ਹਾਲ ਵਿੱਚ ਹੀ ਕੀਨੀਆ ਦੇ ਇੱਕ ਲੇਖਕ 'ਨਗੂ ਗੀ ਵਾ ਥਾਈਓਂਗ' (Ngu gi wa hiong'o) ਨੇ ਭਾਰਤ ਦਾ ਦੌਰਾ ਕੀਤਾ| ਮਾਂ ਬੋਲੀ ਦੀ ਸਾਹਿਤ ਅਤੇ ਜ਼ਿੰਦਗੀ ਵਿੱਚ ਕੀ ਮਹੱਤਤਾ ਹੁੰਦੀ ਹੈ, 'ਟਾਈਮਜ਼ ਆਫ ਇੰਡੀਆ' ਅਖਬਾਰ ਨਾਲ ਇੱਕ ਇੰਟਰਵਿਊ ਦੌਰਾਨ ਉਸਦੇ ਕੀਮਤੀ ਵਿਚਾਰ ਸੁਣਨ ਵਾਲੇ ਹਨ| ਇਸ ਲੇਖਕ ਨੇ ਆਪਣੇ ਲੋਕਾਂ ਦੇ ਹੱਕਾਂ ਲਈ ਜੇਲ੍ਹ ਵੀ ਕੱਟੀ ਹੈ ਅਤੇ ਅਰੰਭ ਵਿੱਚ ਅੰਗਰੇਜ਼ੀ ਵਿੱਚ ਆਪਣੀਆਂ ਪੁਸਤਕਾਂ ਲਿਖੀਆਂ ਪਰ ਅਖੀਰ 'ਤੇ ਉਸਨੂੰ ਮਾਂ ਬੋਲੀ ਹੀ ਸਭ ਤੋਂ ਚੰਗੀ ਲੱਗੀ|
ਇਸ ਇੰਟਰਵਿਊ ਦਾ ਇੱਕ ਹਿੱਸਾ ਇਸ ਤਰ੍ਹਾਂ ਹੈ :
''ਸਾਨੂੰ ਸਾਰਿਆਂ ਨੂੰ ਇੱਕ ਅਧਾਰ ਦੀ, ਇੱਕ ਬੁਨਿਆਦ ਦੀ, ਇੱਕ ਨੀਂਹ ਦੀ ਲੋੜ ਹੁੰਦੀ ਹੈ, ਜਿਥੋਂ ਅਸੀਂ ਸਾਰੀ ਦੁਨੀਆ ਨਾਲ ਆਪਣੇ ਰਿਸ਼ਤੇ ਜੋੜਨੇ ਹੁੰਦੇ ਹਨ| ਉਹ ਬੋਲੀ ਜੋ ਅਸੀਂ ਬੋਲਦੇ ਹਾਂ, ਜੋ ਸਾਡੇ ਸੱਭਿਆਚਾਰ ਦਾ ਹਿੱਸਾ ਹੁੰਦੀ ਹੈ, ਅਸਲ ਵਿੱਚ ਉਹ ਹੀ ਸਾਡੀ ਨੀਂਹ ਅਤੇ ਸਾਡੀ ਬੁਨਿਆਦ ਹੁੰਦੀ ਹੈ
ਮੰਨ ਲਓ, ਤੁਸੀਂ ਸਾਰੀ ਦੁਨੀਆਂ ਦੀਆਂ ਬੋਲੀਆਂ ਨੂੰ ਜਾਣਦੇ ਹੋ, ਪਰ ਆਪਣੀ ਮਾਂ ਬੋਲੀ ਨੂੰ ਨਹੀਂ ਜਾਣਦੇ ਤਾਂ ਤੁਸੀਂ ਇੱਕ ਤਰ੍ਹਾਂ ਨਾਲ ਗੁਲਾਮ ਹੋ| ਪਰ ਜੇਕਰ ਤੁਸੀਂ ਆਪਣੀ ਮਾਂ ਬੋਲੀ ਜਾਣਦੇ ਹੋ ਅਤੇ ਸਾਰੀ ਦੁਨੀਆਂ ਦੀਆਂ ਬੋਲੀਆਂ ਨੂੰ ਇਸ ਵਿੱਚ ਸ਼ਾਮਿਲ ਕਰਦੇ ਹੋ ਤਾਂ ਇਹ ਤੁਹਾਡੀ ਖੁਦਮੁਖਤਿਆਰੀ ਦੀ ਨਿਸ਼ਾਨੀ ਹੈ|''
ਸਾਡੀ ਟਿੱਪਣੀ : ਪੰਜਾਬੀ ਬੋਲੀ ਇੰਨੀ ਅਮੀਰ, ਖੁਸ਼ਹਾਲ ਅਤੇ ਮਿੱਠੀ ਕਿਉਂ ਹੈ? ਇਸ ਲਈ ਮਿੱਠੀ ਅਤੇ ਅਮੀਰ ਹੈ, ਕਿਉਂਕਿ ਇਸਨੇ ਉਰਦੂ, ਫਾਰਸੀ, ਅਰਬੀ, ਸੰਸਕ੍ਰਿਤ, ਹਿੰਦੀ ਅਤੇ ਹੋਰ ਕਈ ਭਾਸ਼ਾਵਾਂ ਵਿੱਚ ਆਪਣੇ ਵਿੱਚ ਸਮੋ ਲਿਆ ਹੈ ਅਤੇ ਅਜਿਹਾ ਕਰਦਿਆਂ ਆਪਣੀ ਹੋਂਦ ਨੂੰ, ਆਪਣੇ ਵਜੂਦ ਨੂੰ ਅੰਮ੍ਰਿਤ ਵੇਲੇ ਦੀ ਸੱਜਰੀ ਸਵੇਰ ਵਾਂਗ ਚਮਕਾਇਆ ਅਤੇ ਰੁਸ਼ਨਾਇਆ ਹੈ| ਗੁਰੂ ਗ੍ਰੰਥ ਸਾਹਿਬ ਇਸ ਪ੍ਰਤੀਕ ਦਾ ਸਰਸਬਜ਼ ਚਸ਼ਮਾ ਹੈ|
Tਸਲਾਮ ਹੈ ਉਨ੍ਹਾਂ ਨੂੰ, ਜਿਨ੍ਹਾਂ ਨੇ ਮਾਂ ਬੋਲੀ ਦੀ ਰਾਖੀ ਲਈ ਅੱਜਕੱਲ੍ਹ ਜਿਹਾਦ ਸ਼ੁਰੂ ਕੀਤਾ ਹੋਇਆ ਹੈ ਪਰ ਸਰਾਪੀਆਂ ਹਨ ਉਹ ਪਾਰਟੀਆਂ ਅਤੇ ਉਹ ਲੋਕ, ਜੋ ਇਸ ਮਹਾਨ ਜੱਦੋਜਹਿਦ ਵਿੱਚ ਸ਼ਾਮਿਲ ਹੀ ਨਹੀਂ ਹਨ| ਉਨ੍ਹਾਂ ਪਾਰਟੀਆਂ ਬਾਰੇ ਕੀ ਕਹੀਏ, ਜਿਨ੍ਹਾਂ ਦੇ ਪੁਰਖਿਆਂ ਨੇ ਪੰਜਾਬੀ ਸੂਬੇ ਲਈ ਸ਼ਹਾਦਤਾਂ ਦਿੱਤੀਆਂ, ਘਰ-ਘਾਟ ਉਜਾੜੇ ਪਰ ਅੱਜ ਉਨ੍ਹਾਂ ਦੀ ਖਾਮੋਸ਼ੀ ਕੀ ਇੱਕ ਇਖਲਾਕੀ ਜੁਰਮ ਨਹੀਂ? ਕਿਸਨੇ ਅਤੇ ਕਿਹੜੀਆਂ ਤਾਕਤਾਂ ਨੇ ਉਨ੍ਹਾਂ ਨੂੰ ਜ਼ਿੰਦਗੀ ਦੇ ਘੇਰਿਆਂ 'ਚੋਂ ਬਾਹਰ ਕੱਢ ਦਿੱਤਾ ਹੈ?
ਚੋਣਕਾਰ : ਕਰਮਜੀਤ ਸਿੰਘ, ਚੰਡੀਗੜ੍ਹ, 99150-91063