ਫਿਲਮ ਨੂੰ ਪਹਿਲੀ ਪ੍ਰਵਾਨਗੀ ਦੇਣ ਵਾਲਿਆਂ ਵਿੱਚ ਵੱਡਾ ਬਾਦਲ, ਛੋਟਾ ਬਾਦਲ, ਨੂੰਹ, ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ, ਟਕਸਾਲ ਦੇ ਮੁਖੀ ਅਤੇ ਜੀ.ਕੇ. ਸਮੇਤ 25 ਵਿਅਕਤੀ ਸ਼ਾਮਲ

ਰਸਮੀ ਕਮੇਟੀਆਂ ਪਿੱਛੋਂ ਬਣੀਆਂ, ਭੌਰ ਤੇ ਰੂਪ ਸਿੰਘ ਵੱਲੋਂ ਮਗਰਲੀਆਂ ਕਮੇਟੀਆਂ ਵਿੱਚ ਸ਼ਾਮਿਲ ਹੋਣ ਤੋਂ ਇਨਕਾਰ
ਬਾਦਲ ਪਰਿਵਾਰ ਦੀ ਭੇਦਭਰੀ ਚੁੱਪ ਤੋਂ ਖਾਲਸਾ ਪੰਥ ਹੈਰਾਨ
nanak-shah-fakir-759
ਚੰਡੀਗੜ੍ਹ, 14 ਅਪ੍ਰੈਲ : ਜੇ ਕੋਈ ਇਹ ਆਖੇ ਕਿ 12 ਅਪ੍ਰੈਲ 2018 ਦਾ ਦਿਨ ਇਤਿਹਾਸਕ ਦਿਨ ਹੈ, ਜਦੋਂ ਅਕਾਲ ਤਖਤ ਸਾਹਿਬ ਤੋਂ ਵਿਵਾਦਗ੍ਰਸਤ ਫਿਲਮ 'ਨਾਨਕ ਸ਼ਾਹ ਫਕੀਰ' ਦੇ ਨਿਰਮਾਤਾ ਹਰਿੰਦਰ ਸਿੰਘ ਸਿੱਕਾ ਨੂੰ ਖਾਲਸਾ ਪੰਥ 'ਚੋਂ ਛੇਕ ਦਿੱਤਾ ਗਿਆ ਸੀ ਤਾਂ ਇਤਿਹਾਸ ਦੇ ਗੰਭੀਰ ਵਿਦਵਾਨ ਉਸ ਵਿਅਕਤੀ ਨੂੰ ਅਨਾੜੀ ਹੀ ਆਖਣਗੇ ਕਿਉਂਕਿ 12 ਅਪ੍ਰੈਲ ਤੋਂ ਪਹਿਲਾਂ ਵਿਸ਼ੇਸ਼ ਕਰਕੇ ਉਨ੍ਹਾਂ ਵਿਅਕਤੀਆਂ ਅਤੇ ਤਾਕਤਾਂ ਦੇ ਰੋਲ, ਪ੍ਰਭਾਵ, ਰੋਅਬ-ਦਾਬ ਅਤੇ ਫਿਰ ਉਨ੍ਹਾਂ ਪਿੱਛੇ ਕੰਮ ਕਰ ਰਹੀਆਂ ਗੁਪਤ ਤਾਕਤਾਂ ਨੂੰ ਜਾਨਣਾ ਜ਼ਰੂਰੀ ਹੈ, ਜਿਨ੍ਹਾਂ ਨੇ ਸਿੱਖ ਪੰਥ ਦੇ ਸੱਚੇ-ਸੁੱਚੇ ਇਤਿਹਾਸ ਦੇ ਮਹਾਨ ਸਿਧਾਂਤਾਂ ਅਤੇ ਰਵਾਇਤਾਂ ਨਾਲ ਛੇੜਖਾਨੀ ਕਰਨ ਤੋਂ ਰਤਾ ਵੀ ਗੁਰੇਜ਼ ਨਹੀਂ ਕੀਤਾ| ਜੇ ਉਹ ਅਜੇ ਵੀ ਲੁਕੇ ਛਿਪੇ ਰਹਿੰਦੇ ਹਨ ਜਾਂ ਆਪਣੇ ਰੋਲ ਬਾਰੇ ਕਿਸੇ ਨਮੋਸ਼ੀ ਜਾਂ ਮਜਬੂਰੀ ਕਾਰਨ ਮੁਕਰਦੇ ਹਨ ਅਤੇ ਸਾਹਮਣੇ ਆ ਕੇ ਖਾਲਸਾ ਪੰਥ ਤੋਂ ਮੁਆਫੀ ਨਹੀਂ ਮੰਗਦੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਹਰ ਹਾਲਤ ਵਿੱਚ ਉਨ੍ਹਾਂ ਨੂੰ ਕਟਿਹਰੇ ਵਿੱਚ ਖੜ੍ਹਾ ਕਰਨਗੀਆਂ|
ਇਹ ਕੌੜਾ ਸੱਚ ਸੁਣ ਕੇ ਸਾਰਿਆਂ ਨੂੰ ਹੈਰਾਨੀ, ਗੁੱਸਾ ਅਤੇ ਸ਼ਰਮਿੰਦਗੀ ਦਾ ਅਹਿਸਾਸ ਹੋਵੇਗਾ ਕਿ ਜਿਸ ਅਕਾਲ ਤਖਤ ਤੋਂ ਹਰਿੰਦਰ ਸਿੰਘ ਸਿੱਕੇ ਨੂੰ ਪੱਥ ਵਿੱਚੋਂ ਛੇਕਿਆ ਗਿਆ ਹੈ, ਉਸ ਤਖਤ ਦੇ ਜਥੇਦਾਰ ਨੇ ਹੀ ਇਸੇ ਸਿੱਕੇ ਨੂੰ ਇਸੇ ਫਿਲਮ ਲਈ ਲਿਖਤੀ ਰੂਪ ਵਿੱਚ ਪ੍ਰਸ਼ੰਸਾ ਪੱਤਰ ਜਾਰੀ ਕੀਤਾ| ਇਹ ਸਵਾਲ ਫਿਲਹਾਲ ਛੱਡ ਕੇ ਅਸੀਂ ਹੋਰ ਅੱਗੇ ਵੱਧਦੇ ਹਾਂ| ਕੀ ਜਥੇਦਾਰ ਤੋਂ ਇਲਾਵਾ ਹੋਰ ਵੀ ਖਿਡਾਰੀ ਹਨ ਜੋ ਇਸ ਗ਼ੈਰ-ਸਿਧਾਂਤਕ ਅਤੇ ਬਦਨਾਮ ਖੇਡ ਵਿੱਚ ਸ਼ਾਮਲ ਹੋਏ? ਅੱਜ ਇਨ੍ਹਾਂ ਦੇ ਨਾਂਅ ਜਾਨਣੇ ਜ਼ਰੂਰੀ ਹਨ| ਇਸ ਪੱਤਰਕਾਰ ਨੇ ਅੱਜ ਕਈ ਵਿਦਵਾਨਾਂ ਅਤੇ ਇਤਿਹਾਸਕਾਰਾਂ ਨਾਲ ਇਸ ਵਰਤਾਰੇ ਬਾਰੇ ਵਿਚਾਰ ਜਾਨਣੇ ਚਾਹੇ| ਉਨ੍ਹਾਂ ਦੀਆਂ ਟਿੱਪਣੀਆਂ ਤੋਂ ਪਹਿਲਾਂ ਉਨ੍ਹਾਂ ਕੁਝ ਵਿਅਕਤੀਆਂ ਦੇ ਨਾਂਅ ਲੈਣੇ ਜ਼ਰੂਰੀ ਹਨ, ਜਿਨ੍ਹਾਂ ਨੇ ਦਸੰਬਰ 2014 ਜਾਂ ਜਨਵਰੀ 2015 ਵਿੱਚ ਕਿਸੇ ਦਿਨ ਇਸ ਫਿਲਮ ਨੂੰ ਵੇਖਿਆ ਅਤੇ ਪ੍ਰਵਾਨਗੀ ਦਿੱਤੀ| ਇਹ ਵਿਅਕਤੀ ਹਨ: ਅਕਾਲ ਤਖਤ ਦੇ ਵਰਤਮਾਨ ਜਥੇਦਾਰ ਗਿਆਨੀ ਗੁਰਬਚਨ ਸਿੰਘ, ਖਾਲਸਾ ਪੰਥ ਦੀਆਂ ਸੇਵਾਵਾਂ ਬਦਲੇ ਦੋ-ਦੋ ਖਿਤਾਬ ਹਾਸਲ ਕਰਨ ਵਾਲੇ ਫ਼ਖ਼ਰੇ-ਕੌਮ ਪ੍ਰਕਾਸ਼ ਸਿੰਘ ਬਾਦਲ, ਦਸ਼ਮੇਸ ਪਿਤਾ ਦਾ ਅੰਮ੍ਰਿਤ ਤੋੜਨ ਵਾਲੇ ਅਤੇ ਕਿਰਪਾਨ ਤੋਂ ਬਿਨਾਂ ਹੀ ਪੰਥ ਵਿੱਚ ਵਿਚਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ, ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ, ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਸੀਟ 'ਤੇ ਬੈਠੇ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ, ਅਕਾਲ ਤਖਤ ਦੇ ਸਾਬਕਾ ਜਥੇਦਾਰ ਭਾਈ ਜਸਵੀਰ ਸਿੰਘ ਰੋਡੇ, ਅਕਸਰ ਹੀ ਗਾਹੇ-ਬਗਾਹੇ ਸਿੱਖੀ ਸਿਧਾਂਤਾਂ ਦੀਆਂ ਗੱਲਾਂ ਕਰਨ ਵਾਲੇ ਅਤੇ ਗਿਆਨੀ ਜੈਲ ਸਿੰਘ ਦੇ ਪੀਏ ਰਹਿ ਚੁੱਕੇ ਤਰਲੋਚਨ ਸਿੰਘ, ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਜਿਹੜੇ ਪਿਛਲੇ ਦੋ-ਤਿੰਨ ਦਿਨਾਂ ਤੋਂ ਫਿਲਮ ਦਾ ਵਿਰੋਧ ਕਰਨ ਵਿੱਚ ਬੜਾ ਉਤਸ਼ਾਹ ਵਿਖਾ ਰਹੇ ਹਨ ਅਤੇ ਟੀ.ਵੀ. ਚੈਨਲਾਂ 'ਤੇ ਵੇਖੇ ਜਾ ਸਕਦੇ ਹਨ, ਬਾਬਾ ਸੁਖਚੈਨ ਸਿੰਘ ਅਤੇ ਭਾਈ ਮੱਲ ਸਿੰਘ ਆਦਿ ਸ਼ਾਮਿਲ ਸਨ|
ਉਪਰੋਕਤ ਵਿਅਕਤੀਆਂ ਦੇ ਨਾਵਾਂ ਬਾਰੇ ਸ਼੍ਰੋਮਣੀ ਕਮੇਟੀ ਵਿੱਚ ਕਈ ਸਾਲ ਉੱਚੇ ਅਹੁਦਿਆਂ 'ਤੇ ਸੇਵਾ ਕਰਨ ਵਾਲੇ ਸ. ਸੁਖਦੇਵ ਸਿੰਘ ਭੌਰ ਨੇ ਇਸ ਪੱਤਰਕਾਰ ਨੂੰ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਦਿੱਲੀ ਵਿੱਚ ਫਿਲਮ ਵੇਖਣ ਲਈ ਸੱਦਿਆ ਗਿਆ ਸੀ ਤਾਂ ਉਪਰੋਕਤ ਵਿਅਕਤੀ ਪਹਿਲਾਂ ਹੀ ਇਹ ਫਿਲਮ ਵੇਖ ਚੁੱਕੇ ਸਨ ਅਤੇ ਅਕਾਲ ਤਖਤ ਦੇ ਜਥੇਦਾਰ ਪ੍ਰਵਾਨਗੀ ਵੀ ਦੇ ਚੁੱਕੇ ਸਨ| ਪਰ ਜਦੋਂ ਇਸ ਫਿਲਮ ਨੂੰ ਰਸਮੀ ਪ੍ਰਵਾਨਗੀ ਦੇਣ ਲਈ ਇੱਕ ਕਮੇਟੀ ਬਣਾਈ ਗਈ ਤਾਂ ਇਸ ਕਮੇਟੀ ਵਿੱਚ ਜਿਹੜੇ ਮੈਂਬਰ ਸ਼ਾਮਿਲ ਸਨ ਉਨ੍ਹਾਂ ਵਿੱਚ ਸੁਖਦੇਵ ਸਿੰਘ ਭੌਰ, ਰੂਪ ਸਿੰਘ, ਬਲਵਿੰਦਰ ਸਿੰਘ ਜੌੜਾ, ਰਘੁਜੀਤ ਵਿਰਕ ਅਤੇ ਦਲਜੀਤ ਸਿੰਘ ਬੇਦੀ ਸ਼ਾਮਿਲ ਸਨ| ਇਸ ਕਮੇਟੀ ਨੇ ਸਰਬਸੰਮਤੀ ਨਾਲ ਫਿਲਮ ਨੂੰ ਰਿਲੀਜ਼ ਕਰਨ ਤੋਂ ਮਨਾ ਕਰ ਦਿੱਤਾ| ਇਸ ਕਮੇਟੀ ਨੂੰ ਜਾਪਿਆ ਕਿ ਸਿੱਖੀ ਸਿਧਾਂਤਾਂ ਮੁਤਾਬਕ ਇਹ ਫਿਲਮ ਠੀਕ ਨਹੀਂ ਹੈ| ਸੁਖਦੇਵ ਸਿੰਘ ਭੌਰ ਮੁਤਾਬਕ ਜਦੋਂ ਮੈਂ ਅਕਾਲ ਤਖਤ ਦੇ ਜਥੇਦਾਰ ਨੂੰ ਪੁੱਛਿਆ ਕਿ ਤੁਸੀ ਕਿਸ ਅਧਾਰ ਉਤੇ ਇਸ ਫਿਲਮ ਨੂੰ ਪ੍ਰਵਾਨਗੀ ਦਿੱਤੀ ਹੈ ਤਾਂ ਉਨ੍ਹਾਂ ਨੇ ਬਹੁਤ ਹੀ ਅਸਪੱਸ਼ਟ ਅਤੇ ਗੋਲਮੋਲ ਜਵਾਬ ਦਿੰਦਿਆਂ ਕਿਹਾ ਕਿ ਹਰਿੰਦਰ ਸਿੰਘ ਸਿੱਕਾ ਕਿਉਂਕਿ ਸਿੱਖੀ ਪ੍ਰਚਾਰ ਕਰਦਾ ਹੈ ਅਤੇ ਪ੍ਰਚਾਰ ਲਈ ਇਹੋ ਜਿਹੀਆਂ ਫਿਲਮਾਂ ਦਾ ਜਾਣਾ ਠੀਕ ਹੈ| ਇਸ ਦੇ ਜਵਾਬ ਵਿੱਚ ਜਦੋਂ ਸੁਖਦੇਵ ਸਿੰਘ ਭੌਰ ਨੇ ਪੁੱਛਿਆ ਕਿ ਉਸਨੇ ਪਹਿਲਾਂ ਕਿਸ-ਕਿਸ ਥਾਂ 'ਤੇ ਪ੍ਰਚਾਰ ਕੀਤਾ ਹੈ ਕਿ ਉਸ ਨੂੰ ਇਹ ਸਰਟੀਫਿਕੇਟ ਦਿੱਤਾ ਜਾਵੇ ਤਾਂ ਗਿਆਨੀ ਗੁਰਬਚਨ ਸਿੰਘ ਨੇ ਵੀ ਕੋਈ ਤਸੱਲੀਬਖਸ਼ ਉੱਤਰ ਨਾ ਦਿੱਤਾ| ਸ਼ਾਇਦ ਉਹ ਇਹ ਵੀ ਕਹਿਣਾ ਚਾਹੁੰਦੇ ਸਨ ਕਿ ਉਨ੍ਹਾਂ ਨੇ ਤਾਂ ਇਹ ਫਿਲਮ ਵੇਖੀ ਹੀ ਨਹੀਂ| ਭਰੋਸੇਯੋਗ ਸੂਤਰਾਂ ਮੁਤਾਬਕ ਪਹਿਲੀ ਮੀਟਿੰਗ ਵਿੱਚ ਸ਼੍ਰੋਮਣੀ ਕਮੇਟੀ ਦੇ ਤਤਕਾਲੀਨ ਪ੍ਰਧਾਨ ਅਵਤਾਰ ਸਿੰਘ ਮੱਕੜ ਵੀ ਸ਼ਾਮਿਲ ਹੋਏ ਪਰ ਉਹ ਸਿਹਤ ਖਰਾਬ ਹੋਣ ਕਾਰਨ ਵਿੱਚੋਂ ਹੀ ਚਲੇ ਗਏ ਸਨ| ਪਰ ਇਸ ਖਬਰ ਦੀ ਪੱਕੇ ਤੌਰ 'ਤੇ ਅਜੇ ਤੱਕ ਪੁਸ਼ਟੀ ਨਹੀਂ ਹੋ ਸਕੀ| ਜਦੋਂ ਪਹਿਲੀ ਕਮੇਟੀ ਨੇ ਫਿਲਮ ਨੂੰ ਰੱਦ ਕਰ ਦਿੱਤਾ ਤਾਂ ਫਿਰ ਭਾਈ ਸੁਖਦੇਵ ਸਿੰਘ ਭੌਰ ਨੇ ਅਖਬਾਰਾਂ ਦੇ ਨਾਂਅ ਇੱਕ ਬਿਆਨ ਜਾਰੀ ਕੀਤਾ ਕਿ ਇਹ ਫਿਲਮ ਸਿੱਖੀ ਸਿਧਾਂਤਾਂ ਦੀ ਉਲੰਘਣਾ ਕਰਦੀ ਹੈ ਤੇ ਪੰਥ ਨੂੰ ਇਸ ਬਾਰੇ ਸੁਚੇਤ ਹੋਣਾ ਚਾਹੀਦਾ ਹੈ| ਇਹ ਬਿਆਨ 06 ਅਪ੍ਰੈਲ 2015 ਦੇ ਅਖਬਾਰਾਂ ਵਿੱਚ ਛਪਿਆ| ਬਾਅਦ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਵਿਰੁੱਧ ਰੋਸ ਪ੍ਰਗਟ ਕਰਨ ਲਈ ਉਨ੍ਹਾਂ ਨੇ 18 ਅਕਤੂਬਰ 2015 ਨੂੰ ਆਪਣੇ ਅਹੁਦੇ ਤੋਂ ਅਸਤੀਫਾ ਵੀ ਦੇ ਦਿੱਤਾ ਸੀ|
ਜਦੋਂ ਪਹਿਲੀ ਕਮੇਟੀ ਨੇ ਫਿਲਮ ਨੂੰ ਰੱਦ ਕਰ ਦਿੱਤਾ ਤਾਂ ਅਣਦਿਸਦੀਆਂ ਤਾਕਤਾਂ ਅਤੇ ਹਰਿਆਣਾ ਕਮੇਟੀ ਦੇ ਅਸਰਰਸੂਖ ਵਾਲੇ ਇੱਕ ਵਿਅਕਤੀ ਨੇ, ਜਿਸ ਦੀਆਂ ਬਾਦਲ ਪਰਿਵਾਰ ਨਾਲ ਡੂੰਘੀਆਂ ਸਾਂਝਾਂ ਤੋਂ ਹਰ ਕੋਈ ਵਾਕਫ ਹੈ, ਨੇ ਕੁਝ ਅਜਿਹੇ ਮੈਂਬਰਾਂ ਦੀ ਚੋਣ ਕੀਤੀ ਜਿਨ੍ਹਾਂ ਨੂੰ ਕਿਸੇ ਦਬਾਅ ਅਧੀਨ ਵਰਤਿਆ ਜਾ ਸਕਦਾ ਸੀ ਅਤੇ ਉਹ ਵਰਤੇ ਵੀ ਗਏ| ਇਸ ਕਮੇਟੀ ਵਿੱਚ ਨਾ ਹੀ ਸੁਖਦੇਵ ਸਿੰਘ ਭੌਰ ਗਏ ਅਤੇ ਨਾ ਹੀ ਭਾਈ ਰੂਪ ਸਿੰਘ ਗਏ| ਭਾਈ ਰੂਪ ਸਿੰਘ ਕਿਉਂਕਿ ਸਿੱਖ ਇਤਿਹਾਸ ਤੋਂ ਸੁਚੇਤ ਤੌਰ 'ਤੇ ਵਾਕਫ ਸਨ ਅਤੇ ਉਨ੍ਹਾਂ ਨੇ ਹੁਕਮਨਾਮਿਆਂ ਬਾਰੇ ਇੱਕ ਪੁਸਤਕ ਵੀ ਲਿਖੀ ਹੋਈ ਹੈ, ਇਸ ਲਈ ਉਹ ਇੱਕ ਤਰ੍ਹਾਂ ਨਾਲ ਉਸੇ ਸਮੇਂ ਬਾਗੀ ਹੋ ਗਏ ਸਨ ਅਤੇ ਫਿਲਮ ਰਿਲੀਜ਼ ਹੋਣ ਦੇ ਹੱਕ ਵਿੱਚ ਨਹੀਂ ਸਨ| ਦੂਜੀ ਕਮੇਟੀ ਵਿੱਚ ਗੁਰਮਤਿ ਪ੍ਰਕਾਸ਼ ਦੇ ਸੰਪਾਦਕ ਸਿਮਰਜੀਤ ਸਿੰਘ, ਬਲਵਿੰਦਰ ਸਿੰਘ ਜੌੜਾ, ਰਜਿੰਦਰ ਸਿੰਘ ਮਹਿਤਾ, ਦਲਜੀਤ ਸਿੰਘ ਬੇਦੀ ਅਤੇ ਹਰਚਰਨ ਸਿੰਘ ਸ਼ਾਮਿਲ ਹੋਏ| ਭਰੋਸੇਯੋਗ ਸੂਤਰਾਂ ਮੁਤਾਬਕ ਮੀਟਿੰਗ ਨੂੰ ਇਹ ਦੱਸਿਆ ਗਿਆ ਕਿ ਹਰਚਰਨ ਸਿੰਘ ਨੂੰ ਵਿਸ਼ੇਸ਼ ਤੌਰ 'ਤੇ ਸ਼ਾਮਿਲ ਕੀਤਾ ਗਿਆ ਹੈ| ਸੂਤਰਾਂ ਮੁਤਾਬਕ ਇਹੋ ਜਿਹੀਆਂ ਘੱਟੋ-ਘੱਟ ਤਿੰਨ-ਚਾਰ ਮੀਟਿੰਗਾਂ ਹੋਈਆਂ ਅਤੇ ਲੱਗਭਗ 47 ਸੁਝਾਅ ਦਿੱਤੇ ਗਏ| ਇਨ੍ਹਾਂ ਸੁਝਾਵਾਂ ਨੂੰ ਸਿੱਕੇ ਨੇ ਪ੍ਰਵਾਨ ਕਰ ਲਿਆ ਅਤੇ ਉਸ ਤੋਂ ਪਿੱਛੋਂ ਫਿਲਮ ਨੂੰ ਰਿਲੀਜ਼ ਕਰਨ ਦਾ ਫੈਸਲਾ ਹੋ ਗਿਆ| ਮੁੱਖ ਸਕੱਤਰ ਹਰਚਰਨ ਸਿੰਘ ਨੇ ਫਿਲਮ ਨੂੰ ਰਿਲੀਜ਼ ਕਰਨ ਬਾਰੇ ਸਰਕੂਲਰ ਵੀ ਜਾਰੀ ਕਰ ਦਿੱਤਾ| ਇਹ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਗੁਰਮਤਿ ਪ੍ਰਕਾਸ਼ ਦੇ ਸੰਪਾਦਕ ਨੇ ਇਸ ਫਿਲਮ ਨੂੰ ਕਿਵੇਂ ਪ੍ਰਵਾਨ ਕਰ ਲਿਆ ਜਦਕਿ ਗੁਰਮਤਿ ਪ੍ਰਕਾਸ਼ ਮੈਗਜ਼ੀਨ ਸਿੱਖੀ ਸਿਧਾਂਤਾਂ ਦੀ ਪੈਰਵੀ ਕਰਨ ਦੀ ਜ਼ਿੰਮੇਵਾਰੀ ਨਿਭਾਉਂਦਾ ਹੈ| ਦੂਜੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਆਗੂ ਅਤੇ ਸੰਤ ਜਰਨੈਲ ਸਿੰਘ ਦੀਆਂ ਨਜ਼ਦੀਕੀਆਂ ਮਾਨਣ ਵਾਲੇ ਭਾਈ ਰਜਿੰਦਰ ਸਿੰਘ ਮਹਿਤਾ ਨੂੰ ਇਸ ਫਿਲਮ ਵਿੱਚ ਕਿਹੜੀ ਚੰਗੀ ਗੱਲ ਲੱਗੀ ਕਿ ਉਨ੍ਹਾਂ ਨੇ ਗੰਭੀਰਤਾ ਨਾਲ ਇਸ ਫਿਲਮ ਦਾ ਨੋਟਿਸ ਹੀ ਨਾ ਲਿਆ|
ਰਾਜਨੀਤਿਕ ਹਲਕਿਆਂ ਦੇ ਸੂਤਰ ਇਸ ਗੱਲ ਤੋਂ ਵੀ ਬੜੇ ਹੈਰਾਨ ਹਨ ਕਿ ਆਖਰਕਾਰ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸ. ਸੁਖਬੀਰ ਸਿੰਘ ਬਾਦਲ ਅਜੇ ਤੱਕ ਖਾਮੋਸ਼ ਕਿਉਂ ਹਨ, ਜਦੋਂ ਕਿ ਇਸ ਫਿਲਮ ਵਿਰੁੱਧ ਸਾਰਾ ਸਿੱਖ ਪੰਥ ਉਠ ਖੜ੍ਹਾ ਹੋਇਆ ਹੈ| ਥਾਂ-ਥਾਂ ਵਿਖਾਵੇ ਹੋ ਰਹੇ ਹਨ| ਪੰਜਾਬ ਦੀ ਉਹ ਕਿਹੜੀ ਯੂਨੀਵਰਸਿਟੀ ਹੈ ਜਿਥੇ ਵਿਦਿਆਰਥੀਆਂ ਵਿੱਚ ਇਸ ਫਿਲਮ ਵਿਰੁੱਧ ਭਾਰੀ ਰੋਸ ਤੇ ਗੁੱਸਾ ਨਾ ਪਾਇਆ ਗਿਆ ਹੋਵੇ ਅਤੇ ਅਖਬਾਰਾਂ ਵਿੱਚ ਹਰ ਦਿਨ ਬਿਆਨ ਜਾਰੀ ਹੋ ਰਹੇ ਹਨ| ਸ਼ੋਸ਼ਲ ਮੀਡੀਆ ਉਤੇ ਬੇਸ਼ੁਮਾਰ ਨੌਜਵਾਨ ਫਿਲਮ ਵਿਰੁੱਧ ਅਤੇ ਅਕਾਲੀ ਲੀਡਰਸ਼ਿਪ ਵਿਰੁੱਧ ਇਹੋ ਜਿਹੀਆਂ ਪੋਸਟਾਂ ਪਾ ਰਹੇ ਹਨ ਜਿਸ ਤੋਂ ਪਤਾ ਲੱਗਦਾ ਹੈ ਕਿ ਨੌਜਵਾਨ ਜਿੰਨੇ ਵੱਡੀ ਪੱਧਰ 'ਤੇ ਅੱਜ ਸੁਚੇਤ ਹਨ ਅਤੇ ਜਾਗਦੇ ਹਨ ਉਹੋ ਜਿਹਾ ਵਰਤਾਰਾ ਇਤਿਹਾਸ ਦੇ ਕਿਸੇ ਦੌਰ ਵਿੱਚ ਵੀ ਨਹੀਂ ਵੇਖਿਆ ਗਿਆ| ਇਨ੍ਹਾਂ ਪੋਸਟਾਂ ਦੀ ਭਾਸ਼ਾ ਅਤੇ ਸ਼ਬਦਾਵਲੀ ਵਿੱਚ ਦਲੀਲ ਵੀ ਹੈ, ਤਰਕ ਵੀ ਹੈ, ਗੁੱਸਾ ਅਤੇ ਰੋਸ ਵੀ ਹੈ| ਪਰ ਬਾਦਲਾਂ ਦੀ ਇਸ ਭੇਦ ਭਰੀ ਖਾਮੋਸ਼ੀ ਨੂੰ ਰਾਜਨੀਤਿਕ ਹਲਕਿਆਂ ਵਿੱਚ ਮੁਜਰਮਾਨਾ ਚੁੱਪ ਕਿਹਾ ਜਾ ਰਿਹਾ ਹੈ ਕਿਉਂਕਿ ਜਿਸ ਵਿਅਕਤੀ ਨੂੰ ਫ਼ਖ਼ਰੇ-ਕੌਮ ਦਾ ਖਿਤਾਬ ਮਿਲਿਆ ਹੋਵੇ, ਉਹ ਪੰਥ ਵਿੱਚ ਪੈਦਾ ਹੋਏ ਰੋਸ ਬਾਰੇ ਕੋਈ ਟਿੱਪਣੀ ਹੀ ਨਾ ਕਰੇ, ਉਨ੍ਹਾਂ ਦੀ ਇਸ ਪਹੁੰਚ ਅਤੇ ਰਵੱਈਏ ਤੋਂ ਹਰ ਵਿਅਕਤੀ ਹੈਰਾਨ ਅਤੇ ਪਰੇਸ਼ਾਨ ਹੈ|
ਸਭ ਤੋਂ ਵੱਡਾ ਗੁਨਾਹ ਅਕਾਲ ਤਖਤ ਦੇ ਵਰਤਮਾਨ ਜਥੇਦਾਰ ਨੇ ਹਰਿੰਦਰ ਸਿੰਘ ਸਿੱਕੇ ਨੂੰ ਪ੍ਰਸ਼ੰਸਾ ਪੱਤਰ ਜਾਰੀ ਕਰਕੇ ਦਿੱਤਾ| ਜੇ ਇਸ ਪ੍ਰਸ਼ੰਸਾ ਪੱਤਰ ਦਾ ਗੰਭੀਰ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਪਤਾ ਲੱਗਦਾ ਹੈ ਕਿ ਇਸ ਵਿੱਚ ਫਿਲਮ ਦੀ ਵੀ ਪ੍ਰਸ਼ੰਸਾ ਕੀਤੀ ਗਈ ਅਤੇ ਸਿੱਕੇ ਦੇ ਵੀ ਗੁਣ ਗਾਏ ਗਏ| ਛੇਵੇਂ ਪਾਤਸ਼ਾਹ ਦੇ ਤਖਤ ਦੀ ਸੇਵਾ ਕਰਨ ਵਾਲੇ ਇਸ ਜਥੇਦਾਰ ਨੇ ਦਿਲ, ਦਿਮਾਗ, ਰੂਹ ਅਤੇ ਜ਼ਮੀਰ ਦੇ ਸਾਰੇ ਦਰਵਾਜੇ ਬੰਦ ਕਰਕੇ ਆਪਣੇ ਆਪ ਨੂੰ ਇੱਕ ਟੱਬਰ ਦੇ ਅੱਗੇ ਸਮਰਪਣ ਕਰ ਦਿੱਤਾ ਅਤੇ ਭੁੱਲ ਗਿਆ ਕਿ ਮੀਰੀ ਪੀਰੀ ਦੇ ਸ਼ਹਿਨਸ਼ਾਹ ਦੇ ਦਰਬਾਰ ਅੱਗੇ ਪੇਸ਼ ਹੋ ਕੇ ਉਹ ਕੀ ਜਵਾਬ ਦੇਵੇਗਾ| ਉਹ ਸ਼ਗਨਾਂ ਭਰੀ ਸਵੇਰ ਦੀ ਹਰ ਕੋਈ ਉਡੀਕ ਕਰ ਰਿਹਾ ਹੈ ਜਦੋਂ ਸਿੱਖੀ ਸਿਧਾਂਤਾਂ ਦਾ ਜਗਦਾ ਮਘਦਾ ਇਤਿਹਾਸ ਇਸ ਗੁਨਾਹ ਦਾ ਜ਼ਿਕਰ ਕਰੇਗਾ| ਇਥੇ ਇਹ ਵੀ ਚੇਤੇ ਕਰਾਉਣਾ ਜ਼ਰੂਰੀ ਹੈ ਕਿ ਜਦੋਂ ਦਲਿਤ ਭਰਾਵਾਂ ਦੇ ਕੜਾਹ ਪ੍ਰਸਾਦਿ ਲਈ ਅਕਾਲ ਤਖਤ ਉਤੇ ਕਾਬਜ਼ ਮਹੰਤਾਂ ਨੇ ਅਰਦਾਸ ਕਰਨ ਤੋਂ ਨਾਂਹ ਕਰ ਦਿੱਤਾ ਤਾਂ ਫੈਸਲਾ ਹੋਇਆ ਕਿ ਗੁਰੂ ਗ੍ਰੰਥ ਸਾਹਿਬ ਤੋਂ ਪਵਿੱਤਰ ਹੁਕਮਨਾਮ ਹਾਸਿਲ ਕੀਤਾ ਜਾਵੇ| ਜਦੋਂ ਹੁਕਮਨਾਮਾ ਆਇਆ ਕਿ ਨਿਗੁਣਿਆਂ ਨੂੰ ਬਖਸ਼ ਲਇ.... ਤਾਂ ਮਹੰਤ ਡਰ ਕੇ ਭੱਜ ਗਏ| ਅਕਾਲ ਤਖਤ ਖਾਲੀ ਹੋ ਗਿਆ ਅਤੇ ਸੰਗਤਾਂ ਨੇ ਭਾਈ ਤੇਜਾ ਸਿੰਘ ਭੁੱਚਰ ਨੂੰ ਅਕਾਲ ਤਖਤ ਦਾ ਜਥੇਦਾਰ ਥਾਪ ਦਿੱਤਾ| ਉਸ ਸਮੇਂ ਦੋ ਹੋਰ ਇਤਿਹਾਸਕ ਵਿਅਕਤੀ ਭਾਈ ਕਰਤਾਰ ਸਿੰਘ ਝੱਬਰ ਅਤੇ ਭਾਈ ਲਾਹੌਰਾ ਸਿੰਘ ਵੀ ਮੌਜੂਦ ਸਨ| ਭਾਈ ਤੇਜਾ ਸਿੰਘ ਭੁੱਚਰ ਨੇ ਘੋੜਿਆਂ ਦੀ ਸੇਵਾ ਕਰਨ ਵਾਲੇ ਸਿੱਖ ਇਤਿਹਾਸ ਦੇ ਜਰਨੈਲ ਨਵਾਬ ਕਪੂਰ ਸਿੰਘ ਦੀ ਯਾਦ ਨੂੰ ਉਸ ਸਮੇਂ ਤਾਜ਼ਾ ਕਰ ਦਿੱਤਾ ਜਦੋਂ ਇੱਕ ਚਿੱਠੀ ਰਾਹੀਂ ਭਾਈ ਤੇਜਾ ਸਿੰਘ ਭੁੱਚਰ ਨੇ ਸਿੱਖ ਸੰਗਤਾਂ ਨੂੰ ਆਖਿਆ ਕਿ ਉਹ ਕੋਈ ਦਾਨਿਸ਼ਵਰ ਨਹੀਂ ਹਨ| ਇਸ ਲਈ ਉਨ੍ਹਾਂ ਦੀ ਸਹਾਇਤਾ ਲਈ ਉੱਘੇ ਵਿਦਵਾਨਾਂ ਦੀ ਕਮੇਟੀ ਬਣਾਈ ਜਾਵੇ ਜੋ ਸਮੇਂ ਸਮੇਂ ਸਿੱਖ ਮਸਲਿਆਂ ਬਾਰੇ ਸਲਾਹ ਦਿੰਦੇ ਰਹਿਣ| ਪਰ ਸਾਡੇ ਇਹ ਜਥੇਦਾਰ ਕਿਸ ਹੱਦ ਤੱਕ ਇੱਕੋ ਟੱਬਰ ਦੇ ਗੁਲਾਮ ਬਣ ਗਏ ਹਨ| ਅਤੇ ਇਹ ਵਰਤਮਾਨ ਜਥੇਦਾਰ? ਕਦੇ ਤਾਂ ਸਰਬੰਸਦਾਨੀ ਦਸ਼ਮੇਸ ਪਿਤਾ ਪੁੱਛੂਗਾ ਇਸ ਜਥੇਦਾਰ ਨੂੰ|

ਕਰਮਜੀਤ ਸਿੰਘ
99150-91063

Or