ਕਰਮਜੀਤ ਸਿੰਘ
99150-91063
ਇੱਕ ਸਵਾਲ : ਕੀ ਕੇਜਰੀਵਾਲ ਸਾਹਿਬ 'ਆ ਰਹੇ ਹਨ' ਜਾਂ 'ਜਾ ਰਹੇ ਹਨ'?
ਪੰਡੋਰੀ ਦੇ ਇਰਦ ਗਿਰਦ ਰਾਜਨੀਤਕ ਪਤਝੜ ਛਾਈ ਹੋਈ ਸੀ
ਨਾ ਉਹ ਪਹਿਲਾਂ ਵਾਲਾ ਜਾਹੋ-ਜਲਾਲ ਤੇ ਨਾ ਹੀ ਰੌਣਕਾਂ
ਉਹ ਸਾਰੇ ਇਕੋ ਹੀ ਸਮਾਗਮ ਵਿਚ ਬੈਠੇ ਸਨ, ਪਰ ਆਪੋ ਆਪਣੇ ਧੜੇ ਦੇ ਰੂਪ ਵਿਚ ਇਕ ਦੂਜੇ ਤੋਂ ਦੂਰ-ਦੂਰ, ਵੱਖਰੇ-ਵੱਖਰੇ। ਦਿਲਾਂ ਤੋਂ ਵੀ ਦੂਰ ਅਤੇ ਸਰੀਰਾਂ ਤੋਂ ਵੀ ਦੂਰ। ਦੋ ਤਰ੍ਹਾਂ ਦੇ ਦੁੱਖ-ਅਫਸੋਸ ਉਨ੍ਹਾਂ ਦੇ ਚਿਹਰਿਆਂ ਤੋਂ ਪੜ੍ਹੇ ਬੁੱਝੇ ਜਾ ਸਕਦੇ ਸੀ। ਇਕ, ਪੰਡੋਰੀ ਸਾਹਿਬ ਦੇ ਪਿਤਾ ਦੇ ਵਿਛੋੜੇ ਦਾ ਅਫਸੋਸ ਜੋ ਇਕ ਤਰ੍ਹਾਂ ਨਾਲ ਰਸਮੀ ਹੀ ਸੀ ਅਤੇ ਦੂਜਾ ਇਕੋ ਰਾਜਨੀਤਕ ਟੱਬਰ ਦੇ ਟੁੱਟਣ ਦਾ ਦੁੱਖ ਜੋ ਅਸਲੀ ਸੀ ਅਤੇ ਜਿਸਨੂੰ ਪਾਰਟੀ ਦਾ ਸੁਪਰੀਮੋ ਅਰਵਿੰਦ ਕੇਜਰੀਵਾਲ 19 ਅਗਸਤ ਦੀ ਸ਼ਾਮ ਨੂੰ ਇਕ 'ਪਰਿਵਾਰ ਦਾ ਝਗੜਾ' ਕਹਿ ਕੇ ਖਹਿੜਾ ਛੁਡਾਉਣਾ ਚਾਹੁੰਦਾ ਸੀ। ਸਿਆਸਤ ਦੀ ਮਾੜੀ ਮੋਟੀ ਸਮਝ ਰੱਖਣ ਵਾਲਾ ਬੰਦਾ ਵੀ ਕਹਿ ਸਕਦਾ ਸੀ ਕਿ ਕੇਜਰੀਵਾਲ ਸਾਹਿਬ ਨੂੰ ਕਿੰਨਾ ਵੱਡਾ ਝੂਠ ਬੋਲਣਾ ਪੈ ਰਿਹਾ ਹੈ।
ਮੈਨੂੰ ਦਾਸਤੋਵਸਕੀ ਦਾ ਸੰਸਾਰ ਪ੍ਰਸਿੱਧ ਨਾਵਲ 'ਕੈਰਮਾਜ਼ੋਵ ਭਰਾ' (2rothers Karama੍ਰov) ਦੇ ਉਹ ਦ੍ਰਿਸ਼ ਚੇਤੇ ਆ ਗਏ ਜਦੋਂ ਇਕੋ ਟੱਬਰ ਦੇ ਭਰਾ ਅਤੇ ਉਨ੍ਹਾਂ ਦਾ ਪਿਓ ਜਾਇਦਾਦ ਦੀ ਵੰਡ ਦੇ ਸਵਾਲ 'ਤੇ ਵਾਰ ਵਾਰ ਮਿਲਦੇ ਵਿਛੜਦੇ ਤੇ ਝਗੜਦੇ ਸਨ। ਪਰ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਐਤਵਾਰ ਨੂੰ ਮਿਲਣ ਅਸਲ ਮਿਲਣ ਨਹੀਂ ਕਿਹਾ ਜਾ ਸਕਦਾ। ਜਦੋਂ ਮੈਂ ਆਪਣੇ ਇਕ ਦੋਸਤ ਪੱਤਰਕਾਰ ਨੂੰ ਜਿਸਨੂੰ ਪੰਜਾਬ ਦੀ ਸਿਆਸਤ ਦੇ ਉਤਰਾਵਾਂ ਚੜ੍ਹਾਵਾਂ ਦਾ ਚੋਖਾ ਅਨੁਭਵ ਹੈ, ਪੁੱਛਿਆ ਕਿ ਤੁਸੀਂ ਪੰਡੋਰੀ ਦੇ ਇਕੱਠ ਦੀ ਕਿਸ ਤਰ੍ਹਾਂ ਵਿਆਖਿਆ ਕਰੋਗੇ ਤਾਂ ਉਸ ਦਾ ਸੰਖੇਪ ਜਵਾਬ ਸੱਚਮੁੱਚ ਹੀ ਦਿਲਚਸਪ ਤੇ ਹਕੀਕੀ ਜਾਪਿਆ : ਇਹ ਇਕੱਠ ਟੁੱਟਣ ਤੋਂ ਪਹਿਲਾਂ ਦਾ ਮਿਲਣ ਸੀ।
ਜਦੋਂ ਮੈਂ ਇਹ ਸਤਰਾਂ ਲਿਖ ਰਿਹਾ ਸਾਂ ਤਾਂ ਮੈਨੂੰ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਉਹ ਪ੍ਰੈਸ ਕਾਨਫਰੰਸ ਯਾਦ ਆ ਗਈ ਜਦੋਂ ਵਿਚੋਲਿਆਂ ਦੇ ਦਬਾਅ ਹੇਠ ਉਨ੍ਹਾਂ ਨੰ ਪ੍ਰਕਾਸ਼ ਸਿੰਘ ਬਾਦਲ ਨਾਲ ਸਮਝੌਤਾ ਕਰਨਾ ਪਿਆ ਸੀ। ਸਮਝੌਤੇ ਤੋਂ ਪਿੱਛੋਂ ਜਦੋਂ ਉਹ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ ਤਾਂ ਮੈਂ ਉਨ੍ਹਾਂ ਦੇ ਮੱਥੇ ਤੋਂ ਮਜਬੂਰੀਆਂ ਦੀ ਦਾਸਤਾਨ ਪੜ੍ਹ ਸਕਦਾ ਸੀ। ਪ੍ਰੈਸ ਕਾਨਫਰੰਸ ਵਿਚ ਸਵਾਲ ਜਵਾਬ ਕਰਨ ਦਾ ਮੇਰਾ ਕੋਈ ਸੁਭਾਅ ਨਹੀਂ ਪਰ ਪ੍ਰੈਸ ਕਾਨਫਰੰਸ ਤੋਂ ਪਿੱਛੋਂ ਜਦੋਂ ਮੈਂ ਉਨ੍ਹਾਂ ਨੂੰ ਸਵਾਲ ਕੀਤਾ ਕਿ ਕੀ ਪ੍ਰਧਾਨ ਜੀ (ਉਨ੍ਹਾਂ ਨੂੰ ਅਕਸਰ ਪ੍ਰਧਾਨ ਜੀ ਕਿਹਾ ਜਾਂਦਾ ਸੀ) ਏਕਤਾ ਹੋ ਗਈ ਹੈ? ਉਨ੍ਹਾਂ ਨੇ ਮੇਰੇ ਮੋਢਿਆਂ 'ਤੇ ਹੱਥ ਰੱਖਿਆ ਤੇ ਉਦਾਸ ਹਾਸੇ ਵਿਚ ਇਹ ਸ਼ੇਅਰ ਸੁਣਾ ਕੇ ਮੈਨੂੰ ਚੁੱਪ ਕਰਾ ਦਿੱਤਾ : ਹਮ ਮਿਲੇ, ਮਿਲੇ ਭੀ ਤੋ ਕਯਾ ਮਿਲੇ, ਵਹੀ ਦੂਰੀਆਂ ਵਹੀ ਫਾਸਲੇ।
ਪਿਛਲੀ ਸਦੀ ਵਿਚ ਦੋ ਆਗੂ ਗੁਰਚਰਨ ਸਿੰਘ ਟੌਹੜਾ ਤੇ ਦੂਜਾ ਮਾਸਟਰ ਤਾਰਾ ਸਿੰਘ ਸਨ ਜਿਨ੍ਹਾਂ ਨੂੰ ਸਿੱਖਾਂ ਦੀ ਬੇਬਸੀ ਦਾ ਦਰਦਨਾਕ ਪ੍ਰਤੀਕ ਕਿਹਾ ਜਾ ਸਕਦਾ ਹੈ। ਉਹ ਦੋਵੇਂ ਇਕੋ ਸਮੇਂ ਆਪਣੀ ਕੌਮ ਨੂੰ ਆਜ਼ਾਦ ਹੁੰਦਾ ਵੀ ਵੇਖਣਾ ਚਾਹੁੰਦੇ ਸਨ ਪਰ ਨਾਲ ਹੀ ਹਾਲਤਾਂ ਦੀ ਬੇਬਸੀ ਤੇ ਮਜਬੂਰੀਆਂ ਦੀ ਕੈਦ ਵੀ ਭੋਗ ਰਹੇ ਸਨ। ਜਿਥੋਂ ਤੱਕ ਸੰਤ ਜਰਨੈਲ ਸਿੰਘ ਦਾ ਸਬੰਧ ਹੈ ਉਹ ਰਾਜਨੀਤੀ ਦੀਆਂ ਘੁੰਮਣਘੇਰੀਆਂ ਵਿਚੋਂ ਅਜੇ ਨਹੀਂ ਸਨ ਲੰਘੇ। ਉਹ ਤਾਂ ਇਕ ਵੱਡੇ ਟੁੱਟਦੇ ਤਾਰੇ ਵਾਂਗ ਸਨ ਜੋ ਖਾਲਸਾ ਪੰਥ ਦੇ ਆਕਾਸ਼ 'ਤੇ ਤੇਜ਼ ਰੌਸ਼ਨੀ ਸੁੱਟ ਕੇ ਅਲੋਪ ਹੋ ਗਏ। ਅਕਾਲ ਤਖਤ ਦੇ ਪੈਰਾਂ ਹੇਠ ਹੋਈ ਉਨ੍ਹਾਂ ਦੀ ਮਹਾਨ ਸ਼ਹਾਦਤ ਬਾਰੇ ਇਹ ਕਿਹਾ ਜਾ ਸਕਦਾ ਹੈ ਕਿ ਉਨ੍ਹਾਂ ਨੇ ਇਤਿਹਾਸ ਦੇ ਲੀਵਰ ਨੂੰ ਇੰਨੀ ਜ਼ੋਰ ਨਾਲ ਖਿੱਚਿਆ ਕਿ ਧਰਤੀ ਅਜੇ ਵੀ ਕੰਬਦੀ ਹੈ।
ਖਾਲਿਸਤਾਨ ਦੇ ਟੁੱਟ ਚੁੱਕੇ ਸੁਪਨੇ ਨੂੰ ਮੁੜ ਮੁੜ ਪੈਰਾਂ 'ਤੇ ਖੜ੍ਹਾ ਕਰਨ ਅਤੇ ਮੁੜ ਮੁੜ ਜੋੜਨ ਦੇ ਪੀੜਾਂ ਮੱਲੇ ਅਤੇ ਕੰਡਿਆਲੇ ਰਾਹਾਂ ਉਤੇ ਜੇ ਕੋਈ ਅਜੇ ਵੀ ਤੁਰ ਰਿਹਾ ਹੈ ਤਾਂ ਉਹ ਸਿਮਰਨਜੀਤ ਸਿੰਘ ਮਾਨ ਹੀ ਹੈ। ਪਿਛਲੇ ਸਾਲ ਅਤੇ ਉਸ ਤੋਂ ਵੀ ਪਿਛਲੇ ਸਾਲ ਫਤਿਹਗੜ੍ਹ ਸਾਹਿਬ ਦੀ ਸ਼ਹੀਦੀ ਕਾਨਫਰੰਸ ਦੇ ਅਖੀਰ 'ਤੇ ਜਦੋਂ ਉਹ ਤਕਰੀਰ ਕਰ ਰਹੇ ਸਨ ਤਾਂ ਉਸ ਸਮੇਂ ਸੈਂਕੜੇ ਲੋਕ ਸੜਕ ਉਤੇ ਖਲੋਤੇ ਹੋਏ ਵੀ ਉਸ ਨੂੰ ਸੁਣ ਰਹੇ ਸਨ। ਜਦੋਂ ਮਾਨ ਸਾਹਿਬ ਨੇ ਉਨ੍ਹਾਂ ਨੂੰ ਵੰਗਾਰਿਆ ਕਿ ਸੜਕ ਉਤੇ ਖਲੋਤੇ ਭਰਾਵੋ! ਖਾਲਿਸਤਾਨ ਦਾ ਤੁਹਾਨੂੰ ਵੀ ਫਾਇਦਾ ਹੋਵੇਗਾ ਅਤੇ ਮੇਰੇ ਨਾਲ ਤੁਸੀਂ ਵੀ ਇਹ ਨਾਅਰਾ ਲਾਓ ਤਾਂ ਸੈਂਕੜੇ ਲੋਕਾਂ ਦੀਆਂ ਖੜ੍ਹੀਆਂ ਬਾਹਾਂ ਨੇ ਜਿਸ ਜੋਸ਼ ਤੇ ਜਜ਼ਬੇ ਨਾਲ ਨਾਅਰੇ ਦਾ ਜਵਾਬ ਦਿੱਤਾ, ਉਹ ਜੋਸ਼ ਤਾਂ ਮੈਂ ਪੰਡਾਲ ਦੇ ਅੰਦਰ ਵੀ ਨਹੀਂ ਸੀ ਵੇਖਿਆ। ਇਹ ਕੈਸਾ ਅਜੀਬ ਮਾਜਰਾ ਹੈ ਕਿ ਪੰਜਾਬ ਦੇ ਲੋਕ ਕਿਤੇ 'ਧੁਰ ਅੰਦਰੋਂ' ਖਾਲਿਸਤਾਨ ਚਾਹੁੰਦੇ ਹਨ ਪਰ 'ਧੁਰ ਬਾਹਰੋਂ' ਖਾਮੋਸ਼ ਤੇ ਡੁੱਨ ਵੱਟਾ ਹੀ ਬਣੇ ਰਹਿੰਦੇ ਹਨ। ਪਰ ਮਾਨ ਸਾਹਿਬ ਦਾ ਸੰਘਰਸ਼ ਵੀ ਜਾਰੀ ਹੈ ਕਿਉਂਕਿ ਉਨ੍ਹਾਂ ਦੀਆਂ ਉਡੀਕਾਂ ਨੇ ਅਜੇ ਦਮ ਨਹੀਂ ਤੋੜਿਆ।
ਜੇਕਰ ਜੁਝਾਰੂ ਲਹਿਰ ਨੂੰ ਬੌਧਿਕ ਤੇ ਵਿਵੇਕ ਲੀਹਾਂ 'ਤੇ ਤੋਰਨ, ਲਹਿਰ ਨੂੰ ਹਰ ਹਾਲ ਵਿਚ ਇਖਲਾਕੀ ਦਿਸ਼ਾ ਦੇਣ ਅਤੇ ਗੁਰਬਾਣੀ ਅਤੇ ਸਿੱਖ ਇਤਿਹਾਸ ਦੇ ਨੇੜੇ ਨੇੜੇ ਰੱਖਣ ਦਾ ਬੋਝ, ਜ਼ਿੰਮੇਵਾਰੀ ਅਤੇ ਦਰਦ ਜੋ ਸਭ ਤੋਂ ਵੱਧ ਕਿਸੇ ਦੇ ਮੋਢਿਆਂ 'ਤੇ ਆਇਆ ਅਤੇ ਜਿਸ ਨੇ ਉਸ ਨੂੰ ਕਾਮਯਾਬੀ ਦੀ ਮੰਜ਼ਿਲ ਤੱਕ ਪਹੁੰਚਾਇਆ ਤਾਂ ਇਹ ਸਿਹਰਾ ਭਾਈ ਦਲਜੀਤ ਸਿੰਘ ਨੂੰ ਹੀ ਜਾਂਦਾ ਹੈ। ਕਿਸੇ ਉਚੇ ਟਿੱਲੇ ਉਤੇ ਬੈਠੇ ਇਸ ਜੁਝਾਰੂ ਦੀ ਖਾਮੋਸ਼ੀ ਜਿਵੇਂ ਸੰਤ ਰਾਮ ਉਦਾਸੀ ਦੀ ਇਹ ਮਸ਼ਹੂਰ ਸਤਰ ਦੁਹਰਾ ਰਹੀ ਹੋਵੇ : ਅਜੇ ਨਾ ਆਈ ਮੰਜ਼ਿਲ ਸਾਡੀ ਅਜੇ ਹਨੇਰਾ ਗਾੜ੍ਹਾ ਹੈ। ਉਸ ਨੂੰ ਖਾਲਸਾ-ਚੇਤਨਾ ਨਾਲ ਵੱਡੇ ਛੱਲ ਕਰਨ ਵਾਲੀਆਂ ਤਾਕਤਾਂ ਅਤੇ ਵਿਅਕਤੀ ਸ਼ਾਇਦ ਨਜ਼ਰ ਆ ਰਹੇ ਹਨ। ਇਉਂ ਲੱਗਦਾ ਹੈ ਜਿਵੇਂ ਅਸੀਂ 19ਵੀਂ ਸਦੀ ਦੇ ਪਹਿਲੇ ਅੱਧ ਵਿਚ ਵਿਚਰ ਰਹੇ ਹਾਂ ਜਦੋਂ ਵਿਸ਼ਵ ਪ੍ਰਸਿੱਧ ਚਿੰਤਕ ਵਿਲ ਡਿਉਰਾਂ ਨੇ 'ਫਿਲਾਸਫੀ ਦੀ ਕਹਾਣੀ' ਅੰਦਰ ਉਸ ਦੌਰ ਦੇ ਉਦਾਸ ਫਿਲਾਸਫਰ ਸ਼ਾਪਨਹਾਰ ਅਤੇ ਨਿਤਸ਼ੇ ਦਾ ਜ਼ਿਕਰ ਕਰਦਿਆਂ ਉਸ ਦੌਰ ਨੂੰ ਇੰਜ ਬਿਆਨ ਕੀਤਾ : ਬਾਲੋਨ ਤੋਂ ਲੈ ਕੇ ਮਾਸਕੋ ਅਤੇ ਮਿਸਰ ਦੇ ਮਿਨਾਰਾਂ ਤੱਕ ਹਰੇਕ ਸੈਨਿਕ ਕਬਰ ਉਦਾਸੀਨ ਤਾਰਿਆਂ ਪਾਸੋਂ ਕੋਈ ਖਾਮੋਸ਼ ਸਵਾਲ ਕਰ ਰਹੀ ਸੀ... ਇਹ ਦੁਖਾਂਤ ਵੀ ਇਹੋ ਜਿਹਾ ਸੀ ਜਦੋਂ ਉਸ ਦੌਰ ਵਿਚ ਵਿਚਰਨ ਵਾਲਿਆਂ ਦੇ ਹਾਸੇ ਹੰਝੂਆਂ ਨਾਲ ਭਰੇ ਹੋਏ ਸੀ। ਕੀ ਅਸੀਂ ਅੱਜ ਉਸੇ ਦੌਰ ਵਿਚੋਂ ਤਾਂ ਨਹੀਂ ਲੰਘ ਰਹੇ?
ਦਰਅਸਲ ਮੈਂ ਪੰਡੋਰੀ ਭੋਗ ਸਮਾਗਮ ਦੀ ਗੱਲ ਕਰਦਿਆਂ ਬਹੁਤ ਦੂਰ ਨਿਕਲ ਗਿਆ ਸੀ ਕਿਉਂਕਿ ਕੇਜਰੀਵਾਲ-ਵਰਤਾਰੇ ਨਾਲ ਜੁੜਨ ਵਾਲੇ ਲੱਖਾਂ ਮੁੰਡੇ ਕੁੜੀਆਂ ਆਪਣੇ ਮਾਪਿਆਂ ਤੇ ਬਜ਼ੁਰਗਾਂ ਤੋਂ ਬਾਗੀ ਹੋ ਗਏ ਸਨ ਅਤੇ ਇਹ ਉਹ ਨੌਜਵਾਨ ਸਨ ਜਿਨ੍ਹਾਂ ਦੇ ਧੁਰ ਅੰਦਰ ਜੁਝਾਰੂ ਲਹਿਰ ਦੀ ਅਣਦਿਸਦੀ ਤੇ ਅਣਪਛਾਤੀ ਹਮਾਇਤ ਤੇ ਹਮਦਰਦੀ ਦਾ ਹੜ੍ਹ ਆ ਗਿਆ ਸੀ। ਪਰ ਉਸ ਵੱਡੇ ਹੜ੍ਹ ਨੂੰ ਪਛਾਨਣਾ ਸ਼ਾਇਦ ਕੇਜਰੀਵਾਲ ਦੀ ਤਕਦੀਰ ਵਿਚ ਨਹੀਂ ਸੀ। ਪਰ ਪੰਡੋਰੀ ਸਮਾਗਮ ਵੱਲ ਫਿਰ ਵਾਪਸ ਮੁੜਦੇ ਹਾਂ। ਕੀ ਤੁਸਾਂ ਨਹੀਂ ਵੇਖਿਆ ਕਿ ਉਹ ਵਿਅਕਤੀ ਜਿਸਨੂੰ ਵੇਖਣ ਤੇ ਸੁਣਨ ਲਈ ਹਜ਼ਾਰਾਂ ਦੀ ਭੀੜ ਉਮੜ ਪੈਂਦੀ ਸੀ ਅਤੇ ਜਿਸਦੀ ਆਵਾਜ਼ ਰਸੋਈਆਂ ਤੱਕ ਪਹੁੰਚ ਗਈ ਸੀ, ਉਸ ਭੀੜ ਨੇ ਐਤਵਾਰ ਵਾਲੇ ਦਿਨ ਕੇਜਰੀਵਾਲ ਤੋਂ ਦੂਰੀ ਬਣਾਈ ਹੋਈ ਸੀ। ਇਹ ਕੈਸੇ ਹਨ ਪੰਜਾਬ ਦੇ ਲੋਕ ਜੋ ਬੰਦਿਆਂ ਨੂੰ ਫੜਨ ਤੇ ਛੱਡਣ ਵਿਚ ਬਹੁਤੀ ਦੇਰੀ ਨਹੀਂ ਲਾਉਂਦੇ। ਕੱਲ੍ਹ ਐਤਵਾਰ ਵਾਲੇ ਦਿਨ ਹੁਣ ਉਨ੍ਹਾਂ ਲੋਕਾਂ ਨੂੰ ਕੇਜਰੀਵਾਲ ਵਿਚ ਕੋਈ ਦਿਲਚਸਪੀ ਨਹੀਂ ਸੀ। ਕੇਵਲ ਉਹੀ ਲੋਕ ਹੁਣ ਉਥੇ ਆਏ ਸਨ ਜਿਨ੍ਹਾਂ ਨੂੰ ਮੂੰਹ ਰੱਖਣ ਲਈ ਆਉਣਾ ਹੀ ਪੈਣਾ ਸੀ। ਬਿਕਰਮਜੀਤ ਸਿੰਘ ਮਜੀਠੀਆ ਤੋਂ ਮੁਆਫੀ ਮੰਗਣ ਦੀ ਘਟਨਾ ਪਿਛੋਂ ਹੁਣ ਉਸਦੇ ਚਿਹਰੇ 'ਤੇ ਨਾ ਪਹਿਲਾਂ ਵਾਲੀ ਰੌਣਕ ਸੀ ਤੇ ਨਾ ਉਹ ਜਾਹੋ ਜਲਾਲ ਜੋ ਇਕ ਸਮੇਂ ਪੰਜਾਬ ਦੀ ਧਰਤੀ 'ਤੇ ਉਸ ਨੇ ਮਾਣਿਆ ਸੀ। ਪੰਡੋਰੀ ਦੇ ਇਰਦ ਗਿਰਦ ਰਾਜਨੀਤਕ ਪਤਝੜ ਛਾਈ ਹੋਈ ਸੀ। ਸੁਖਪਾਲ ਸਿੰਘ ਖਹਿਰੇ ਨੂੰ ਜਿਵੇਂ ਉਸ ਨੇ ਵਿਰੋਧੀ ਧਿਰ ਦੇ ਨੇਤਾ ਵਜੋਂ ਹਟਾਉਣ ਲਈ ਵਿਧਾਇਕਾਂ ਨੂੰ ਮਜਬੂਰ ਕੀਤਾ ਉਹ ਉਸ ਨੂੰ ਪਹਿਲੀ ਵਾਰ ਇੰਨਾ ਮਹਿੰਗਾ ਸਾਬਿਤ ਹੋਇਆ ਕਿ ਉਸ ਤੋਂ ਪਿੱਛੋਂ ਸਭ ਕੁਝ ਬਦਲ ਗਿਆ ਸੀ। ਉਹ ਹਾਰ ਗਿਆ ਸੀ ਅਤੇ ਆਪਣੀ ਹਾਰ ਨੂੰ ਲੁਕਾਉਣ ਲਈ ਹੀ ਹੁਣ ਹੱਥ ਪੈਰ ਮਾਰ ਰਿਹਾ ਸੀ। ਨਾਇਕਾਂ ਨੂੰ ਚੜ੍ਹਦਿਆਂ ਤਾਂ ਹਰ ਕੋਈ ਵੇਖਦਾ ਹੈ ਪਰ ਡਿੱਗਦੇ ਹੋਏ ਨੂੰ ਵੇਖਣਾ ਤੇ ਵੇਖ ਸਕਣਾ ਕਿਸੇ ਕਿਸੇ ਨੂੰ ਹੀ ਨਸੀਬ ਹੁੰਦਾ ਹੈ। ਕੱਲ੍ਹ ਇਹ ਨਜ਼ਾਰਾ ਹਰ ਕਿਸੇ ਨੇ ਵੇਖਿਆ। ਜਿਹੜੇ ਲੋਕ ਵੀ ਹੁਣ ਕੇਜਰੀਵਾਲ ਦੇ ਟਾਹਣ 'ਤੇ ਬੈਠੇ ਹਨ, Àਨ੍ਹਾਂ ਨੂੰ ਅੰਦਰੋਂ ਇਹ ਪਤਾ ਹੈ ਕਿ ਇਸ ਟਾਹਣ ਵਿਚ ਹੁਣ ਪਹਿਲਾਂ ਵਾਲੀ ਨਾ ਹੀ ਜਾਨ ਹੈ ਅਤੇ ਨਾ ਹੀ ਮਜ਼ਬੂਤੀ। ਇਹ ਕਾਗਜ਼ ਦੀ ਬੇੜੀ ਹੁਣ ਰੁੜ੍ਹਦੀ ਨਜ਼ਰ ਆ ਰਹੀ ਹੈ। ਪ੍ਰੈਸ ਕਾਨਫਰੰਸ ਦੌਰਾਨ ਵੀ ਉਸ ਨੂੰ ਰਣਜੀਤ ਸਿੰਘ ਕਮਿਸ਼ਨ ਬਾਰੇ ਗਹਿਰ ਗੰਭੀਰ ਤੇ ਡੂੰਘੀ ਜਾਣਕਾਰੀ ਨਹੀਂ ਸੀ ਤੇ ਤੱਥਾਂ ਨੂੰ ਪੇਸ਼ ਕਰਨ ਲਈ ਉਸਨੂੰ ਨਾਲ ਦਿਆਂ ਦੇ ਸਹਾਰੇ ਦੀ ਲੋੜ ਸੀ।
ਅਰਵਿੰਦ ਕੇਜਰੀਵਾਲ ਭਾਵੇਂ ਪਾਰਟੀ ਦੇ ਸੰਕਟ ਨੂੰ ਪਰਿਵਾਰ ਦਾ ਝਗੜਾ ਆਖ ਰਹੇ ਸਨ ਪਰ ਸੁਖਪਾਲ ਖਹਿਰਾ ਨੇ ਝਟਪਟ ਇਸ ਵਿਚਾਰ ਦਾ ਖੰਡਣ ਕਰਦਿਆਂ ਉਸ ਨੂੰ 'ਪੰਜਾਬ ਦਾ ਝਗੜਾ' ਕਹਿ ਦਿੱਤਾ। ਇਹ ਪਤਾ ਕਰਨਾ ਔਖਾ ਨਹੀਂ ਸੀ ਕਿ ਦੋਵਾਂ ਦੇ ਵਿਚਾਰਾਂ ਵਿਚ ਜ਼ਮੀਨ ਅਸਮਾਨ ਦਾ ਫਰਕ ਸੀ। ਸੁਨਾਮ ਵਿਚ ਬੰਦ ਕਮਰੇ ਅੰਦਰ ਜਿਹੜੇ ਵਿਧਾਇਕਾਂ ਤੇ ਲੀਡਰਾਂ ਦੀ ਮੀਟਿੰਗ ਚੱਲ ਰਹੀ ਸੀ, ਉਸ ਵਿਚ ਕੇਜਰੀਵਾਲ ਦਾ ਧੜਾ ਹੀ ਸੀ ਅਤੇ 'ਬਾਗੀ ਪਰਿਵਾਰ' ਨੂੰ ਉਸ ਬੰਦ ਕਮਰੇ ਵਿਚ ਆਉਣ ਲਈ ਨਹੀਂ ਸੀ ਆਖਿਆ ਗਿਆ ਅਤੇ ਜੇ ਰਸਮੀ ਤੌਰ 'ਤੇ ਆਖਿਆ ਵੀ ਗਿਆ ਸੀ ਤਾਂ ਉਨ੍ਹਾਂ ਨੇ ਜਾਣਾਂ ਠੀਕ ਨਹੀਂ ਸਮਝਿਆ। ਦੋਵੇਂ ਪਾਸੇ ਸੋਚਦੇ ਕੁਝ ਹੋਰ ਹਨ ਤੇ ਬੋਲਦੇ ਕੁਝ ਹੋਰ ਹਨ। ਜਦੋਂ ਮੈਂ ਆਪਣੇ ਦੋਸਤ ਨੂੰ ਸਵਾਲ ਕੀਤਾ ਕਿ ਕੀ ਕੇਜਰੀਵਾਲ 'ਜਾ ਰਿਹਾ ਹੈ' ਜਾਂ 'ਆ ਰਿਹਾ ਹੈ'? ਉਸ ਦਾ ਜਵਾਬ ਸੁਣਨ ਹੀ ਵਾਲਾ ਸੀ ਕਿ ਖਹਿਰਾ ਧੜੇ ਲਈ ਉਹ 'ਜਾ ਰਿਹਾ ਹੈ' ਜਦਕਿ ਦਿੱਲੀ ਵਾਲੇ ਧੜੇ ਲਈ ਉਹ 'ਆ ਰਿਹਾ ਹੈ' ਜਦਕਿ ਦੋਵੇਂ ਫਿਲਹਾਲ ਕਿਸੇ ਖੂਬਸੂਰਤ ਭਰਮ ਦਾ ਅਨੰਦ ਮਾਣ ਰਹੇ ਹਨ।