ਬਾਬਾ ਸਾਹਿਬ ਅੰਬੇਦਕਰ ਦੀਆਂ ਆਪਣੀਆਂ ਅਤੇ ਉਨ੍ਹਾਂ ਦੇ ਸਮਕਾਲੀ ਚਿੰਤਕਾਂ ਦੀਆਂ ਲਿਖਤਾਂ ਅਤੇ ਉਨ੍ਹਾਂ ਨਾਲ ਜੁੜੇ ਤੱਥਾਂ ਤੋਂ ਹੁਣ ਤੱਕ ਕੁਝ ਗੱਲਾਂ ਸਪਸ਼ਟ ਹੋ ਚੁੱਕੀਆਂ ਹਨ| ਪਹਿਲੀ ਇਹ ਕਿ ਡਾ. ਅੰਬੇਦਕਰ ਆਪਣੇ ਭਾਈਚਾਰੇ ਸਮੇਤ ਸਿੱਖੀ 'ਚ ਸ਼ਮੂਲੀਅਤ ਚਾਹੁੰਦੇ ਸਨ ਪਰ ਜਾਪਦਾ ਇਹ ਹੈ ਕਿ ਉਨ੍ਹਾਂ ਦੀ ਇਹ ਚਾਹਤ ਕਿਸੇ ਵੱਡੀ ਆਤਮਿਕ ਜਗਿਆਸਾ ਤੋਂ ਪ੍ਰੇਰਿਤ ਨਹੀਂ ਸੀ| ਉਹ ਚਾਹਤ ਮਹਿਜ਼ ਦਲਿਤ ਹੋਂਦ ਤੋਂ ਛੁਟਕਾਰੇ ਲਈ ਚਾਹਿਆ ਗਿਆ ਅਮਲ ਹੀ ਜਾਪਦਾ ਸੀ ਅਤੇ ਉਨ੍ਹਾਂ ਦੀ ਸ਼ਖਸੀਅਤ ਦੀ ਇਹੋ ਅਸਲੀਅਤ ਹੀ ਉਨ੍ਹਾਂ ਦੀ ਹਾਰ ਦਾ ਕਾਰਨ ਬਣੀ| ਜ਼ਿੰਦਗੀ ਦੇ ਹਰ ਪਹਿਲੂ ਦੀ ਡੂੰਘੀ ਸਮਝ ਰੱਖਣ ਵਾਲੇ ਘਾਗ ਹਿੰਦੂ ਨੇਤਾ ਗਾਂਧੀ ਨਹਿਰੂ ਵਗੈਰਾ ਉਨ੍ਹਾਂ ਦੀ ਇਸ ਮਾਨਸਿਕ ਅਤੇ ਵਿਚਾਰਧਾਰਕ ਕਮਜ਼ੋਰੀ ਤੋਂ ਭਲੀਭਾਂਤ ਵਾਕਫ ਸਨ| ਨਤੀਜੇ ਵੱਜੋਂ ਉਨ੍ਹਾਂ ਵੱਲੋਂ ਪੈਦਾ ਕੀਤੀਆਂ ਗਈਆਂ ਹਾਲਤਾਂ ਦੇ ਮਜਬੂਰ ਕੀਤੇ ਡਾ. ਅੰਬੇਦਕਰ ਆਪਣੇ ਪੂਰਵਜਾਂ ਦੀ ਰੀਤ ਨਿਭਾਉਂਦੇ ਅਤੇ ਇਤਿਹਾਸ ਦੁਹਰਾਉਂਦੇ ਇਸ ਫੈਸਲਾਕੁੰਨ ਲੜਾਈ 'ਚ ਮਾਤ ਖਾ ਗਏ|
ਇਸ ਇਤਿਹਾਸਕ ਘਟਨਾਕ੍ਰਮ ਦਾ ਇੱਕੋ ਪੱਖ ਡਾ. ਅੰਬੇਦਕਰ ਦੇ ਹੱਕ 'ਚ ਜਾਂਦਾ ਹੈ ਕਿ ਸਾਰੇ ਘੋਲ 'ਚ ਉਨ੍ਹਾਂ ਦੇ ਦੁਸ਼ਮਣਾਂ ਨੇ ਆਪਣਾ ਰਵਾਇਤੀ ਸਾਮ-ਦਾਮ-ਦੰਡ-ਭੇਦ ਵਾਲਾ ਕਿਰਦਾਰ ਹੀ ਦੁਹਰਾਇਆ ਜਦਕਿ ਡਾ. ਅੰਬੇਦਕਰ ਨਿਤਾਣੀ ਹਸਤੀ ਵਜੋਂ ਸਾਡੀ ਪੂਰੀ ਪੂਰੀ ਹਮਦਰਦੀ ਹਾਸਲ ਕਰਦੇ ਹਨ| ਪਰ ਜਦੋਂ ਅਸੀਂ ਵਰਤਮਾਨ ਹਾਲਤਾਂ ਦਾ ਵਿਸ਼ਲੇਸ਼ਣ ਕਰਦੇ ਹਾਂ ਤਾਂ ਇਸ ਸੰਦਰਭ ਵਿੱਚ ਉਕਤ ਇਤਿਹਾਸਕ ਵਰਤਾਰਾ ਦਲਿਤਾਂ ਲਈ ਹੁਣ ਗੁੰਝਲਦਾਰ ਸਮੱਸਿਆ ਬਣਦਾ ਜਾ ਰਿਹਾ ਹੈ| ਇਸ ਸਮੱਸਿਆ ਦੀ ਮੂਲ ਜੜ੍ਹ ਡਾ. ਅੰਬੇਦਕਰ ਵਾਂਗ ਹੀ ਉਨ੍ਹਾਂ ਦੇ ਭਾਈਚਾਰੇ ਦਾ ਸਾਰੇ ਪੱਖਾਂ ਤੋਂ ਉੱਚੀ ਅਤੇ ਡੂੰਘੀ ਦਾਰਸ਼ਨਿਕ ਸਮਝ ਤੋਂ ਸੱਖਣੇ ਹੋਣਾ ਹੈ|
ਸਾਰਾ ਦਲਿਤ ਭਾਈਚਾਰਾ ਹਰ ਵੇਲੇ ਬਾਬਾ ਸਾਹਿਬ ਬਾਬਾ ਸਾਹਿਬ ਨੂੰ ਯਾਦ ਕਰਦਾ ਰਹਿੰਦਾ ਹੈ ਪਰ ਸਾਰੇ ਵਰਤਾਰੇ ਦੇ ਡੂੰਘੇ ਅਰਥਾਂ ਦੀ ਤਲਾਸ਼ ਨਹੀਂ ਕਰਦਾ| ਡਾ. ਸਾਹਿਬ ਦੀ ਕਿਸੇ ਮਹਾਨ ਦਾਰਸ਼ਨਿਕ ਜਾਂ ਰੂਹਾਨੀ ਸਮਰੱਥਾ ਕਰਕੇ ਨਹੀਂ ਬਲਕਿ ਸੰਵਿਧਾਨ ਕਰਕੇ, ਸੰਵਿਧਾਨ ਨਿਰਮਾਣ ਹਿੱਤ ਚੱਲੇ ਢਾਈ ਸਾਲ ਲੰਮੇ ਡਰਾਮੇ ਦੀ ਅਸਲੀਅਤ ਜਾਣੇ ਬਗੈਰ ਹੀ ਸਥਿਤੀਆਂ ਦਾ ਵਿਸ਼ਲੇਸ਼ਣ ਕਰਦਾ ਹੈ| ਹੁਣ ਵੱਡਾ ਸਵਾਲ ਇਹ ਹੈ ਕਿ ਜੇ ਸੰਵਿਧਾਨ ਸਹੀ ਅਰਥਾਂ 'ਚ ਦਲਿਤ ਮੁਕਤੀ ਦਾ ਸਾਧਨ ਹੁੰਦਾ ਤਾਂ ਹੁਣ ਤੱਕ ਦਲਿਤ ਭਾਈਚਾਰੇ ਦੀ ਜ਼ਿੰਦਗੀ ਵਿੱਚ ਬਹਾਰ ਆ ਜਾਂਦੀ|
ਹੁਣ ਦੱਸਣਯੋਗ ਇਹ ਹੈ ਕਿ ਗਾਂਧੀ ਆਪਣੀਆਂ ਧਰਮ ਸਬੰਧੀ ਕਿਤਾਬਾਂ 'ਚ ਗੌਤਮ ਬੁੱਧ ਨੂੰ ਵਿਸ਼ਣੂ ਦਾ ਅਵਤਾਰ ਸਿੱਧ ਕਰਦੇ ਅਤੇ ਬਕਾਇਦਾ ਸਨਾਤਨ ਧਾਰਮਿਕ ਕਾਇਦੇ ਅਨੁਸਾਰ ਕਰਦੇ| ਕੀ ਡਾ. ਅੰਬੇਦਕਰ ਗਾਂਧੀ ਰਚਿਤ ਦਾਰਸ਼ਨਿਕ ਸਮੱਗਰੀ ਨੂੰ ਪੜ੍ਹਨ, ਸਮਝਣ 'ਚ ਅਸਮਰੱਥ ਸਨ? ਜੇ ਨਹੀਂ ਤਾਂ ਫਿਰ ਉਨ੍ਹਾਂ ਨੇ ਕਿਸ ਆਧਾਰ 'ਤੇ ਬੁੱਧ ਧਰਮ ਗ੍ਰਹਿਣ ਕੀਤਾ ਅਤੇ ਬਿਪਰ ਬਿਰਤੀ ਨਾਲ ਲੈਸ ਗਾਂਧੀ ਵੱਲੋਂ ਪੇਸ਼ ਕੀਤੀ ਬਿਪਰ ਅਧਾਰਿਤ ਦਾਰਸ਼ਨਿਕ ਨੀਤੀ ਨੂੰ ਆਪਣੀ ਦਾਰਸ਼ਨਿਕ ਸਮੱਰਥਾ ਨਾਲ ਜਵਾਬ ਕਿਉਂ ਨਾ ਦਿੱਤਾ?
ਅਤੇ ਸੰਵਿਧਾਨ ਆਪਣੇ ਆਪ ਵਿੱਚ ਹੁੰਦਾ ਕੀ ਹੈ? ਹਰ ਵੇਲੇ ਸੰਵਿਧਾਨ ਦਾ ਛੁਣਛਣਾ ਵਜਾਉਂਦੇ ਰਹਿਣਾ ਵੀ ਬਹੁਤੀ ਸਿਆਣਪ ਨਹੀਂ| ਦਲਿਤ ਭਾਈਚਾਰੇ ਨੂੰ ਪੁੱਛਣਾ ਬਣਦਾ ਹੈ ਕਿ ਲਗਭਗ ਏਸੇ ਜਮਹੂਰੀ ਮਾਪਦੰਡਾਂ 'ਤੇ ਉਸਰੇ ਪੱਛਮੀ ਮੁਲਕਾਂ ਦੇ ਸੰਵਿਧਾਨ ਆਮ ਜੀਵਨ ਲਈ ਵੱਧ ਨਿਆਂਕਾਰੀ ਸਾਬਿਤ ਹੋਏ ਹਨ| ਪਰ ਫਿਰ ਵੀ ਉਨ੍ਹਾਂ ਮੁਲਕਾਂ ਅਤੇ ਕੌਮਾਂ ਨੇ ਆਪਣੇ ਮੁਕੰਮਲ ਜੀਵਨ ਦੀ ਖੁਰਾਕ ਅਤੇ ਪ੍ਰੇਰਣਾ ਸਰੋਤ ਆਪਣੇ ਧਾਰਮਿਕ ਗ੍ਰੰਥਾਂ ਅਤੇ ਪੈਗੰਬਰੀ ਤਰਜ਼-ਏ-ਜ਼ਿੰਦਗੀ ਨੂੰ ਹੀ ਰੱਖਿਆ ਹੈ| ਸੰਵਿਧਾਨ ਤਾਂ ਮਹਿਜ਼ ਰਾਜਨੀਤਿਕ ਚੇਤਨਾ ਵੱਲੋਂ ਕਿਸੇ ਧਰਮ ਪਰੰਪਰਾ ਵਿਸ਼ੇਸ਼ ਦੇ ਕਾਇਦਿਆਂ ਦੀ ਉੱਚਤਾ ਦੀ ਬਹਾਲੀ ਲਈ ਹੀ ਹੋਂਦ ਵਿੱਚ ਲਿਆਂਦਾ ਜਾਂਦਾ ਹੈ ਅਤੇ ਇਲਾਹੀ ਨਿਯਮਾ ਦੀ ਰੌਸ਼ਨੀ ਵਿੱਚ ਹੀ ਪ੍ਰਾਸੰਗਿਕ ਹੋ ਸਕਦਾ ਹੈ| ਮਹਿਜ਼ 'ਰੋਟੀ ਬੇਟੀ' 'ਤੇ ਇਕਾਗਰ ਹੋ ਚੁੱਕਾ ਡੂੰਘੀ ਹੀਣ ਭਾਵਨਾ ਨਾਲ ਗ੍ਰੱਸਿਆ ਦਲਿਤ ਸਮਾਜ ਇਸ ਅਟੱਲ ਸੱਚਾਈ ਨੂੰ ਜਿੰਨੀ ਛੇਤੀ ਸਮਝ ਲਵੇ, ਉਸਦਾ ਉਨਾ ਹੀ ਜ਼ਿਆਦਾ ਫਾਇਦਾ ਹੈ|
ਅਮਰੀਕ ਸਿੰਘ
75892-21575