ਦਿੱਲੀ ਨਾਲ ਜੁੜੇ ਵਿਧਾਇਕਾਂ ਦੀਆਂ ਮੁਸੀਬਤਾਂ ਹੀ ਮੁਸੀਬਤਾਂ

ਕਰਮਜੀਤ ਸਿੰਘ
99150-91063

ਦੋਸਤੋ! ਅੱਜ ਫਿਰ ਦਿੱਲੀ ਨਾਲ ਜੁੜੇ ਵਿਧਾਇਕਾਂ ਦੀ ਹੀ ਗੱਲ ਕਰਨੀ ਹੈ, ਜੋ ਹਰ ਰੋਜ਼ ਆਪਣੇ ਹਲਕੇ ਦੇ ਲੋਕਾਂ ਕੋਲੋਂ ਲਗਾਤਾਰ ਟੁੱਟਦੇ ਜਾ ਰਹੇ ਹਨ। ਉਹ ਪੰਜਾਬ ਦੇ ਲੋਕਾਂ ਤੋਂ ਵੀ ਹੌਲੀ ਹੌਲੀ ਟੁੱਟਦੇ ਜਾ ਰਹੇ ਹਨ। ਉਹ ਮੰਨਣ ਤੇ ਭਾਵੇਂ ਨਾ ਮੰਨਣ, ਹੁਣ ਉਨ੍ਹਾਂ ਦੀ ਉਹ ਟੋਹਰ, ਉਹ ਸ਼ਾਨ ਤੇ ਉਹ ਇੱਜ਼ਤ ਨਹੀਂ ਰਹੀ ਜੋ ਕਦੇ ਹੁੰਦੀ ਸੀ। ਇਹ ਗੱਲ ਵੀ ਸਪੱਸ਼ਟ ਹੈ ਕਿ ਇਨ੍ਹਾਂ ਵਿੱਚੋਂ ਕੁਝ ਵਿਧਾਇਕ ਇੰਨੇ ਚਤੁਰ ਚਲਾਕ ਤੇ ਇੰਨੇ ਸਿਆਣੇ ਹੋ ਗਏ ਹਨ ਕਿ ਉਨ੍ਹਾਂ ਨੂੰ ਇਸ ਗੱਲ ਦੀ ਉਕਾ ਵੀ ਪਰਵਾਹ ਨਹੀਂ ਕਿ ਲੋਕ ਉਨ੍ਹਾਂ ਨਾਲ ਜੁੜਦੇ ਹਨ ਜਾਂ ਟੁੱਟਦੇ ਹਨ। ਉਨ੍ਹਾਂ ਵਿਧਾਇਕਾਂ ਅੰਦਰ ਢੀਠ-ਬਿਰਤੀ ਦਾ ਪ੍ਰਕਾਸ਼ ਹੋ ਗਿਆ ਹੈ।
ਦੋਸਤੋ! ਅਗਲੇ ਕੁਝ ਦਿਨਾਂ ਵਿਚ ਹੋਰ ਵੀ ਦਿਲਚਸਪ ਗੱਲਾਂ ਸੁਣਨ ਨੂੰ ਮਿਲਣਗੀਆਂ। ਤੁਸੀਂ ਪੁੱਛੋਗੇ ਕਿ ਉਹ ਗੱਲਾਂ ਕਿਹੜੀਆਂ ਹੋ ਸਕਦੀਆਂ ਹਨ? ਮੈਂ ਕੱਲ ਵੀ ਬੇਨਤੀ ਕੀਤੀ ਸੀ ਕਿ ਜੇ ਤੁਸੀਂ ਸਾਰੇ ਸਿਆਸਤ ਵਿਚ ਡੂੰਘੀ ਦਿਲਚਸਪੀ ਰੱਖਦੇ ਹੋਵੋ, ਜੇ ਤੁਸੀਂ ਸਿਆਸਤ ਨੂੰ ਪਿਆਰ ਕਰਦੇ ਹੋਵੋ ਅਤੇ ਤੁਹਾਨੂੰ ਇਹ ਸਮਝ ਵੀ ਹੋਵੇ ਕਿ ਅਸਲ ਵਿਚ ਸਿਆਸਤ ਹੀ ਰਾਜਨੀਤਕ ਦਿਸ਼ਾਵਾਂ ਤੈਅ ਕਰਦੀ ਹੈ। ਇਥੋਂ ਤੱਕ ਕਿ ਇਹ ਧਰਮ ਵਿਚ ਵੀ ਦਖਲਅੰਦਾਜ਼ੀ ਕਰਦੇ ਹਨ। ਤੁਸੀਂ ਵੇਖਿਆ ਹੀ ਹੈ ਕਿ ਕਿਵੇਂ ਪ੍ਰਕਾਸ਼ ਸਿੰਘ ਬਾਦਲ ਨੇ ਸ਼੍ਰੋਮਣੀ ਕਮੇਟੀ, ਅਕਾਲ ਤਖਤ ਅਤੇ ਅਕਾਲੀ ਦਲ ਅੰਦਰ ਇਸ ਹੱਦ ਤੱਕ ਘੁਸਪੈਠ ਕਰ ਲਈ ਹੈ ਕਿ ਧਰਮ ਨਾਲ ਜੁੜੇ ਵਿਅਕਤੀ ਵੀ ਉਸ ਦਾ ਪਾਣੀ ਭਰਨ ਲੱਗੇ ਹੋਏ ਹਨ। ਇਸ ਵਿਅਕਤੀ ਨੇ ਉਨ੍ਹਾਂ ਦੀ ਸੁਤੰਤਰ ਸੋਚ ਨੂੰ ਹੀ ਖਤਮ ਕਰ ਦਿੱਤਾ ਅਤੇ ਇਥੋਂ ਤੱਕ ਕਿ ਉਨ੍ਹਾਂ ਕੋਲੋਂ ਹੀ ਪੰਥ ਰਤਨ ਅਤੇ ਫਖਰ-ਏ-ਕੌਮ ਵਰਗੇ ਪਵਿੱਤਰ ਖਿਤਾਬ ਹਾਸਲ ਕਰ ਲਏ ਅਤੇ ਉਨ੍ਹਾਂ ਲੋਕਾਂ ਕੋਲੋਂ ਆਪਣੀਆਂ ਸਿਫਤਾਂ ਕਰਵਾਈਆਂ ਜੋ ਧਾਰਮਿਕ ਸੰਸਥਾਵਾਂ ਵਿਚ ਉੱਚੇ ਅਹੁਦਿਆਂ ਉਤੇ ਸੁਸ਼ੋਭਿਤ ਹਨ। ਇਸ ਲਈ ਸਿਆਸਤ ਨੂੰ ਜਾਨਣਾ ਬਹੁਤ ਜ਼ਰੂਰੀ ਹੈ। ਜੇ ਤੁਸੀਂ ਗਿੱਟੇ ਗਿੱਟੇ ਪਾਣੀਆਂ ਵਿਚ ਹੀ ਤਰਨ ਦੀ ਜਾਚ ਸਿੱਖਣੀ ਹੈ ਤਾਂ ਫਿਰ ਇਹ ਵਿਧਾਇਕ ਠੱਗੀਆਂ ਕਰਦੇ ਰਹਿਣਗੇ ਅਤੇ ਕਰ ਵੀ ਰਹੇ ਹਨ।
ਹੁਣ ਕੀ ਹੋਵੇਗਾ? ਦਿੱਲੀ ਵਾਲੇ ਵਿਧਾਇਕ ਜਦੋਂ ਆਪਣੇ ਲੋਕਾਂ ਕੋਲੋਂ ਹੀ ਟੁੱਟ ਜਾਣਗੇ ਤਾਂ ਕੁਦਰਤੀ ਗੱਲ ਕਿ ਉਨ੍ਹਾਂ ਨੂੰ ਆਮ ਲੋਕਾਂ ਵਿਚ ਵਿਚਰਨਾ ਔਖਾ ਹੋ ਜਾਏਗਾ। ਇਹ ਵਿਧਾਇਕ ਜੋ ਹੁਣ ਤੱਕ ਖੁੱਲ੍ਹੇ ਆਮ ਵਿਚਰਦੇ ਸਨ ਅਤੇ ਲੋਕਾਂ ਦੀ ਹਮਾਇਤ ਦਾ ਅਨੰਦ ਮਾਣਦੇ ਸਨ ਅਤੇ ਲੋਕਾਂ ਨੂੰ ਵੀ ਖੁਸ਼ੀ ਹੁੰਦੀ ਸੀ ਕਿ ਇਹ ਸਾਡੇ ਆਪਣੇ ਹੀ ਵਿਧਾਇਕ ਹਨ। ਅਜੇ ਕੁਝ ਦਿਨ ਪਹਿਲਾਂ ਇਨ੍ਹਾਂ ਵਿਧਾਇਕਾਂ ਤੱਕ ਪਹੁੰਚ ਕਰਨੀ ਬਹੁਤ ਆਸਾਨ ਸੀ। ਜਦੋਂ ਮਰਜ਼ੀ ਸਾਧਾਰਣ ਤੋਂ ਸਾਧਾਰਣ ਵਿਅਕਤੀ ਇਨ੍ਹਾਂ ਨਾਲ ਹੱਥ ਮਿਲਾ ਸਕਦਾ ਸੀ, ਪਿਆਰ ਦਾ ਇਕ ਰਿਸ਼ਤਾ ਬਣਿਆ ਹੋਇਆ ਸੀ। ਦੂਜੇ ਪਾਸੇ ਅਕਾਲੀ ਅਤੇ ਕਾਂਗਰਸੀ ਵਿਧਾਇਕਾਂ ਨੂੰ ਇਹੋ ਜਿਹਾ ਮਾਣ ਹਾਸਲ ਨਹੀਂ ਹੈ। ਉਨ੍ਹਾਂ ਕੋਲ ਗੰਨਮੈਨਾਂ ਦੀ ਇਕ ਫੌਜ ਹੁੰਦੀ ਹੈ।
ਦੋਸਤੋ! ਪਰ ਸਵਾਲ ਪੈਦਾ ਹੁੰਦਾ ਹੈ ਕਿ ਹੁਣ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦਾ ਕੀ ਬਣੇਗਾ? ਬਣਨਾ ਕੀ ਹੈ, ਇਹ ਪੁੱਛਣ ਦੀ ਲੋੜ ਹੀ ਨਹੀਂ ਹੈ। ਇਹ ਵਿਧਾਇਕ ਹੁਣ 'ਖਾਸ' ਬਣ ਜਾਣਗੇ। ਅਤੇ ਉਹ ਸਮਾਂ ਵੀ ਆਉਣ ਵਾਲਾ ਹੈ ਜਦੋਂ ਇਹ 'ਖਾਸਮ ਖਾਸ' ਦੀ ਪਦਵੀ ਹਾਸਲ ਕਰ ਲੈਣਗੇ। ਉਸ ਹਾਲਤ ਵਿਚ ਇਨ੍ਹਾਂ ਨੂੰ ਗੰਨਮੈਨਾਂ ਦੀ ਲੋੜ ਪੈਣੀ ਹੀ ਪੈਣੀ ਹੈ। ਤੁਸੀਂ ਵੇਖ ਲੈਣਾ ਇਹ ਸਭ ਕੁਝ ਤੁਹਾਡੇ ਸਾਹਮਣੇ ਹੋਣਾ ਹੈ। ਉਧਰ ਕਾਂਗਰਸੀ ਅਤੇ ਅਕਾਲੀ ਇਨ੍ਹਾਂ ਦੇ ਸ਼ਰੀਕ ਭਰਾ ਹਨ। ਅੱਜਕੱਲ੍ਹ ਉਹ ਮੁੱਛਾਂ ਵਿਚ ਹੱਸ ਰਹੇ ਹਨ ਕਿ ਚਲੋ ਇਹ ਵੀ ਸਾਡੇ ਨਾਲ ਆ ਰਲੇ ਹਨ। ਹਰ ਵੇਲੇ ਕੂਕਦੇ ਰਹਿੰਦੇ ਸਨ ਕਿ ਅਸੀਂ ਤਾਂ ਲੋਕਾਂ ਦੇ ਨੁਮਾਇੰਦੇ ਹਾਂ, ਲੋਕਾਂ ਵੱਲੋਂ ਚੁਣੇ ਗਏ ਹਾਂ ਅਤੇ ਲੋਕਾਂ ਲਈ ਕੰਮ ਕਰਦੇ ਰਹਾਂਗੇ। ਪਰ ਹੁਣ ਕੌੜੀ ਸੱਚਾਈ ਇਹੋ ਹੈ ਕਿ ਲੋਕ ਇਨ੍ਹਾਂ ਤੋਂ ਦੂਰ ਹੋ ਗਏ ਹਨ ਅਤੇ ਅਗਲੇ ਦਿਨਾਂ ਵਿਚ ਇਨ੍ਹਾਂ ਲਈ ਗੰਨਮੈਨ ਹੀ 'ਲੋਕ' ਬਣ ਜਾਣਗੇ। ਹੁਣ ਇਨ੍ਹਾਂ ਵਿਧਾਇਕਾਂ ਦੁਆਲੇ ਖੁਸ਼ਾਮਦੀ ਲੋਕਾਂ ਦਾ ਹੀ ਘੇਰਾ ਰਹਿ ਗਿਆ ਹੈ। ਉਹ ਸਮਾਂ ਆਉਣ ਵਾਲਾ ਹੈ ਜਦੋਂ ਇਨ੍ਹਾਂ ਦੁਆਲੇ ਚਾਪਲੂਸ ਇਕੱਠੇ ਹੋ ਜਾਣਗੇ। ਜੱਗ ਜਾਣਦਾ ਹੈ ਕਿ ਚਾਪਲੂਸੀ ਦੋਹਾਂ ਕੰਨਾਂ ਨਾਲ ਸੁਣੀ ਜਾਂਦੀ ਹੈ ਅਤੇ ਸੱਚ ਸਿਰਫ ਅੱਧੇ ਕੰਨ ਨਾਲ ਹੀ ਸੁਣਿਆ ਜਾਂਦਾ ਹੈ। ਅੱਜਕੱਲ੍ਹ ਇਹ ਵਿਧਾਇਕ ਵੀ ਸੱਚ ਸੁਨਣ ਸਮੇਂ ਆਪਣੇ ਡੇਢ ਕੰਨ ਬੰਦ ਕਰ ਲੈਂਦੇ ਹਨ ਅਤੇ ਅੱਧਾ ਹੀ ਖੋਲ੍ਹਦੇ ਨੇ ਅਤੇ ਉਹ ਵੀ ਮੁਸ਼ਕਿਲ ਨਾਲ। ਇਹ ਵਿਧਾਇਕ ਹੁਣ ਆਪਣੇ ਆਪ ਨੂੰ ਉਚੀ ਥਾਂ 'ਤੇ ਬੈਠੇ ਸਮਝਦੇ ਹਨ ਤੇ ਇਹ ਭਰਮ ਪਾਲੀ ਬੈਠੇ ਹਨ ਕਿ ਸਾਨੂੰ ਕੋਈ ਨਹੀਂ ਹਿਲਾ ਸਕਦਾ। ਇਨ੍ਹਾਂ ਵਿਧਾਇਕਾਂ ਨਾਲ ਜੁੜੇ ਇਕ ਗੰਨਮੈਨ ਨੇ ਹੱਸਦਿਆਂ ਹੋਇਆਂ ਤੁਹਾਡੇ ਪੱਤਰਕਾਰ ਨੂੰ ਕਿਹਾ ਕਿ ਇਹ ਭਾਵੇਂ ਉਚੀ ਥਾਂ 'ਤੇ ਬੈਠੇ ਅਨੰਦ ਮਾਣ ਰਹੇ ਹਨ ਪਰ ਸਿਆਣੇ ਕਹਿੰਦੇ ਹਨ ਕਿ ਪਹਾੜ ਦੀ ਟੀਸੀ 'ਤੇ ਉਗਿਆ ਰੁੱਖ ਆਪਣਾ ਵੈਰੀ ਆਪ ਹੁੰਦਾ ਹੈ।
ਦੋਸਤੋ! ਭਰੋਸੇਯੋਗ ਸੂਤਰਾਂ ਮੁਤਾਬਕ 'ਆਪ' ਦੇ ਕੁਝ ਵਿਧਾਇਕ ਗੰਨਮੈਨ ਹਾਸਲ ਕਰਨ ਲਈ ਸਰਕਾਰ ਤੱਕ ਪਹੁੰਚ ਕਰਨ ਬਾਰੇ ਵੀ ਸੋਚ ਰਹੇ ਹਨ। ਪਰ ਮੁਸੀਬਤ ਹੁਣ ਇਕ ਨਹੀਂ ਕਈ ਹੋ ਗਈਆਂ ਹਨ। ਸੈਕਸ਼ਪੀਅਰ ਦੀ ਇਹ ਗੱਲ ਯਾਦ ਆ ਗਈ ਹੈ ਕਿ ਜਦੋਂ ਮੁਸੀਬਤਾਂ ਆਉਂਦੀਆਂ ਹਨ ਤਾਂ ਫਿਰ ਥੋਕ ਵਿਚ ਹੀ ਆਉਂਦੀਆਂ ਹਨ। ਇਹ ਵਿਧਾਇਕ ਜਗ ਜਾਣਦਾ ਹੈ ਸਾਧਾਰਨ ਪਰਿਵਾਰਾਂ ਵਿਚੋਂ ਆਏ ਹਨ। ਇਤਿਹਾਸ ਦੇ ਇਕ ਦੌਰ ਵਿਚ ਅਚਾਨਕ ਇਹ ਐਮ ਐਲ ਏ ਬਣ ਗਏ। ਇਨ੍ਹਾਂ ਦੀ ਆਮਦਨ ਦੇ ਵਸੀਲੇ ਵੀ ਕੋਈ ਬਹੁਤੇ ਨਹੀਂ ਹਨ, ਘਰ ਵੀ ਸਧਾਰਨ ਹੀ ਹਨ ਜਿਨ੍ਹਾਂ ਦੇ ਘਰ ਬਾਹਰ ਗੰਨਮੈਨਾਂ ਦੇ ਟੈਂਟ ਵੀ ਨਹੀਂ ਲੱਗ ਸਕਣਗੇ। ਉਨ੍ਹਾਂ ਨੂੰ ਉਮੀਦ ਸੀ ਕਿ ਸਰਕਾਰ ਵੱਟ 'ਤੇ ਪਈ ਹੈ, ਮੰਤਰੀ ਬਣਾਂਗੇ ਤੇ ਮੌਜਾਂ ਲੁੱਟਾਂਗੇ। ਪਰ ਤਕਦੀਰ ਨੇ ਉਨ੍ਹਾਂ ਨੂੰ ਐਸਾ ਮੂੰਧੜੇ ਮੂੰਹ ਸੁੱਟਿਆ ਕਿ ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਕੇਜਰੀਵਾਲ ਨਾਲ ਤੁਰਨ ਜਾਂ ਖਹਿਰਾ ਦਾ ਸਾਥ ਦਈਏ।
ਜਿਥੋਂ ਤੱਕ ਕੇਜਰੀਵਾਲ ਦਾ ਸਬੰਧ ਹੈ ਉਸ ਕੋਲ ਦੇਣ ਲਈ ਕੁਝ ਵੀ ਨਹੀਂ ਹੈ। ਹੁਣ ਉਹ ਦਿੱਲੀ ਦਾ ਹੀ ਬੰਦਾ ਗਿਣਿਆ ਜਾ ਰਿਹਾ ਹੈ ਜਿਸ ਦਾ ਪੰਜਾਬ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਪੰਜਾਬ ਦੇ ਲੋਕਾਂ ਨੇ ਵੀ ਉਸਨੂੰ ਦਿਲੋਂ ਕੱਢ ਦਿੱਤਾ ਹੋਇਆ ਹੈ। ਪਰ ਦਿੱਲੀ ਨਾਲ ਜੁੜੇ ਵਿਧਾਇਕ ਅਜੇ ਵੀ ਸ਼ਸ਼ੋਪੰਜ ਵਿਚ ਹਨ ਕਿ ਉਹ ਜਾਣ ਤੇ ਕਿਧਰ ਜਾਣ। ਕਈ ਵਿਧਾਇਕਾਂ ਨੂੰ ਖਹਿਰਾ ਵੀ ਪਸੰਦ ਨਹੀਂ ਹੈ। ਉਹ ਇਹ ਵੀ ਜਾਣਦੇ ਹਨ ਕਿ ਖਹਿਰਾ ਲੋਕਾਂ ਦਾ ਨਾਇਕ ਬਣ ਚੁੱਕਾ ਹੈ। ਉਸਨੂੰ ਗੱਲ ਕਰਨ ਦੀ ਜਾਚ ਹੈ, ਉਸ ਕੋਲ ਦਲੀਲ ਵੀ ਹੈ ਤੇ ਅਪੀਲ ਵੀ ਹੈ। ਮੀਡੀਆ ਵੀ ਕਾਫੀ ਹੱਦ ਤੱਕ ਉਸਦੇ ਨਾਲ ਹੁੰਦਾ ਹੈ। ਬਿਨਾ ਸ਼ੱਕ ਉਹ ਗਰਜਦਾ ਵੀ ਹੈ ਤੇ ਵਰ੍ਹਦਾ ਵੀ ਹੈ। ਪਰ ਖਹਿਰਾ ਬਾਰੇ ਉਹ ਇਹ ਵੀ ਕਹਿੰਦੇ ਹਨ ਕਿ ਉਸਦਾ ਸੁਭਾਅ ਤੱਤਾ ਹੈ। ਟੀਮ ਨੂੰ ਨਾਲ ਲੈ ਕੇ ਨਹੀਂ ਚੱਲਦਾ, ਆਪਣੀਆਂ ਮਨਮਰਜ਼ੀਆਂ ਵੀ ਕਰਦਾ ਹੈ। ਕਈ ਤਾਂ ਇਹ ਵੀ ਆਖਦੇ ਹਨ ਕਿ ਇਕ 'ਨਿੱਕਾ ਜਿਹਾ ਕੇਜਰੀਵਾਲ' ਉਸਦੇ ਅੰਦਰ ਵੀ ਲੁਕਿਆ ਹੋਇਆ ਹੈ ਜੋ ਸਮਾਂ ਪਾ ਕੇ ਕੇਜਰੀਵਾਲ ਵਾਂਗ ਹੀ ਆਪਣੇ ਰੰਗ ਵਿਖਾਏਗਾ। ਉਨ੍ਹਾਂ ਦਾ ਕਹਿਣਾ ਹੈ ਕਿ ਪਹਾੜ ਦੂਰੋਂ ਕੋਮਲ ਲੱਗਦੇ ਹਨ ਪਰ ਨੇੜੇ ਤੋਂ ਪਥਰੀਲੇ ਤੇ ਖਰਵੇ ਹੁੰਦੇ ਹਨ।
ਦੋਸਤੋ! ਪੰਜਾਬ ਦੀ ਸਿਆਸਤ ਵਿਚ ਤਿੰਨ ਵਿਅਕਤੀਆਂ ਕੋਲ ਇਹੋ ਜਿਹੇ ਬ੍ਰਹਮਅਸਤਰ ਸਨ ਕਿ ਜਦੋਂ ਜਦੋਂ ਉਨ੍ਹਾਂ ਨੇ ਚਲਾਏ ਤਾਂ ਸਾਰੀ ਜਨਤਾ ਉਨ੍ਹਾਂ ਦੇ ਨਾਲ ਹੋ ਤੁਰੀ। ਇਕ ਬ੍ਰਹਮਅਸਤਰ ਸੰਤ ਜਰਨੈਲ ਸਿੰਘ ਕੋਲ ਸੀ। ਉਨ੍ਹਾਂ ਨੇ ਪੰਜਾਬ ਦੇ ਲੋਕਾਂ ਵਿਚ ਇਹ ਗੱਲ ਬਿਠਾ ਦਿੱਤੀ ਤੇ ਇਸ ਗੱਲ ਨੂੰ ਸੱਚ ਵੀ ਸਾਬਤ ਕਰ ਦਿੱਤਾ ਕਿ ਭਾਰਤ ਵਿਚ ਸਿੱਖ ਦੂਜੇ ਦਰਜੇ ਦੇ ਸ਼ਹਿਰੀ ਹਨ। ਭਾਰਤ ਵਿਚ ਸਿੱਖ ਗੁਲਾਮ ਹਨ। ਆਪਣਾ ਇਹ ਬ੍ਰਹਮਅਸਤਰ ਉਹ ਹੇਠਾਂ ਤੱਕ ਲੈ ਗਏ। ਇਕ ਤਾਂ ਉਹ ਝੁੱਗੀ ਝੋਂਪੜੀ ਵਿਚੋਂ ਉਠੇ ਸਨ, ਦੂਜਾ ਗੁਰਬਾਣੀ ਦਾ ਉਨ੍ਹਾਂ ਨੂੰ ਓਟ ਆਸਰਾ ਸੀ ਤੇ ਤੀਜਾ ਉਹ ਨਿਰਭਉ ਤੇ ਨਿਰਵੈਰ ਸਨ। ਉਹ ਇਕ ਨਵਾਂ ਇਤਿਹਾਸ ਸਿਰਜ ਕੇ ਚਲੇ ਗਏ ਪਰ ਸਿੱਖ ਅਜੇ ਤੱਕ ਮਹਿਸੂਸ ਕਰਦੇ ਹਨ ਕਿ ਉਹ ਭਾਰਤ ਦੀ ਧਰਤੀ 'ਤੇ ਸੱਚਮੁਚ ਹੀ ਗੁਲਾਮ ਹਨ।
ਦੋਸਤੋ! ਦੂਜਾ ਬ੍ਰਹਮਅਸਤਰ ਪ੍ਰਕਾਸ਼ ਸਿੰਘ ਬਾਦਲ ਦੇ ਹੱਥ ਵਿਚ ਆ ਗਿਆ ਅਤੇ ਇਸ ਤਰ੍ਹਾਂ ਆਇਆ ਕਿ ਉਹ ਇਸ ਹਥਿਆਰ ਦੇ ਸਹਾਰੇ ਪੰਜ ਵਾਰ ਮੁੱਖ ਮੰਤਰੀ ਬਣੇ। ਉਹ ਬ੍ਰਹਮਅਸਤਰ ਇਹ ਸੀ ਕਿ ਜਿਹੜਾ ਵੀ ਵਿਰੋਧੀ ਹੈ ਜਾਂ ਤਾਂ ਉਸ ਨੂੰ ਖਰੀਦ ਲਓ ਅਤੇ ਜੇ ਇੰਜ ਸਫਲਤਾ ਨਹੀਂ ਮਿਲਦੀ ਤਾਂ ਉਸ ਨੂੰ ਕਾਂਗਰਸ ਦਾ ਏਜੰਟ ਸਾਬਿਤ ਕਰ ਦਿਓ। ਦੋਸਤੋ! ਇਹ ਇਤਿਹਾਸ ਦਾ ਕੈਸਾ ਮਜ਼ਾਕ ਸੀ ਕਿ ਇਕ ਅਜਿਹਾ ਵਿਅਕਤੀ ਜਿਹੜਾ ਪਹਿਲੀ ਵਾਰ ਕਾਂਗਰਸ ਦੀ ਟਿਕਟ 'ਤੇ ਚੋੜ ਲੜਿਆ ਅਤੇ ਜਿਸਨੇ ਇਕ ਵੱਡੇ ਕਾਂਗਰਸੀ ਪਰਿਵਾਰ ਨਾਲ ਰਿਸ਼ਤੇ ਗੰਢੇ, ਜਿਸ ਪਰਿਵਾਰ ਦੇ ਮੁਖੀ ਨੇ ਪੰਜਾਬੀ ਸੂਬੇ ਦੌਰਾਨ ਅਕਾਲੀ ਦਲ ਦੇ ਵਲੰਟੀਅਰਾਂ ਉਤੇ ਅੱਤਿਆਚਾਰ ਕਰਨ ਦੀ ਹਨੇਰੀ ਵਗਾ ਦਿੱਤੀ ਸੀ। ਪਰ ਹੈਰਾਨੀ ਦੀ ਗੱਲ ਹੈ ਕਿ ਇਹ ਬ੍ਰਹਮਅਸਤਰ ਉਹ ਅਜੇ ਤੱਕ ਵੀ ਵਰਤਦੇ ਹਨ। ਇਹ ਵੱਖਰੀ ਗੱਲ ਹੈ ਕਿ ਹੁਣ ਉਹ ਉਮਰ ਦੇ ਆਖਰੀ ਪੜਾਅ ਵਿਚ ਪਹੁੰਚ ਗਏ ਹਨ ਪਰ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੇ ਉਸਨੂੰ ਐਸਾ ਮੂੰਧੜੇ ਮੂੰਹ ਸੁੱਟਣਾ ਹੈ ਕਿ ਉਹ ਬਦਨਾਮ ਇਤਿਹਾਸ ਦਾ ਹਿੱਸਾ ਬਣ ਸਕਦੇ ਹਨ। ਇਹ ਰਿਪੋਰਟ ਛੇਤੀ ਹੀ ਆਉਣ ਵਾਲੀ ਹੈ ਪਰ ਇਸਦੇ ਕੁਝ ਹਿੱਸੇ ਪਹਿਲਾਂ ਹੀ ਲੀਕ ਹੋ ਚੁੱਕੇ ਹਨ ਤੇ ਬਾਦਲ ਸਾਹਿਬ ਨੂੰ ਵੀ ਇਸਦੀ ਪੂਰੀ ਪੂਰੀ ਜਾਣਕਾਰੀ ਹੈ।
ਦੋਸਤੋ! ਤੀਜਾ ਬ੍ਰਹਮਅਸਤਰ ਸੁਖਪਾਲ ਖਹਿਰਾ ਦੇ ਹੱਥ ਆ ਗਿਆ ਹੈ। ਵਿਰੋਧੀ ਧਿਰ ਦੇ ਨੇਤਾ ਦਾ ਅਹੁਦਾ ਖੁਸਣ ਤੋਂ ਪਿੱਛੋਂ ਉਸਨੇ ਇਕ ਅਜਿਹੀ ਜੰਗ ਨੂੰ ਜਨਮ ਦਿੱਤਾ ਜਿਸ ਜੰਗ ਨੂੰ ਉਸਨੇ ਦਿੱਲੀ ਤੇ ਪੰਜਾਬ ਦੀ ਜੰਗ ਕਹਿ ਕੇ ਲੋਕਾਂ ਦਾ ਦਿਲ ਜਿੱਤ ਲਿਆ। ਇਹ ਉਸਦੀ ਰਣਨੀਤੀ ਦਾ ਕਮਾਲ ਸੀ। ਉਧਰ ਬਠਿੰਡਾ ਦੀ ਬੇਮਿਸਾਲ ਰੈਲੀ ਨੇ ਇਹ ਸਿੱਧ ਕਰ ਦਿੱਤਾ ਕਿ ਇਹ ਜੰਗ ਸੱਚਮੁੱਚ ਹੀ ਦਿੱਲੀ ਤੇ ਪੰਜਾਬ ਦੀ ਹੈ ਜਿਸ ਵਿਚ ਕੇਜਰੀਵਾਲ ਭਾਈ ਸਾਹਿਬ ਪੰਜਾਬ ਤੋਂ ਆਉਟ ਕਰ ਦਿੱਤੇ ਗਏ। ਖਹਿਰਾ ਸਾਹਿਬ ਦੀ ਘਰ ਘਰ ਵਿਚ ਬੱਲੇ ਬੱਲੇ ਹੋ ਗਈ, ਜਿਵੇਂ ਇਕ ਸਮੇਂ ਕੇਜਰੀਵਾਲ ਦੀ ਵੀ ਪੰਜਾਬ ਦੇ ਹਰ ਘਰ ਵਿਚ ਬੱਲੇ ਬੱਲੇ ਹੋ ਗਈ ਸੀ।
ਦੋਸਤੋ! ਹੁਣ ਗੱਲ ਕਰੀਏ ਭਗਵੰਤ ਮਾਨ ਬਾਰੇ। ਮੈਂ ਆਪਣੇ ਇਕ ਲੇਖ ਵਿਚ ਕਿਹਾ ਸੀ ਕਿ ਜੇਕਰ ਇਹ ਹਾਸਰਸ ਕਲਾਕਾਰ ਸਿਆਣਾ ਬਣੇ ਤਾਂ ਇਹ 'ਆਪ' ਦੇ ਸੰਕਟ ਵਿਚ 'ਗੇਮ ਚੇਂਜਰ' ਬਣ ਸਕਦਾ ਹੈ। ਤੁਸੀਂ ਹੁਣ ਪੁੱਛ ਸਕਦੇ ਹੋ ਕਿ ਗੇਮ ਚੇਂਜਰ ਕੀ ਹੁੰਦਾ ਹੈ? ਗੇਮ ਚੇਂਜਰ ਅੰਗਰੇਜ਼ੀ ਦਾ ਸ਼ਬਦ ਹੈ। ਜਦੋਂ ਕੋਈ ਤਕੜਾ ਤੇ ਕਾਬਲ ਬੰਦਾ ਕਿਸੇ ਵੀ ਸਥਿਤੀ, ਹਾਲਤ, ਵਰਤਾਰੇ ਜਾਂ ਪ੍ਰਕਿਰਿਆ ਨੂੰ ਆਪਣੀ ਹਸਤੀ ਦੇ ਜ਼ੋਰ ਨਾਲ ਅਚਾਨਕ ਇਕ ਨਵਾਂ ਮੋੜ ਦੇਣ ਵਿਚ ਕਾਮਯਾਬ ਹੋ ਜਾਵੇ ਤਾਂ ਉਸ ਵਿਅਕਤੀ ਨੂੰ ਗੇਮ ਚੇਂਜਰ ਕਹਿੰਦੇ ਹਨ। ਜਿਵੇਂ ਕੋਈ ਖਿਡਾਰੀ ਕਿਸੇ ਮੈਚ ਵਿਚ ਐਨ ਆਖਰੀ ਸਕਿੰਟਾਂ ਵਿਚ ਗੋਲ ਕਰ ਦਿੰਦਾ ਹੈ ਤਾਂ ਅਸੀਂ ਉਸ ਨੂੰ ਵੀ ਗੇਮ ਚੇਂਜਰ ਕਹਿ ਸਕਦੇ ਹਾਂ ਕਿਉਂਕਿ ਉਸਨੇ ਸਾਰੀ ਖੇਡ ਨੂੰ ਹੀ ਇਕ ਨਵਾਂ ਮੋੜ ਦੇ ਦਿੱਤਾ ਹੈ। ਅੱਜਕੱਲ੍ਹ ਸੋਸ਼ਲ ਮੀਡੀਆ ਨੂੰ ਵੀ ਗੇਮ ਚੇਂਜਰ ਕਹਿੰਦੇ ਹਨ ਕਿਉਂਕਿ ਤੁਸੀਂ ਵੇਖਦੇ ਹੀ ਹੋ ਕਿ ਸੋਸ਼ਲ ਮੀਡੀਆ ਕਈ ਵਾਰ ਸਾਰੀ ਖੇਡ ਨੂੰ ਵੀ ਉਲਟਾ ਪੁਲਟਾ ਕਰ ਦਿੰਦਾ ਹੈ। ਅੱਜਕੱਲ੍ਹ ਦਿੱਲੀ ਨਾਲ ਜੁੜੇ ਵਿਧਾਇਕਾਂ ਨੂੰ ਸੋਸ਼ਲ ਮੀਡੀਆ 'ਤੇ ਜਿਵੇਂ ਗਾਲ੍ਹ ਮੰਦੇ ਦਾ ਪ੍ਰਸ਼ਾਦ ਮਿਲ ਰਿਹਾ ਹੈ, ਉਸ ਨਾਲ ਇਨ੍ਹਾਂ ਵਿਧਾਇਕਾਂ ਨੂੰ ਜਾਗ ਕੇ ਰਾਤਾਂ ਕੱਟਣੀਆਂ ਪੈ ਰਹੀਆਂ ਹਨ ਜਾਂ ਫਿਰ ਸੌਣ ਵਾਲੀਆਂ ਗੋਲੀਆਂ ਦਾ ਆਸਰਾ ਲੈਣਾ ਪੈਂਦਾ ਹੈ।
ਦੋਸਤੋ! ਮੰਨੋ ਤੇ ਭਾਵੇਂ ਨਾ ਮੰਨੋ, ਭਗਵੰਤ ਮਾਨ ਦੀ ਥਾਂ ਲੋਕਾਂ ਦੇ ਦਿਲਾਂ ਵਿਚ ਅਜੇ ਵੀ ਬਣੀ ਹੋਈ ਹੈ। ਉਸਨੂੰ ਛੇਤੀ ਕੀਤਿਆਂ ਲੋਕਾਂ ਦੇ ਮਨਾਂ ਵਿਚੋਂ ਕੱਢਿਆ ਨਹੀਂ ਜਾ ਸਕਦਾ। ਉਹ ਇਕ ਜਜ਼ਬਾਤੀ ਕਲਾਕਾਰ ਹੈ। ਜਿਵੇਂ ਸਿਆਸਤਦਾਨ ਲੁੱਟਾਂ ਖੋਹਾਂ ਕਰਦੇ ਹਨ, ਉਹ ਇਹੋ ਜਿਹਾ ਸਿਆਸਤਦਾਨ ਵੀ ਨਹੀਂ। ਸ਼ਰਾਬ ਦੀ ਲੱਤ ਉਸਨੂੰ ਭਾਵੇਂ ਹੈ, ਪਰ ਫਿਰ ਵੀ ਉਹ ਪੰਜਾਬ ਦੇ ਲੋਕਾਂ ਦੀ ਨਬਜ਼ ਨੂੰ ਜਿਵੇਂ ਜਾਣਦਾ ਹੈ ਅਤੇ ਜਿਵੇਂ ਪੇਸ਼ ਕਰਦਾ ਹੈ, ਉਵੇਂ ਘੱਟੋ ਘੱਟ ਅੱਜ ਦੇ ਸਿਆਸਤਦਾਨਾਂ ਵਿਚੋਂ ਕੋਈ ਵੀ ਨਹੀਂ ਜਾਣਦਾ। ਪਰ ਜਿਵੇਂ ਹਰ ਇਕ ਬੰਦੇ ਦੇ ਨਾਲ ਪਰਮਾਤਮਾ ਵੱਡੇ ਭਾਰ ਵੀ ਬੰਨ੍ਹ ਦਿੰਦਾ ਹੈ, ਇੰਜ ਉਸ ਦੇ ਦੁਆਲੇ ਵੀ 'ਕੇਜਰੀਵਾਲ ਭਾਰ' ਹਾਲ ਦੀ ਘੜੀ ਚਿੰਬੜ ਗਿਆ ਹੈ। ਸੱਚ ਤਾਂ ਇਹ ਹੈ ਕਿ ਜੇਕਰ ਉਹ ਇਸ ਸੁਨਿਹਰੀ ਮੌਕੇ ਦਾ ਫਾਇਦਾ ਉਠਾਉਂਦਾ ਤਾਂ ਯਕੀਨਨ ਉਹ ਗੇਮ ਚੇਂਜਰ ਬਣ ਸਕਦਾ ਸੀ। ਮੌਕੇ ਦਾ ਉਹ ਫਾਇਦਾ ਨਹੀਂ ਉਠਾ ਸਕਿਆ। ਸਿਆਣੇ ਆਖਦੇ ਹਨ ਕਿ ਮੌਕੇ ਰੱਬ ਭੇਜਦਾ ਹੈ ਤੇ ਜੇ ਕੋਈ ਸਮੇਂ ਸਿਰ ਸਾਂਭ ਨਾ ਸਕੇ ਤਾਂ ਫਿਰ ਇਹ ਮੌਕੇ ਬੱਦਲਾਂ ਵਾਂਗ ਛੇਤੀ ਉਡ ਵੀ ਜਾਂਦੇ ਹਨ।
ਦੋਸਤੋ! ਪੰਜਾਬੀ ਗਾਇਕੀ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਭਗਵੰਤ ਮਾਨ ਇਸ ਹੱਦ ਤੱਕ ਜਜ਼ਬਾਤੀ ਹੈ ਕਿ ਸਮਾਂ ਪਾ ਕੇ ਉਸਦਾ ਮੋਹ ਕੇਜਰੀਵਾਲ ਨਾਲੋਂ ਵੀ ਟੁੱਟ ਜਾਣਾ ਹੈ। ਪਰ ਇਸ ਹਾਲਤ ਵਿਚ ਵੀ ਉਸ ਦੀ ਇਕ ਸਮੱਸਿਆ ਹੈ, ਜੇ ਉਹ ਖਹਿਰੇ ਦੇ ਨਾਲ ਜਾਂਦਾ ਹੈ ਤਾਂ ਉਥੇ ਵੀ ਚੌਧਰ ਦਾ ਸਵਾਲ ਖੜ੍ਹਾ ਹੋ ਜਾਏਗਾ। ਦੂਜੇ ਸ਼ਬਦਾਂ ਵਿਚ ਖਹਿਰਾ ਅਤੇ ਭਗਵੰਤ ਮਾਨ ਦਾ ਮੁਕਾਬਲਾ ਸ਼ੁਰੂ ਹੋ ਜਾਣਾ ਹੈ। ਦੂਜੇ ਪਾਸੇ ਭਗਵੰਤ ਮਾਨ ਵਿਚ ਇਕ ਵੱਖਰਾ ਆਧਾਰ ਕਾਇਮ ਕਰਨ ਦੀ ਵੀ ਕਾਬਲੀਅਤ ਨਹੀਂ ਹੈ। ਇਕ ਹੋਰ ਕਾਰਨ ਇਹ ਵੀ ਹੈ ਕਿ ਉਸਦੀ ਸਿੱਖ ਇਤਿਹਾਸ ਉਤੇ ਓਪਰੀ ਜਿਹੀ ਹੀ ਪਕੜ ਹੈ ਜਾਂ ਇੰਜ ਕਹਿ ਲਓ ਕਿ ਕਾਮਰੇਡਾਂ ਵਰਗੀ ਪਕੜ ਹੈ। ਪੰਜਾਬ ਦੀ ਸਿਆਸਤ ਵਿਚ ਥਾਂ ਬਨਾਉਣ ਲਈ ਇਹ ਗੁਣ ਹੋਣਾ ਬਹੁਤ ਜ਼ਰੂਰੀ ਹੈ। ਪਰ ਦੂਜੇ ਪਾਸੇ ਸੁਖਪਾਲ ਖਹਿਰਾ ਕੋਲ ਸਿੱਖ ਇਤਿਹਾਸ ਦਾ ਡੂੰਘਾ ਅਨੁਭਵ ਹੈ ਅਤੇ ਜਦੋਂ ਉਹ ਸਿੱਖ ਜਜ਼ਬਿਆਂ ਬਾਰੇ ਬੋਲ ਰਿਹਾ ਹੁੰਦਾ ਹੈ ਤਾਂ ਸਿੱਖ ਉਸ ਨੂੰ ਭਗਵੰਤ ਮਾਨ ਨਾਲੋਂ ਜ਼ਿਆਦਾ ਆਪਣੇ ਨੇੜੇ ਸਮਝਦੇ ਹਨ। ਹਾਲਾਂਕਿ ਦੋਵੇਂ ਭਾਵੇਂ ਬਾਹਰੀ ਸਰੂਪ ਵਿਚ ਸਿੱਖ ਨਹੀਂ ਹਨ ਪਰ ਜੇਕਰ ਦੋਹਾਂ ਦਾ ਮੁਕਾਬਲਾ ਕਰਨਾ ਹੋਵੇ ਤਾਂ ਖਹਿਰਾ ਅੱਗੇ ਨਿਕਲ ਜਾਂਦਾ ਹੈ। ਦੂਜਾ ਭਗਵੰਤ ਮਾਨ ਗੱਲਾਂ ਤਾਂ ਬਹੁਤ ਪਿਆਰੀਆਂ ਕਰ ਸਕਦਾ ਹੈ ਪਰ ਉਸ ਕੋਲ ਰਾਜ ਪ੍ਰਬੰਧ ਦੀਆਂ ਮਹੀਨ ਬਰੀਕੀਆਂ ਦਾ ਖਜ਼ਾਨਾ ਨਹੀਂ ਹੈ।
ਦੋਸਤੋ! ਇਕ ਗੱਲ ਹੁਣ ਨਿਖਰ ਕੇ ਸਾਹਮਣੇ ਆ ਰਹੀ ਹੈ। ਉਹ ਗੱਲ ਇਹ ਹੈ ਕਿ ਪੰਜਾਬ ਦੀ ਸਿਆਸਤ ਇਕ 'ਵੱਖਰੀ ਪਾਰਟੀ' ਕਾਇਮ ਹੋਣ ਵਾਲੇ ਪਾਸੇ ਵੱਧ ਰਹੀ ਹੈ। ਇਹ ਕਿਹਾ ਜਾਂਦਾ ਹੈ ਕਿ ਜੇ ਇਸ ਪਾਰਟੀ ਨੂੰ ਆਮ ਆਦਮੀ ਪਾਰਟੀ ਪੰਜਾਬ ਕਹਿ ਲਿਆ ਜਾਵੇ ਤਾਂ ਇਕ ਤਾਂ ਇਸ ਨਾਲ ਆਮ ਆਦਮੀ ਪਾਰਟੀ ਦੀ ਵਿਰਾਸਤ ਵੀ ਕਾਇਮ ਰਹੇਗੀ ਅਤੇ ਦੂਜਾ ਹੁਣ ਇਸ ਵਿਚ ਕੇਜਰੀਵਾਲ ਦੀ ਥਾਂ ਸੁਖਪਾਲ ਖਹਿਰਾ ਨੂੰ ਹਾਸਲ ਹੋ ਜਾਏਗੀ। ਘੜੀ ਦੀਆਂ ਸੂਈਆਂ ਉਸ ਦਿਸ਼ਾ ਵੱਲ ਵਧਦੀਆਂ ਨਜ਼ਰ ਆਉਂਦੀਆਂ ਹਨ।

You may want to find out info concerning the individual which you're writing about in order to supply a more complete view, and as well, to better know the sort of information which you will

It is https://www.affordable-papers.net/ crucial to realize that writing an essay is not an easy endeavor.

be searching for.

Or