ਕੇਜਰੀਵਾਲ ਪੰਜਾਬ ਦੇ ਹਿਤਾ ਦੇ ਵਿਰੁਧ ਕਿਉ ?

ਕਰਮਜੀਤ ਸਿੰਘ
99150-91063
ਐਤਵਾਰ, 12 ਅਗਸਤ 2018 ਦੋਸਤੋ! ਔਹ ਵੇਖ ਲੋ, ਭੱਜ ਗਿਆ ਜੇ! ਦਿੱਲੀ ਨਾਲ ਚਿੰਬੜੇ ਆਪ ਦੇ ਵਿਧਾਇਕੋ! ਤੁਹਾਡਾ ਕੇਜਰੀਵਾਲ ਭੱਜ ਗਿਐ, ਜੇ ਹਿੰਮਤ ਹੈ ਤਾਂ ਉਸਨੂੰ ਛੂ ਕੇ ਵਿਖਾਓ, ਓਹ ਨਹੀਂ ਹੁਣ ਫੜਿਆ ਜਾ ਸਕਦਾ, ਅਸਲ ਵਿਚ ਉਸਨੇ ਤੁਹਾਨੂੰ ਫੜ ਰੱਖਿਐ। ਕੀ ਤੁਹਾਨੂੰ ਅਜੇ ਵੀ ਹੋਸ਼ ਨਹੀਂ ਆਈ ਕਿ ਇਹ ਪੰਜਾਬ ਦਾ ਹੁਣ ਕੁਝ ਨਹੀਂ ਲੱਗਦਾ? ਇਹ ਵੱਖਰਾ ਤੇ ਨਿਵੇਕਲਾ ਵੀ ਨਹੀਂ ਰਿਹਾ ਜਿਵੇਂ ਕਿ ਸੱਤਾ ਵਿਚ ਆਉਣ ਤੋਂ ਪਹਿਲਾਂ ਇਹ ਤੇ ਇਸ ਦੀ ਪਾਰਟੀ ਦਮਗਜੇ ਮਾਰਦੀ ਹੁੰਦੀ ਸੀ। ਜਦੋਂ ਇਹ ਸੱਤਾ ਵਿਚ ਆਇਆ ਤਾਂ ਝੱਟਪੱਟ ਗਿਰਗਿਟ ਵਾਂਗ ਰੰਗ ਬਦਲ ਗਿਆ। ਅਗਲੇ ਕੁਝ ਮਹੀਨਿਆਂ ਵਿਚ ਹਰਿਆਣਾ ਵਿਚ ਅਸੈਂਬਲੀ ਚੋਣਾਂ ਹੋਣ ਵਾਲੀਆਂ ਹਨ। ਇਸ ਲਈ ਉਸ ਨੂੰ ਹੁਣ ਹਰਿਆਣਾ ਦਾ ਹੇਜ ਜਾਗ ਪਿਆ। ਹਰਿਆਣਾ ਦੀ ਹੀ ਧਰਤੀ 'ਤੇ ਉਸਨੇ ਐਲਾਨ ਕੀਤਾ ਕਿ ਪੰਜਾਬ ਦੇ ਦਰਿਆਈ ਪਾਣੀਆਂ ਉਤੇ ਹਰਿਆਣਾ ਦਾ ਵੀ ਹੱਕ ਹੈ। ਹੱਕ ਦੀ ਗੱਲ ਤਾਂ ਇਹੋ ਸੀ ਕਿ ਹਰਿਆਣੇ ਦਾ ਪਾਣੀਆਂ ਦਾ ਕੋਈ ਹੱਕ ਬਣਦਾ ਹੀ ਨਹੀਂ। ਭਾਰਤ ਦੇ ਸੰਵਿਧਾਨ ਮੁਤਾਬਕ ਵੀ ਨਹੀਂ ਅਤੇ ਰਾਇਪੇਰੀਅਨ ਦੇ ਅੰਤਰਰਾਸ਼ਟਰੀ ਕਾਨੂੰਨ ਮੁਤਾਬਕ ਵੀ ਨਹੀਂ ਜੋ ਅੰਤਰਰਾਸ਼ਟਰੀ ਬਰਾਦਰੀ ਨੇ ਮੰਨਿਆ ਹੋਇਆ ਹੈ।
ਦੋਸਤੋ! ਕੇਜਰੀਵਾਲ ਵੱਖਰਾ ਸਾਬਤ ਨਹੀਂ ਹੋ ਸਕਿਆ ਪਰ ਪੰਜਾਬ ਨੇ ਸਾਬਤ ਕੀਤਾ ਕਿ ਅਸੀਂ ਵੱਖਰੇ ਹਾਂ। ਜਦੋਂ ਸਾਰੇ ਭਾਰਤ ਵਿਚ ਉਸਨੂੰ ਲੋਕ ਸਭਾ ਲਈ ਇਕ ਵੀ ਸੀਟ ਹਾਸਲ ਨਾ ਹੋਈ ਤਾਂ ਪੰਜਾਬ ਨੇ ਉਸਨੂੰ ਚਾਰ ਸੀਟਾਂ ਜਿੱਤ ਕੇ ਦਿੱਤੀਆਂ। ਹੁਣ ਉਸ ਦਾ ਫਰਜ਼ ਬਣਦਾ ਸੀ ਕਿ ਉਹ ਵੱਖਰਾ ਹੋ ਕੇ ਵਿਖਾਉਂਦਾ ਤੇ ਪੰਜਾਬ ਦੇ ਹਿੱਤਾਂ 'ਤੇ ਪਹਿਰਾ ਦਿੰਦਾ।
ਦਿੱਲੀ ਨਾਲ ਜੁੜੇ ਦੋਸਤ ਵਿਧਾਇਕੋ! ਕੀ ਤੁਹਾਡੇ ਵਿਚ ਹਿੰਮਤ ਹੈ ਕਿ ਤੁਸੀਂ ਕੇਜਰੀਵਾਲ ਨੂੰ ਇਹ ਗੱਲ ਆਖ ਸਕੋ ਜਾਂ ਇਸ ਗੱਲ ਲਈ ਮਨਾ ਸਕੋ ਕਿ ਉਹ ਪਾਣੀਆਂ ਦੇ ਸਵਾਲ ਦੇ ਉਤੇ ਪੰਜਾਬ ਦੇ ਹੱਕ ਵਿਚ ਖਲੋਏ? ਤੁਸੀਂ ਨਹੀਂ ਆਖ ਸਕੋਗੇ। ਇਹੋ ਤੁਹਾਡੀ ਸਭ ਤੋਂ ਵੱਡੀ ਕਮਜ਼ੋਰੀ ਹੈ।
ਕੱਲ• ਇਕ ਚੈਨਲ ਉਤੇ ਪਾਣੀਆਂ ਦੇ ਸਵਾਲ 'ਤੇ ਬਹਿਸ ਚੱਲ ਰਹੀ ਸੀ ਅਤੇ ਉਥੇ ਆਮ ਆਦਮੀ ਪਾਰਟੀ ਦੇ ਵਿਧਾਇਕ ਸ. ਕੁਲਤਾਰ ਸਿੰਘ ਸੰਧਵਾਂ ਵੀ ਬੈਠੇ ਸਨ। ਇਹ ਵਿਧਾਇਕ ਸਮਾਜਕ ਜੀਵਨ ਵਿਚ ਬੜੇ ਇਮਾਨਦਾਰ ਦੱਸੇ ਜਾਂਦੇ ਹਨ। ਚੈਨਲ 'ਤੇ ਗੱਜਵਜ ਕੇ ਐਲਾਨ ਕਰ ਰਹੇ ਸਨ ਕਿ ਪੰਜਾਬ ਕੋਲ ਪਾਣੀ ਦੀ ਇਕ ਬੂੰਦ ਵੀ ਨਹੀਂ.... ਹਰਿਆਣਾ ਦਾ ਪਾਣੀ ਉਤੇ ਕੋਈ ਹੱਕ ਨਹੀਂ.... ਐਸ ਵਾਈ ਐਲ ਸਾਡੀਆਂ ਲਾਸ਼ਾਂ ਉਤੇ ਹੀ ਬਣ ਸਕਦੀ ਹੈ.... ਤੇ ਇਹੋ ਜਿਹੀਆਂ ਹੋਰ ਕਈ ਗੱਲਾਂ ਉਚੀ ਆਵਾਜ਼ ਵਿਚ ਕਹੀਆਂ। ਪਰ ਦੋਸਤੋ! ਜਦੋਂ ਐਂਕਰ ਵਾਰ ਵਾਰ ਪੁੱਛ ਰਿਹਾ ਸੀ ਕਿ ਸੰਧਵਾਂ ਸਾਹਿਬ, ਕੇਜਰੀਵਾਲ ਬਾਰੇ ਵੀ ਆਪਣੀ ਰਾਇ ਪ੍ਰਗਟ ਕਰੋ ਕਿਉਂਕਿ ਉਹ ਤਾਂ ਦੂਸਰੇ ਪਾਸੇ ਖੜ•ੇ ਹਨ। ਪਰ ਸੰਧਵਾਂ ਸਾਹਿਬ ਅਸਲੀ ਸਵਾਲ ਤੋਂ ਟਾਲਾ ਵੱਟ ਗਏ। ਐਂਕਰ ਨੇ ਫਿਰ ਪੁੱਛਿਆ ਕਿ ਸੰਧਵਾਂ ਸਾਹਿਬ ਕੇਜਰੀਵਾਲ ਤਾਂ ਹੋਰ ਕੁਝ ਆਖ ਰਿਹਾ ਹੈ, ਤੁਸੀਂ ਦੱਸੋ ਕੇਜਰੀਵਾਲ ਦੇ ਨਾਲ ਹੋ ਜਾਂ ਨਹੀਂ? ਪਰ ਸੰਧਵਾਂ ਸਾਹਿਬ ਨੇ ਆਪਣੇ ਉਚੇ ਬੋਲਾਂ ਨਾਲ ਐਂਕਰ ਦੇ ਇਸ ਸਵਾਲ ਨੂੰ ਰੋਲ ਕੇ ਰੱਖ ਦਿੱਤਾ ਅਤੇ ਐਂਕਰ ਨੂੰ ਹਾਰ ਕੇ ਕਿਸੇ ਦੂਜੇ ਮਾਹਰ ਵੱਲ ਰੁੱਖ ਮੋੜਨਾ ਪਿਆ। ਜਿਸ ਕਿਸੇ ਨੇ ਵੀ ਉਹ ਬਹਿਸ ਵੇਖੀ ਅਤੇ ਜੇ ਉਹ ਸਿਆਸਤ ਦੀਆਂ ਚਾਲਾਂ ਨੂੰ ਥੋੜਾ ਬਹੁਤਾ ਵੀ ਸਮਝਦਾ ਹੈ ਤਾਂ ਉਹ ਇਹੋ ਕਹੇਗਾ ਕਿ ਸੱਚ ਦਾ ਬੋਝ ਬਹੁਤ ਭਾਰੀ ਹੁੰਦਾ ਹੈ। ਸੰਧਵਾਂ ਸਾਹਿਬ ਉਹ ਭਾਰ ਚੁੱਕ ਨਹੀਂ ਸਕੇ। ਅਫਰੀਕਾ ਦੇ ਕਾਲੇ ਲੋਕਾਂ ਦਾ ਤਜਰਬਾ ਇਹ ਕਹਿੰਦਾ ਹੈ ਕਿ ਸੱਚ ਅੱਗ ਵਾਂਗ ਹੁੰਦਾ ਹੈ ਜਿਸਨੂੰ ਸੁੱਕੇ ਪੱਤਿਆਂ ਹੇਠ ਲੁਕਾਇਆ ਨਹੀਂ ਜਾ ਸਕਦਾ। ਸੰਧਵਾਂ ਸਾਹਿਬ ਜ਼ਰੂਰ ਇਮਾਨਦਾਰ ਹੋਣਗੇ ਪਰ ਬਹਿਸ ਵਿਚ ਘੱਟੋ ਘੱਟ ਉਹ ਇਸ ਸਿਫਤ ਦੇ ਹਾਣੀ ਨਹੀਂ ਬਣ ਸਕੇ।
ਦੋਸਤੋ! ਦਿੱਲੀ ਨਾਲ ਜੁੜੇ ਵਿਧਾਇਕਾਂ ਦੀਆਂ ਦਲੀਲਾਂ ਵੀ ਸੁਣਨ ਹੀ ਵਾਲੀਆਂ ਹਨ। ਇਕ ਵਿਧਾਇਕ ਬੀਬੀ ਇਕ ਚੈਨਲ ਉਤੇ ਕੇਜਰੀਵਾਲ ਦੇ ਗੁਣ ਗਾਉਂਦੀ ਹੋਈ ਅਤੇ ਵਡਿਆਈਆਂ ਕਰਦੀ ਹੋਈ ਇਹ ਕਹਿ ਰਹੀ ਸੀ ਕਿ ਕੇਜਰੀਵਾਲ ਨੇ ਸਾਨੂੰ ਨਾਂਅ ਦਿੱਤਾ। ਸਾਨੂੰ ਕੋਈ ਪੁੱਛਦਾ ਹੀ ਨਹੀਂ ਸੀ। ਪਹਿਲਾਂ ਤਾਂ ਬੀਬੀ ਦੀ ਇਹ ਦਲੀਲ ਹੀ ਬੁਨਿਆਦੀ ਤੌਰ 'ਤੇ ਜਾਂ ਮੂਲ ਰੂਪ ਵਿਚ ਹੀ ਗਲਤ ਹੈ। ਸਾਨੂੰ ਨਾਂਅ ਸਾਡੇ ਗੁਰੂ ਸਾਹਿਬਾਨ ਨੇ ਦਿੱਤਾ ਜਾਂ ਇੰਜ ਕਹਿ ਲਓ ਕਿ 1699 ਦੀ ਵਿਸਾਖੀ ਨੂੰ ਦਸ਼ਮੇਸ਼ ਪਿਤਾ ਨੇ ਇਹ ਨਾਂਅ ਦਿੱਤਾ। ਪਰ ਜੇ ਇਕ ਪਲ ਲਈ ਇਹ ਮੰਨ ਵੀ ਲਿਆ ਜਾਵੇ ਕਿ ਇਹ ਨਾਂਅ 'ਕੇਜਰੀਵਾਲ ਸਾਹਿਬ' ਨੇ ਦਿੱਤਾ ਤਾਂ ਕੀ ਉਸਨੇ ਤੁਹਾਡੀਆਂ ਜ਼ਮੀਰਾਂ ਨੂੰ ਵੀ ਖਰੀਦ ਲਿਆ ਸੀ? ਕੀ ਇਹ ਬੀਬੀ ਖੁੱਲ• ਕੇ ਇਹ ਕਹਿ ਸਕੇਗੀ ਕਿ ਪਾਣੀਆਂ ਦੇ ਸੁਆਲ 'ਤੇ ਅਸੀਂ ਕੇਜਰੀਵਾਲ ਦੇ ਨਾਲ ਨਹੀਂ ਹਾਂ? ਕੀ ਇਹ ਬੀਬੀ ਹਿੰਮਤ ਕਰਕੇ ਕੇਜਰੀਵਾਲ ਸਾਹਿਬ ਨੂੰ ਕਹੇਗੀ ਕਿ ਕੇਜਰੀਵਾਲ ਸਾਹਿਬ ਜੇ ਤੁਸੀਂ ਪੰਜਾਬ ਦੇ ਨਾਲ ਨਹੀਂ ਤਾਂ ਅਸੀਂ ਵੀ ਇਹ ਕਹਿਣ ਲਈ ਮਜਬੂਰ ਹੋ ਜਾਵਾਂਗੇ ਕਿ ਅਸੀਂ ਵੀ ਤੁਹਾਡੇ ਨਾਲ ਨਹੀਂ?
ਕੇਜਰੀਵਾਲ ਨਾਲ ਜੁੜੇ ਵਿਧਾਇਕ ਵੀਰਾਂ ਨੂੰ ਇਕ ਹੋਰ ਸਵਾਲ ਹੈ ਜੋ ਕੇਜਰੀਵਾਲ ਨਾਲ ਕੀਤਾ ਜਾਣਾ ਬਣਦਾ ਹੈ। ਕੀ ਕੇਜਰੀਵਾਲ ਹਿੱਕ ਤਾਣ ਕੇ ਕਹਿ ਸਕਦੇ ਹਨ ਕਿ ਚੰਡੀਗੜ• ਪੰਜਾਬ ਦਾ ਹੈ, ਇਹ ਪੰਜਾਬ ਨੂੰ ਹੀ ਮਿਲਣਾ ਚਾਹੀਦਾ ਹੈ? ਕੀ ਉਹ ਕਹਿ ਸਕਣਗੇ ਕਿ ਪਿਛਲੇ 50 ਸਾਲਾਂ ਤੋਂ ਪੰਜਾਬ ਆਪਣੀ ਰਾਜਧਾਨੀ ਤੋਂ ਸੱਖਣਾ ਕਿਉਂ ਹੈ? ਨਹੀਂ ਕਹਿ ਸਕਣਗੇ। ਕਦੇ ਵੀ ਨਹੀਂ ਕਹਿਣਗੇ। ਤੇ ਫਿਰ ਕੇਜਰੀਵਾਲ ਸਾਹਿਬ ਸਾਡੇ ਆਪਣੇ ਕਿਵੇਂ ਹੋ ਗਏ? ਜਿਹੜੀਆਂ ਗੱਲਾਂ ਤੇ ਤਰਕ ਪਾਣੀਆਂ ਦੇ ਮੁੱਦੇ ਬਾਰੇ ਰਾਹੁਲ ਕਰਦਾ ਹੈ ਜਾਂ ਨਰਿੰਦਰ ਮੋਦੀ ਕਰਦਾ ਹੈ ਅਤੇ ਉਹ ਗੱਲ ਜੇ ਕੇਜਰੀਵਾਲ ਵੀ ਕਰਦਾ ਹੈ ਤਾਂ ਫਿਰ ਅਸੂਲਾਂ ਤੇ ਕਾਨੂੰਨਾਂ ਦੀ ਲੜਾਈ ਵਿਚ ਪੰਜਾਬ ਨੂੰ ਇਨਸਾਫ ਤਾਂ ਕੋਈ ਵੀ ਨਹੀਂ ਦੇ ਰਿਹਾ। ਤਾਂ ਫਿਰ ਸਵਾਲ ਪੈਦਾ ਹੁੰਦਾ ਹੈ ਕਿ ਦਿੱਲੀ ਨਾਲ ਜੁੜੇ ਵਿਧਾਇਕਾਂ ਕੋਲ ਕੇਜਰੀਵਾਲ ਨਾਲ ਖੜ•ੇ ਹੋਣ ਪਿੱਛੇ ਕਿਹੜੀ ਠੋਸ ਦਲੀਲ ਹੈ? ਕਿਹੜਾ ਨਿੱਗਰ ਤਰਕ ਹੈ? ਜੇ ਸਾਡੇ ਬੁਨਿਆਦੀ ਮੁੱਦਿਆਂ 'ਤੇ ਵੀ ਉਹ ਸਾਡਾ ਸਾਥ ਨਹੀਂ ਦਿੰਦੇ ਤਾਂ ਫਿਰ ਇਹ ਵਿਧਾਇਕ ਵੀਰ ਉਸਦੀ ਝੋਲੀ ਵਿਚ ਕਿਉਂ ਡਿੱਗਦੇ ਜਾ ਰਹੇ ਹਨ? ਹੁਣ ਤਾਂ ਉਹ ਸਾਫ ਸਾਫ ਹਰਿਆਣਾ ਦੇ ਹੱਕ ਵਿਚ ਖਲੋ ਗਏ ਹਨ। ਇਸ ਲਈ ਦਿੱਲੀ ਨਾਲ ਜੁੜੇ ਵਿਧਾਇਕ ਵੀਰੋ! ਕੋਇਲੇ ਵਾਲੀ ਬੋਰੀ ਵਿਚੋਂ ਸਫੈਦ ਆਟਾ ਨਿਕਲਣ ਦੀ ਹੁਣ ਉਮੀਦ ਨਾ ਕਰੋ। ਸਿਆਣੇ ਕਹਿੰਦੇ ਹਨ ਕਿ ਜੁੱਤੀ ਦਾ ਪੈਰਾਂ 'ਚ ਪਾਏ ਤੋਂ ਅਤੇ ਬੰਦੇ ਦਾ ਅਜ਼ਮਾਏ ਤੋਂ ਪਤਾ ਲੱਗਦਾ ਹੈ। ਉਹ ਸਾਨੂੰ ਲੱਗ ਚੁੱਕਾ ਹੈ। ਪਰ ਇਨ•ਾਂ ਵਿਧਾਇਕ ਭਰਾਵਾਂ ਨੂੰ ਕਿਉਂ ਨਹੀਂ ਲੱਗ ਰਿਹਾ?
ਹੁਣ ਗੱਲ ਗੁਰੂ ਗਰੰਥ ਸਾਹਿਬ ਬਾਰੇ ਕਰਦੇ ਹਾਂ ਜੋ ਸਾਡੀ ਜਿੰਦ ਜਾਨ ਹਨ, ਜਿਨ•ਾਂ ਤੋਂ ਬਿਨਾਂ ਅਸੀਂ ਕਿਸੇ ਵੀ ਕੰਮ ਦੇ ਨਹੀਂ। ਸਾਡਾ 'ਪਿਓ' ਪਿਛਲੇ ਦੋ ਸਾਲਾਂ ਤੋਂ ਗਲੀਆਂ ਵਿਚ ਰੋਲਿਆ ਜਾ ਰਿਹਾ ਹੈ ਤੇ ਹੁਣ ਜਦੋਂ ਸਰਬੱਤ ਦੇ ਭਲੇ ਦੇ ਮਹਾਨ ਸਿਧਾਂਤ ਉਤੇ ਖੜ•ੇ ਇਕ ਪਵਿੱਤਰ ਗਰੰਥ ਨੇ ਦੁਨੀਆਂ ਦੀ ਧਾਰਮਿਕ ਤੇ ਰਾਜਨੀਤਕ ਅਗਵਾਈ ਵੀ ਕਰਨੀ ਹੈ। ਪਰ ਜਦੋਂ ਬਰਗਾੜੀ ਵਿਚ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਕਰਨ ਦੇ ਅਸਲ ਦੋਸ਼ੀਆਂ ਨੂੰ ਫੜਨ ਲਈ ਮੋਰਚਾ ਲੱਗਾ ਹੋਇਆ ਹੈ ਤਾਂ ਇਹ ਕੇਜਰੀਵਾਲ ਸਾਹਿਬ ਹਮਦਰਦੀ ਪ੍ਰਗਟ ਕਰਨ ਲਈ ਬਰਗਾੜੀ ਵਿਚ ਆਉਣ ਦੀ ਵਿਹਲ ਕਿਉਂ ਨਹੀਂ ਕੱਢ ਸਕੇ? ਇਹ ਸਵਾਲ ਹਰ ਪੰਜਾਬੀ ਕਰਦਾ ਹੈ ਪਰ ਦਿੱਲੀ ਨਾਲ ਜੁੜੇ ਵਿਧਾਇਕ ਕਿਉਂ ਨਹੀਂ ਕਰ ਰਹੇ?
ਤਿੰਨ ਵਿਧਾਇਕ ਬੀਬੀਆਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਅਪੀਲ। ਇਨ•ਾਂ ਬੀਬੀਆਂ ਨੂੰ ਪੰਜਾਬ ਦੀ ਰਾਜਨੀਤਕ ਮਿੱਟੀ ਨਾਲ ਜੁੜਨਾ ਚਾਹੀਦਾ ਹੈ ਨਾ ਕਿ ਦਿੱਲੀ ਦੀ ਪਰਾਈ ਮਿੱਟੀ ਨਾਲ ਜਾਂ ਉਸ ਮਿੱਟੀ ਨਾਲ ਜੁੜੇ ਬਿਗਾਨੇ ਲੋਕਾਂ ਨਾਲ। ਇਥੇ ਇਹ ਚੇਤੇ ਕਰਾਇਆ ਜਾਂਦਾ ਹੈ ਕਿ ਨੌਵੇਂ ਪਾਤਸ਼ਾਹ ਨੂੰ ਜਦੋਂ ਪੁਜਾਰੀਆਂ ਨੇ ਦਰਬਾਰ ਸਾਹਿਬ ਵਿਚ ਦਾਖਲ ਨਾ ਹੋਣ ਦਿੱਤਾ ਤਾਂ ਗੁਰੂ ਸਾਹਿਬ ਨੂੰ ਅੰਮ੍ਰਿਤਸਰ ਦੇ ਰਹਿਣ ਵਾਲੇ ਮਰਦਾਂ ਉਤੇ ਗਿਲਾ ਹੋਇਆ। ਜੋ ਉਨ•ਾਂ ਨੇ ਟਿੱਪਣੀ ਕੀਤੀ ਉਹ ਅਸੀਂ ਨਹੀਂ ਦੇਣਾ ਚਾਹੁੰਦੇ। ਪਰ ਮਾਝੇ ਦੀਆਂ ਬੀਬੀਆਂ ਜਦੋਂ ਗੁਰੂ ਸਾਹਿਬ ਦੇ ਚਰਨਾਂ ਉਤੇ ਆਣ ਡਿੱਗਿਆਂ ਤਾਂ ਨੌਵੇਂ ਪਾਤਸ਼ਾਹ ਨੇ ਖੁਸ਼ੀ ਤੇ ਮਿਹਰ ਵਿਚ ਆ ਕੇ ਉਨ•ਾਂ ਨੂੰ 'ਮਾਈਆਂ ਰੱਬ ਰਜਾਈਆਂ' ਦਾ ਖਿਤਾਬ ਬਖਸ਼ਿਆ। ਇਨ•ਾਂ ਤਿੰਨਾਂ ਬੀਬੀਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਨ•ਾਂ ਨੂੰ ਰੱਬ ਨੇ 'ਰਜਾਇਆ' ਹੈ ਪਰ ਇਨ•ਾਂ ਬੀਬੀਆਂ ਨੇ ਹੁਣ ਦਿੱਲੀ ਦੇ ਇਕ 'ਭੁੱਖੇ' ਕੋਲੋਂ 'ਰੱਜਣ' ਦੀਆਂ ਉਮੀਦਾਂ ਲਾ ਰੱਖੀਆਂ ਹਨ। ਦੋਸਤੋ! ਇਹ ਹੈਰਾਨੀ ਦੀ ਗੱਲ ਹੈ ਕਿ ਇਕ ਬੀਬੀ ਨੇ ਇਕਨੋਮਿਕਸ ਦੀ ਐਮ.ਏ. ਕੀਤੀ ਹੈ, ਦੂਜੀ ਬੀਬੀ ਨੇ ਅੰਗਰੇਜ਼ੀ ਦੇ ਐਮ.ਏ. ਅਤੇ ਤੀਜੀ ਨੇ ਕਾਨੂੰਨ ਦੀ ਉਚੀ ਪੜ•ਾਈ ਕੀਤੀ ਹੈ। ਪਰ ਇਹ ਕਿੰਨੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਇਨ•ਾਂ ਉਚੀਆਂ ਪੜ•ਾਈਆਂ ਵਿਚੋਂ ਹਾਸਲ ਕੀਤਾ ਉਨ•ਾਂ ਦਾ ਗਿਆਨ ਉਸ ਵਿਅਕਤੀ ਦੇ ਹੱਕ ਵਿਚ ਕਿਉਂ ਭੁਗਤ ਰਿਹਾ ਹੈ ਜਿਸਨੇ ਪੰਜਾਬ ਨੂੰ ਅਲਵਿਦਾ ਕਹਿ ਦਿੱਤੀ ਹੈ? ਜੇ ਇਨ•ਾਂ ਬੀਬੀਆਂ ਨੂੰ ਲੱਗਦਾ ਹੈ ਕਿ ਉਨ•ਾਂ ਦਾ ਖਹਿਰੇ ਨਾਲ ਮੱਤਭੇਦ ਹੈ ਜਾਂ ਉਨ•ਾਂ ਦੀ ਖਹਿਰਾ ਨਾਲ ਨਹੀਂ ਬਣਦੀ ਜਾਂ ਉਹ ਇਹ ਸਮਝਦੀਆਂ ਹਨ ਕਿ ਖਹਿਰਾ ਸਾਹਿਬ ਪੰਜਾਬ ਦੇ ਜਜ਼ਬਿਆਂ ਦੀ ਨੁਮਾਇੰਦਗੀ ਨਹੀਂ ਕਰਦੇ ਤਾਂ ਇਹ ਬੀਬੀਆਂ ਘੱਟੋ ਘੱਟ ਨਿਰਪੱਖ ਹੋ ਜਾਣ ਦੀ ਰਣਨੀਤੀ ਅਪਣਾ ਸਕਦੀਆਂ ਹਨ ਅਤੇ ਇੰਜ ਪੰਜਾਬ ਨਾਲ ਜੁੜੀਆਂ ਰਹਿ ਸਕਦੀਆਂ ਹਨ। ਇਨ•ਾਂ ਬੀਬੀਆਂ ਨੂੰ ਅਪੀਲ ਹੈ ਕਿ ਉਹ ਆਪਣੇ ਆਲ•ਣੇ ਵੱਲ ਪਰਤ ਆਉਣ। ਪੰਜਾਬ ਦੇ ਲੋਕ ਉਨ•ਾਂ ਨੂੰ ਫਿਰ ਆਪਣੀਆਂ ਪਲਕਾਂ 'ਤੇ ਬਿਠਾ ਲੈਣਗੇ। ਅੱਜ ਜਦੋਂ ਤੁਸੀਂ ਆਪਣੇ ਆਪ ਨੂੰ ਉਚੀ ਥਾਂ 'ਤੇ ਬੈਠੇ ਮਹਿਸੂਸ ਕਰਦੇ ਹੋ ਤਾਂ ਹੇਠਾਂ ਵੱਲ ਜ਼ਰੂਰ ਵੇਖੋ। ਤੁਹਾਨੂੰ ਕੋਈ ਵੀ ਆਪਣਾ ਨਜ਼ਰ ਨਹੀਂ ਆਏਗਾ। ਹਾਂ, ਖੁਸ਼ਾਮਦੀਆਂ ਤੇ ਚਾਪਲੂਸਾਂ ਦੀ ਇਕ ਭੀੜ ਜ਼ਰੂਰ ਦਿਸੇਗੀ। ਇਨ•ਾਂ ਬੀਬੀਆਂ ਨੂੰ ਅਪੀਲ ਹੈ ਕਿ 'ਪੁੰਨਿਆਂ ਦਾ ਚਾਨਣ' ਬਣ ਕੇ ਰੌਸ਼ਨੀ ਕਰਨ ਨਾ ਕਿ 'ਮੱਸਿਆ ਦੇ ਹਨੇਰੇ' ਵਿਚ ਆਪਣੀ ਭਟਕਣ ਨੂੰ ਆਪਣੀ ਮੰਜ਼ਿਲ ਬਨਾਉਣ।
ਇਕ ਗੱਲ ਹੋਰ ਬੀਬੀਆਂ ਨੂੰ ਯਾਦ ਕਰਾਉਣੀ ਬਣਦੀ ਹੈ ਕਿ ਇਨ•ਾਂ ਦੇ ਨਜ਼ਦੀਕ ਹੀ ਦਸਵੇਂ ਪਾਤਸ਼ਾਹ ਦਾ ਤਖਤ ਦਮਦਮਾ ਸਾਹਿਬ ਹੈ। ਇਸੇ ਥਾਂ 'ਤੇ ਉਨ•ਾਂ ਨੇ ਕਲਮਾਂ ਦਾ ਛੱਟਾ ਦਿੱਤਾ ਸੀ ਤਾਂ ਜੋ ਪੰਜਾਬ ਦੇ ਲੋਕ ਤਲਵਾਰ ਦੇ ਨਾਲ ਨਾਲ ਕਲਮਾਂ ਦੇ ਧਨੀ ਵੀ ਬਨਣ। ਪਰ ਇਨ•ਾਂ ਬੀਬੀਆਂ ਦੀਆਂ ਕਲਮਾਂ ਦੀ ਜ਼ੁਬਾਨ ਨੂੰ ਜਿੰਦਰੇ ਕਿਉਂ ਲੱਗੇ ਹੋਏ ਹਨ? ਜੇ ਇਹ ਬੀਬੀਆਂ ਦਿਮਾਗ 'ਤੇ ਜ਼ਰਾ ਵੀ ਬੋਝ ਪਾਉਣ ਅਤੇ ਨਿਰਪੱਖ ਹੋ ਕੇ 10 ਸੱਚੇ ਸੁੱਚੇ ਤੇ ਬੇਦਾਗ ਬੰਦਿਆਂ ਕੋਲੋਂ ਮੌਜੂਦਾ ਸਥਿਤੀ 'ਤੇ ਰਾਇ ਲੈਣ ਤਾਂ ਦਸਾਂ ਵਿਚੋਂ ਅੱਵਲ ਤਾਂ ਦਸ ਹੀ, ਨਹੀਂ ਤਾਂ 9 ਬੰਦੇ ਤੁਹਾਡੇ ਖਿਲਾਫ ਹੋ ਚੁੱਕੇ ਹਨ। ਇਨ•ਾਂ ਬੰਦਿਆਂ ਨੂੰ ਗੁੰਮਰਾਹ ਹੋਏ ਨਾ ਸਮਝੋ ਜਿਵੇਂ ਕਿ ਅੱਜਕੱਲ• ਭਗਵੰਤ ਮਾਨ ਇਹੋ ਜਿਹੇ ਇਹੋ ਜਿਹੇ ਸ਼ਬਦਾਂ ਨਾਲ ਮਨਾਉਣ ਦੀ ਕੋਸ਼ਿਸ਼ ਕਰਦਾ ਹੈ।
ਦੋਸਤੋ! ਭਗਵੰਤ ਮਾਨ ਦੀ ਗੱਲ ਤੁਰੀ ਹੈ, ਪਰ ਹੁਣ ਇਹ ਵੀਰ ਵੀ ਦਿਲਾਂ ਦਾ ਮਹਿਰਮ ਨਹੀਂ ਤੇ ਨਾ ਹੀ ਦਿਮਾਗਾਂ ਦਾ। ਉਚੇ ਚੁਬਾਰੇ'ਤੇ ਚੜ• ਕੇ ਜਦੋਂ ਹੇਠਾਂ ਵੱਲ ਨੂੰ ਵੇਖੇਗਾ ਤਾਂ ਉਸਨੂੰ ਪਤਾ ਲੱਗ ਜਾਵੇਗਾ ਕਿ ਉਸ ਦੇ ਆਪਣੇ ਬਹੁਤ-ਬਹੁਤ ਦੂਰ ਚਲੇ ਗਏ ਹਨ। ਇਕ ਸਾਡਾ ਪੱਤਰਕਾਰ ਵੀਰ ਕੁਲਵੰਤ ਸਿੰਘ ਪੰਡੋਰੀ ਵੀ ਹੈ। ਅਸੀਂ ਬੜੇ ਹੈਰਾਨ ਹਾਂ ਕਿ ਉਸਨੂੰ ਕਿਉਂ ਨਹੀਂ ਪਤਾ ਕਿ ਹਵਾਵਾਂ ਦਾ ਰੁੱਖ ਕਿਧਰ ਨੂੰ ਹੈ? ਇਸ ਵੀਰ ਨੂੰ ਉਹ ਆਵਾਜ਼ ਕਿਉਂ ਨਹੀਂ ਸੁਣਦੀ ਜੋ ਪੰਜ ਦਰਿਆਵਾਂ ਦੀ ਧਰਤੀ ਵੱਲੋਂ ਆ ਰਹੀ ਹੈ? ਇਸ ਪੱਤਰਕਾਰ ਨੂੰ ਇਹ ਚਿਤਾਵਨੀ ਕੌਣ ਦੇਵੇਗਾ ਕਿ ਝੜ ਗਏ ਫੁੱਲ ਮੁੜ ਟਾਹਣੀਆਂ 'ਤੇ ਨਹੀਂ ਲੱਗਦੇ। ਇਹ ਸਲਾਹ ਮਨਜੀਤ ਸਿੰਘ ਬਿਲਾਸਪੁਰੀ ਲਈ ਵੀ ਹੈ। ਹਾਲਾਂਕਿ ਮੀਤ ਹੇਅਰ ਤੋਂ ਬਹੁਤੀ ਉਮੀਦ ਹੁਣ ਨਹੀਂ ਰਹੀ। ਕੀ ਸੁਨਾਮ ਦੀ ਧਰਤੀ ਤੋਂ ਸ਼ਹੀਦ ਊਧਮ ਸਿੰਘ ਦੀ ਆਵਾਜ਼ ਹੁਣ ਅਮਨ ਅਰੋੜ ਦੇ ਕੰਨਾਂ ਵਿਚੋਂ ਗੂੰਜਣੀ ਬੰਦ ਹੋ ਗਈ ਹੈ? ਫੂਲਕਾ ਸਾਹਿਬ ਬੜੇ ਵੱਡੇ ਵਕੀਲ ਹਨ ਪਰ ਦੁਨੀਆਂ ਅੰਦਰ ਕਾਨੂੰਨ ਦੇ ਵੱਡੇ ਵੱਡੇ ਮਾਹਰਾਂ ਦੀ ਇਹ ਸਾਂਝੀ ਰਾਇ ਹੈ ਕਿ ਕਾਨੂੰਨ ਦਾ ਇਖਲਾਕ ਦੀਆਂ ਕਦਰਾਂ ਕੀਮਤਾਂ ਨਾਲ ਗੂੜ•ਾ ਪਿਆਰ ਹੁੰਦਾ ਹੈ। ਪਰ ਇਹ ਕਦਰਾਂ ਕੀਮਤਾਂ ਦੀ ਪਾਲਣਾ ਕਰਨ ਲਈ ਉਹ ਖਾਮੋਸ਼ ਕਿਉਂ ਹਨ? ਮੁੱਕਦੀ ਗੱਲ ਇਹ ਹੈ ਕਿ ਕੁੱਕੜ ਬਾਂਗ ਦੇਵੇ ਜਾਂ ਨਾ ਦੇਵੇ ਪਰ ਤੀਜੇ ਬਦਲ ਦੀਆਂ ਉਮੀਦਾਂ ਦੀ ਸਵੇਰ ਛੇਤੀ ਹੀ ਚੜ•ਨ ਵਾਲੀ ਹੈ।arvind-kejriwal-1-1-620x400

Or