਸੁਖਬੀਰ ਬਾਦਲ ਨੇ ਮਜਬੂਰ ਕਰ ਦਿੱਤਾ...... ਇਹ ਸਭ ਗੱਲਾਂ ਮੈਂ ਨਹੀਂ ਕਹਿ ਰਿਹਾ, ਇਹ ਕੈਗ ਦੀ ਰਿਪੋਰਟ ਕਹਿ ਰਹੀ ਹੈ.....|
ਇਸ ਮੌਕੇ 'ਤੇ ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਇਹ ਬੜੀ ਚੰਗੀ ਗੱਲ ਹੈ ਕਿ ਤੁਸੀਂ ਤੱਥ ਪੇਸ਼ ਕੀਤੇ ਹਨ, ਪਰ ਕੁਝ ਜਵਾਬਦੇਹੀ ਵੀ ਹੋਣੀ ਚਾਹੀਦੀ ਹੈ ਅਤੇ ਦੋਸ਼ੀਆਂ ਵਿਰੁੱਧ ਕਾਰਵਾਈ ਵੀ ਹੋਣੀ ਚਾਹੀਦੀ ਹੈ| ਇਹ ਕਹਿਣ ਦੀ ਦੇਰ ਹੀ ਸੀ ਕਿ ਕਾਂਗਰਸੀ ਬੈਂਚਾਂ ਨੇ ਹਮਾਇਤ ਵਿੱਚ ਮੇਜ਼ ਥਪਥਪਾਏ| ਦਿਲਚਸਪ ਗੱਲ ਇਹ ਸੀ ਕਿ ਜਦੋਂ ਬਾਦਲ ਪਰਿਵਾਰ ਉਤੇ ਹਮਲੇ ਹੋ ਰਹੇ ਸਨ ਤਾਂ ਉਸ ਸਮੇਂ ਕਾਂਗਰਸੀ ਅਤੇ ਆਪ ਦੇ ਵਿਧਾਇਕ ਪੂਰਾ ਅਨੰਦ ਮਾਣਦੇ ਨਜ਼ਰ ਆ ਰਹੇ ਸਨ, ਜਦਕਿ ਅਕਾਲੀ ਬੈਂਚ ਖਾਲਮਖਾਲੀ ਸਨ| ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਇਸ ਸਾਰੇ ਦ੍ਰਿਸ਼ ਨੂੰ ਵੇਖ ਤਾਂ ਰਹੇ ਸਨ, ਪਰ ਇਹ ਪਤਾ ਨਹੀਂ ਸੀ ਲੱਗ ਰਿਹਾ ਕਿ ਉਹ ਸਾਰੇ ਕੁਝ ਦੇ ਹੱਕ ਵਿੱਚ ਸਨ ਜਾਂ ਨਹੀਂ, ਜੋ ਮਨਪ੍ਰੀਤ ਕਹਿ ਰਿਹਾ ਸੀ| ਕਈ ਵਾਰ ਮਨਪ੍ਰੀਤ ਬਾਦਲ ਨੇ ਆਪਣੇ ਭਾਸ਼ਣ ਦੌਰਾਨ ਖਾਲੀ ਬੈਂਚਾਂ ਵੱਲ ਇਸ਼ਾਰਾ ਕੁਝ ਇਸ ਤਰ੍ਹਾਂ ਕੀਤਾ ਕਿ ਜਿਵੇਂ ਅਕਾਲੀ ਵਿਧਾਇਕ ਬੈਂਚ 'ਤੇ ਹਾਜ਼ਰ ਹੋਣ| ਮਨਪ੍ਰੀਤ ਬਾਦਲ ਨੇ ਆਪਣੀ ਤੋਪ ਦਾ ਆਖਰੀ ਨਿਸ਼ਾਨਾ ਬਾਦਲ ਪਰਿਵਾਰ ਉਤੇ ਲਾਉਂਦਿਆਂ ਕਿਹਾ ਕਿ ਦੇਸ਼ ਆਜ਼ਾਦ ਹੋਏ ਨੂੰ 70 ਸਾਲ ਹੋ ਗਏ ਹਨ, ਪਰ ਕਿਸੇ ਨੇ ਕਦੇ ਇਹ ਵੇਖਿਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਬਾਦਲ ਸਾਹਬ ਹੋਣ, ਉਨ੍ਹਾਂ ਦਾ ਪੁੱਤਰ ਪੰਜਾਬ ਦਾ ਉਪ ਮੁੱਖ ਮੰਤਰੀ ਹੋਵੇ, ਉਪ ਮੁੱਖ ਮੰਤਰੀ ਦਾ ਸਾਲਾ ਕੈਬਨਿਟ ਮੰਤਰੀ ਹੋਵੇ ਅਤੇ ਉਪ ਮੁੱਖ ਮੰਤਰੀ ਦੀ ਪਤਨੀ ਕੇਂਦਰ ਸਰਕਾਰ ਵਿੱਚ ਵਜ਼ੀਰ ਹੋਵੇ..... ਇਨ੍ਹਾਂ ਦੇ ਪਰਿਵਾਰ ਵਿੱਚ ਕੋਈ ਵੀ ਬਾਲਗ ਬੇਰੁਜ਼ਗਾਰ ਨਹੀਂ ਸੀ ਪਰ ਸਾਰਾ ਪੰਜਾਬ ਇਨ੍ਹਾਂ ਦੇ ਰਾਜ ਵਿੱਚ ਬੇਰੁਜ਼ਗਾਰ ਬਣਿਆ ਰਿਹਾ.... ਹੁਣ ਕਹਿੰਦੇ ਮਨਪ੍ਰੀਤ ਬਾਦਲ ਨੂੰ ਖਜ਼ਾਨਾ ਨਹੀਂ ਚਲਾਉਣਾ ਆਉਂਦਾ......| ਇਹ ਜਾਂਦੀ ਵਾਰੀ 30 ਹਜ਼ਾਰ ਕਰੋੜ ਦਾ ਟੋਆ ਪੁੱਟ ਗਏ, ਇੰਜ ਮੇਰੇ ਹੱਥ ਖਾਲੀ ਖਜ਼ਾਨਾ ਹੀ ਆਇਆ.... ਮੇਰਾ ਕੋਈ ਮਨਸ਼ਾ ਨਹੀਂ ਕਿ ਬਜਟ ਵਿੱਚ ਹੇਰ-ਫੇਰ ਕੀਤੀ ਜਾਵੇ.... ਮੈਂ ਇਸ ਸਦਨ ਅੱਗੇ ਜਵਾਬਦੇਹ ਹਾਂ.... ਮੈਂ ਇਸ ਤੋਂ ਵੀ ਵੱਧ ਲੋਕਾਂ ਅੱਗੇ ਜਵਾਬਦੇਹ ਹਾਂ, ਜਿਨ੍ਹਾਂ ਨੇ ਮੈਂਨੂੰ ਚੁਣ ਕੇ ਇਥੇ ਭੇਜਿਆ ਹੈ.... ਸਭ ਤੋਂ ਵੱਧ ਮੈਨੂੰ ਪਰਮਾਤਮਾ ਦੀ ਕਚਿਹਰੀ ਵਿੱਚ ਵੀ ਹਾਜ਼ਰ ਹੋਣਾ ਹੈ...... ਮੈਨੂੰ ਇਨ੍ਹਾਂ (ਬਾਦਲ ਪਰਿਵਾਰ ਵੱਲ ਇਸ਼ਾਰਾ) ਤੋਂ ਡਰ ਨਹੀਂ ਲੱਗਦਾ..... ਇਹ ਮੇਰੀ ਸ਼ਰਾਫਤ ਨੂੰ ਕਮਜ਼ੋਰੀ ਸਮਝਦੇ ਰਹੇ......
ਕਰਮਜੀਤ ਸਿੰਘ
9915091063