ਆਮ ਆਦਮੀ ਪਾਰਟੀ ਦਾ ਰਾਜਨੀਤਕ ਵਜੂਦ ਹੀ ਖਤਰੇ ਵਿਚ?

ਕਰਮਜੀਤ ਸਿੰਘ
99150-91063

ਆਮ ਆਦਮੀ ਪਾਰਟੀ ਦੀ ਪੰਜਾਬ ਸ਼ਾਖਾ ਦਾ ਸੰਕਟ ਦਿਨ-ਬ-ਦਿਨ ਡੂੰਘਾ ਹੁੰਦਾ ਜਾ ਰਿਹਾ ਹੈ। ਉਂਜ ਇਹ ਕਹਿਣਾ ਵਧੇਰੇ ਵਾਜਬ ਹੋਵੇਗਾ ਕਿ ਇਸ ਪਾਰਟੀ ਦਾ ਪੰਜਾਬ ਵਿਚ ਰਾਜਨੀਤਕ ਵਜੂਦ ਹੀ ਖਤਰੇ ਵਿਚ ਹੈ। ਪਾਰਟੀ ਦੇ ਉਸ ਵੱਡੇ ਰਹਿਬਰ ਨੇ ਹੀ ਪੰਜਾਬ ਤੋਂ ਕਿਨਾਰਾ ਕਰ ਲਿਆ ਹੈ ਜਿਸ ਨੂੰ ਇਸ ਸੂਬੇ ਨੇ ਕਦੇ ਆਪਣੀਆਂ ਪਲਕਾਂ 'ਤੇ ਬਿਠਾਇਆ ਸੀ। ਇਕ ਅਜਿਹੀ ਪਾਰਟੀ ਜਿਸਨੇ ਤੇਜ਼ ਰੌਸ਼ਨੀ ਸੁੱਟ ਕੇ ਵਰਤਮਾਨ ਰਾਜਨੀਤਕ ਸਿਸਟਮ ਦੀ ਨੈਤਿਕ ਹੋਂਦ 'ਤੇ ਹੀ ਵੱਡੇ ਸਵਾਲ ਖੜ•ੇ ਕਰ ਦਿੱਤੇ ਸਨ ਅਤੇ ਜਦੋਂ ਬੇਸ਼ੁਮਾਰ ਇਨਸਾਫ ਪਸੰਦ ਲੋਕ ਅਤੇ ਦਾਨਿਸ਼ਵਰਾਂ ਦਾ ਕਾਫਲਾ ਇਸ ਨਵੇਂ ਰਾਜਨੀਤਕ ਮਹਿਮਾਨ ਦਾ ਸਵਾਗਤ ਕਰ ਰਿਹਾ ਸੀ ਅਤੇ ਜਦੋਂ ਦੁਨੀਆਂ ਵਿਚ ਰਾਜਨੀਤਕ ਬਾਦਸ਼ਾਹੀਆਂ ਦਾ ਰੂਪ ਬਣ ਰਹੀਆਂ ਸਰਕਾਰਾਂ ਦੀਆਂ ਨਜ਼ਰਾਂ ਵੀ ਇਸ ਵਰਤਾਰੇ 'ਤੇ ਲੱਗੀਆਂ ਹੋਈਆਂ ਸਨ, ਤਾਂ ਉਹ ਪਾਰਟੀ ਇੰਨੀ ਛੇਤੀ ਇਤਿਹਾਸ ਦਾ ਹਿੱਸਾ ਕਿਉਂ ਬਣਦੀ ਜਾ ਰਹੀ ਹੈ, ਇਹ ਨੁਕਤਾ ਗੰਭੀਰ ਵਿਚਾਰ ਤੇ ਬਹਿਸ ਦੀ ਮੰਗ ਕਰਦਾ ਹੈ। ਮਿਉਂਸਪਲ ਚੋਣਾਂ ਤੋਂ ਸ਼ੁਰੂ ਹੋ ਕੇ ਅਤੇ ਫਿਰ ਗੁਰਦਾਸਪੁਰ ਅਤੇ ਫਿਰ ਸ਼ਾਹਕੋਟ ਦੇ ਨਤੀਜਿਆਂ ਨੇ 'ਕੰਧ ਉਤੇ ਲਿਖਿਆ' ਪੜ•ਨ ਦੀ ਚਿਤਾਵਨੀ ਦੇ ਦਿੱਤੀ ਸੀ ਪਰ ਦੂਰ ਤੱਕ ਵੇਖਣ ਵਾਲੇ ਪਾਰਟੀ ਆਗੂ ਵੀ ਅੰਦਰੋਂ ਤੇ ਬਾਹਰੋਂ ਇਸ ਕਦਰ ਵੰਡੇ ਹੋਏ ਸਨ ਕਿ ਗਰਾਊਂਡ ਜ਼ੀਰੋ 'ਤੇ ਤੂੜੀ ਦੀ ਪੰਡ ਪੂਰੀ ਤਰ•ਾਂ ਖਿਲਰ ਗਈ ਸੀ ਅਤੇ ਅਜੇ ਤੱਕ ਵੀ ਪਾਰਟੀ ਦੇ ਅੰਦਰ ਇਸ ਵੱਡੇ ਖਿਲਾਰੇ ਨੂੰ ਸਾਂਭਣ ਵਾਲਾ ਕੋਈ ਨਜ਼ਰ ਨਹੀਂ ਆਉਂਦਾ। ਆ ਰਹੀਆਂ ਪੰਚਾਇਤ ਚੋਣਾਂ ਵਿਚ ਵੀ ਇਸਦਾ ਭਵਿੱਖ ਸਾਹਮਣੇ ਆਉਣ ਵਾਲਾ ਹੈ।
ਕੁਝ ਸਵਾਲ ਅਜੇ ਵੀ ਨਿੱਠ ਕੇ ਵਿਚਾਰੇ ਨਹੀਂ ਗਏ ਜੋ ਪੰਜਾਬ ਦੇ ਲੋਕਾਂ ਦੇ ਮਨੋਵਿਗਿਆਨਕ ਧਰਾਤਲ ਨਾਲ ਜੁੜੇ ਹੋਏ ਹਨ। ਇਸ ਗੱਲ ਵਿਚ ਦੋ ਰਾਵਾਂ ਹੀ ਨਹੀਂ ਸਨ ਕਿ ਪੰਜਾਬ ਦੇ ਲੋਕ ਕਾਂਗਰਸ ਤੇ ਅਕਾਲੀ ਦਲ ਦੋਵਾਂ ਤੋਂ ਹੀ ਖਫਾ ਹੋ ਚੁੱਕੇ ਸਨ। ਜਿਥੋਂ ਤੱਕ ਅਕਾਲੀ ਦਲ ਦਾ ਸਬੰਧ ਸੀ, ਉਸ ਪਾਰਟੀ ਲਈ ਵਿਸ਼ੇਸ਼ ਕਰ ਕੇ ਪੰਜਾਬ ਦੇ ਨੌਜਵਾਨਾਂ ਲਈ ਕੋਈ ਥਾਂ ਨਹੀਂ ਸੀ ਰਹਿ ਗਈ ਅਤੇ ਇਸ ਦੇ ਕਾਰਨ ਇੰਨੇ ਸਾਫ ਤੇ ਸਪੱਸ਼ਟ ਸਨ ਕਿ ਬਹਿਸ ਦੀ ਕੋਈ ਗੁੰਜਾਇਸ਼ ਹੀ ਨਹੀਂ ਸੀ। ਇਨ•ਾਂ ਨੌਜਵਾਨਾਂ ਨੇ ਜਥੇਬੰਦਕ ਰੂਪ ਵਿਚ ਅਕਾਲੀ ਦਲ ਦੇ ਦਹਾਕਿਆਂ ਪੁਰਾਣੇ ਮਜ਼ਬੂਤ ਕਿਲਿ•ਆਂ ਵਿਚ ਵੀ ਵੱਡੀ ਸੰਨ• ਲਾ ਦਿੱਤੀ ਸੀ ਅਤੇ ਬਜ਼ੁਰਗਾਂ ਨੂੰ ਵੀ ਆਪਣੇ ਨਾਲ ਲਾ ਲਿਆ ਸੀ। ਵੈਸੇ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਨੇ ਇਸ 'ਰਾਜਪਲਟੇ' ਦਾ ਵਿਵੇਕ ਵਿਸ਼ਲੇਸ਼ਣ ਅਜੇ ਤੱਕ ਵੀ ਨਹੀਂ ਕੀਤਾ ਜਦੋਂ ਕਿ ਪਾਰਟੀ ਦੀਆਂ ਹੇਠਲੀਆਂ ਸਫਾਂ ਦਾ ਪਹਿਲੇ ਵਾਲਾ ਫੁੰਕਾਰਾ ਤੇ ਰੋਅਬ-ਦਾਬ ਆਪਣਾ ਅਸਰ ਗੁਆ ਚੁੱਕਾ ਹੈ। ਪਰ ਕਾਂਗਰਸ ਪਾਰਟੀ ਵੀ ਉਦੋਂ ਇਕ ਵੱਡਾ ਤੇ ਸਿਧਾਂਤਕ ਬਦਲ ਨਹੀਂ ਸੀ ਬਣ ਰਹੀ ਕਿਉਂਕਿ ਵਰਤਮਾਨ ਰਾਜਨੀਤਕ ਤਾਣੇ ਬਾਣੇ ਨਾਲੋਂ ਵੱਖਰਾ ਤੇ ਨਿਵੇਕਲਾ ਬਦਲ ਬਣ ਕੇ ਆਮ ਆਦਮੀ ਪਾਰਟੀ ਉਭਰ ਰਹੀ ਸੀ। ਰਾਜਨੀਤਕ ਖੇਤਰ ਵਿਚ ਇਹੋ ਜਿਹੇ ਹੈਰਾਨਜਨਕ ਵਰਤਾਰੇ ਅਚਾਨਕ ਕਿਉਂ ਵਾਪਰਦੇ ਹਨ, ਇਸ ਦਾ ਬਾਹਰਮੁਖੀ ਵਿਸ਼ਲੇਸ਼ਣ ਸਮਾਜ ਵਿਗਿਆਨੀਆਂ ਦੀ ਪਕੜ ਵਿਚ ਵੀ ਘੱਟ ਹੀ ਆਉਂਦਾ ਹੈ। ਪਰ ਸਿਆਣਿਆਂ ਦੀ ਇਕ ਟੋਲੀ ਉਨ•ਾਂ ਦਿਨਾਂ ਵਿਚ ਅਜੇ ਵੀ ਇਸ ਧਾਰਨਾ 'ਤੇ ਦ੍ਰਿੜ ਸੀ ਕਿ ਇਹੋ ਜਿਹੇ ਵਰਤਾਰਿਆਂ ਦੀ ਉਮਰ ਬਹੁਤੀ ਲੰਮੀ ਨਹੀਂ ਹੁੰਦੀ ਕਿਉਂਕਿ ਵਰਤਮਾਨ ਰਾਜਨੀਤਕ ਪ੍ਰਣਾਲੀ ਇਕ ਵੱਡੇ ਬੋਹੜ ਦੀ ਤਰ•ਾਂ ਹੁੰਦੀ ਹੈ ਜਿਸ ਨਾਲ ਥੋੜਚਿਰੇ ਆਗੂ ਟੱਕਰ ਤਾਂ ਜ਼ਰੂਰ ਲੈਂਦੇ ਹਨ ਪਰ ਆਪਣਾ ਮੱਥਾ ਲਹੂ ਲੁਹਾਣ ਕਰਵਾ ਕੇ ਮੁੜ ਉਸੇ ਰਾਜਨੀਤਕ ਪ੍ਰਣਾਲੀ ਦਾ ਹਿੱਸਾ ਬਣ ਜਾਂਦੇ ਹਨ। ਆਮ ਆਦਮੀ ਪਾਰਟੀ ਵਿਚਾਰ ਦੇ ਧਰਾਤਲ ਪੱਖੋਂ ਅਰਾਜਕਤਾਵਾਦੀ ਤਾਂ ਨਹੀਂ ਸੀ ਪਰ ਇਹ ਇਹੋ ਜਿਹੀ ਬਗਾਵਤ ਵੀ ਨਹੀਂ ਸੀ ਜੋ ਵਿਚਾਰਾਂ ਤੋਂ ਸੱਖਣੀ ਸੀ। ਪਰ ਦਰਅਸਲ ਇਹ ਨਾਰਾਜ਼ ਤੇ ਉਦਾਸ ਲੋਕਾਂ ਦਾ ਸਮੂਹ ਸੀ ਜੋ ਰਾਜਨੀਤਕ ਪ੍ਰਣਾਲੀ ਵਿਚ ਇਨਕਲਾਬੀ ਤਬਦੀਲੀਆਂ ਤਾਂ ਲਿਆਉਣਾ ਚਾਹੁੰਦੇ ਸਨ ਪਰ ਇਹ ਤਬਦੀਲੀ ਕਿਵੇਂ ਆਏਗੀ, ਇਸ ਬਾਰੇ ਹਰ ਕਿਸੇ ਦੇ ਰਾਹ ਵੱਖਰੇ ਵੀ ਸਨ ਅਤੇ ਇਕ ਦੂਜੇ ਨਾਲ ਟਕਰਾਉਂਦੇ ਵੀ ਸਨ। ਇਸ ਲਈ ਇਕੋ ਤਰ•ਾਂ ਦੇ ਮਿਲਦੇ ਜੁਲਦੇ ਵਿਚਾਰ ਅਤੇ ਇਕੋ ਨਿਸ਼ਾਨਾ ਜੋ ਕਿਸੇ ਰਾਜਨੀਤਕ ਪਾਰਟੀ ਦੀ ਪਰਿਭਾਸ਼ਾ ਹੁੰਦੀ ਹੈ, ਉਹ ਗੰਭੀਰ ਤੱਤ ਆਮ ਆਦਮੀ ਪਾਰਟੀ ਵਿਚ ਇਸ ਦੇ ਜਨਮ ਤੋਂ ਹੀ ਧੁੰਦਲੇ ਅਤੇ ਅਸਪੱਸ਼ਟ ਸਨ ਅਤੇ ਇਹ ਸਥਿਤੀ ਅੱਜ ਵੀ ਜਿਉਂ ਦੀ ਤਿਉਂ ਬਣੀ ਹੋਈ ਹੈ। ਪਰ ਜਦੋਂ ਬਹਿਸ ਪੰਜਾਬ ਉਤੇ ਕੇਂਦਰਿਤ ਕੀਤੀ ਜਾਵੇ ਤਾਂ ਇਸ ਰਾਜ ਵਿਚ ਆਮ ਆਦਮੀ ਪਾਰਟੀ ਦੇ ਇੰਨੀ ਛੇਤੀ ਡਿੱਗਣ ਅਤੇ ਰੁਲ-ਖੁਲ ਜਾਣ ਦੇ ਅਸਲ ਕਾਰਨਾਂ ਦੀ ਪੜਚੋਲ ਨਾ ਤਾਂ ਪਾਰਟੀ ਦੇ ਅੰਦਰ ਹੀ ਹੋਈ ਹੈ ਅਤੇ ਗੰਭੀਰ ਰਾਜਨੀਤਕ ਹਲਕਿਆਂ ਅਤੇ ਜ਼ਿੰਮੇਵਾਰ ਬੁੱਧੀਜੀਵੀਆਂ ਨੇ ਵੀ ਇਸ ਗਿਰਾਵਟ ਦੇ ਕਾਰਨਾਂ ਵਿਚ ਉਤਰਨ ਲਈ ਵੱਡੀ ਦਿਲਚਸਪੀ ਤੇ ਚਿੰਤਾ ਦਾ ਪ੍ਰਗਟਾਵਾ ਨਹੀਂ ਕੀਤਾ। ਇਹ ਸਵਾਲ ਵੀ ਅਜੇ ਤੱਕ ਸਮਝ ਤੋਂ ਬਾਹਰ ਹੈ ਕਿ ਆਖਰਕਾਰ ਪੰਜਾਬ ਨੇ ਹੀ ਇਸ ਪਾਰਟੀ ਵਿਚ ਹੱਦੋਂ ਵੱਧ ਦਿਲਚਸਪੀ ਕਿਉਂ ਵਿਖਾਈ? ਕੀ ਉਨ•ਾਂ ਦਿਨਾਂ ਵਿਚ ਕੇਜਰੀਵਾਲ ਵਰਗਾ ਕੱਦਾਵਰ ਅਤੇ ਵਚਨਬੱਧ ਨੇਤਾ ਉਨ•ਾਂ ਨੂੰ ਨਜ਼ਰ ਹੀ ਨਹੀਂ ਆਇਆ? ਜਾਂ ਕੀ ਇਕ ਨਾਇਕ ਵਰਗੀਆਂ ਜੁਝਾਰੂ ਤੇ ਲੜਾਕੂ ਖੂਬੀਆਂ ਉਨ•ਾਂ ਨੂੰ ਉਸ ਉਭਰ ਰਹੀ ਸ਼ਖਸੀਅਤ ਵਿਚ ਦਿਸੀਆਂ ਜੋ ਪੰਜਾਬੀਆਂ ਦੀ ਖਾਸਮਖਾਸ ਕਮਜ਼ੋਰੀ ਹੈ? ਇਨ•ਾਂ ਵੱਡੇ ਸਵਾਲਾਂ ਨੂੰ ਅਜੇ ਵੀ ਵੱਡੇ ਤੇ ਗੰਭੀਰ ਜਵਾਬਾਂ ਦਾ ਇੰਤਜ਼ਾਰ ਹੈ। ਕੀ ਪੰਜਾਬ ਵਿਚ ਤੀਜਾ ਰਾਜਨੀਤਕ ਬਦਲ ਉਸਰ ਹੀ ਨਹੀਂ ਸਕਦਾ? ਜਾਂ ਰਾਜਨੀਤਕ ਤਾਕਤਾਂ ਦੀ ਜਥੇਬੰਦਕ ਅਜਾਰੇਦਾਰੀ ਇਸਦੇ ਰਾਹ ਵਿਚ ਅਣਦਿਸਦੀ ਰੁਕਾਵਟ ਹੈ? ਕੀ ਇਨ•ਾਂ ਅਟਕਲਬਾਜ਼ਾਂ ਦੇ ਇਸ ਪ੍ਰਚਾਰ ਵਿਚ ਦਮ ਹੈ ਕਿ 2017 ਦੀਆਂ ਅਸੈਂਬਲੀ ਚੋਣਾਂ ਵਿਚ ਐਨ ਆਖਰੀ ਦਿਨਾਂ ਵਿਚ ਦੋ ਰਵਾਇਤੀ ਪਾਰਟੀਆਂ ਦੇ ਅੰਦਰੂਨੀ ਸਮਝੌਤੇ ਨੇ ਰਾਜਨੀਤਕ ਸਮੀਕਰਨਾਂ ਦਾ ਸਾਰਾ ਪਾਸਾ ਹੀ ਪਲਟ ਦਿੱਤਾ ਸੀ? ਇਹ ਭੇਤ ਭਾਵੇਂ ਜੱਗ ਜ਼ਾਹਿਰ ਨਹੀਂ ਹੋਏ ਅਤੇ ਸ਼ਾਇਦ ਕਦੇ ਹੋਣਗੇ ਵੀ ਨਹੀਂ, ਪਰ ਜਦੋਂ ਕਦੇ ਵੀ ਇਹ ਬੁਝਾਰਤ ਬਹਿਸ ਦਾ ਵਿਸ਼ਾ ਬਣਦੀ ਹੈ ਤਾਂ ਦੋਵਾਂ ਪਾਰਟੀਆਂ ਦੀਆਂ ਸ਼ਰਾਰਤੀ ਤੇ ਕੂਟਨੀਤਕ ਮੁਸਕਰਾਹਟਾਂ ਇਨ•ਾਂ ਸੱਚਾਈਆਂ ਦੀ ਪੁਸ਼ਟੀ ਤਾਂ ਕਰਦੀਆਂ ਹੀ ਹਨ। ਹੁਣ ਹਾਲਤ ਇਹ ਬਣੀ ਹੋਈ ਹੈ ਕਿ ਪੰਜਾਬ ਵਾਲੀ ਆਮ ਆਦਮੀ ਪਾਰਟੀ ਕੇਵਲ ਵਿਧਾਇਕਾਂ ਦੀ ਹੀ ਪਾਰਟੀ ਹੈ ਜਦਕਿ ਪਾਰਟੀ ਕਾਰਕੁੰਨ ਖਿੰਡ ਪੁੰਡ ਗਏ ਹਨ ਜਾਂ ਨਿਰਾਸ਼ ਹੋ ਕੇ ਉਨੇ ਸਰਗਰਮ ਨਹੀਂ ਰਹੇ ਅਤੇ ਜਾਂ ਫਿਰ ਹੋਰਨਾਂ ਰਾਜਨੀਤਕ ਰਾਹਾਂ ਦੀ ਤਲਾਸ਼ ਕਰ ਰਹੇ ਹਨ। ਪਾਰਟੀ ਦੀ ਖਾਮੋਸ਼ ਬਹੁਗਿਣਤੀ ਨੂੰ ਸਹਾਰਾ ਦੇਣ ਵਾਲੇ ਦੂਰਦਰਸ਼ੀ ਆਗੂ ਨਜ਼ਰ ਨਹੀਂ ਆ ਰਹੇ।
ਇਕ ਹੋਰ ਵਿਚਾਰ ਨੇ ਵੀ ਸਿੱਖਾਂ ਦੇ ਵਿਚਾਰਧਾਰਕ ਪਹਿਲੂ ਵਿਚ ਆਪਣੀ ਥਾਂ ਬਣਾ ਰੱਖੀ ਹੈ। ਇਸ ਹਿੱਸੇ ਨੂੰ ਇਹ ਚਿੰਤਾ ਹੈ ਕਿ ਆਮ ਆਦਮੀ ਪਾਰਟੀ ਦੀਆਂ ਰਾਜਨੀਤਕ ਜੜਾਂ ਦੇ ਪਸਾਰ ਤੇ ਪ੍ਰਭਾਵ ਨਾਲ ਪੰਜਾਬ ਵਿਚ ਪੰਥਕ ਸਿਆਸਤ ਦਾ ਭੋਗ ਪੈ ਜਾਏਗਾ ਕਿਉਂਕਿ ਪੰਜਾਬ ਦੇ ਹਿੱਤਾਂ ਲਈ ਸੰਘਰਸ਼ ਕਰਨ ਵਾਲੀ ਜੰਗਜੂ ਅਤੇ ਲੜਾਕੀ ਫੋਰਸ ਦਾ ਹੀ ਖਾਤਮਾ ਹੋ ਜਾਏਗਾ ਜਿਹੜੀ ਤਾਕਤ ਹਰ ਫਰੰਟ 'ਤੇ ਭਾਵੇਂ ਕਿਸਾਨੀ ਫਰੰਟ ਹੋਵੇ, ਭਾਵੇਂ ਮੁਲਾਜ਼ਮਾਂ ਦਾ ਫਰੰਟ ਹੋਵੇ ਤੇ ਭਾਵੇਂ ਧਾਰਮਕ ਤੇ ਸੱਭਿਆਚਾਰਕ ਫਰੰਟ ਹੋਵੇ, ਇਹ ਫੋਰਸ ਜੋਸ਼ ਤੇ ਹੋਸ਼ ਨਾਲ ਲੜਦੀ ਵੀ ਹੈ, ਹਰ ਥਾਂ ਨਜ਼ਰ ਵੀ ਆਉਂਦੀ ਹੈ ਅਤੇ ਪੰਜਾਬੀਆਂ ਦੇ ਦਿਲਾਂ ਵਿਚ ਆਪਣੀ ਥਾਂ ਵੀ ਬਣਾਉਂਦੀ ਹੈ। ਇਸ ਲਈ ਇਹ ਕਿਹਾ ਜਾਂਦਾ ਹੈ ਕਿ ਆਮ ਆਦਮੀ ਪਾਰਟੀ ਪੰਥਕ ਸਿਆਸਤ ਦਾ ਬਦਲ ਨਹੀਂ ਬਣ ਸਕਦੀ। ਉਸਨੂੰ ਨਾ ਚਾਹੁੰਦਿਆਂ ਹੋਇਆਂ ਵੀ ਇਕ ਧਰਮਨਿਰਪੱਖ ਪੈਂਤੜਾ ਅਖਤਿਆਰ ਕਰਨਾ ਪੈਂਦਾ ਹੈ, ਹਾਲਾਂਕਿ ਇਸ ਪਾਰਟੀ ਵਿਚ ਅਜਿਹੇ ਰੁਝਾਨ ਮੌਜੂਦ ਹਨ ਜੋ ਪੰਥਕ ਸਿਆਸਤ ਦਾ ਬਦਲ ਦੇਣ ਦੀ ਧੁੰਦਲੀ ਜਿਹੀ ਰੀਝ ਰੱਖਦੇ ਹਨ। ਪੰਥਕ ਸਿਆਸਤ ਦੇ ਪੈਰੋਕਾਰਾਂ ਦਾ ਕਹਿਣਾ ਹੈ ਕਿ ਜੇ ਇਸ ਪਾਰਟੀ ਨੇ ਧਰਮ ਨਿਰਪੱਖ ਪੁਜ਼ੀਸ਼ਨ 'ਤੇ ਹੀ ਅਟੱਲ ਰਹਿਣਾ ਹੈ ਤਾਂ ਫਿਰ ਸਿੱਖਾਂ ਦਾ ਇਕ ਹਿੱਸਾ ਆਪਣੇ ਆਪ ਨੂੰ ਅਜੇ ਵੀ ਕਾਂਗਰਸ ਦੇ ਨੇੜੇ ਹੀ ਰੱਖਣਾ ਚਾਹੁੰਦਾ ਹੈ। ਅਜਿਹੀ ਹਾਲਤ ਵਿਚ ਪੰਥਕ ਸਿਆਸਤ ਦਾ ਧੁਰਾ ਮੁੜ-ਘਿੜ ਕੇ ਅਕਾਲੀ ਦਲ ਹੀ ਬਣਦਾ ਹੈ ਜਿਸਨੇ ਵੱਡੀ ਇਤਿਹਾਸਕ ਹਾਰ ਪਿਛੋਂ ਸਬਕ ਲੈ ਕੇ ਅੱਜਕੱਲ• ਇਕ ਮਿੱਥੇ ਪ੍ਰੋਗਰਾਮ ਤਹਿਤ ਪੰਥਕ ਮੁੱਦੇ ਆਪਣੇ ਹੱਥ ਵਿਚ ਲੈ ਲਏ ਹਨ। ਭਾਵੇਂ ਇਹ ਗੱਲ ਵੱਖਰੀ ਹੈ ਕਿ ਪਹਿਲਾਂ ਵਾਲੀ ਜਨਤਕ ਹਮਾਇਤ ਅਜੇ ਇਸ ਪਾਰਟੀ ਨੂੰ ਨਹੀਂ ਮਿਲ ਰਹੀ। ਦਿਲਚਸਪ ਗੱਲ ਇਹ ਹੈ ਕਿ ਅਕਾਲੀ ਦਲ ਦੀ ਜੋਟੀਦਾਰ ਪਾਰਟੀ ਭਾਜਪਾ ਨੂੰ ਵੀ ਅਕਾਲੀ ਦਲ ਦੀ ਪੰਥਕ ਰਾਜਨੀਤੀ ਉਤੇ ਕੋਈ ਇਤਰਾਜ਼ ਨਹੀਂ ਹੈ ਕਿਉਂਕਿ ਉਨ•ਾਂ ਨੂੰ ਇਹ ਤਜਰਬਾ ਹਾਸਲ ਹੋ ਗਿਆ ਹੈ ਕਿ ਸੱਤਾ ਤੋਂ ਬਾਹਰ ਰਹਿ ਕੇ ਪੰਥਕ ਮੁੱਦੇ ਜ਼ੋਰਦਾਰ ਢੰਗ ਨਾਲ ਉਭਾਰਨ ਅਤੇ ਸੱਤਾ ਵਿਚ ਆ ਕੇ ਉਹ ਮੁੱਦੇ ਭੁੱਲ ਜਾਣ ਤੇ ਛੱਡ ਜਾਣ ਦਾ ਅਕਾਲੀ ਦਲ ਦਾ ਪੁਰਾਣਾ ਇਤਿਹਾਸ ਹੈ ਜੋ ਭਾਜਪਾ ਨੂੰ ਰਾਸ ਆਉਣ ਲੱਗ ਪਿਆ ਹੈ। ਪਰ ਜੇਕਰ ਆਮ ਆਦਮੀ ਪਾਰਟੀ ਗੰਭੀਰ ਫੁੱਟ ਦਾ ਸ਼ਿਕਾਰ ਹੋ ਕੇ ਦੋਫਾੜ ਹੁੰਦੀ ਹੈ ਤਾਂ ਇਸ ਗੱਲ ਦੀਆਂ ਸੰਭਾਵਨਾਵਾਂ ਹਨ ਕਿ ਪਾਰਟੀ ਦਾ ਇਕ ਵੱਡਾ ਤੇ ਪ੍ਰਭਾਵਸ਼ਾਲੀ ਹਿੱਸਾ ਇਕ ਦੂਰੀ 'ਤੇ ਰਹਿ ਕੇ ਪੰਥਕ ਸਿਆਸਤ ਦੀ ਪੈਰਵੀ ਕਰੇਗਾ। ਲੋਕ ਇਨਸਾਫ ਪਾਰਟੀ ਅਜਿਹੀ ਸਥਿਤੀ ਵਿਚ ਇਸ ਹਿੱਸੇ ਨੂੰ ਜੀ ਆਇਆਂ ਕਹੇਗੀ ਅਤੇ ਇਹੋ ਜਿਹੀ ਹਾਲਤ ਤੇ ਮਾਹੌਲ ਬਨਾਉਣ ਲਈ ਅੱਜਕੱਲ• ਅੰਦਰਖਾਤੇ ਗੰਭੀਰ ਵਿਚਾਰਾਂ ਵੀ ਚੱਲ ਰਹੀਆਂ ਹਨ। ਪੰਥਕ ਮੁੱਦਿਆਂ 'ਤੇ ਉਨ•ਾਂ ਦੀ ਨੇੜਤਾ ਤੇ ਸਾਂਝ ਹੁਣ ਬਹੁਤੀ ਗੁੱਝੀ ਛਿਪੀ ਨਹੀਂ ਰਹੀ। ਇਹ ਹਿੱਸਾ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿਚ ਵੀ ਭਾਗ ਲੈ ਸਕਦਾ ਹੈ ਤਾਂ ਜੋ ਪੰਥਕ ਸਿਆਸਤ ਉਤੇ ਆਪਣੀ ਪਕੜ ਮਜ਼ਬੂਤ ਕਰਕੇ ਅਕਾਲੀ ਦਲ ਨੂੰ ਇਸ ਘੇਰੇ ਵਿਚੋਂ ਬਾਹਰ ਕੱਢ ਦਿੱਤਾ ਜਾਵੇ। ਦਿੱਲੀ ਲੀਡਰਸ਼ਿਪ ਨੂੰ ਵੀ ਇਸ ਗੱਲ ਦੀਆਂ ਕਨਸੋਆਂ ਮਿਲ ਰਹੀਆਂ ਹਨ। ਕੀ ਇਹ ਪਹਾੜ ਜਿੱਡੀ ਮੁਸ਼ਕਲ ਹੱਲ ਹੋ ਜਾਵੇਗੀ, ਇਹ ਗੱਲ ਸਮੇਂ ਦੇ ਹੱਥ ਵਿਚ ਚਲੀ ਗਈ ਹੈ।

Or