ਬੰਦੀ ਸਿੰਘਾਂ ਦੀ ਰਿਹਾਈ ਲਈ ਬਲਜੀਤ ਸਿੰਘ ਖਾਲਸਾ ਗ੍ਰਿਫਤਾਰ ਅਤੇ ਰਿਹਾਅ

ਚੰਡੀਗੜ੍ਹ, 25 ਅਪ੍ਰੈਲ  (ਕਰਮਜੀਤ ਸਿੰਘ ): ਅੱਜ ਇਥੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਸਿੱਖ ਆਗੂ ਭਾਈ ਬਲਜੀਤ ਸਿੰਘ ਖਾਲਸਾ ਨੂੰ ਉਸ ਸਮੇਂ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ, ਜਦੋਂ ਉਹ ਰਾਜਪਾਲ ਭਵਨ ਵੱਲ ਮੰਗ ਪੱਤਰ ਦੇਣ ਲਈ ਜਾ ਰਹੇ ਸੀ| ਉਨ੍ਹਾਂ ਨੂੰ 5 ਤੇ 6 ਸੈਕਟਰ ਦਰਮਿਆਨ ਪੁਲਿਸ ਨੇ ਨਾਕਾ ਲਾ ਕੇ ਹਿਰਾਸਤ ਵਿੱਚ ਲੈ ਲਿਆ ਅਤੇ ਥਾਣਾ 3 ਦੇ ਪੁਲਿਸ ਸਟੇਸ਼ਨ ਵਿੱਚ ਬਿਠਾਈ ਰੱਖਿਆ| ਬਾਅਦ ਵਿੱਚ ਸ਼ਾਮ ਨੂੰ 5 ਵਜੇ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ| ਭਾਈ ਬਲਜੀਤ ਸਿੰਘ ਨੇ ਇਸ ਪੱਤਰਕਾਰ ਨੂੰ ਫੋਨ 'ਤੇ ਦੱਸਿਆ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ|
ਇਥੇ ਇਹ ਚੇਤੇ ਕਰਾਇਆ ਜਾਂਦਾ ਹੈ ਕਿ ਭਾਈ ਬਲਜੀਤ ਸਿੰਘ ਖਾਲਸਾ ਇੱਕ ਲੰਮੇ ਅਰਸੇ ਤੋਂ ਚੰਡੀਗੜ੍ਹ ਵਿੱਚ ਪੰਜਾਬੀ ਨੂੰ ਲਾਗੂ ਕਰਾਉਣ ਲਈ ਲਗਾਤਾਰ ਸੰਘਰਸ਼ ਕਰ ਰਹੇ ਹਨ ਅਤੇ ਕਈ ਵਾਰ ਜੇਲ੍ਹ ਵੀ ਜਾ ਚੁੱਕੇ ਹਨ| ਉਨ੍ਹਾਂ ਨੇ ਇੱਕ ਜਿਹਾਦੀ ਵਾਂਗ ਇਕੱਲੇ ਹੀ ਇਹ ਸੰਘਰਸ਼ ਵਿੱਢਿਆ ਹੋਇਆ ਹੈ| ਉਨ੍ਹਾਂ ਨੇ ਕਈ ਵਾਰ ਸਬੰਧਤ ਅਧਿਕਾਰੀਆਂ ਨੂੰ ਪੰਜਾਬੀ ਲਾਗੂ ਕਰਨ ਬਾਰੇ ਯਾਦ ਪੱਤਰ ਵੀ ਦਿੱਤੇ ਹਨ ਪਰ ਜਦੋਂ ਉਨ੍ਹਾਂ ਦੀ ਕਿਤੇ ਵੀ ਸੁਣਵਾਈ ਨਹੀਂ ਹੁੰਦੀ ਜਾਂ ਚੰਡੀਗੜ੍ਹ ਪ੍ਰਸ਼ਾਸਨ ਉਨ੍ਹਾਂ ਦੀਆਂ ਮੰਗਾ ਪ੍ਰਵਾਨ ਨਹੀਂ ਕਰਦਾ ਤਾਂ ਉਹ ਸਿੱਧਾ ਐਕਸ਼ਨ ਲੈਣ ਤੋਂ ਵੀ ਗੁਰੇਜ਼ ਨਹੀਂ ਕਰਦੇ| ਮਾਂ-ਬੋਲੀ ਪ੍ਰਤੀ ਉਨ੍ਹਾਂ ਦਾ ਸਤਿਕਾਰ ਇਸ ਹੱਦ ਤੱਕ ਹੈ ਕਿ ਉਹ ਜਿਥੇ ਕਿਤੇ ਵੀ ਹਿੰਦੀ-ਅੰਗਰੇਜ਼ੀ ਵਿੱਚ ਲਿਖੇ ਬੋਰਡ ਵੇਖਦੇ ਹਨ, ਉਥੇ ਕੂਚੀ ਫੇਰ ਦਿੰਦੇ ਹਨ| ਉਨ੍ਹਾਂ ਦਾ ਗਿਲਾ ਹੈ ਕਿ ਲੇਖਕ ਸਭਾਵਾਂ ਅਤੇ ਜਥੇਬੰਦੀਆਂ ਸਾਲ ਵਿੱਚ ਇੱਕ ਜਾਂ ਦੋ ਵਾਰੀ ਧਰਨਿਆਂ ਵਰਗੀ ਰਸਮੀ ਜਿਹੀ ਕਾਰਵਾਈ ਕਰ ਕੇ ਇਥੋਂ ਚਲੇ ਜਾਂਦੇ ਹਨ ਅਤੇ ਅਧਿਕਾਰੀਆਂ ਦੇ ਕੰਨਾਂ 'ਤੇ ਜੂੰ ਨਹੀਂ ਸਰਕਦੀ| ਉਹ ਕੋਈ ਵੀ ਗੰਭੀਰ ਐਕਸ਼ਨ ਲੈਣ ਤੋਂ ਸਦਾ ਹੀ ਗੁਰੇਜ਼ ਕਰਦੇ ਹਨ| ਇਸ ਲਈ ਸਬੰਧਤ ਅਧਿਕਾਰੀ ਵੀ ਜਾਣਦੇ ਹਨ ਕਿ ਇਨ੍ਹਾਂ ਲੇਖਕਾਂ ਵਿੱਚ ਮੰਗਾਂ ਮਨਵਾਉਣ ਲਈ ਕੋਈ ਜੁਰਅਤ ਜਾਂ ਹੌਸਲਾ ਨਹੀਂ ਪਰ ਭਾਈ ਬਲਜੀਤ ਸਿੰਘ ਖਾਲਸਾ ਨੂੰ ਇਸ ਦੀ ਕੋਈ ਪਰਵਾਹ ਨਹੀਂ ਹੈ| ਉਸ ਦਾ ਕਹਿਣਾ ਹੈ ਕਿ ਕਦੇ ਨਾ ਕਦੇ ਗੁਰੂ ਦਸਮ ਪਾਤਸ਼ਾਹ ਉਸ ਨੂੰ ਕਾਮਯਾਬੀ ਬਖਸ਼ਣਗੇ ਅਤੇ ਚੰਡੀਗੜ੍ਹ ਵਿੱਚ ਪੂਰੀ ਤਰ੍ਹਾਂ ਪੰਜਾਬੀ ਲਾਗੂ ਹੋ ਜਾਵੇਗੀ| ਇਥੇ ਇਹ ਵੀ ਚੇਤੇ ਕਰਾਇਆ ਜਾਂਦਾ ਹੈ ਕਿ ਚੰਡੀਗੜ੍ਹ ਦੇ ਚੌਂਕਾਂ ਵਿੱਚ ਅਕਸਰ ਹੀ ਟ੍ਰੈਫਿਕ ਵਿਭਾਗ ਵੱਲੋਂ ਟ੍ਰੈਫਿਕ ਨੂੰ ਨਿਯਮਬੱਧ ਕਰਨ ਲਈ ਹਿੰਦੀ ਵਿੱਚ ਸੰਬੋਧਨ ਕੀਤਾ ਜਾਂਦਾ ਹੈ ਜਦਕਿ ਇੱਕ ਅੰਦਾਜ਼ੇ ਮੁਤਾਬਿਕ 90 ਫੀਸਦੀ ਲੋਕ ਪੰਜਾਬੀ ਬੋਲਦੇ ਅਤੇ ਸਮਝਦੇ ਹਨ| ਇਥੇ ਇਹ ਵੀ ਚੇਤੇ ਕਰਾਇਆ ਜਾਂਦਾ ਹੈ ਕਿ ਬਲਜੀਤ ਸਿੰਘ ਖਾਲਸਾ ਮੂਲ ਰੂਪ ਵਿੱਚ ਪੰਜਾਬੀ ਨਹੀਂ ਹਨ, ਉਹ ਯੂ.ਪੀ, ਬਿਹਾਰ ਤੋਂ ਇਥੇ ਆ ਕੇ ਵਸੇ ਹੋਏ ਹਨ ਅਤੇ ਉਨ੍ਹਾਂ ਨੇ ਅੰਮ੍ਰਿਤ ਵੀ ਛਕਿਆ ਹੋਇਆ ਹੈ ਅਤੇ ਬੇਬਾਕ ਅਤੇ ਨਿਡਰ ਹੋ ਕੇ ਪੰਜਾਬੀ ਲਈ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਆਪਣੇ ਵਿਚਾਰ ਪ੍ਰਗਟ ਕਰਦੇ ਰਹਿੰਦੇ ਹਨ|

Or