ਫਿਲਮ ‘ਬਲੈਕ ਪ੍ਰਿੰਸ’ ਡਿਜੀਟਲ ਰੂਪ ਵਿੱਚ ਸਾਰੇ ਸੰਸਾਰ ਵਿੱਚ ਰਿਲੀਜ਼

ਸਿੱਖ ਰਾਜ ਨੂੰ ਮੁੜ ਹਾਸਲ ਕਰਨ ਦੀ ਤਾਂਘ ਜਗਾਉਂਦੀ ਹੈ ਇਹ ਫਿਲਮ

The-Black-Prince
ਚੰਡੀਗੜ੍ਹ, 12 ਅਪ੍ਰੈਲ : ਦੁਨੀਆਂ ਭਰ ਵਿੱਚ ਆਪਣੀ ਐਂਟਰਟੇਨਮੈਂਟ ਲਈ ਜਾਣੇ ਜਾਂਦੇ ਯੂਨੀ ਗਲੋਬ ਐਂਟਰਨੇਟਮੈਂਟ ਵਲੋਂ ਯੂ.ਕੇ. ਦੀ ਬਲੌਕਬਸਟਰ ਅਤੇ ਹਾਲੀਵੁੱਡ ਵਿੱਚ ਬਣੀ ਕਲਾਤਮਕ ਫਿਲਮ 'ਦਿ ਬਲੈਕ ਪ੍ਰਿੰਸ' ਨੂੰ 10 ਅਪ੍ਰੈਲ ਨੂੰ ਡਿਜਿਟਲ ਪਲੇਟਫਾਰਮਾਂ ਉੱਤੇ ਰਿਲੀਜ਼ ਕੀਤੇ ਜਾਣ ਤੋਂ ਬਾਅਦ ਹਰ ਪਾਸਿਓਂ ਭਰਵਾਂ ਹੁੰਗਾਰਾ ਮਿਲਣ ਦੀਆਂ ਰਿਪੋਰਟਾਂ ਮਿਲ ਰਹੀਆਂ ਹਨ| ਮਹਾਰਾਜਾ ਦਲੀਪ ਸਿੰਘ ਦੀ ਕਹਾਣੀ ਉੱਤੇ ਆਧਾਰਿਤ ਇਸ ਇਤਿਹਾਸਕ ਫਿਲਮ, ਜਿਸ ਵਿੱਚ ਪੰਜਾਬ ਦੇ ਇਤਿਹਾਸ ਨੂੰ ਬਹੁਤ ਹੀ ਸੂਝ ਬੂਝ ਨਾਲ ਪੇਸ਼ ਕੀਤਾ ਗਿਆ ਹੈ, ਨੂੰ ਇਸੇ ਵਾਸਤੇ ਖਾਲਸਾ ਪੰਥ ਦੇ ਜਨਮ ਦਿਹਾੜੇ ਵਿਸਾਖੀ ਦੇ ਨੇੜੇ ਰਿਲੀਜ਼ ਕੀਤਾ ਗਿਆ ਹੈ|
ਪ੍ਰਾਪਤ ਖ਼ਬਰਾਂ ਅਨੁਸਾਰ ਕੈਨੇਡਾ, ਇੰਗਲੈਂਡ ਅਤੇ ਅਮਰੀਕਾ ਦੇ ਫਿਲਮ ਸਟੋਰਾਂ ਵਿੱਚ 'ਦ ਬਲੈਕ ਪ੍ਰਿੰਸ' ਫਿਲਮ ਦੀਆਂ ਡੀਵੀਡੀਜ਼ ਨੂੰ ਨਵੀਆਂ ਰਿਲੀਜ਼ ਹੋਈਆਂ ਤੇ ਬਹੁਤ ਅਹਿਮ ਫਿਲਮਾਂ ਵਾਲੇ ਖਾਨਿਆਂ ਵਿੱਚ ਉੱਚੇਚਾ ਟਾਪ ਉੱਤੇ ਰੱਖਿਆ ਗਿਆ ਹੈ| ਸਿਰਫ਼ ਸਿੱਖ ਹੀ ਨਹੀਂ ਬਲਕਿ ਹੋਰਨਾਂ ਭਾਈਚਾਰਿਆਂ ਦੇ ਲੋਕ ਫਿਲਮ ਪ੍ਰਸੰਸਕ ਉੱਚੇਚਾ ਲਿਜਾ ਕੇ ਵੇਖ ਰਹੇ ਹਨ|
ਇਸ ਫਿਲਮ ਦੇ ਰੂਹੇ-ਰਵਾਂ ਅਸਲ ਵਿੱਚ ਕੈਲੀਫੋਰਨੀਆ ਸਥਿਤ ਭਾਈ ਜਸਜੀਤ ਸਿੰਘ ਹਨ ਅਤੇ ਸੀਮਤ ਸਾਧਨਾਂ ਦੇ ਬਾਵਜੂਦ ਇਹ ਫਿਲਮ ਬਣਾਉਣ ਦਾ ਵਿਚਾਰ ਕਈ ਸਾਲ ਪਹਿਲਾਂ ਉਨ੍ਹਾਂ ਦੇ ਦਿਲ ਵਿੱਚ ਆਇਆ ਸੀ| ਉਹ ਖੇਡਾਂ ਦੇ ਖੇਤਰ ਵਿੱਚ ਉੱਘੇ ਤੈਰਾਕ ਹਨ ਜਿਨ੍ਹਾਂ ਨੇ ਅੰਤਰਰਾਸ਼ਟਰੀ ਪੱਧਰ ਉਤੇ ਇਸ ਖੇਤਰ ਵਿੱਚ ਉੱਘਾ ਸਥਾਨ ਹਾਸਲ ਕੀਤਾ ਸੀ| ਜਸਜੀਤ ਦੇ ਮਨ-ਮੰਦਰ ਵਿਚ ਖ਼ਾਲਸਾ ਪੰਥ ਦੀਆਂ ਬੀਤ ਚੁੱਕੀਆਂ ਸੁਨਹਿਰੀ ਯਾਦਾਂ ਅਕਸਰ ਹੀ ਖੌਰੂ ਪਾਉਂਦੀਆਂ ਰਹਿੰਦੀਆਂ ਹਨ| ਨੋਬਲ ਇਨਾਮ ਜੇਤੂ ਵਿਲੀਅਮ ਫਾਕਨਰ ਦਾ ਇਹ ਕਥਨ ਰੱਬ ਵਰਗਾ ਪਿਆਰਾ ਹੈ ਕਿ 'ਅਤੀਤ ਕਦੇ ਵੀ ਮਰਦਾ ਨਹੀਂ| ਇਹ ਸਾਡੇ ਅੰਦਰ ਕੁਕਨਸ ਪੰਛੀ ਦੀ ਰਾਖ ਵਾਂਗ ਮੁੜ ਮੁੜ ਜਨਮ ਲੈਂਦਾ ਰਹਿੰਦਾ ਹੈ, ਵਾਰ-ਵਾਰ ਆਪਣੀ ਸਿਰਜਣਾ ਕਰਦਾ ਹੈ| ਜਦੋਂ ਹਰਿੰਦਰ ਸਿੰਘ ਮਹਿਬੂਬ ਦਸਮੇਸ਼ ਪਿਤਾ ਨੂੰ ਆਵਾਜ਼ਾਂ ਮਰਦਾ ਹੈ, 'ਤੂੰ ਬਹੁੜੀ ਕਲਗੀ ਵਾਲਿਆ, ਕੋਈ ਦੇਸ ਨਾ ਸਾਡਾ| ਸੁਪਨਾ ਪੁਰੀ ਅਨੰਦ ਦਾ, ਬੇਨੂਰ ਦੁਰਾਡਾ', ਤਾਂ ਕੌਣ ਹੈ ਜੋ ਕੌਮ ਦੀ ਲਹੂ ਭਿੱਜੀ ਤਕਦੀਰ ਉਤੇ ਹੰਝੂ ਨਹੀਂ ਕੇਰੇਗਾ| ਇਨ੍ਹਾਂ ਯਾਦਾਂ ਵਿਚੋਂ ਹੀ ਇੱਕ ਦਿਨ ਮਨੁੱਖੀ ਭੇਸ ਬਣਾ ਕੇ ਜਸਜੀਤ ਦੇ ਸਾਹਮਣੇ ਇਕ ਯਾਦ ਆਣ ਖਲੋਤੀ ਅਤੇ ਉਹ ਯਾਦ ਸੀ – ਮਹਾਰਾਜਾ ਦਲੀਪ ਸਿੰਘ ਯਾਨਿ ਖ਼ਾਲਸਾ ਰਾਜ ਦੀ ਆਖਰੀ ਯਾਦ, ਇਕ ਅਜਿਹੀ ਯਾਦ ਜੋ ਅੱਜ ਵੀ ਸੁੱਚੇ ਹੰਝੂਆਂ ਨੂੰ ਸੱਦਾ ਦਿੰਦੀ ਹੈ, ਇਕ ਦਰਦ ਭਿਜੀ ਦਾਸਤਾਨ ਜੋ ਅਸੀਂ ਭੁੱਲ-ਭੁਲਾ ਚੁੱਕੇ ਹਾਂ ਅਤੇ ਜਾਂ ਕਦੇ ਬਜ਼ੁਰਗਾਂ ਵਲੋਂ ਧੁੰਦਲੀ ਜਹੀ ਸ਼ਕਲ ਵਿਚ ਸੁਣਦੇ ਆ ਰਹੇ ਸਾਂ|
.....ਅਤੇ ਫਿਰ ਇਕ ਸ਼ਗਨਾਂ ਭਰੀ ਸਵੇਰ ਨੂੰ ਇਹ ਭੁੱਲੀ-ਵਿਸਰੀ ਯਾਦ 'ਦ ਬਲੈਕ ਪ੍ਰਿੰਸ' ਫ਼ਿਲਮ ਦਾ ਰੂਪ ਧਾਰ ਕੇ ਸਾਡੇ ਸਾਹਮਣੇ ਆਈ| ਫ਼ਿਲਮ ਬਣਾਉਣ ਦਾ ਵਿਚਾਰ ਤਾਂ ਵੱਡਾ ਸੀ, ਪਰ ਜਦੋਂ ਕਈ ਸਾਲ ਪਹਿਲਾਂ ਉਸ ਨੇ ਆਪਣੀ ਇਸ ਰੀਝ ਦਾ ਰਾਜ਼ ਖੋਲ੍ਹਿਆ ਤਾਂ ਮੈਨੂੰ ਲੱਗਿਆ, ਹਾਂ 'ਦਿਲ ਕੋ ਬਹਿਲਾਨੇ ਕੇ ਲੀਏ,…ਯੇ ਖਿਆਲ ਅੱਛਾ ਹੈ|' ਮੈਂ ਆਪਣੀ ਥਾਂ 'ਤੇ ਠੀਕ ਸੀ, ਕਿਉਂਕਿ ਮੇਰੇ ਸਾਹਮਣੇ ਫ਼ਿਲਮ ਤਕਨੀਕ ਦੇ ਕਿੰਨੇ ਵੱਡੇ ਅਤੇ ਗੁੰਝਲਦਾਰ ਸੱਚ ਘੁੰਮ ਰਹੇ ਸਨ| ਇਹ ਸੂਚਨਾ ਮੇਰੇ ਲਈ ਸੁਭਾਵਕ ਹੀ ਸੀ ਕਿ ਕੀ ਖੇਡਾਂ ਵਾਲਾ ਇਹ ਜਸਜੀਤ ਇਹ ਜਾਣਦੈ ਪਈ ਮੂਵੀ ਕੈਮਰਾ ਕੀ ਹੁੰਦੈ? ਫ਼ਿਲਮ ਵਿਚ ਸਾਊਂਡ ਦਾ ਕੀ ਰੋਲ ਹੁੰਦੈ? ਸਕਰਿਪਟ ਕੌਣ ਤਿਆਰ ਕਰੇਗਾ? ਇਤਿਹਾਸ ਦੀਆਂ ਕਿਤਾਬਾਂ ਕੌਣ ਪੜ੍ਹੇਗਾ? ਸੰਗੀਤ ਕੌਣ ਤਿਆਰ ਕਰੇਗਾ? ਐਕਟਰ ਕਿਹੜੇ ਹੋਣਗੇ? ਐਡੀਟਿੰਗ ਕਲਾ ਕੀ ਹੁੰਦੀ ਹੈ? ਅਤੇ ਸਭ ਤੋਂ ਵੱਡੀ ਗੱਲ ਪੈਸਾ ਕਿਥੋਂ ਆਵੇਗਾ? ਫਰੀਮਾਂਟ ਵਿਚ ਕਿਰਾਏ ਦੇ ਮਕਾਨ ਵਿਚ ਰਹਿਣ ਵਾਲਾ ਕਰੋੜਾਂ ਡਾਲਰਾਂ ਦੇ ਸਾਧਨ ਕਿਥੋਂ ਜੁਟਾਏਗਾ?
ਪਰ ਹਾਲੀਵੁੱਡ ਦੇ ਕਿਸੇ ਫ਼ਿਲਮ ਡਾਇਰੈਕਟਰ ਦੀ ਹੁਣ ਮੈਨੂੰ ਇਹ ਗੱਲ ਯਾਦ ਆ ਰਹੀ ਹੈ ਕਿ ਫ਼ਿਲਮ ਬਣਾਉਣ ਲਈ ਬੰਦੇ ਕੋਲ ਦੋ ਬਰਕਤਾਂ ਦਾ ਹੋਣਾ ਬਹੁਤ ਜ਼ਰੂਰੀ ਹੈ| ਇਕ ਤਾਂ ਉਸ ਦੇ ਅੰਦਰ ਸਿਰਜਣ ਕਲਾ ਦੀ ਸਿਖ਼ਰ ਦੁਪਹਿਰ ਹੋਵੇ ਅਤੇ ਦੂਜਾ ਉਸ ਦੇ ਧੁਰ ਅੰਦਰ ਮਰ-ਮਿਟਣ ਵਾਲਾ ਜਜ਼ਬਾ ਹੋਵੇ| ਬਿਨਾ ਸ਼ੱਕ ਜਸਜੀਤ ਸਿੰਘ ਕੋਲ ਇਨ੍ਹਾਂ ਦੋਵਾਂ ਚੀਜ਼ਾਂ ਦੀ ਸੌਗ਼ਾਤ ਸੀ| ਇਨ੍ਹਾਂ ਦੋਹਾਂ ਤੋਂ ਇਲਾਵਾ ਇਕ ਹੋਰ ਬਹੁਤ ਵੱਡੀ ਸੌਗ਼ਾਤ ਵੀ ਉਸ ਕੋਲ ਸੀ ਅਤੇ ਉਹ ਸੀ, ਵਿਚਾਰ ਜਾਂ ਆਇਡੀਆ| ਜਦੋਂ ਇਹ ਤਿੰਨੇ ਬਰਕਤਾਂ ਤੁਹਾਡੇ ਕੋਲ ਹੋਣ ਤਾਂ ਬਾਕੀ ਸਾਰੀਆਂ ਚੀਜ਼ਾਂ ਅਤੇ ਸਹੂਲਤਾਂ ਆਪਣੇ ਆਪ ਹੀ ਤੁਹਾਡੇ ਵੱਲ ਤੁਰੀਆਂ ਆਉਂਦੀਆਂ ਹਨ|
ਅਭਿਜੀਤ ਨਸਕਰ ਦੁਨੀਆਂ ਦੇ ਪ੍ਰਸਿੱਧ ਨਿਊਰੋਸੈਂਟਿਸਟਾਂ ਵਿਚੋਂ ਗਿਣਿਆ ਜਾਂਦਾ ਹੈ| ਫ਼ਿਲਮਾਂ ਬਾਰੇ ਉਸ ਦੀ ਇਕ ਗੱਲ ਕਦੇ ਨਹੀਂ ਭੁੱਲਦੀ 'ਤੁਸੀਂ ਕੋਈ ਵੀ ਕਿਹੋ ਜਿਹੀ ਵੀ ਫ਼ਿਲਮ ਤਿਆਰ ਕਰੋ| ਲੋਕ ਭੁੱਲ ਜਾਣਗੇ| ਪਰ ਜੇ ਤੁਸੀਂ ਫ਼ਿਲਮ ਵਿਚ ਕੋਈ ਵੱਡਾ ਵਿਚਾਰ ਪੇਸ਼ ਕਰ ਜਾਂਦੇ ਹੋ ਤਾਂ ਦਰਸ਼ਕਾਂ ਦੀ ਚੇਤਨਾ ਵਿਚ ਉਹ ਵਿਚਾਰ ਅਭੁੱਲ ਯਾਦਗਾਰ ਬਣ ਜਾਏਗਾ|' ਯਕੀਨਨ ਜਸਜੀਤ ਸਿੰਘ ਨੇ ਖ਼ਾਲਸਾ ਰਾਜ ਦਾ ਉਹ ਸੁਫ਼ਨਾ ਜਿਹੜਾ ਸਿੱਖ ਕੌਮ ਦੀ ਅਵਚੇਤਨਾ ਵਿਚ ਉਸਲਵੱਟੇ ਲੈ ਰਿਹਾ ਸੀ, ਉਸ ਨੂੰ ਜ਼ਮੀਨ 'ਤੇ ਲੈ ਆਂਦਾ| ਇਹੋ ਉਸ ਦੀ ਸ਼ਾਨਾਮੱਤੀ ਪ੍ਰਾਪਤੀ ਹੈ| ਬਹੁਤ ਲੋਕ ਮਿਲ ਜਾਣਗੇ ਜੋ ਫ਼ਿਲਮ ਦੀ ਕਈ ਪੱਖਾਂ ਤੋਂ ਨੁਕਤਾਚੀਨੀ ਕਰਨਗੇ| ਅਤੇ ਕਰ ਵੀ ਰਹੇ ਹਨ| ਕਿਸੇ ਹੱਦ ਤੱਕ ਉਹ ਠੀਕ ਵੀ ਹੋ ਸਕਦੇ ਹਨ| ਪਰ ਸਿਆਣੇ ਕਹਿੰਦੇ ਹਨ ਕਿ ਵਿਚਾਰ ਤੀਰਾਂ ਵਰਗੇ ਹੁੰਦੇ ਹਨ, ਜਦੋਂ ਆਪਣੇ ਨਿਸ਼ਾਨੇ 'ਤੇ ਵੱਜਦੇ ਹਨ ਤਾਂ ਡੂੰਘੇ ਜ਼ਖ਼ਮ ਕਰ ਜਾਂਦੇ ਹਨ| ਜਸਜੀਤ ਇਹ ਤੀਰ ਨਿਸ਼ਾਨੇ 'ਤੇ ਚਲਾਉਣ ਵਿਚ ਸਫ਼ਲ ਹੋਇਆ| ਉਸ ਨੇ ਆਪਣੇ ਆਪ ਨੂੰ ਇਕੋ ਵਿਚਾਰ ਉੱਤੇ ਕੇਂਦਰਿਤ ਕੀਤਾ| ਆਸੇ-ਪਾਸੇ ਗਿਆ ਹੀ ਨਹੀਂ| ਫਰਾਂਸ ਦੇ ਇਕ ਫਿਲਾਸਫ਼ਰ ਅਲੇਨ ਦਾ ਕਹਿਣਾ ਹੈ ਕਿ ਜੇ ਤੁਹਾਡੇ ਅੰਦਰ ਇਕੋ ਹੀ ਕਿਸੇ ਵਿਚਾਰ ਨੇ ਆਪਣਾ ਪੱਕਾ ਘਰ ਬਣਾ ਲਿਆ ਹੈ ਤਾਂ ਉਸ ਵਿਚਾਰ ਤੋਂ 'ਖ਼ਤਰਨਾਕ' ਹੋਰ ਕੋਈ ਵਿਚਾਰ ਨਹੀਂ ਸਕਦਾ| ਕੀ ਇਹ ਸੱਚ ਨਹੀਂ, ਕਿ ਸਾਡੀ ਨੌਜਵਾਨ ਪੀੜ੍ਹੀ ਦੇ ਗੱਭਰੂਆਂ ਅਤੇ ਮੁਟਿਆਰਾਂ ਨੇ ਜਦੋਂ ਇਹ ਫ਼ਿਲਮ ਵੇਖੀ ਤਾਂ ਉਨ੍ਹਾਂ ਦੇ ਅੰਦਰ ਖੁੱਸੇ ਰਾਜ ਦਾ ਅਹਿਸਾਸ ਅਤੇ ਉਸ ਰਾਜ ਨੂੰ ਮੁੜ ਹਾਸਲ ਕਰਨ ਦਾ ਅਹਿਸਾਸ ਇਕੋ ਸਮੇਂ 'ਤੇ ਆ ਗਿਆ|
ਮੈਂ 'ਦ ਬਲੈਕ ਪ੍ਰਿੰਸ' ਫ਼ਿਲਮ ਉਤੇ ਪਹਿਲਾਂ ਹੀ ਦੋ-ਤਿੰਨ ਆਰਟੀਕਲ ਲਿਖ ਚੁੱਕਾ ਹਾਂ| ਮੈਂ ਇਹ ਵੀ ਲਿਖ ਚੁੱਕਾ ਹਾਂ ਕਿ 'ਦ ਬਲੈਕ ਪ੍ਰਿੰਸ' ਫ਼ਿਲਮ ਸਾਨੂੰ ਇਤਿਹਾਸ ਦੀਆਂ ਹੱਦਾਂ ਤੋਂ ਵੀ ਪਾਰ ਲੈ ਗਈ ਹੈ| ਹੁਣ ਜਦੋਂ ਕਿ ਇਹ ਫ਼ਿਲਮ ਡਿਜ਼ੀਟਲ ਰੂਪ ਵਿਚ ਸਾਡੇ ਸਾਹਮਣੇ ਆਉਣ ਵਾਲੀ ਹੈ ਤਾਂ ਇਹ ਗੱਲ ਜਾਣਨੀ ਬੜੀ ਜ਼ਰੂਰੀ ਹੈ ਕਿ ਇਸ ਫ਼ਿਲਮ ਦੇ ਅਸਲ ਰੂਹੇ-ਰਵ੍ਹਾਂ ਨੇ ਆਪਣੇ ਚਾਰੇ ਪਾਸੇ ਖਿਲ੍ਹਰੇ ਕੰਡਿਆਂ ਵਿਚੋਂ ਆਪਣੇ ਰਾਹ ਕਿਵੇਂ ਬਣਾਏ? ਸ਼ਬਾਨਾ ਆਜ਼ਮੀ ਵਰਗੀ ਮਹਾਨ ਕਲਾਕਾਰ ਦਾ ਦਿਲ ਕਿਵੇਂ ਜਿੱਤਿਆ? ਮਹਾਰਾਜਾ ਦਲੀਪ ਸਿੰਘ ਵਰਗਾ ਨਾਇਕ ਚੁਣਨ ਲਈ ਸਰਤਾਜ ਵਰਗੇ ਕਲਾਕਾਰ ਨਾਲ ਕਿਵੇਂ ਸਾਂਝ ਪਈ? ਮੈਂ ਹਾਲੀਵੁੱਡ ਦੇ ਉੱਘੇ ਡਾਇਰੈਕਟਰ ਕੁਇੰਟਨ ਤਰਨਤਿਨੋ ਦੀ ਇਸ ਟਿੱਪਣੀ ਨਾਲ ਆਪਣੀ ਗੱਲ ਖ਼ਤਮ ਕਰਦਾ ਹਾਂ ਕਿ 'ਜੇ ਮੇਰੀ ਫ਼ਿਲਮ ਨੂੰ 10 ਲੱਖ ਲੋਕ ਵੇਖਦੇ ਹਨ ਤਾਂ ਸਮਝੋ ਉਨ੍ਹਾਂ ਨੇ ਮੇਰੀ ਇਕ ਫ਼ਿਲਮ ਰਾਹੀਂ ਹੀ 10 ਲੱਖ ਫ਼ਿਲਮਾਂ ਦੇਖ ਲਈਆਂ ਹਨ'| 'ਦ ਬਲੈਕ ਪ੍ਰਿੰਸ' ਨੂੰ ਵੇਖ ਕੇ ਜੇ ਤੁਹਾਡੇ ਅੰਦਰ ਖ਼ਾਲਸਾ ਰਾਜ ਦੇ ਹਜ਼ਾਰਾਂ ਪਹਿਲੂ ਰੌਸ਼ਨ ਹੋ ਜਾਂਦੇ ਹਨ ਤਾਂ ਸਮਝੋ ਅੱਗੇ ਜਾ ਕੇ ਹਜ਼ਾਰਾਂ ਫ਼ਿਲਮਾਂ ਦੇ ਰੂਪ ਵਿਚ ਪ੍ਰਗਟ ਹੋਣਗੇ| ਜਸਜੀਤ ਸਿੰਘ ਦੀ ਇਹ ਫ਼ਿਲਮ ਆਉਣ ਵਾਲੀਆਂ ਹਜ਼ਾਰਾਂ ਫ਼ਿਲਮਾਂ ਲਈ ਰਾਹ ਪੱਧਰਾ ਕਰੇਗੀ|
ਪੱਤਰਕਾਰ ਮਨਜੀਤ ਸਿੰਘ ਟਿਵਾਣਾ ਮੁਤਾਬਕ ਇਤਿਹਾਸ ਨੇ ਸੂਰਬੀਰ ਬੰਦਾ ਸਿੰਘ ਬਹਾਦਰ, ਸਿੱਖ ਮਿਸਲਾਂ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਨੂੰ ਸਿੱਖ ਕੌਮ ਦੇ 'ਹਮ ਰਾਖਤ ਪਾਤਸ਼ਾਹੀ ਦਾਵਾ'”ਦੇ ਹਕੀਕਤ ਦਾ ਰੂਪ ਧਾਰਨ ਕਰਨ ਅਤੇ ਫਿਰ ਵਿਰਾਟ ਰੂਪ 'ਚ ਖੜ੍ਹੀ ਹੋਈ ਸਿੱਖ ਸਲਤਨਤ ਦੇ ਖੇਰੂੰ– ਖੇਰੂੰ ਹੋਣ ਤਕ ਨੂੰ ਵੱਖਰੇ–ਵੱਖਰੇ ਨਜ਼ਰੀਏ ਅਤੇ ਕੋਣਾਂ ਤੋਂ ਸੰਭਾਲਿਆ ਹੈ | ਮਹਾਰਾਜਾ ਰਣਜੀਤ ਸਿੰਘ ਦੀ ਉਮਰ ਦੇ ਆਖਰੀ ਪੜਾਅ ਅਤੇ ਬਾਅਦ 'ਚ ਉਨ੍ਹਾਂ ਦੀ ਮੌਤ ਤੋਂ ਬਾਅਦ ਖਾਲਸਾ ਰਾਜ ਦੀਆਂ ਆਖਰੀ ਸ਼ਾਮਾਂ ਦੇ ਇਤਿਹਾਸਕ ਲਮਹਿਆਂ 'ਚੋਂ ਵਿਚਰਦਿਆਂ ਸਾਨੂੰ ਜਿਹੜੇ ਸਬਕ ਪੜ੍ਹਨ ਤੇ ਗੁਣਨ ਦੀ ਜ਼ਰੂਰਤ ਅੱਜ ਵੀ ਹੈ, ਉਨ੍ਹਾਂ ਤਰਕਾਂ ਤੇ ਵਿਤਰਕਾਂ ਨੂੰ ਲੈ ਕੇ ਪਿੱਛੇ ਜਿਹੇ ਸਿੱਖ ਸਲਤਨਤ ਦੇ ਆਖਰੀ ਸ਼ਹਿਜ਼ਾਦੇ ਮਹਾਰਾਜਾ ਦਲੀਪ ਸਿੰਘ 'ਤੇ ਬਣੀ ਬਹੁ–ਭਾਸ਼ਾਈ ਫਿਲਮ 'ਦ ਬਲੈਕ ਪ੍ਰਿੰਸ' ਨੇ ਪੂਰੇ ਵਿਸ਼ਵ ਦੇ ਫਿਲਮ ਸਮੀਖਿਅਕਾਂ ਦਾ ਧਿਆਨ ਖਿੱਚਿਆ ਹੈ| 'ਦ ਬਲੈਕ ਪ੍ਰਿੰਸ' ਇਕ ਇਤਿਹਾਸਕ ਫਿਲਮ ਹੈ ਜੋ ਮਹਾਰਾਜਾ ਰਣਜੀਤ ਸਿੰਘ ਦੇ ਸਪੁੱਤਰ ਦਲੀਪ ਸਿੰਘ ਦੀ ਜ਼ਿੰਦਗੀ 'ਤੇ ਅਧਾਰਤ ਹੈ| ਹੁਣ ਇਹ ਫਿਲਮ ਮਲਟੀ ਸਕਰੀਨਾਂ ਦੀ ਟਿਕਟ ਖਿੜਕੀ ਵਾਲਾ ਆਪਣਾ ਸਫਰ ਪੂਰਾ ਕਰਨ ਤੋਂ ਬਾਅਦ ਡਿਜ਼ੀਟਲ ਤਕਨੀਕ ਦੀ ਦੁਨੀਆ ਦੇ ਬੂਹੇ ਅੱਗੇ ਜਾ ਖੜ੍ਹੀ ਹੋਈ ਹੈ| ਬੌਧਿਕ ਹਲਕਿਆਂ ਵਿਚ ਇਹ ਫਿਲਮ ਹੁਣ ਤਕ ਕਾਫੀ ਨਾਮਣਾ ਖੱਟ ਚੁੱਕੀ ਹੈ| ਵਿਸ਼ਵ ਪ੍ਰਸਿੱਧ ਹਾਲੀਵੁੱਡ ਸਿਨੇਮਾ–ਤਕਨੀਕ ਨਾਲ ਕੀਤੀ ਗਈ ਕਮਾਲ ਦੀ ਪਿਕਚਰਾਈਜ਼ੇਸ਼ਨ ਸਮੇਤ ਇਸ ਦਾ ਵੱਡਾ ਕਾਰਨ ਸ਼ਾਇਦ ਇਸ ਫਿਲਮ ਦੀ ਕਹਾਣੀ ਦਾ ਇਤਿਹਾਸ ਦੇ ਉਸ ਦੌਰ (ਖਾਲਸਾ ਰਾਜ) ਨਾਲ ਸਬੰਧਤ ਹੋਣਾ ਵੀ ਹੈ, ਜੋ ਹਿੰਦੂਸਤਾਨ, ਇੰਗਲਿਸਤਾਨ ਸਮੇਤ ਪੂਰੇ ਵਿਸ਼ਵ 'ਚ ਆਪਣੀਆਂ ਕੁਝ ਖਾਸ ਵਿਸ਼ੇਸ਼ਤਾਵਾਂ ਕਰਕੇ ਹਮੇਸ਼ਾਂ ਦਿਲਚਸਪੀ ਦਾ ਕਾਰਨ ਰਿਹਾ ਹੈ|
ਇਸ ਫਿਲਮ ਬਾਰੇ ਇਕ ਬਹੁਤ ਹੀ ਭਾਵਪੂਰਤ ਟਿੱਪਣੀ ਕਰਦਿਆਂ ਸੀਨੀਅਰ ਪੱਤਰਕਾਰ ਕਰਮਜੀਤ ਸਿੰਘ ਦਾ ਕਹਿਣਾ ਹੈ ਕਿ, 'ਇਸ ਫਿਲਮ ਦੀ ਮੌਜੂਦਾ ਸਮੇਂ ਚ ਪ੍ਰਸੰਗਿਕਤਾ ਦਾ ਇਕ ਪੱਖ ਇਸ ਨੂੰ ਕੇਵਲ ਇਕ ਫਿਲਮ ਵੱਜੋਂ ਦੇਖਣ ਤੋਂ ਪਾਰ ਜਾ ਕੇ ਮਹਿਸੂਸ ਕਰਨ ਦਾ ਵੀ ਹੈ| ਇਹ ਵੀ ਹੈ ਕਿ ਅੱਜ ਜਦੋਂ ਦੇਸ਼ ਵਿਚ ਘੱਟ ਗਿਣਤੀਆਂ ਅੰਦਰ ਆਪਣੇ ਸੁਰੱਖਿਅਤ ਭਵਿੱਖ ਨੂੰ ਲੈ ਕੇ ਬਹੁਤ ਸਾਰੇ ਤੌਖਲੇ ਪਾਏ ਜਾ ਰਹੇ ਹਨ ਤਾਂ ਅਸੀਂ ਸਿੱਖ ਰਾਜ ਦੀਆਂ ਕਿਸੇ ਵੇਲੇ ਦੀਆਂ ਸ਼ਾਨਾਮੱਤੀਆਂ ਧਰਮ ਨਿਰਪੱਖ ਰਵਾਇਤਾਂ ਅਤੇ ਮਗਰੋਂ ਗੁਲਾਮ ਹੋ ਜਾਣ ਦੀਆਂ ਮਨਹੂਸ ਘੜੀਆਂ ਨੂੰ ਇਕ ਫਿਲਮ ਰਾਹੀਂ ਪਰਦੇ 'ਤੇ ਰੂਪਮਾਨ ਹੁੰਦਾ ਦੇਖਦੇ ਹਾਂ| ਇਹ ਫਿਲਮ ਸਾਨੂੰ ਇਕ ਤੁਲਨਾਤਮਕ ਅਧਿਐਨ ਦਾ ਮੌਕਾ ਦਿੰਦੀ ਹੈ ਕਿ ਅਸੀਂ ਕਿਥੋਂ ਤੁਰ ਕੇ ਕਿਥੇ ਅੱਪੜ ਗਏ ਹਾਂ|'
ਇਕ ਬਹੁਤ ਹੀ ਵੱਡੇ ਤੇ ਮਾਣਮੱਤੇ ਇਤਿਹਾਸ ਨਾਲ ਜੁੜੀ ਇਤਿਹਾਸਕ ਫਿਲਮ ਵੇਖਣ ਲਈ ਇਕ ਵੱਡੇ ਜਿਗਰੇ ਤੇ ਜੇਰੇ ਦੀ  ਜ਼ਰੂਰਤ ਹੁੰਦੀ ਹੈ, ਕਿਉਂਕਿ ਮਸਾਲਾ ਬਹੁਤ ਘੱਟ  ਹੁੰਦਾ ਹੈ| ਹਾਂ ਜੇਕਰ ਬਾਲੀਵੁਡ ਵਾਲੇ ਕਿਸੇ ਨਿਰਦੇਸ਼ਕ ਨੇ ਫਿਲਮ ਬਣਾਈ ਹੁੰਦੀ ਤਾਂ ਸ਼ਾਇਦ ਸਾਰਿਆਂ ਨੂੰ ਬਹੁਤ ਹੀ ਚੰਗੀ ਲੱਗਦੀ, ਪਰ ਇਹ ਹਾਲੀਵੁੱਡ ਵਾਲਿਆਂ ਨਾਲ ਜੁੜੇ ਲੋਕਾਂ ਨੇ ਬਣਾਈ ਹੈ, ਜੋ ਮੇਰੇ ਮੁਤਾਬਕ ਸਾਡੇ ਨਾਲੋਂ ਜ਼ਿਆਦਾ ਸੂਝਬੂਝ ਰੱਖਦੇ ਨੇ| ਇਸੇ ਕਰਕੇ ਇਤਿਹਾਸ ਦੇ ਨੇੜੇ -ਤੇੜੇ  ਹੀ ਦਰਸ਼ਕ ਨੂੰ ਰੱਖਣ  ਦੀ ਕੋਸ਼ਿਸ ਕੀਤੀ ਗਈ ਹੈ|
ਅਸਲ  ਵਿਚ ਕਾਫੀ ਸਮੇਂ ਤੋਂ ਪੰਜਾਬੀ ਸਿਨੇਮਾ ਜੱਟਵਾਦ ਨਾਲ ਜੁੜਿਆ ਆ ਰਿਹਾ ਹੈ, ਫਿਰ ਪਰਵਾਸ ਦੇ ਵਿਸ਼ੇ ਨਾਲ ਜੁੜਿਆ ਰਿਹਾ ਅਤੇ  ਉਸ ਤੋਂ ਬਾਅਦ ਹਸਾਉਣ ਵਾਲੀਆਂ ਫ਼ਿਲਮਾਂ ਨਾਲ ਜੋੜ ਦਿੱਤਾ  ਗਿਆ| ਇਸ ਤੋਂ ਬਾਅਦ ਪੰਜਾਬੀ ਸੱਭਿਆਚਾਰ ਅਤੇ ਪੁਰਾਣੇ ਰੀਤੀ ਰਿਵਾਜਾਂ 'ਤੇ ਅਧਾਰਿਤ ਫ਼ਿਲਮਾਂ ਨਾਲ  ਪੰਜਾਬੀ ਦਰਸ਼ਕਾਂ ਨੂੰ ਜੋੜਨ  ਦੀ  ਕੋਸਿਸ਼ ਹੋਈ| ਹਾਲਾਂਕਿ ਅਜਿਹੀਆਂ ਬਹੁਤੀਆਂ ਫਿਲਮਾਂ ਦੀ  ਕੋਈ ਸਟੋਰੀ ਨਹੀਂ ਹੁੰਦੀ ਸੀ | ਕਿਉਂਕਿ ਅਸੀਂ ਲੋਕ ਆਪਣੇ ਪੁਰਾਣੇ ਵਿਰਸੇ ਨੂੰ ਭੁੱਲ ਗਏ ਸੀ, ਬਸ ਫਿਲਮ ਵਾਲਿਆਂ ਨੇ ਇਹੀ ਸਾਡੀ ਕਮਜ਼ੋਰੀ ਨੂੰ ਰੰਗੀਨ ਬਣਾ ਕੇ ਸਾਨੂੰ ਪਰੋਸ ਦਿੱਤਾ ਅਤੇ ਅਸੀਂ ਕਰੀਬ ਦੋ ਘੰਟੇ ਸਿਨੇਮਿਆਂ  'ਚੋਂ ਹੱਸਦੇ ਹਸਾਉਂਦੇ ਘਰਾਂ ਨੂੰ ਆ ਜਾਂਦੇ ਹਾਂ| ਸੰਸਾਰ ਦੇ ਲਗਭਗ ਸਾਰੇ ਸਿਆਣੇ ਲੋਕ ਇਸ ਗੱਲ ਤੇ ਇਕਮਤ ਹਨ ਕਿ ਅਸੀਂ ਦਿਨੋ ਦਿਨ ਸੰਵੇਦਨਹੀਣ ਹੁੰਦੇ ਜਾ ਰਹੇ ਹਾਂ| ਅਸੀਂ ਬਹੁਤ ਤਣਾਅ ਚੋਂ ਨਿਕਲ ਰਹੇ ਹਾਂ ਅਤੇ ਤਣਾਅਪੂਰਨ ਸਥਿਤੀ 'ਚੋਂ ਨਿਕਲਣ ਲਈ ਗੰਭੀਰ ਦੀ ਥਾਂ ਹਾਸਰਸ ਫ਼ਿਲਮਾਂ ਨੂੰ ਤਰਜੀਹ ਦਿੰਦੇ ਹਾਂ| ''ਦੀ ਬਲੈਕ ਪ੍ਰਿੰਸ" ਵਿਚ ਅਜਿਹਾ ਕੁਝ ਵੀ ਦੇਖਣ ਨੂੰ ਨਹੀਂ ਹੈ| ਦਰਅਸਲ ਇਹ ਫਿਲਮ ਕਿਤੇ ਧੁਰ ਅੰਦਰਲੇ ਸਿੱਖ–ਮਨ ਵਿਚ ਆਪਣਾ ਰਾਜ ਮੁੜ  ਤੋਂ ਸਥਾਪਿਤ ਕਰਨ ਦੀ ਖਿੱਚ ਅਤੇ ਗੁਰੂ ਨਾਲ ਮੁੜ ਜੁੜਨ ਦੀ ਤਾਂਘ ਨੂੰ ਝੰਜੋੜਦੀ ਹੈ| ਹੋ ਸਕਦਾ ਹੈ ਫਿਲਮ ਦਾ ਇਹੋ ਖਾਸਾ ਕਈਆਂ ਨੂੰ ਚੁਭਿਆ ਵੀ ਹੋਵੇਗਾ| ਇਸ ਕਰਕੇ ਇਸ ਫਿਲਮ ਦੀ ਪਰਖ ਪੜਚੋਲ ਕਰਨ ਵੇਲੇ ਰਵਾਇਤੀ ਕਮਰਸ਼ੀਅਲ ਸਿਨੇਮਾ ਵਾਲੇ ਮਾਪਦੰਡ ਵਰਤਣੇ ਅਨਿਆਂ ਹੀ ਹੋਵੇਗਾ| ਸਿਨੇਮਾ ਹਾਲ ਦੀਆਂ ਕਿੰਨੀਆਂ ਕੁਰਸੀਆਂ ਕਿੰਨੇ ਦਿਨ ਤਕ ਭਰੀਆਂ ਰਹਿੰਦੀਆਂ ਹਨ, ਜ਼ਰੂਰ ਹੀ ਕਿਸੇ ਫਿਲਮ ਦੇ ਲੋਕਾਂ ਦੀ ਪਸੰਦ 'ਤੇ ਖਰਾ ਉਤਰਨ ਦੀ ਇਕ ਕਸਵੱਟੀ ਹੁੰਦਾ ਹੈ ਪਰ ''ਦੀ ਬਲੈਕ ਪ੍ਰਿੰਸ" ਨੂੰ ਇਸ ਕਸਵੱਟੀ 'ਚ ਅਪਵਾਦ ਮੰਨ ਲੈਣਾ ਹੀ ਤਰਕਸੰਗਤ ਹੋਵੇਗਾ | ਅਜਿਹੀਆਂ ਫਿਲਮਾਂ ਘੱਟ ਹੀ ਬਣਦੀਆਂ ਤੇ ਨਾ ਹੀ ਇਨ੍ਹਾਂ ਨੂੰ ਬਣਾਉਣਾ ਆਮ ਗੱਲ ਹੁੰਦੀ ਹੈ| ਅਜਿਹੀਆਂ ਫਿਲਮਾਂ ਬਣਾਉਣ ਵਾਲਿਆਂ ਦਾ ਜਿਗਰਾ ਵੱਡਾ ਹੁੰਦਾ ਹੈ|
''ਦੀ ਬਲੈਕ ਪ੍ਰਿੰਸ" ਭਾਵੇਂ ਮੂਲ ਰੂਪ ਵਿਚ ਇਕ ਬਹੁਭਾਸ਼ਾਈ ਫਿਲਮ ਹੈ ਜੋ ਪੰਜਾਬੀ, ਅੰਗਰੇਜ਼ੀ ਅਤੇ ਹਿੰਦੀ ਤਿੰਨ ਭਾਸ਼ਾਵਾਂ ਚ ਹੈ ਪਰ ਪੰਜਾਬੀ ਸਿਨੇਮਾ ਲਈ ਇਹ ਕਥਾਨਕ, ਇਤਿਹਾਸ ਤੇ ਕਹਾਣੀ ਦੇ ਪੱਖ ਤੋਂ ਜ਼ਿਆਦਾ ਮਾਣ ਕਰਨ ਵਾਲੀ ਪ੍ਰਾਪਤੀ ਹੈ| ਇਸ ਦੇ ਪੰਜਾਬੀ ਰੂਪ ਦਾ ਗੀਤ-ਸੰਗੀਤ ਕਾਬਿਲੇ ਤਾਰੀਫ਼ ਹੈ| ਸ਼ਬਦ ਤੇ ਸੋਚ-ਪ੍ਰਧਾਨ ਪੰਜਾਬੀ ਗਾਇਕੀ ਦੇ ਸ਼ਾਹ–ਅਸਵਾਰ ਗਾਇਕ ਸਤਿੰਦਰ ਸਰਤਾਜ ਨੇ ਹਰ ਦ੍ਰਿਸ਼ ਨਾਲ ਢੁਕਵੀਂ ਕਾਵਿਕ ਸ਼ਬਦਾਵਲੀ ਵਿਚ ਲਿਖੇ ਗੀਤ ਦਿਲ ਨੂੰ ਧੂਹ ਪਾਉਣ ਵਾਲੀ ਆਵਾਜ਼ ਵਿਚ ਗਾਏ ਹਨ| ਇਕ ਇਤਿਹਾਸਕ ਪਾਤਰ ਪ੍ਰਿੰਸ ਦਲੀਪ ਸਿੰਘ ਦੇ ਰੋਲ ਵਿਚ ਸਰਤਾਜ ਨੇ ਅਦਾਕਾਰੀ ਦੇ ਵੀ ਚੰਗੇ ਜੌਹਰ ਦਿਖਾਏ ਹਨ| 'ਦਰਦਾਂ ਵਾਲਾ ਦੇਸ਼' ਗੀਤ ਜ਼ਿਹਨ 'ਚ ਵੱਜਦਾ ਹੈ ਤੇ ਇਕ ਪਲ ਲਈ ਸਮਾਂ ਠਹਿਰ ਜਾਂਦਾ ਹੈ| ਪ੍ਰੇਮ, ਹਰਦੀਪ ਦਾ ਸੰਗੀਤ ਚਾਰ-ਚੰਨ ਲਾਉਂਦਾ ਹੈ| ਜੌਰਜ ਕੈਲਿਸ ਦਾ ਪਿੱਠਵਰਤੀ ਸੰਗੀਤ ਉਦਾਸ ਕਹਾਣੀ ਦਾ ਮਾਹੌਲ ਸਿਰਜਣ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ| ਮਨਮੋਹਕ ਸ਼ਾਹੀ ਅਜਾਇਬ ਘਰਾਂ, ਮਹਿਲਾਂ ਅਤੇ ਇਤਿਹਾਸਕ ਥਾਵਾਂ ਉੱਪਰ ਫ਼ਿਲਮਾਈ ਗਈ 'ਦ ਬਲੈਕ ਪ੍ਰਿੰਸ' ਦੇ ਦ੍ਰਿਸ਼ਾਂ ਨੂੰ ਸਿਨੇਮੈਟੋਗ਼੍ਰਾਫ਼ਰ ਐਰੋਨ ਸੀ. ਸਮਿੱਥ ਨੇ ਬਹੁਤ ਹੀ ਬਿਹਤਰੀਨ ਤਰੀਕੇ ਨਾਲ ਪਰਦੇ ਉੱਪਰ ਉਤਾਰਿਆ ਹੈ| ਜ਼ਿਆਦਾਤਰ ਮਹਿਲਾਂ ਦੇ ਅੰਦਰ ਫ਼ਿਲਮਾਏ ਗਏ ਦ੍ਰਿਸ਼ ਮੋਮਬੱਤੀਆਂ ਦੀ ਲੋਅ ਵਾਲੇ ਮਾਹੌਲ ਨੂੰ ਕਲਾਤਮਕਤਾ ਨਾਲ ਸਿਰਜਦੇ ਹਨ|
ਛੇ ਮਿਲੀਅਨ ਅਮਰੀਕਨ ਡਾਲਰ (ਲਗਭਗ 42 ਕਰੋੜ ਭਾਰਤੀ ਰੁਪਏ) ਨਾਲ ਬਣੀ ਇਹ ਫਿਲਮ ਅੰਗਰੇਜ਼ਾਂ ਦੁਆਰਾ ਸਿੱਖ ਇਤਿਹਾਸ ਚ ਪਾਏ ਗਏ ਬਹੁਤ ਸਾਰੇ ਭੁਲੇਖਿਆਂ ਅਤੇ ਝੂਠ ਦਾ ਪਰਦਾਫਾਸ਼ ਕਰਦੀ ਹੈ| ਇਹ ਫਿਲਮ ਸਾਨੁੰ ਸਾਡੇ ਸ਼ਾਨਾਮੱਤੇ ਇਤਿਹਾਸ ਤੋਂ ਜਾਣੂੰ ਕਰਵਾਉਣ ਦੇ ਨਾਲ–ਨਾਲ, ਸਿੱਖਾਂ ਦੀਆਂ ਆਜ਼ਾਦੀ ਦੀ ਤਾਂਘ ਦੀਆਂ ਵਿਰਾਸਤੀ ਭਾਵਨਾਵਾਂ ਅਤੇ ਦੇਸ਼ ਕੌਮ ਲਈ ਮਰ ਮਿਟਣ ਦੇ ਜਜ਼ਬਿਆਂ ਦੀ ਬਾਤ ਵੀ ਪਾਉਂਦੀ ਹੈ| ਫਿਲਮ ਚ ਤੱਥਾਂ ਤੇ ਸਬੂਤਾਂ ਨਾਲ ਬਰਤਾਨਵੀ ਹਾਕਮਾਂ ਦੁਆਰਾ ਸਿੱਖ ਰਾਜ ਨੂੰ ਹੜੱਪਣ, ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰਨ ਅਤੇ ਪ੍ਰਿੰਸ ਦਲੀਪ ਸਿੰਘ ਦੀ ਆਜ਼ਾਦੀ ਲਈ ਕੀਤੀ ਗਈ ਵੱਡੀ ਘਾਲਣਾ ਨੂੰ ਬਹੁਤ ਹੀ ਕਲਾਤਮਕ ਤੇ ਖੁਬਸੂਰਤ ਢੰਗ ਨਾਲ ਪੇਸ਼ ਕੀਤਾ ਗਿਆ ਹੈ| ਗੌਰਤਲਬ ਹੈ ਕਿ ਇਹ ਫਿਲਮ ਵਿਸ਼ਵ ਪ੍ਰਸਿੱਧ 'ਕੇਨ ਫਿਲਮ ਫੈਸਟੀਵਲ' 'ਚ ਸ਼ਾਮਲ ਹੋ ਕੇ ਵੀ ਨਾਮਣਾ ਖੱਟ ਚੁੱਕੀ ਹੈ| ਇਹ ਕਹਿਣਾ ਕੋਈ ਅਤਿਕਥਨੀ ਨਹੀਂ ਹੈ ਕਿ 'ਦ ਬਲੈਕ ਪ੍ਰਿੰਸ' ਨੇ ਸਿੱਖ ਇਤਿਹਾਸ ਦੇ ਅਣਫਰੋਲੇ ਵਰਕਿਆਂ ਨੂੰ ਨਵੀਂ ਪੀੜ੍ਹੀ ਦੇ ਲੋਕਾਂ ਦੇ ਸਨਮੁੱਖ ਕੀਤਾ ਹੈ|

ਕਰਮਜੀਤ ਸਿੰਘ
99150-91063

Or