ਰੂਸੀ ਨਾਵਲ ‘ਮਹਾਂਬਲੀ ਦਾ ਪਤਨ’ ਕਾਮਰੇਡਾਂ ਦੇ ਅਖੌਤੀ ਸਮਾਜਵਾਦ ਦੀਆਂ ਪਰਤਾਂ ਉਧੇੜਦਾ ਹੈ

ਪਿਆਰੇ ਸੱਜਣੋ! ਇਹ ਨਾਵਲ 'ਮਹਾਂਬਲੀ ਦਾ ਪਤਨ' ਮੈਂ ਅੱਜ ਤੋਂ ਤੀਹ ਬੱਤੀ ਵਰ੍ਹੇ ਪਹਿਲਾਂ ਪੜ੍ਹਿਆ ਸੀ| ਇਹ ਨਾਵਲ ਆਮ ਪੜ੍ਹੇ ਜਾਣ ਵਾਲੇ ਰੂਸੀ ਨਾਵਲਾਂ ਤੋਂ ਬਿਲਕੁੱਲ ਵੱਖ ਸੀ| ਤਾਲਸਤਾਏ, ਦੋਸਤੋਵਸਕੀ ਦੇ ਨਾਵਲਾਂ ਵਿਚ ਇਨਕਲਾਬ ਤੋਂ ਪਹਿਲਾਂ ਵਾਲੇ ਰੂਸ ਦਾ ਵਰਨਣ ਸੀ| ਗੋਰਕੀ, ਮਿਖਾਇਲ ਸੋਲੋਖੋਵ, ਫੇਦਿਨ, ਅਲੈਕਸੀ ਤਾਲਸਤਾਏ, ਫਾਦੇਏਵ, ਸਰਫੀਮੋਵਿਚ ਆਦਿ ਲੇਖਕਾਂ ਦੇ ਨਾਵਲਾਂ ਵਿਚ ਰੂਸੀ ਇਨਕਲਾਬ ਦਾ ਵਰਨਣ ਸੀ ਪਰ ਜਦ ਸਮਾਜਵਾਦੀ ਨਿਜ਼ਾਮ ਕਾਇਮ ਹੋਇਆ ਤਾਂ ਉਸ ਦੌਰ ਦੇ ਮਨੁਖ ਦੀਆਂ ਕੀ ਕੀ ਸਮੱਸਿਆਵਾਂ ਸਨ, ਇਹ ਨਿਜ਼ਾਮ ਸਮਾਜਵਾਦੀ ਸਾਮਰਾਜ 'ਚ ਕਿਵੇਂ ਬਦਲ ਗਿਆ? ਧਰਮ ਨੂੰ ਮੰਨਣ ਵਾਲੇ ਲੋਕਾਂ ਦਾ ਕੀ ਹਸ਼ਰ ਹੋਇਆ? ਇਹ ਕਿਸੇ ਲੇਖਕ ਨੇ ਬਿਆਨ ਨਹੀਂ ਕੀਤਾ ਸੀ| ਸਮਾਜਵਾਦੀ ਜਿਨ੍ਹਾਂ ਰਚਨਾਵਾਂ ਨੂੰ ਕਲਾਸਿਕ ਰਚਨਾਵਾਂ ਦੇ ਤੌਰ 'ਤੇ ਪੇਸ਼ ਕਰਦੇ ਸਨ ਉਹ ਰੂਸੀ ਇਨਕਲਾਬ ਤੋਂ ਪਹਿਲੇ ਦੌਰ ਦੇ ਤਾਲਸਤਾਏ, ਦੋਸਤੋਵਸਕੀ, ਤੁਰਗਨੇਵ ਤੇ ਚੈਖੋਵ ਦੀਆਂ ਸਨ| ਸਮਾਜਵਾਦੀ ਨਿਜ਼ਾਮ ਨੇ ਕਿਹੜਾ ਕਲਾਸਿਕ ਸਾਹਿਤ ਪੈਦਾ ਕੀਤਾ ਹੈ? ਇਹ ਸਾਹਮਣੇ ਨਹੀਂ ਆਉਂਦਾ ਸੀ| ਸਟਾਲਿਨ ਨੇ ਜੋ ਆਪਣੀ ਹੀ ਪਾਰਟੀ ਦੇ ਮੋਢੀ ਇਨਕਲਾਬੀਆਂ ਸਮੇਤ ਜੋ ਲੱਖਾਂ ਬੰਦੇ ਮਾਰ ਦਿੱਤੇ ਸਨ ਕੀ ਉਨ੍ਹਾਂ ਦਾ ਕਿਸੇ ਲੇਖਕ ਨੇ ਜ਼ਿਕਰ ਕੀਤਾ? ਇਸ ਬਾਰੇ ਪੱਤਰਕਾਰ ਲੂਈ ਫਿਸ਼ਰ ਤੇ ਹਾਵਰਡ ਫਾਸਟ ਨੇ ਆਪਣੀ ਕਿਤਾਬ The Naked God ਵਿਚ ਜ਼ਿਕਰ ਕੀਤਾ ਸੀ| ਫਿਰ ਪਤਾ ਲੱਗਿਆ ਕਿ ਰੂਸੀ ਲੇਖਕ ਸੋਲਜੇਨਿਤਸਨ ਨੇ ਆਪਣੇ ਨਾਵਲਾਂ 'ਚ ਸਟਾਲਨੀ ਜਬਰ ਦਾ ਜ਼ਿਕਰ ਕੀਤਾ ਹੈ ਪਰ ਪੰਜਾਬੀ ਵਿਚ ਉਸਦਾ ਇਕੋ ਨਾਵਲੈਟ ਸੁਰਜੀਤ ਹਾਂਸ ਨੇ ਅਨੁਵਾਦ ਕੀਤਾ ਸੀ 'ਵਗਾਰ ਦੇ ਕੈਦੀ'|
ਜਦ ਮੈਂ ਮਹਾਂਬਲੀ ਦਾ ਪਤਨ ਨਾਵਲ ਪੜ੍ਹਿਆ ਤਾਂ ਹੈਰਾਨ ਰਹਿ ਗਿਆ ਕਿ ਲੇਖਕ ਨੇ ਸਟਾਲਿਨ ਸ਼ਾਹੀ ਦਾ ਲੁਕਿਆ ਪਾਸਾ ਕਿਵੇਂ ਨੰਗਾ ਕੀਤਾ ਹੈ| ਇਹ ਨਾਵਲ ਮੇਰੇ ਕੋਲੋਂ ਕੋਈ ਦੋਸਤ ਮੰਗ ਕੇ ਲੈ ਗਿਆ ਸੀ ਪਰ ਕਿਹੜਾ ਯਾਦ ਨਹੀਂ ਸੀ ਪਰ ਨਾਵਲ ਦਾ ਪ੍ਰਭਾਵ ਦਿਲੋ ਦਿਮਾਗ 'ਤੇ ਬਣਿਆ ਰਿਹਾ| ਮੈਂ ਨਾਵਲ ਦੀ ਤਲਾਸ਼ ਕਰਦਾ ਰਿਹਾ| ਹੁਣ ਵਰ੍ਹਿਆਂ ਦੀ ਤਲਾਸ਼ ਤੋਂ ਬਾਦ ਪੰਜਾਬੀ ਯੂਨੀਵਰਸਿਟੀ ਦੇ ਇੱਕ ਸਕਾਲਰ ਨੇ ਇਹ ਨਾਵਲ ਦਿੱਲੀ ਤੋਂ ਫੋਟੋ ਕਾਪੀ ਕਰਵਾ ਲਿਆਂਦਾ ਹੈ| ਨਾਵਲ ਦੁਬਾਰਾ ਨਿੱਠ ਕੇ ਪੜ੍ਹਿਆ| ਜਿਹੜੀਆਂ ਗੱਲਾਂ ਦੀ ਤੀਹ ਬੱਤੀ ਵਰ੍ਹੇ ਪਹਿਲਾਂ ਸਮਝ ਨਹੀਂ ਆਈ ਸੀ ਉਹ ਪੰਜਾਬ ਵਿਚਲੇ ਕਮਿਊਨਿਸਟ ਕਲਚਰ ਨਾਲ ਤੁਲਨਾ ਕਰਕੇ ਸਮਝ ਲੱਗੀ ਹੈ| ਜਦ ਕਮਿਊਨਿਸਟ ਸੱਤਾ 'ਚ ਹੁੰਦੇ ਹਨ ਤਾਂ ਕਿਵੇਂ ਖੁਸ਼ਾਮਦੀ ਕਲਚਰ ਪੈਦਾ ਹੋ ਜਾਂਦਾ ਹੈ ਤੇ ਬੰਦੇ ਅੱਗੇ ਵਧਣ ਲਈ ਕਿਵੇਂ ਲੀਡਰਸ਼ਿਪ ਅੱਗੇ ਰੀੜ੍ਹਹੀਣ ਬਣ ਕੇ ਇਮਾਨ ਇਖਲਾਕ ਤੋਂ ਡੋਲ ਜਾਂਦੇ ਹਨ| ਸੈਂਟਰ ਵਿਚ ਜਦ ਸੀ.ਪੀ.ਐਮ ਨੇਤਾ ਹਰਕਿਸ਼ਨ ਸਿੰਘ ਸੁਰਜੀਤ ਦੀ ਤੂਤੀ ਬੋਲਦੀ ਸੀ ਤਾਂ ਕਿਵੇਂ ਪੰਜਾਬ ਦੇ ਕਾਮਰੇਡ, ਪੁਲਿਸ ਵਾਲੇ ਅਤੇ ਪ੍ਰੋਫੈਸਰ ਆਦਿ ਦਿੱਲੀ ਜਾ ਕੇ ਉਸਦੇ ਪੈਰੀਂ ਡਿੱਗਦੇ ਸਨ| ਉਸ ਦੇ ਪੋਤੇ ਦੇ ਵਿਆਹ 'ਚ ਕਿਵੇਂ ਜੈਕ ਐਂਡ ਡੈਨੀਅਲ ਤੇ ਬਲਿਉ ਲੇਬਲ ਵਰਗੀਆਂ ਦੁਨੀਆਂ ਦੀਆਂ ਮਹਿੰਗੀਆਂ ਸਕੌਚਾਂ ਦੀ ਅੱਗ 'ਤੇ ਭੁੰਨੀ ਟਰਾਊਟ ਮੱਛੀ ਉਡਦੀ ਸੀ| ਰੂਸ ਵਿਚ ਆਮ ਲੋਕ ਭੁੱਖੇ ਮਰਦੇ ਸਨ ਤੇ ਪਾਰਟੀ ਲੀਡਰਾਂ ਨੂੰ ਸ਼ਾਹੀ ਸਹੂਲਤਾਂ ਪ੍ਰਾਪਤ ਸਨ| ਪੰਜਾਬ ਵਿਚ ਪ੍ਰੋ. ਬਲਵੰਤ ਸਿੰਘ ਧਰਮਰਾਜ ਬਣਿਆ ਬੈਠਾ ਸੀ ਬਹੁਤੇ ਕਾਮਰੇਡ ਆਪਣੇ ਕੰਮ ਕਢਵਾਉਣ ਲਈ ਉਸ ਕੋਲ ਆਪਣੀਆਂ ਪਤਨੀਆਂ ਤੱਕ ਭੇਜ ਦਿੰਦੇ ਸਨ|
ਮਹਾਂਬਲੀ ਦਾ ਪਤਨ ਨਾਵਲ ਵਿੱਚ ਲੇਖਕ ਦਿਖਾਉਂਦਾ ਹੈ ਕਿ ਕਿਵੇਂ ਸਟਾਲਿਨ ਨੇ ਗੋਰਕੀ ਦਾ ਕਤਲ ਕਰਵਾਇਆ ਸੀ ਕਿਉਂਕਿ ਉਹ ਚਾਹੁੰਦਾ ਸੀ ਕਿ ਗੋਰਕੀ ਉਸ ਨੂੰ ਨਾਇਕ ਬਣਾ ਕੇ ਨਾਵਲ ਲਿਖੇ| ਸਟਾਲਿਨ ਸ਼ਾਹੀ ਵਿਚਾਰ ਹਰ ਬੰਦੇ ਨੂੰ ਪ੍ਰਚਾਰਨਾ ਜ਼ਰੂਰੀ ਸੀ ਜੋ ਕਿੰਤੂ ਪਰੰਤੂ ਕਰਦਾ ਸੀ ਉਸ ਨੂੰ ਦੁਸ਼ਮਣ ਦਾ ਏਜੰਟ ਕਹਿਕੇ ਕਤਲ ਕਰ ਦਿੱਤਾ ਜਾਂਦਾ ਸੀ| ਮੈਂ ਹੈਰਾਨ ਹਾਂ ਕਿ ਨਾਵਲ ਦਾ ਲੇਖਕ ਈਗੋਰ ਗੁਚੈਂਕੋ ਕਲਾ ਪੱਖੋ ਤਾਲਸਤਾਏ ਵਰਗੇ ਲੇਖਕਾਂ ਨਾਲ ਵਰ ਮੇਚਦਾ ਹੈ| ਨਾਵਲ ਮੰਜੀ ਵਾਂਗ ਬੁਣਿਆ ਪਿਆ ਹੈ ਕਿਤੇ ਵੀ ਕੋਈ ਝੋਲ ਨਹੀਂ ਪੈਂਦੀ| ਇਸ ਨੂੰ ਕੋਈ ਸਾਮਰਾਜੀਆਂ ਦਾ ਪ੍ਰਚਾਰ ਕਹਿ ਕੇ ਰੱਦ ਨਹੀਂ ਕਰ ਸਕਦਾ| ਇਹ ਨਾਵਲ ਦੁਬਾਰਾ ਛਪਣਾ ਚਾਹੀਦਾ ਹੈ ਤੇ ਛਾਪਣ ਦਾ ਖਰਚਾ ਚੁੱਕਣ ਵਾਲਿਆਂ ਨੂੰ ਇਹ ਦਲੇਰੀ ਦਾ ਕੰਮ ਜ਼ਰੂਰ ਕਰਨਾ ਚਾਹੀਦਾ ਹੈ ਤਾਂ ਕਿ ਇਸ ਨਾਵਲ ਦੀ ਰੌਸ਼ਨੀ 'ਚ ਪੰਜਾਬ ਦੇ ਕਾਮਰੇਡਾਂ ਦੇ ਅਮਲ ਦੀ ਸਮਝ ਆ ਸਕੇ ਕਿ ਉਹ ਸਿੱਖਾਂ ਦੇ ਮਾਮਲੇ 'ਚ ਕਿਵੇਂ ਭਾਰਤੀ ਸਟੇਟ ਦੇ ਹੱਥ ਠੋਕੇ ਹੋ ਨਿੱਬੜੇ!

ਰਾਜਵਿੰਦਰ ਸਿੰਘ ਰਾਹੀ
98157-51332

Or