ਚੰਡੀਗੜ੍ਹ, 12 ਅਪ੍ਰੈਲ (ਕਰਮਜੀਤ ਸਿੰਘ) : ਪੰਜਾਬ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਅਤਿ ਆਧੁਨਿਕ ਅਤੇ ਵਿਗਿਆਨਕ ਢੰਗਾਂ ਨਾਲ ਪੜ੍ਹਾਉਣ ਲਈ ਅਤੇ ਪੜ੍ਹਾਈ ਦਾ ਮਿਆਰ ਉੱਚਾ ਚੁੱਕਣ ਲਈ ਸਮਾਰਟ ਕਲਾਸ ਨੂੰ ਸ਼ੁਰੂ ਕਰਨ ਦਾ ਇੱਕ ਨਵਾਂ ਪ੍ਰੋਗਰਾਮ ਅਰੰਭ ਕੀਤਾ ਗਿਆ ਹੈ| ਫਿਲਹਾਲ ਇਸ ਦਾ ਉਦਘਾਟਨ ਦਾਖਾ ਅਸੈਂਬਲੀ ਹਲਕੇ ਤੋਂ ਕੀਤਾ ਗਿਆ ਹੈ| ਆਮ ਆਦਮੀ ਪਾਰਟੀ ਦੇ ਵਿਧਾਇਕ ਹਰਵਿੰਦਰ ਸਿੰਘ ਫੂਲਕਾ ਦੀ ਪਹਿਲਕਦਮੀ 'ਤੇ ਇਸੇ ਸੈਸ਼ਨ ਤੋਂ 16 ਪਿੰਡਾਂ ਦੇ ਪ੍ਰਾਇਮਰੀ ਸਕੂਲ ਚੁਣੇ ਗਏ ਹਨ, ਜਿਸ ਦਾ ਸਾਰਾ ਖਰਚਾ ਕੈਨੇਡਾ ਦੇ ਉੱਘੇ ਬਿਜਨਸਮੈਨ ਸ. ਸੁਮੀਤ ਸਿੰਘ ਤੁਲੀ ਕਰਨਗੇ|
ਇਥੇ ਪ੍ਰੈਸ ਕਲੱਬ ਵਿੱਚ ਇਹ ਐਲਾਨ ਕਰਦਿਆਂ ਸ. ਫੂਲਕਾ ਨੇ ਦੱਸਿਆ ਕਿ ਸਮਾਰਟ ਕਲਾਸ ਰੂਮ ਰਾਹੀਂ ਪੜ੍ਹਾਈ ਦਾ ਸਿਲਸਿਲਾ ਸ਼ੁਰੂ ਕਰਨ ਵਾਸਤੇ ਇਸ ਪ੍ਰਾਜੈਕਟ ਉਤੇ ਬਕਾਇਦਾ 6 ਮਹੀਨੇ ਲੱਗੇ ਹਨ ਅਤੇ ਉਸ ਪਿੱਛੋਂ ਹੀ ਸੁਮੀਤ ਸਿੰਘ ਤੁਲੀ ਨੇ ਵਾਅਦਾ ਕੀਤਾ ਕਿ ਉਹ ਪ੍ਰਾਇਮਰੀ ਸਕੂਲਾਂ ਵਿੱਚ ਸਮਾਰਟ ਕਲਾਸ ਰੂਮ ਆਪ ਬਣਾ ਕੇ ਦੇਣਗੇ| ਇੱਕ ਮੋਟੇ ਅੰਦਾਜ਼ੇ ਮੁਤਾਬਕ ਸਮਾਰਟ ਕਲਾਸ ਰੂਮ ਦਾ ਜੋ ਮਾਡਲ ਤਿਆਰ ਕੀਤਾ ਗਿਆ ਹੈ, ਉਸ ਉੱਤੇ ਕੇਵਲ 18 ਹਜ਼ਾਰ ਰੁਪਏ ਪ੍ਰਤੀ ਸਕੂਲ ਖਰਚਾ ਆਏਗਾ| ਇਥੇ ਇਹ ਚੇਤੇ ਕਰਾਇਆ ਜਾਂਦਾ ਹੈ ਕਿ ਹੁੱਣ ਤੱਕ ਸਰਕਾਰਾਂ ਨੇ ਇਹੋ ਜਿਹੇ ਸਮਾਰਟ ਕਲਾਸ ਰੂਮ ਬਣਾਉਣ ਲਈ ਲੱਖਾਂ ਰੁਪਏ ਖਰਚੇ ਹਨ, ਪਰ ਇਸ ਸਮੇਂ ਸਰਕਾਰ ਕੋਲ ਇੰਨਾ ਪੈਸਾ ਨਹੀਂ ਕਿ ਪੰਜਾਬ ਦੇ 12 ਹਜ਼ਾਰ ਸਕੂਲਾਂ ਵਿੱਚ ਇਹ ਨਵਾਂ ਪ੍ਰਬੰਧ ਲਾਗੂ ਕੀਤਾ ਜਾ ਸਕੇ| ਸਰਕਾਰ ਨੇ ਸਿਰਫ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਹੀ ਇਹ ਪ੍ਰਬੰਧ ਕੀਤਾ ਅਤੇ ਪ੍ਰਾਇਮਰੀ ਸਕੂਲਾਂ ਵਿੱਚ ਪਹੁੰਚ ਹੀ ਨਹੀਂ ਕੀਤੀ ਜਦਕਿ ਬੁਨਿਆਦੀ ਰੂਪ ਵਿੱਚ ਇਹ ਉਥੋਂ ਸ਼ੁਰੂ ਕੀਤੇ ਜਾਣੇ ਚਾਹੀਦੇ ਸਨ| ਸੁਭਾਵਿਕ ਹੀ ਪ੍ਰਾਇਮਰੀ ਸਕੂਲਾਂ ਵਿੱਚ ਬੱਚਿਆਂ ਨੂੰ ਆਡੀਓ-ਵਿਜ਼ੂਅਲ ਤਰੀਕਾ ਜ਼ਿਆਦਾ ਖਿੱਚਦਾ ਹੈ|
ਸ. ਫੂਲਕਾ ਨੇ ਦੱਸਿਆ ਕਿ ਤਜਰਬੇ ਦੇ ਤੌਰ 'ਤੇ ਪਹਿਲਾਂ 8 ਸਕੂਲਾਂ ਵਿੱਚ ਇਸ ਪ੍ਰਬੰਧ ਨੂੰ ਚੰਗੀ ਤਰ੍ਹਾਂ ਚਲਾ ਕੇ ਵੇਖਿਆ ਗਿਆ| ਅਧਿਆਪਕਾਂ ਅਤੇ ਬੱਚਿਆਂ ਤੋਂ ਇਸ ਦੀ ਸਫਲਤਾ ਬਾਰੇ ਬਕਾਇਦਾ ਜਾਣਕਾਰੀ ਹਾਸਲ ਕੀਤੀ ਗਈ ਅਤੇ ਇਹ ਹੈਰਾਨੀ ਦੀ ਗੱਲ ਸੀ ਕਿ ਬੱਚਿਆਂ ਦੇ ਮਾਪਿਆਂ ਵੱਲੋਂ ਅਤੇ ਅਸਰ ਰਸੂਖ ਵਾਲੇ ਵਿਅਕਤੀਆਂ ਵੱਲੋਂ ਇੰਨਾ ਜਬਰਦਸਤ ਹੁੰਗਾਰਾ ਮਿਲਿਆ ਕਿ ਹੁਣ ਦਾਖਾ ਹਲਕੇ ਵਿੱਚ 70 ਸਕੂਲਾਂ ਵਿੱਚ ਸਮਾਰਟ ਕਲਾਸ ਰੂਮ ਬਣਾ ਦਿੱਤੇ ਜਾਣਗੇ ਅਤੇ ਛੇਤੀ ਹੀ ਬਾਕੀ ਹਲਕਿਆਂ ਵਿੱਚ ਵੀ ਇਹ ਪ੍ਰਬੰਧ ਸਥਾਪਿਤ ਕਰ ਦਿੱਤਾ ਜਾਏਗਾ| ਉਨ੍ਹਾਂ ਦੱਸਿਆ ਕਿ ਜੇ ਸਰਕਾਰ ਨੂੰ ਇਹ ਸਿਸਟਮ ਸ਼ੁਰੂ ਕਰਨ ਵਿੱਚ ਰਤਾ ਵੀ ਦਿਲਚਸਪੀ ਹੋਵੇ ਤਾਂ ਮੈਂ ਇਹ ਕਹਿ ਸਕਦਾ ਹਾਂ ਕਿ 18 ਕਰੋੜ ਰੁਪਏ ਨਾਲ ਪੰਜਾਬ ਦੇ ਸਾਰੇ ਸਕੂਲਾਂ ਵਿੱਚ ਸਮਾਰਟ ਕਲਾਸ ਰੂਮ ਬਣਾਏ ਜਾ ਸਕਦੇ ਹਨ| ਸਰਕਾਰ ਲਈ ਇਹ ਕੋਈ ਵੱਡੀ ਰਕਮ ਵੀ ਨਹੀਂ ਹੈ| ਉਨ੍ਹਾਂ ਨੇ ਐਨਆਰਆਈਜ਼ ਨੂੰ ਅਪੀਲ ਕੀਤੀ ਕਿ ਤੁਸੀਂ ਆਪਣੇ-ਆਪਣੇ ਪਿੰਡਾਂ ਵਿੱਚ ਅਜਿਹਾ ਪ੍ਰਬੰਧ ਕਰਨ ਲਈ ਮਾਇਆ ਭੇਜੋ| ਸਿਰਫ 300 ਡਾਲਰ ਦੇਣ ਨਾਲ ਹੀ ਇੱਕ ਪ੍ਰਾਇਮਰੀ ਸਕੂਲ ਵਿੱਚ ਇਹ ਸਿਸਟਮ ਕਾਇਮ ਕੀਤਾ ਜਾ ਸਕਦਾ ਹੈ| ਉਨ੍ਹਾਂ ਇਹ ਵੀ ਦੱਸਿਆ ਕਿ 1 ਸਾਲ ਦਾ ਰੱਖ-ਰਖਾਅ ਦਾ ਖਰਚਾ ਅਤੇ ਵਾਰੰਟੀ ਦੀ ਦੇਖ-ਰੇਖ ਸੁਮੀਤ ਸਿੰਘ ਦੀ ਕੰਪਨੀ ਕਰੇਗੀ| ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਸ੍ਰੀ ਸੁਖਵਿੰਦਰ ਢੋਲਣ (98766-66341) ਅਤੇ ਤਪਿੰਦਰ ਗਰੇਵਾਲ (99140-22913) ਨਾਲ ਸੰਪਰਕ ਕੀਤਾ ਜਾ ਸਕਦਾ ਹੈ| ਬਾਅਦ ਵਿੱਚ ਸ. ਫੂਲਕਾ ਨੇ 'ਪਹਿਰੇਦਾਰ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਨ੍ਹਾਂ ਪ੍ਰਾਇਮਰੀ ਸਕੂਲਾਂ ਦਾ ਸਿਲੇਬਸ ਸਰਕਾਰ ਵੱਲੋਂ ਕਾਇਮ ਕੀਤੇ ਸਲੇਬਸ ਮੁਤਾਬਕ ਹੀ ਹੋਵੇਗਾ| ਸਾਡੇ ਵੱਲੋਂ ਇਸ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਜਾਵੇਗੀ| ਉਨ੍ਹਾਂ ਦੱਸਿਆ ਕਿ ਇਸ ਸਿਸਟਮ ਨਾਲ ਬੱਚਿਆਂ ਦੇ ਅੰਦਰ ਆਪਣੇ ਆਪ ਹੀ ਗਣਿਤ ਅਤੇ ਹੋਰ ਵਿਸ਼ਿਆਂ ਵਿੱਚ ਦਿਲਚਸਪੀ ਪੈਦਾ ਹੋ ਜਾਵੇਗੀ| ਉਨ੍ਹਾਂ ਕਿਹਾ ਕਿ ਜੇਕਰ ਪੰਜਾਬੀ ਦਸਵੰਧ ਹੀ ਕੱਢ ਦੇਣ ਤਾਂ ਉਹ ਦਸਵੰਧ ਵਿਦਿਆਂ ਨੂੰ ਉਨੱਤ ਕਰਨ ਲਈ ਖਰਚਿਆ ਜਾ ਸਕਦਾ ਹੈ| ਜਦੋਂ ਫੂਲਕਾ ਨੂੰ ਪੁੱਛਿਆ ਗਿਆ ਕਿ ਕੀ ਉਨ੍ਹਾਂ ਨੇ ਰਾਜਨੀਤੀ ਨੂੰ ਅਲਵਿਦਾ ਕਹਿ ਦਿੱਤੀ ਹੈ ਅਤੇ ਇਹੋ ਜਿਹੇ ਪ੍ਰੋਗਰਾਮ ਸ਼ੁਰੂ ਕਰ ਦਿੱਤੇ ਹਨ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਸੇਵਾ ਰਾਹੀਂ ਰਾਜ ਦੇ ਸੰਕਲਪ ਰੱਖਦੇ ਹਨ| ਪ੍ਰੈਸ ਕਾਨਫਰੰਸ ਵਿੱਚ ਉਨ੍ਹਾਂ ਉੱਤੇ ਆਪ ਦੀ ਰਾਜਨੀਤੀ ਬਾਰੇ ਕਈ ਸਵਾਲ ਕੀਤੇ ਗਏ ਪਰ ਉਹ ਸਾਰੇ ਸਵਾਲਾਂ ਦੇ ਜਵਾਬ ਟਾਲ ਗਏ| ਉਨ੍ਹਾਂ ਦੇ ਨਾਲ ਦੋ ਹੋਰ ਸਮਾਜ ਸੇਵਕ ਵੀ ਸਨ, ਜਿਨ੍ਹਾਂ ਦੇ ਨਾਂਅ ਕ੍ਰਮਵਾਰ ਅਵਤਾਰ ਸਿੰਘ ਢੀਂਡਸਾ ਅਤੇ ਰੁਪਿੰਦਰ ਸਿੰਘ ਸਨ|