ਸਿੱਖ ਸੰਸਥਾਵਾਂ ਨੂੰ ਸੀਬੀਐਸਈ ਨਾਲ ਇੰਨਾ ਹੇਜ ਕਿਉਂ?

ਬਹੁਤੇ ਸਿੱਖ ਸਕੂਲ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਦੂਰ ਦੂਰ ਕਿਉਂ?
ਪੰਥਕ ਆਗੂਆਂ ਦੀ ਕਹਿਣੀ ਤੇ ਕਰਨੀ ਵਿੱਚ ਦੋਗਲਾਪਣ ਕਿਉਂ?

ਕਰਮਜੀਤ ਸਿੰਘ
99150-91063
ਚੰਡੀਗੜ੍ਹ, 9 ਮਈ :
ਬਾਰ੍ਹਵੀਂ ਜਮਾਤ ਦੇ ਸਿਲੇਬਸ ਨੂੰ ਬਦਲਣ ਦਾ ਰਾਜਨੀਤਿਕ ਰੌਲਾ ਅਤੇ ਸ਼ੋਰ-ਸ਼ਰਾਬਾ ਭਾਵੇਂ ਅਜੇ ਸ਼ਾਂਤ ਨਹੀਂ ਹੋਇਆ ਅਤੇ ਭਾਵੇਂ ਪੰਜਾਬ ਸਰਕਾਰ ਨੇ ਬਾਰ੍ਹਵੀਂ ਜਮਾਤ ਦੀ ਕਿਤਾਬ ਨੂੰ ਰਿਲੀਜ਼ ਕਰਨ ਉਤੇ ਰੋਕ ਲਾ ਦਿੱਤੀ ਹੈ, ਪਰ ਹੁਣ ਉਹ ਸਕੂਲ ਵੀ ਖਾਲਸਾ ਪੰਥ ਦੇ ਸੁਚੇਤ ਹਲਕਿਆਂ ਵਿੱਚ ਰਾਡਾਰ 'ਤੇ ਆ ਗਏ ਹਨ ਜੋ ਵਿਸ਼ੇਸ਼ ਕਰ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਚੀਫ ਖਾਲਸਾ ਦੀਵਾਨ ਦੀ ਸਹਾਇਤਾ ਅਤੇ ਸਰਪ੍ਰਸਤੀ ਨਾਲ ਚਲ ਰਹੇ ਹਨ| ਜੇ ਇਨ੍ਹਾਂ ਸਕੂਲਾਂ ਦਾ ਇੱਕ ਤਰਦਾ ਤਰਦਾ ਸਰਵੇਖਣ ਕੀਤਾ ਜਾਵੇ ਤਾਂ ਸਿੱਖ ਪੰਥ ਦੀ ਚਿੰਤਾ 'ਚ ਹਰ ਵੇਲੇ ਡੁੱਬੇ ਰਹਿੰਦੇ ਤੇ ਕਹਿੰਦੇ ਕਹਾਉਂਦੇ ਸੁਹਿਰਦ ਅਤੇ ਸੰਜੀਦਾ ਲੋਕ ਵੀ ਮੂੰਹ ਵਿੱਚ ਉਂਗਲਾਂ ਪਾ ਕੇ ਰਹਿ ਜਾਣਗੇ| ਪਰ ਨਾਲ ਹੀ ਹਾਲਾਤ ਦਾ ਇੱਕ ਦਿਲਚਸਪ ਪਹਿਲੂ ਇਹ ਵੀ ਹੈ ਕਿ ਮੂੰਹ ਵਿੱਚ ਉਂਗਲਾਂ ਪਾਉਣ ਵਾਲਿਆਂ ਦੇ ਆਪਣੇ ਬੱਚੇ ਜੇ 100 ਫੀਸਦੀ ਨਹੀਂ ਤਾਂ ਘੱਟੋ ਘੱਟ ਬਹੁਤੇ ਬੱਚੇ ਤੇ ਨਜ਼ਦੀਕੀ ਰਿਸ਼ਤੇਦਾਰ ਉਨ੍ਹਾਂ ਸਕੂਲਾਂ ਵਿੱਚ ਪੜ੍ਹਦੇ ਹਨ ਜੋ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਨਹੀਂ ਜੁੜੇ ਹੋਏ ਜਾਂ ਇਉਂ ਕਹਿ ਲਓ ਕਿ ਉਹ ਪੰਜਾਬ ਸਿੱਖਿਆ ਬੋਰਡ ਨਾਲ ਜੁੜ ਕੇ ਸ਼ਰਮ ਤੇ ਆਪਣੇ ਆਪ ਨੂੰ ਨੀਵਾਂ ਨੀਵਾਂ ਮਹਿਸੂਸ ਕਰਦੇ ਹਨ|
ਇੱਕ ਸੰਜੀਦਾ ਵਿਸ਼ਲੇਸ਼ਣ ਇਹ ਕਹਿੰਦਾ ਹੈ ਕਿ ਸਿੱਖ ਪੰਥ ਦੀ ਤਰਜੇ-ਜ਼ਿੰਦਗੀ ਦੀ ਮੁੱਖ ਧਾਰਾ ਨਾਲ ਜੁੜੀਆਂ ਸਾਡੀਆਂ ਆਪਣੀਆਂ ਵਿੱਦਿਅਕ ਸੰਸਥਾਵਾਂ ਵੀ ਗਰੀਬ ਅਤੇ ਅਮੀਰ ਸਿੱਖ ਵਿਚਕਾਰ ਵਿਤਕਰਾ ਕਰ ਰਹੀਆਂ ਹਨ| ਸ਼੍ਰੋਮਣੀ ਕਮੇਟੀ ਦੇ ਪੰਜਾਬ ਵਿੱਚ 50 ਤੋਂ ਵੱਧ ਸਕੂਲ ਹਨ, ਜਿਨ੍ਹਾਂ ਵਿੱਚੋਂ ਬਹੁਤੇ ਸੀਬੀਐਸਈ ਨਾਲ ਜੁੜ ਕੇ ਮਾਣ ਮਹਿਸੂਸ ਕਰਦੇ ਹਨ ਜਦਕਿ ਚੀਫ ਖਾਲਸਾ ਦੀਵਾਨ ਦੇ ਬਹੁਤੇ ਸਕੂਲ ਪਹਿਲਾਂ ਹੀ ਸੀਬੀਐਸਈ ਜਾਂ ਆਈਸੀਐਸਆਈ ਨਾਲ ਸਬੰਧ ਰੱਖਦੇ ਹਨ| ਜਦੋਂ ਮੈਂ ਸ਼੍ਰੋਮਣੀ ਕਮੇਟੀ ਦੇ ਵਿਦਿਅਕ ਵਿਭਾਗ ਦੇ ਮੁਖੀ ਸ. ਜਤਿੰਦਰ ਸਿੰਘ ਸਿੱਧੂ ਨਾਲ ਮੁਲਾਕਾਤ ਕੀਤੀ ਤਾਂ ਉਨ੍ਹਾਂ ਨੇ ਸਵੀਕਾਰ ਕੀਤਾ ਕਿ ਬੱਚਿਆਂ ਦੇ ਮਾਪੇ ਵੀ ਸੀਬੀਐਸਈ ਨਾਲ ਆਪਣੇ ਬੱਚਿਆਂ ਨੂੰ ਜੋੜਨਾ ਚਾਹੁੰਦੇ ਹਨ| ਇਤਿਹਾਸ ਦੇ ਸਿਲੇਬਸ ਵਿੱਚ ਵੱਡੀਆਂ ਤਬਦੀਲੀਆਂ ਵਿਰੁੱਧ ਰੋਸ ਪ੍ਰਗਟ ਕਰਨ ਵਾਲੇ ਆਗੂਆਂ ਨੂੰ ਸ਼ਾਇਦ ਇਹ ਪਤਾ ਹੀ ਨਹੀਂ ਕਿ ਸੀਬੀਐਸਈ ਵਿੱਚ ਪੰਜਾਬ ਦੇ ਇਤਿਹਾਸ ਦੇ ਸਿਲੇਬਸ ਵਿੱਚ ਕਿੰਨੀ ਕੁ ਹਿੱਸੇਦਾਰੀ ਹੈ ਅਤੇ ਉਨ੍ਹਾਂ ਨੂੰ ਇਹ ਜਾਨਣ ਦੀ ਕੋਈ ਲੋੜ ਵੀ ਨਹੀਂ| ਉਨ੍ਹਾਂ ਨੂੰ ਇਹ ਭਰਮ ਹੈ ਕਿ ਸੀਬੀਐਸਈ ਰਾਹੀਂ ਪੜ੍ਹ ਕੇ ਉਹ ਮੁਕਾਬਲੇ ਵਾਲੀਆਂ ਪ੍ਰੀਖਿਆਵਾਂ ਵਿੱਚ ਅਸਾਨੀ ਨਾਲ ਸਫਲ ਹੋ ਸਕਣਗੇ| ਇੱਕ ਦਿਲਚਸਪ ਹਕੀਕਤ ਇਹ ਵੀ ਹੈ ਕਿ ਸੀ ਬੀ ਐਸ ਈ ਦੇ ਇਤਿਹਾਸ ਦੇ ਸਿਲੇਬਸ ਵਿੱਚ ਪੰਜਾਬ ਨੂੰ ਇੱਕ ਫੀਸਦੀ ਥਾਂ ਵੀ ਨਹੀਂ ਦਿੱਤੀ ਗਈ ਜਦਕਿ ਉਥੇ ਮਹਾਂਭਾਰਤ ਨੂੰ 'ਸਮਾਜਕ ਇਤਿਹਾਸ' ਦੇ ਵਰਗ ਵਿੱਚ ਰੱਖਿਆ ਗਿਆ ਹੈ| ਅਜੇ ਅਸੀਂ ਬੜੂ ਸਾਹਿਬ ਸੰਸਥਾ ਅਤੇ ਸਿੱਖਾਂ ਦੀਆਂ ਹੋਰ ਸੰਸਥਾਵਾਂ ਦਾ ਜ਼ਿਕਰ ਨਹੀਂ ਕੀਤਾ ਜਿਥੇ ਇੱਕ ਤਰ੍ਹਾਂ ਨਾਲ ਬੱਚੇ ਸ਼ੁਰੂ ਤੋਂ ਹੀ ਅੰਗਰੇਜ਼ੀ ਪੜ੍ਹਦੇ ਹਨ ਅਤੇ ਉਹ ਵੀ ਬਹੁਤਾ ਕਰ ਕੇ ਸੀਬੀਐਸਈ ਨਾਲ ਹੀ ਜੁੜੇ ਹੋਏ ਹਨ| ਅਜੇ ਉਨ੍ਹਾਂ ਸਕੂਲਾਂ ਦਾ ਵੀ ਸਰਵੇਖਣ ਕਰਨਾ ਬਾਕੀ ਹੈ ਜਿਥੇ ਕਾਨਵੈਂਟਨੁਮਾ ਸਕੂਲਾਂ ਵਿੱਚ ਸਿੱਖਾਂ ਦੇ ਬੱਚੇ ਵਿੱਦਿਆ ਪ੍ਰਾਪਤ ਕਰਦੇ ਹਨ| ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਹਜ਼ਾਰਾਂ ਬੱਚੇ ਜਿਹੜੇ ਬਹੁਤੇ ਕਰ ਕੇ ਖਾਂਦੇ ਪੀਂਦੇ ਘਰਾਂ ਦੇ ਅਤੇ ਅਮੀਰ ਪਰਿਵਾਰਾਂ ਦੇ ਬੱਚੇ ਹਨ, ਉਹ ਆਪਣੇ ਇਤਿਹਾਸ ਤੋਂ ਸੱਖਣੇ ਹਨ ਜਾਂ ਮਹਿਰੂਮ ਰਹਿ ਜਾਂਦੇ ਹਨ|
ਤੁਹਾਡੇ ਇਸ ਪੱਤਰਕਾਰ ਨੇ ਸੀਬੀਐਸਈ ਦੇ ਗਿਆਰਵੀਂ ਅਤੇ ਬਾਰ੍ਹਵੀਂ ਦੇ ਇਤਿਹਾਸ ਦੇ ਸਿਲੇਬਸਾਂ ਨੂੰ ਚੰਗੀ ਤਰ੍ਹਾਂ ਪੜ੍ਹਿਆ ਤੇ ਘੋਖਿਆ| ਵੈਸੇ ਉਨ੍ਹਾਂ ਸਿਲੇਬਸਾਂ ਦੇ ਹਰ ਕਾਂਡ ਦੀ ਤਰਤੀਬ ਅਤੇ ਵੇਰਵੇ ਇਸ ਹੱਦ ਤੱਕ ਸਪੱਸ਼ਟ ਅਤੇ ਸਾਫ ਹਨ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸੰਖੇਪ ਜਿਹੇ ਸਿਲੇਬਸ ਨੂੰ ਵੇਖ ਕੇ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ| ਸੀਬੀਐਸਈ ਦੇ ਸਿਲੇਬਸ ਵਿੱਚ ਬਕਾਇਦਾ ਏ.ਬੀ.ਸੀ.ਡੀ. ਸੈਕਸ਼ਨ ਹਨ ਅਤੇ ਅੱਗੋਂ ਉਹ ਕਰੀਬ 18 ਯੂਨਿਟਾਂ ਵਿੱਚ ਵੰਡੇ ਗਏ ਹਨ| ਪਰ ਆਪਣੇ ਸਕੂਲ ਬੋਰਡ ਦਾ ਤਾਂ ਰੱਬ ਹੀ ਰਾਖਾ ਹੈ| ਸਿੱਖਿਆ ਬੋਰਡ ਦੇ ਇਤਿਹਾਸ ਦੇ ਸਿਲੇਬਸ ਵਿੱਚ ਸਬੰਧਿਤ ਅਧਿਕਾਰੀ 45 ਸ਼ਬਦ ਲਿਖ ਕੇ ਆਪਣੀ ਜ਼ਿੰਮੇਵਾਰੀ ਤੋਂ ਵਿਹਲੇ ਹੋ ਗਏ ਹਨ ਜਦਕਿ ਸੀਬੀਐਸਈ ਦੇ ਇਤਿਹਾਸ ਦੇ ਸਿਲੇਬਸ ਵਿੱਚ 500 ਤੋਂ ਵੀ ਵੱਧ ਸ਼ਬਦ ਹਨ ਜਿਸ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਨੇ ਸਿਲੇਬਸ ਦੇ ਸਾਰੇ ਪਹਿਲੂਆਂ ਨੂੰ ਸ਼ਾਮਿਲ ਕੀਤਾ ਹੈ|
ਪੰਜਾਬ ਦੇ ਰਾਜਨੀਤਿਕ ਤੇ ਸਮਾਜਕ ਹਲਕਿਆਂ ਵਿੱਚ ਬਾਰ੍ਹਵੀਂ ਦੇ ਸਿਲੇਬਸ ਵਿੱਚ ਚੱਲ ਰਹੀ ਗਰਮਾਗਰਮ ਬਹਿਸ ਵਿੱਚ ਸ਼ੱਤ-ਪ੍ਰਤੀਸ਼ਤ ਰਾਜਨੀਤਿਕ ਖਿਡਾਰੀ, ਵਿਦਵਾਨ, ਸਮਾਜ ਨਾਲ ਜੁੜੇ ਸੰਜੀਦਾ ਵਿਅਕਤੀ ਅਤੇ ਦੂਜੀ ਕਤਾਰ ਦੇ ਧਾਰਮਿਕ ਤੇ ਰਾਜਸੀ ਆਗੂਆਂ ਨੇ ਜੇ ਨਾਰਾਜ਼ ਨਹੀਂ ਹੋਣਾ ਤਾਂ ਉਹ ਸਾਰੇ ਦੇ ਸਾਰੇ ਹਵਾ ਵਿੱਚ ਹੀ ਤੀਰ ਚਲਾ ਰਹੇ ਹਨ| ਜਿੱਥੋਂ ਤੱਕ ਆਰ ਐਸ ਐਸ ਦੀ ਦਖਲਅੰਦਾਜ਼ੀ ਦਾ ਸਬੰਧ ਹੈ, ਉਹ ਦਖਲਅੰਦਾਜ਼ੀ ਕਿਤੇ ਨਾ ਕਿਤੇ ਹੈ ਤਾਂ ਸਹੀ ਪਰ ਠੋਸ ਸਬੂਤ ਲੱਭਣੇ ਵੀ ਇੰਨੇ ਅਸਾਨ ਨਹੀਂ ਅਤੇ ਇਸ ਦਿਸ਼ਾ ਵਿੱਚ ਇਨ੍ਹਾਂ ਆਗੂਆਂ ਦੀ ਦਿਲਚਸਪੀ ਘੱਟ ਹੈ| ਸਿਰਫ ਸਮਾਜ ਵਿਗਿਆਨ ਦੇ ਇੱਕ ਸੀਨੀਅਰ ਪ੍ਰੋਫੈਸਰ ਡਾ. ਗੁਰਮੀਤ ਸਿੰਘ ਸਿੱਧੂ ਦੀ ਬੌਧਿਕ ਟੀਮ ਦੇ ਵਿਸ਼ਲੇਸ਼ਣ ਨੇ ਹੀ ਇਹ ਗੱਲ ਨਿਤਾਰ ਕੇ ਸਾਹਮਣੇ ਲਿਆਂਦੀ ਹੈ ਕਿ ਸਿਧਾਂਤਕ ਅਤੇ ਇਤਿਹਾਸਕ ਪੱਖ ਤੋਂ ਸਿਲੇਬਸ ਵਿੱਚ ਬੱਜਰ ਗਲਤੀਆਂ ਹਨ ਤੇ ਇਤਿਹਾਸਕ ਸਮੱਗਰੀ ਦੀ ਪੇਸ਼ਕਾਰੀ ਵੀ ਇੰਨੀ ਕਮਜ਼ੋਰ ਤੇ ਬੇਰਸ ਹੈ ਜੋ ਵਿਦਿਆਰਥੀਆਂ ਦੇ ਦਿਲਾਂ ਉਤੇ ਰਾਜ ਨਹੀਂ ਕਰਦੀ ਜਾਂ ਇੰਜ ਕਹਿ ਲਓ ਕਿ ਉਨ੍ਹਾਂ ਅੰਦਰ ਆਪਣੇ ਇਤਿਹਾਸ ਦੇ ਅਮੀਰ ਜਜ਼ਬੇ ਦੀ ਸਿਰਜਣਾ ਦੀ ਰੌਸ਼ਨੀ ਹੀ ਪੈਦਾ ਨਹੀਂ ਹੁੰਦੀ|
ਹੁਣ ਆਪਣੇ ਅੰਦਰ ਝਾਤੀ ਪਾਉਣ ਵਾਲਾ ਇੱਕ ਢੁੱਕਵਾਂ, ਅਣਸੁਖਾਵਾਂ ਤੇ ਦਰਦਨਾਕ ਸੁਆਲ ਖੜ੍ਹਾ ਹੋ ਗਿਆ ਹੈ ਕਿ ਸਾਡੇ ਰਾਜਨੀਤਿਕ ਆਗੂ ਅਤੇ ਇੱਥੋਂ ਤੱਕ ਸਾਡੇ ਧਾਰਮਿਕ ਤੇ ਸਮਾਜਕ ਆਗੂਆਂ ਨੇ ਹੁਣ ਕਿਹੜੇ ਬੱਚਿਆਂ ਨੂੰ ਇਤਿਹਾਸ ਪੜ੍ਹਾਉਣ ਲਈ ਆਪਣੇ ਸਿਰਾਂ 'ਤੇ ਕਫਨ ਬੰਨ੍ਹ ਰੱਖੇ ਹਨ? ਜਦੋਂ ਉਹ ਆਪਣੇ ਬੱਚਿਆਂ ਨੂੰ ਹੀ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਹੀ ਨਹੀਂ ਜੋੜ ਸਕੇ ਅਤੇ ਪੰਜਾਬ ਦੀ ਧਰਤੀ 'ਤੇ ਖੂੰਭਾਂ ਵਾਂਗ ਉੱਗ ਰਹੇ ਤੇ ਉੱਗ ਚੁੱਕੇ ਪਬਲਿਕ ਸਕੂਲ, ਅੰਗਰੇਜ਼ੀ ਸਕੂਲ, ਕਾਨਵੈਂਟ ਸਕੂਲਾਂ ਵਿੱਚ ਆਪਣੇ ਬੱਚੇ ਭੇਜ ਕੇ ਮਾਣ ਮਹਿਸੂਸ ਕਰਦੇ ਹਨ, ਜਿਥੇ ਸਿੱਖ ਇਤਿਹਾਸ ਦਾ ਨਾਮੋ ਨਿਸ਼ਾਨ ਹੀ ਨਹੀਂ, ਤਾਂ ਫਿਰ ਇਹ ਕਹਿਣਾ ਵਾਜਬ ਹੀ ਹੈ ਕਿ ਇਨ੍ਹਾਂ ਆਗੂਆਂ ਵਿੱਚ ਜਾਂ ਸਿੱਖ ਸਮਾਜ ਦੇ ਵੱਡੇ ਹਿੱਸੇ ਵਿੱਚ ਵੀ ਦੋਗਲੇਪਣ ਦੀ ਇੱਕ ਲਹਿਰ ਚੱਲ ਰਹੀ ਹੈ| ਪੰਜਾਬ ਦੀ ਸਰਜ਼ਮੀਨ 'ਤੇ ਹੋਏ ਇਸ ਸਦਾਚਾਰਕ ਜੁਰਮ ਲਈ ਕਿਸ ਨੂੰ ਦੋਸ਼ੀ ਠਹਿਰਾਇਆ ਜਾਵੇ? ਕੀ ਸਾਡੀ ਲੀਡਰਸ਼ਿਪ ਨੂੰ? ਕੀ ਸਰਕਾਰ ਨੂੰ? ਕੀ ਸਾਡੀਆਂ ਨੀਤੀਆਂ ਨੂੰ? ਇੱਕ ਦਿਲਚਸਪ ਸਰਵੇਖਣ ਇਹ ਵੀ ਕਹਿੰਦਾ ਹੈ ਕਿ ਹੁਣ ਦੱਬੇ ਕੁਚਲੇ ਤੇ ਨਿਆਸਰੇ ਦੇ ਬੱਚੇ ਹੀ ਸਰਕਾਰੀ ਸਕੂਲਾਂ ਵਿੱਚ ਇਤਿਹਾਸ ਪੜ੍ਹਨਗੇ ਅਤੇ ਇਹ ਹੈਰਾਨੀ ਵਾਲੀ ਗੱਲ ਨਹੀਂ ਹੋਵੇਗੀ ਕਿ ਇਹੋ ਬੱਚੇ ਭਵਿੱਖ ਦੇ ਸਿੱਖ ਇਨਕਲਾਬ ਦੀ ਸਿਰਜਣਾ ਕਰਨਗੇ| ਹੁਣ ਇਹ ਜਾਂਚ ਕਰਾਉਣ ਦੀ ਲੋੜ ਹੈ ਕਿ ਸਿੱਖ-ਯਾਦ ਵਿੱਚ ਇਤਿਹਾਸ ਨੂੰ ਮਨਫੀ ਕਰਨ ਪਿੱਛੇ ਕਿਸ ਦਾ ਹੱਥ ਹੈ? ਕੌਣ ਹਨ ਉਹ ਲੋਕ ਜੋ ਇਸ ਇਤਿਹਾਸ ਨੂੰ ਸਾਡੀਆਂ ਨਜ਼ਰਾਂ ਤੋਂ ਓਹਲੇ ਕਰ ਰਹੇ ਹਨ ਅਤੇ ਸਾਡੇ ਇਤਿਹਾਸ ਦੇ ਜਿਉਂਦੇ ਜਾਗਦੇ ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕਰ ਰਹੇ ਹਨ? ਇਹ ਜਾਨਣ ਦੀ ਵੀ ਲੋੜ ਹੋਵੇਗੀ ਕਿ ਇਸ ਵਿੱਚ ਸਾਡੇ ਆਪਣਿਆਂ ਦਾ ਤੇ ਬਿਗਾਨਿਆਂ ਦਾ ਕਿੰਨਾ ਕੁ ਰੋਲ ਹੈ? ਇਸੇ ਦੌਰਾਨ ਇੱਕ ਖਬਰ ਕਾਫੀ ਹੌਂਸਲਾ ਵਧਾਉਂਦੀ ਹੈ ਜਿਸ ਵਿੱਚ ਚਾਹ ਦੀ ਦੁਕਾਨ ਕਰਨ ਵਾਲੇ ਜਸਬੀਰ ਸਿੰਘ ਦੀ ਬੇਟੀ ਅਮਨਪ੍ਰੀਤ ਕੌਰ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬਾਰ੍ਹਵੀਂ ਜਮਾਤ ਦੇ ਨਤੀਜੇ ਵਿੱਚ 97.38 ਫੀਸਦੀ ਨੰਬਰ ਹਾਸਲ ਕਰ ਕੇ ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚ ਤੀਜੇ ਨੰਬਰ 'ਤੇ ਰਹੀ| ਪਰ ਇਹ ਖਬਰ ਵੀ ਉਦਾਸ ਕਰਨ ਵਾਲੀ ਹੈ ਕਿ ਕਿਉਂਕਿ ਜਸਬੀਰ ਸਿੰਘ ਨੂੰ ਇਹ ਚਿੰਤਾ ਹੈ ਕਿ ਉਨ੍ਹਾਂ ਦੀ ਬੇਟੀ ਇੰਨੇ ਨੰਬਰ ਹਾਸਲ ਕਰ ਕੇ ਵੀ ਮੈਡੀਕਲ ਲਾਈਨ ਵਿੱਚ ਦਾਖਲ ਹੋ ਸਕੇਗੀ? ਅਤੇ ਜੇ ਹੋ ਵੀ ਜਾਵੇ ਤਾਂ ਇਸ ਉੱਚੀ ਪੜ੍ਹਾਈ ਦਾ ਖਰਚਾ ਕੌਣ ਦੇਵੇਗਾ? ਜਸਬੀਰ ਸਿੰਘ 10000 ਤੋਂ 12000 ਮਹੀਨੇ ਦੇ ਕਮਾਉਂਦਾ ਹੈ| ਜਦਕਿ ਇੰਨੇ ਰਕਮ ਨਾਲ ਇਸ ਉੱਚੀ ਪੜ੍ਹਾਈ ਨੂੰ ਜਾਰੀ ਰੱਖਣਾ ਮੁਸ਼ਕਲ ਹੀ ਹੋਵੇਗਾ|

Or