ਧਿਆਨ ਸਿੰਘ ਮੰਡ ਬਣ ਚੁੱਕੇ ਹਨ ਬਰਗਾੜੀ ਮੋਰਚੇ ਦਾ ਕੇਂਦਰ ਬਿੰਦੂ

ਧਿਆਨ ਸਿੰਘ ਮੰਡ ਬਣ ਚੁੱਕੇ ਹਨ ਬਰਗਾੜੀ ਮੋਰਚੇ ਦਾ ਕੇਂਦਰ ਬਿੰਦੂ
14 ਅਕਤੂਬਰ ਨੂੰ ਬਰਗਾੜੀ ਵਿਚ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਹੁੰਮ ਹੁਮਾ ਕੇ ਪੁੱਜਣ ਦੀ ਲੋੜ
ਸਮੁੱਚਾ ਸੰਘਰਸ਼ ਬਰਗਾੜੀ ਮੋਰਚੇ ਦੀਆਂ ਤਿੰਨ ਮੰਗਾਂ ਉਤੇ ਹੀ ਕੇਂਦਰਿਤ ਹੋਵੇ
ਕਰਮਜੀਤ ਸਿੰਘ, ਚੰਡੀਗੜ•
99150-91063
ਇਹ ਲੇਖ ਉਨ•ਾਂ ਸਾਰੇ ਵੀਰਾਂ ਭੈਣਾਂ ਲਈ ਹੈ ਜੋ 4 ਮਹੀਨਿਆਂ ਤੋਂ ਵੀ ਉਪਰ ਬਰਗਾੜੀ ਮੋਰਚੇ ਵਿਚ ਹਾਜ਼ਰੀ ਭਰਦੇ ਆ ਰਹੇ ਹਨ। ਪਰ ਇਹ ਲੇਖ ਉਨ•ਾਂ ਵੀਰਾਂ ਲਈ ਖਾਸ ਕਰ ਕੇ ਹੈ ਜੋ ਹੋਰਨਾਂ ਨਾਲੋਂ ਵਧੇਰੇ ਜਾਗਦੇ ਹਨ, ਵਧੇਰੇ ਸੁਚੇਤ ਤੇ ਸਾਵਧਾਨ ਹਨ, ਜੋ ਪੰਜਾਬ ਦੀ ਸਿਆਸਤ ਦੇ ਉਤਰਾਵਾਂ ਚੜ•ਾਵਾਂ ਨੂੰ ਵੀ ਬੜੀ ਬਰੀਕੀ ਨਾਲ ਸਮਝਦੇ ਹਨ ਅਤੇ ਸੱਚੇ ਦਿਲੋਂ ਇਹ ਤਮੰਨਾ ਵੀ ਰੱਖਦੇ ਹਨ ਕਿ ਬਰਗਾੜੀ ਮੋਰਚਾ ਆਪਣੀ ਕਾਮਯਾਬੀ ਦੀ ਮੰਜ਼ਿਲ ਤੱਕ ਪਹੁੰਚੇ।
ਹੁਣ ਇਸ ਗੱਲ ਵਿਚ ਰਤਾ ਵੀ ਸ਼ੱਕ ਨਹੀਂ ਰਹਿ ਗਿਆ ਕਿ ਬਰਗਾੜੀ ਮੋਰਚੇ ਨੇ ਇਕ ਨਵੇਂ ਇਤਿਹਾਸ ਦੀ ਸਿਰਜਣਾ ਕਰ ਦਿਤੀ ਹੈ। 7 ਅਕਤੂਬਰ ਦੀ ਰੈਲੀ ਨੇ ਇਹ ਸਿਧ ਕਰ ਦਿੱਤਾ ਹੈ ਕਿ ਬਰਗਾੜੀ ਮੋਰਚੇ ਦੀ ਸਫਲਤਾ ਲਈ ਜੋ 'ਹਮਦਰਦੀ ਦੀ ਲਹਿਰ' 4 ਮਹੀਨਿਆਂ ਵਿਚ ਪੈਦਾ ਹੋਈ, ਉਹ ਹੁਣ 'ਪਿਆਰ ਦੀ ਲਹਿਰ' ਵਿਚ ਬਦਲ ਗਈ ਹੈ। ਪਿਆਰ ਅੰਨਾ ਹੁੰਦਾ ਹੈ ਪਰ ਇਹ ਬੜੀ ਦੂਰ ਤੱਕ ਵੇਖ ਸਕਦਾ ਹੈ। ਇਸੇ ਪਿਆਰ ਦੀ ਤਾਕਤ ਨਾਲ ਪਹਾੜ ਦੀਆਂ ਢਲਾਨਾਂ ਵੀ ਮੈਦਾਨ ਬਣ ਜਾਂਦੀਆਂ ਹਨ। ਯਕੀਨਨ ਇਹ ਕਾਮਯਾਬੀ ਦੀ ਮੰਜ਼ਿਲ ਵੱਲ ਅਗਲੀ ਤੇ ਮਹਾਨ ਪੌੜੀ ਹੈ। 7 ਅਕਤੂਬਰ ਦੀ ਰੈਲੀ ਨੇ ਦੋਸਤਾਂ ਤੇ ਦੁਸ਼ਮਣਾਂ ਦੋਵਾਂ ਨੂੰ ਹੀ ਹੈਰਾਨ ਕਰ ਕੇ ਰੱਖ ਦਿੱਤਾ ਹੈ। ਖੁਫੀਆ ਏਜੰਸੀਆਂ ਨੂੰ ਇਹ ਤਾਂ ਪਤਾ ਸੀ ਕਿ ਬਰਗਾੜੀ ਵਿਚ ਵੱਡਾ ਇਕੱਠ ਹੋਵੇਗਾ, ਪਰ ਇਹ ਕਿਸੇ ਨੂੰ ਵੀ ਨਹੀਂ ਸੀ ਪਤਾ ਕਿ ਉਥੇ ਜਨਤਾ ਦਾ ਸਮੁੰਦਰ ਇਕੱਠਾ ਹੋ ਜਾਏਗਾ। ਲੰਬੀ ਤੇ ਪਟਿਆਲਾ ਦੀਆਂ ਰੈਲੀਆਂ ਜਿਨ•ਾਂ ਵਿਚ ਬੰਦਿਆਂ ਨੂੰ ਢੋਅ ਕੇ, ਖਿੱਚ ਕੇ, ਧੂਹ ਕੇ ਅਤੇ ਮਿੰਨਤਾਂ ਤਰਲਿਆਂ ਨਾਲ ਅਤੇ ਲਾਲਚ ਦੇ ਕੇ ਲਿਆਂਦਾ ਗਿਆ ਸੀ, ਉਨ•ਾਂ ਰੈਲੀਆਂ ਦੇ ਪ੍ਰਬੰਧਕਾਂ ਤੇ ਲੀਡਰਾਂ ਨੂੰ ਵੀ ਨਹੀਂ ਸੀ ਪਤਾ ਕਿ ਉਸੇ ਦਿਨ ਬਰਗਾੜੀ ਵਿਚ ਵੀ ਇਕ ਵੱਡਾ ਚਮਤਕਾਰ ਵਾਪਰ ਜਾਏਗਾ ਜਿਹੜਾ ਪੰਜਾਬ ਦੇ ਇਤਿਹਾਸ ਨੂੰ ਵੀ ਇਕ ਨਵਾਂ ਮੋੜ ਦੇ ਜਾਏਗਾ।
ਇਕ ਗੱਲ ਸਾਰਿਆਂ ਨੂੰ ਹੀ ਧਿਆਨ ਵਿਚ ਰੱਖ ਲੈਣੀ ਚਾਹੀਦੀ ਹੈ ਬਰਗਾੜੀ ਮੋਰਚਾ ਸੱਚੇ ਪਾਤਸ਼ਾਹ ਦੀ ਕੋਈ ਖੇਡ ਹੈ ਜੋ ਗੁਰੂ ਗਰੰਥ ਸਾਹਿਬ ਨੇ ਵਰਤਾਈ ਹੈ। ਇਸਨੂੰ ਕਿਸੇ ਤਰਕ ਜਾਂ ਦਲੀਲ ਨਾਲ ਸਮਝਿਆ ਨਹੀਂ ਜਾ ਸਕਦਾ ਕਿਉਂਕਿ ਪਿਆਰ ਤੇ ਇਸ਼ਕ ਸਭ ਤਰਕਾਂ ਤੇ ਦਲੀਲਾਂ ਤੋਂ ਉਪਰ ਹੁੰਦੇ ਹਨ। ਇਹ ਇਹ ਗੱਲ ਦੱਸਣੀ ਵੀ ਜ਼ਰੂਰੀ ਹੈ ਕਿ ਇਤਿਹਾਸਕ ਪਿੰਡ ਚੱਬੇ ਵਿਚ ਹੋਇਆ ਸਰਬੱਤ ਖਾਲਸਾ ਵੀ ਗੁਰੂ ਮਹਾਰਾਜ ਦਾ ਹੀ ਕੋਈ ਕੌਤਿਕ ਸੀ, ਪਰ ਇਹ ਕੌੜਾ ਸੱਚ ਵੀ ਜਾਣ ਲੈਣਾ ਚਾਹੀਦਾ ਹੈ ਕਿ ਖਾਲਸਾ ਪੰਥ ਉਸ ਪਵਿੱਤਰ ਮੌਕੇ ਦਾ ਫਾਇਦਾ ਨਹੀਂ ਉਠਾ ਸਕਿਆ। ਸਾਨੂੰ ਇਹ ਹਕੀਕਤ ਵੀ ਸਵੀਕਾਰ ਕਰ ਲੈਣੀ ਚਾਹੀਦੀ ਹੈ ਕਿ ਪਿਛਲੇ ਲੰਮੇ ਅਰਸੇ ਤੋਂ ਸਾਨੂੰ ਗੁਰੂ ਮਹਾਰਾਜ ਨੇ ਪੰਜਾਬ ਦੀ ਤਕਦੀਰ ਨੂੰ ਬਦਲਣ ਲਈ ਕਈ ਵਾਰ ਸੁਨਹਿਰੀ ਮੌਕੇ ਦਿੱਤੇ, ਪਰ ਅਸੀਂ ਹਰ ਵਾਰ ਜਿੱਤ ਕੇ ਹਾਰਦੇ ਰਹੇ ਹਾਂ। ਹੁਣ ਇਤਿਹਾਸ ਦੀਆਂ ਅਗੰਮੀ ਤਾਕਤਾਂ ਨੇ ਇਕ ਮੌਕਾ ਫਿਰ ਦਿੱਤਾ ਹੈ ਜਿਸ ਨੂੰ ਅਸੀਂ ਹਰ ਹਾਲ ਦੇ ਵਿਚ ਜਿੱਤਣਾ ਹੈ। ਇਸ ਲਈ ਜੇ ਜਿੱਤਣਾ ਹੈ ਤਾਂ ਸਾਡੇ ਉਤੇ ਬਹੁਤ ਜ਼ਿੰਮਵਾਰੀਆਂ ਹਨ ਤੇ ਫਰਜ਼ ਵੀ ਹਨ, ਕੰਡੇ ਵੀ ਖਿਲਰੇ ਹੋਏ ਹਨ ਪਰ ਇਨ•ਾਂ ਕੰਡਿਆਂ ਵਿਚੋਂ ਰਾਹ ਵੀ ਅਸਾਂ ਨੇ ਹੀ ਬਣਾਉਣੇ ਹਨ।
ਬਰਗਾੜੀ ਮੋਰਚੇ ਦੀ ਸਭ ਤੋਂ ਸੁਚੱਜੀ, ਸਿਆਣਪ, ਸੂਝ ਬੂਝ ਵਾਲੀ ਅਤੇ ਦੂਰ ਅੰਦੇਸ਼ ਰਣਨੀਤੀ ਤੋਂ ਪੰਜਾਬ ਦੇ ਰਾਜਨੀਤਕ ਹਲਕੇ ਵੀ ਹੈਰਾਨ ਹਨ। ਉਹ ਰਣਨੀਤੀ ਕੀ ਹੈ? ਉਹ ਰਣਨੀਤੀ ਇਹ ਹੈ ਕਿ ਬਰਗਾੜੀ ਮੋਰਚੇ ਦੇ ਅਹਿਮ ਕੇਂਦਰ ਵਿਚ ਜੋ ਸ਼ਖਸੀਅਤ ਖੜ•ੀ ਹੈ, ਉਹ ਭਾਈ ਧਿਆਨ ਸਿੰਘ ਮੰਡ ਹਨ। ਇਥੇ ਇਹ ਵੀ ਚੇਤੇ ਕਰਾਇਆ ਜਾਂਦਾ ਹੈ ਕਿ ਭਾਈ ਧਿਆਨ ਸਿੰਘ ਮੰਡ ਸਰਬੱਤ ਖਾਲਸੇ ਵੱਲੋਂ ਥਾਪੇ ਗਏ ਕਾਰਜਕਾਰੀ ਜਥੇਦਾਰ ਵੀ ਹਨ। ਇਸ ਸਮੇਂ ਪੰਜਾਬ ਦੀ ਰਾਜਨੀਤਕ ਤੇ ਧਾਰਮਿਕ ਹਾਲਤ ਦਾ ਜੇ ਸਹੀ ਸਹੀ ਵਿਸ਼ਲੇਸ਼ਣ ਕਰਨਾ ਹੋਵੇ ਤਾਂ ਅਸੀਂ ਕਹਿ ਸਕਦੇ ਹਾਂ ਕਿ ਭਾਈ ਧਿਆਨ ਸਿੰਘ ਮੰਡ ਕੋਲ ਮੋਰਚੇ ਬਾਰੇ ਕੋਈ ਵੀ ਫੈਸਲਾ ਕਰਨ ਦਾ ਜੇਕਰ ਕੋਈ ਮੌਕਾ ਆ ਜਾਵੇ ਤਾਂ ਫੈਸਲੇ ਦੇ ਅੰਤਿਮ ਅਧਿਕਾਰ ਉਨ•ਾਂ ਕੋਲ ਹੀ ਹਨ। ਦੂਜੇ ਸ਼ਬਦਾਂ ਵਿਚ ਜੇਕਰ ਮੋਰਚੇ ਨਾਲ ਜੁੜੀਆਂ ਸਹਿਯੋਗੀ ਪਾਰਟੀਆਂ ਤੇ ਜਥੇਬੰਦੀਆਂ ਵਿਚ ਕਿਸੇ ਮੁੱਦੇ 'ਤੇ ਨਿੱਕੇ ਮੋਟੇ ਮਤਭੇਦ ਹੋ ਵੀ ਜਾਂਦੇ ਹਨ, ਜਾਂ ਉਹ ਕਿਸੇ ਫੈਸਲੇ 'ਤੇ ਨਹੀਂ ਪਹੁੰਚਦੇ ਤਾਂ ਅੰਤਿਮ ਅਧਿਕਾਰ ਭਾਈ ਧਿਆਨ ਸਿੰਘ ਮੰਡ ਕੋਲ ਹੋਣਗੇ ਅਤੇ ਉਨ•ਾਂ ਦਾ ਫੈਸਲਾ ਸਾਰਿਆਂ ਨੂੰ ਮੰਨਣਾ ਵੀ ਪਵੇਗਾ। ਰਣਨੀਤਕ ਪਹਿਲੂ ਤੋਂ ਬਰਗਾੜੀ ਮੋਰਚੇ ਦੀ ਅਸਲ ਵਿਚ ਸਭ ਤੋਂ ਵੱਡੀ ਪ੍ਰਾਪਤੀ ਵੀ ਇਹੋ ਹੈ ਅਤੇ ਇਹੋ ਜਿਹੀ ਪ੍ਰਾਪਤੀ ਹੈ ਜਿਸ ਦਾ ਸਿੱਟਾ ਇਹ ਹੈ ਕਿ ਪੰਜਾਬ ਸਰਕਾਰ ਨੂੰ ਵੀ ਮੋਰਚੇ ਦੀਆਂ ਮੰਗਾਂ ਬਾਰੇ ਸਿਖਰ ਦੀ ਸੰਜੀਦਗੀ, ਸਿਆਣਪ, ਇਮਾਨਦਾਰੀ ਅਤੇ ਉਚੀ ਪੱਧਰ ਦੀ ਸੂਝਬੂਝ ਤੋਂ ਕੰਮ ਲੈਣਾ ਪੈ ਰਿਹਾ ਹੈ। ਮੋਰਚਾ ਜਿਸ ਪੜ•ਾਅ 'ਤੇ ਪਹੁੰਚ ਗਿਆ ਹੈ, ਜਿਸ ਤਰ•ਾਂ ਮੋਰਚੇ ਦੇ ਲੀਡਰਾਂ ਨੇ ਇਸਨੂੰ ਹਰ ਹਾਲਤ ਵਿਚ ਪੁਰਅਮਨ ਅਤੇ ਅਨੁਸ਼ਾਸਨ ਵਿਚ ਰੱਖਿਆ ਹੋਇਆ ਹੈ ਅਤੇ ਜਿਵੇਂ ਧਿਆਨ ਸਿੰਘ ਮੰਡ ਪੂਰੀ ਦ੍ਰਿੜਤਾ ਤੇ ਸਿਦਕਦਿਲੀ ਨਾਲ ਤਿੰਨ ਮੰਗਾਂ ਉਤੇ ਖੜ•ੇ ਰਹਿਣ ਦਾ ਪਹਿਰਾ ਦੇ ਰਹੇ ਹਨ ਅਤੇ ਜਿਵੇਂ ਹੁਣ ਤੱਕ 5 ਲੱਖ ਤੋਂ ਉਪਰ ਜਾਗਦੇ ਲੋਕ ਬਰਗਾੜੀ ਮੋਰਚੇ ਵਿਚ ਹਾਜ਼ਰੀ ਲਵਾ ਚੁੱਕੇ ਹਨ, ਉਸ ਨਾਲ ਸਰਕਾਰ ਨੂੰ ਵੀ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਤੋਂ ਭੱਜਣਾ ਹੁਣ ਮੁਸ਼ਕਲ ਹੋ ਰਿਹਾ ਹੈ। ਲੋਕਾਂ ਨਾਲ ਕੀਤੇ ਇਕਰਾਰ ਤੇ ਵਾਅਦੇ ਬੱਦਲਾਂ ਵਾਂਗ ਹੁੰਦੇ ਹਨ ਪਰ ਵਰਖਾ ਨਾਲ ਨਿਭਾਉਣੇ ਪੈਂਦੇ ਹਨ।
ਇਕ ਹੋਰ ਦਿਲਚਸਪ ਹਕੀਕਤ ਦੀ ਵੀ ਹੁਣ ਫੋਲਾ ਫਰੋਲੀ ਕਰਨੀ ਜ਼ਰੂਰੀ ਹੋ ਗਈ ਹੈ। ਇਸ ਨਾਲ ਸਬੰਧਤ ਧਿਰਾਂ ਨੂੰ, ਹਮਦਰਦ ਧਿਰਾਂ ਨੂੰ ਅਤੇ ਉਨ•ਾਂ ਧਿਰਾਂ ਨਾਲ ਜੁੜੇ ਤਮਾਮ ਵੀਰਾਂ ਨੂੰ ਬਹੁਤ ਗੰਭੀਰ ਹੋ ਕੇ ਅਤੇ ਸਿਰ ਜੋੜ ਕੇ ਮੋਰਚੇ ਨੂੰ ਸਫਲ ਬਣਾਉਣ ਲਈ ਵੀ ਯਤਨ ਕਰਨੇ ਚਾਹੀਦੇ ਹਨ। ਇਸ ਸੱਚਾਈ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਬਰਗਾੜੀ ਮੋਰਚੇ ਨੇ ਸੁੱਚੇ ਜਜ਼ਬਿਆਂ ਦਾ ਇਕ ਤੂਫਾਨ ਖੜ•ਾ ਕਰ ਦਿੱਤਾ ਹੈ। ਪਰ ਇਸ ਕੌੜੀ ਸੱਚਾਈ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਇਨ•ਾਂ ਤੂਫਾਨੀ ਜਜ਼ਬਿਆਂ ਵਿਚੋਂ ਵੱਖ ਵੱਖ ਪਾਰਟੀਆਂ, ਜਥੇਬੰਦੀਆਂ ਅਤੇ ਵਿਅਕਤੀਆਂ ਨੂੰ ਇਉਂ ਜਾਪਣ ਲੱਗ ਪਿਆ ਹੈ ਕਿ ਬਰਗਾੜੀ ਮੋਰਚੇ ਦੇ ਮੋਢਿਆਂ 'ਤੇ ਚੜ• ਕੇ ਹੁਣ ਉਨ•ਾਂ ਲਈ ਆਪਣੀ ਰਾਜਨੀਤੀ ਤੇ ਰਣਨੀਤੀ ਨੂੰ ਚਮਕਾਉਣ ਤੇ ਅੱਗੇ ਵਧਾਉਣ ਦਾ ਸੁਨਹਿਰੀ ਮੌਕਾ ਆ ਗਿਆ ਹੈ। ਮਿਸਾਲ ਦੇ ਤੌਰ 'ਤੇ ਸੁਖਪਾਲ ਖਹਿਰੇ ਦੇ ਧੜੇ ਨੂੰ ਬਰਗਾੜੀ ਮੋਰਚੇ ਦੀ ਮਿਲੀ ਕਾਮਯਾਬੀ ਤੋਂ ਇਹ ਲੱਗਣ ਲੱਗ ਪਿਆ ਹੈ ਕਿ ਪੰਜਾਬ ਵਿਚ ਸਿੱਖਾਂ ਦੀ ਇਕ ਨਵੀਂ ਪਾਰਟੀ ਖੜ•ੀ ਹੋਣ ਦੇ ਆਸਾਰ ਰੌਸ਼ਨ ਹੋ ਗਏ ਹਨ। ਲੋਕ ਇਨਸਾਫ ਪਾਰਟੀ ਨੂੰ ਵੀ ਲੱਗਦਾ ਹੈ ਕਿ ਉਹ ਹੁਣ ਆਪਣੇ ਰਾਜਨੀਤਕ ਘੇਰੇ ਨੂੰ ਵੱਡਾ ਕਰਕੇ ਪੰਜਾਬ ਦੇ ਵੱਡੇ ਹਿੱਸੇ ਨੂੰ ਆਪਣੀ ਰਾਜਨੀਤਕ ਬੁੱਕਲ ਵਿਚ ਲੈ ਸਕਦੇ ਹਨ। ਉਧਰ ਪੰਥਕ ਅਸੈਂਬਲੀ ਦੇ ਵੀਰਾਂ ਨੂੰ ਵੀ ਇਹ ਯਕੀਨ ਹੋ ਗਿਆ ਲੱਗਦਾ ਹੈ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿਚ ਸ਼ਤ ਪ੍ਰਤੀਸ਼ਤ ਕਾਮਯਾਬੀ ਲਈ ਮੈਦਾਨ ਖਾਲੀ ਹੋ ਗਿਆ ਹੈ ਅਤੇ ਜਿੱਤ ਵੱਟ 'ਤੇ ਪਈ ਹੈ। ਇਹ ਵਿਚਾਰ ਵੀ ਫੈਲਾਏ ਜਾ ਰਹੇ ਹਨ ਕਿ ਸ਼੍ਰੋਮਣੀ ਕਮੇਟੀ ਦੀ ਜਿੱਤ ਤੋਂ ਪਿੱਛੋਂ ਮੁੱਖ ਮੰਤਰੀ ਦੀ ਕੁਰਸੀ ਵੱਲ ਜਾਂਦੇ ਰਾਹ ਆਪਣੇ ਆਪ ਹੀ ਪੱਧਰੇ ਹੋ ਜਾਣਗੇ।
ਬਰਗਾੜੀ ਮੋਰਚੇ ਨੇ ਜਿੱਥੇ ਜਜ਼ਬਿਆਂ ਦੀ ਹਨੇਰੀ ਵਗਾ ਦਿੱਤੀ ਹੈ, ਉਸ ਨਾਲ ਚਿਰਾਂ ਤੋਂ ਬੈਠੇ ਨਿਰਾਸ਼ ਪੰਥ ਪ੍ਰਸਤ ਵੀਰ ਵੀ ਸਰਗਰਮ ਹੋ ਗਏ ਹਨ। ਸੁੱਤੇ ਪਏ ਬੁੱਧੀਜੀਵੀ ਜਾਗ ਰਹੇ ਹਨ। ਇਹ ਰੁਝਾਨ ਇਕ ਚੰਗਾ ਸ਼ਗਨ ਹੈ ਪਰ ਇਨ•ਾਂ ਵੀਰਾਂ ਕੋਲ ਸਬਰ ਦੀ ਘਾਟ ਹੈ। ਆਪ ਦੇ ਬਾਗੀ ਸੁਖਪਾਲ ਖਹਿਰਾ ਨੂੰ ਅਤੇ ਪੰਥਕ ਅਸੈਂਬਲੀ ਨੂੰ ਆਪਣੇ ਧਾਰਮਿਕ ਤੇ ਰਾਜਨੀਤਕ ਪਰਛਾਵੇਂ ਬਹੁਤ ਵੱਡੇ ਲੱਗਣ ਲੱਗ ਪਏ ਹਨ। ਸਪੱਸ਼ਟ ਹੈ ਕਿ ਇਨ•ਾਂ ਕੋਲ ਸਹਿਜ ਤੇ ਧੀਰਜ ਦੀ ਕਮੀ ਹੈ। ਉਹ ਲੋੜ ਤੋਂ ਵੱਧ ਕਾਹਲੀ ਦਾ ਸ਼ਿਕਾਰ ਬਣ ਰਹੇ ਹਨ। ਉਹ ਫਲ ਨੂੰ ਆਪਣੇ ਆਪ ਹੀ ਨਹੀਂ ਪੱਕਣ ਦੇਣਾ ਚਾਹੁੰਦੇ ਸਗੋਂ ਸੋਟੀ ਨਾਲ ਕੁੱਟ ਕੇ ਪਕਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਨ•ਾਂ ਵੀਰਾਂ ਕੋਲ ਕਲਪਨਾ ਦੇ ਸ਼ਕਤੀਸ਼ਾਲੀ ਖੰਭ ਤਾਂ ਹਨ ਪਰ ਪੈਰ ਅਜੇ ਕਮਜ਼ੋਰ ਹਨ। ਉਨ•ਾਂ ਨੂੰ ਇਹ ਪਤਾ ਹੀ ਨਹੀਂ ਲੱਗ ਰਿਹਾ ਕਿ ਬਾਂਸ ਦੀ ਪੋਰੀ ਵਿਚੋਂ ਸਾਰਾ ਅਸਮਾਨ ਨਹੀਂ ਵੇਖਿਆ ਜਾ ਸਕਦਾ।
ਬਿਨਾਂ ਸ਼ੱਕ ਉਪਰੋਕਤ ਸਾਰੇ ਵੀਰ ਸੰਜੀਦਾ ਹਨ, ਇਮਾਨਦਾਰ ਹਨ ਅਤੇ ਰਾਜਨੀਤਕ ਚਤੁਰਾਈਆਂ ਦੇ ਵੀ ਮਾਲਕ ਹਨ ਪਰ ਜੇਕਰ ਉਹ ਸੱਚਮੁੱਚ ਹੀ ਇਮਾਨਦਾਰ ਹਨ ਤਾਂ ਬਰਗਾੜੀ ਮੋਰਚੇ ਨੂੰ ਕਾਮਯਾਬ ਬਣਾਉਣ ਲਈ ਉਨ•ਾਂ ਨੂੰ ਚਾਹੀਦਾ ਹੈ ਕਿ ਉਹ ਪਿੰਡਾਂ, ਕਸਬਿਆਂ, ਸ਼ਹਿਰਾਂ ਵਿਚ ਫੈਲ ਜਾਣ, ਪੰਜਾਬੀਆਂ ਨੂੰ ਵੱਧ ਤੋਂ ਵੱਧ ਬਰਗਾੜੀ ਮੋਰਚੇ ਉਤੇ ਹੀ ਕੇਂਦਰਿਤ ਕਰਨ ਅਤੇ ਆਪਣੇ ਆਪਣੇ ਰਾਜਨੀਤਕ ਅਤੇ ਧਾਰਮਿਕ ਏਜੰਡੇ ਹਾਲ ਦੀ ਘੜੀ ਆਪਣੀ ਜੇਬ ਵਿਚ ਹੀ ਰੱਖਣ। ਇਹ ਸਮਾਂ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੇ ਸਿੱਧੇ, ਅਸਿੱਧੇ ਤੇ ਲੁਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਾਉਣ ਦਾ ਹੈ, ਸਜ਼ਾਵਾਂ ਦੇਣ ਦਾ ਹੈ, ਜੇਲ•ਾਂ ਵਿਚ ਰੁਲ ਰਹੇ ਸਾਡੇ ਵੀਰਾਂ ਦੀਆਂ ਰਿਹਾਈਆਂ ਦਾ ਹੈ। ਇਸ ਵਿਚ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਉਪਰੋਕਤ ਸਾਰੇ ਵੀਰ ਗੱਲ ਤਾਂ ਬਰਗਾੜੀ ਮੋਰਚੇ ਦੀ ਹੀ ਕਰਦੇ ਹਨ, ਆਪਣੀ ਰਣਨੀਤੀ ਨੂੰ ਪੂਰਕ ਮੰਨਦੇ ਹਨ ਪਰ ਬਰਗਾੜੀ ਮੋਰਚੇ ਦੀ ਫਤਿਹ ਲਈ ਆਪਣੇ ਸਾਰੇ ਪ੍ਰੋਗਰਾਮ, ਤਾਕਤ ਤੇ ਊਰਜਾ ਨੂੰ ਕੇਵਲ ਤੇ ਕੇਵਲ ਬਰਗਾੜੀ ਮੋਰਚੇ ਦੇ ਇਰਦ ਗਿਰਦ ਰੱਖਣ ਲਈ ਉਹੋ ਜਿਹੇ ਉਪਰਾਲੇ ਨਹੀਂ ਕਰ ਰਹੇ ਜਿਨ•ਾਂ ਉਤੇ ਮਾਣ ਕੀਤਾ ਜਾ ਸਕੇ। ਉਨ•ਾਂ ਸਭਨਾਂ ਨੂੰ ਜੇ ਕੋਈ ਤਾਕਤ ਤੇ ਇਜ਼ੱਤ ਮਿਲੀ ਹੈ ਤਾਂ ਇਹ ਬਰਗਾੜੀ ਮੋਰਚੇ ਨੇ ਹੀ ਦਿੱਤੀ ਹੈ। ਇਸ ਲਈ ਬਰਗਾੜੀ ਮੋਰਚੇ ਦੀ ਸਫਲਤਾ ਨਾਲ ਉਨ•ਾਂ ਦਾ ਘੇਰਾ ਹੋਰ ਮਜ਼ਬੂਤ ਹੋਏਗਾ, ਹੋਰ ਫੈਲੇਗਾ, ਹੋਰ ਪ੍ਰਭਾਵਸ਼ਾਲੀ ਤੇ ਬਹੁਪਰਤੀ ਹੋਵੇਗਾ। ਉਹ ਹੋਰ ਹਰਮਨਪਿਆਰੇ ਬਣ ਸਕਣਗੇ।
ਇਸ ਸਬੰਧ ਵਿਚ 7 ਅਕਤੂਬਰ ਦੀ ਰੈਲੀ ਵਿਚ ਭਾਈ ਧਿਆਨ ਸਿੰਘ ਮੰਡ ਦੀ ਤਕਰੀਰ ਵਿਚ ਸਾਡੇ ਸਭਨਾਂ ਲਈ ਬਹੁਤ ਸਾਰੇ ਸੁਨੇਹੇ ਸਨ। ਇਹ ਤਕਰੀਰ ਭਾਵੇਂ ਸੰਖੇਪ ਸੀ, ਪਰ ਇਸ ਵਿਚ ਦੁਨਿਆਵੀ ਤੇ ਰੂਹਾਨੀ ਸਾਦਗੀ ਦਾ ਸੰਗਮ ਸੀ। ਇਸ ਵਿਚ ਪੰਥਕ ਆਗੂਆਂ ਨੂੰ ਗੁੱਝੀਆਂ ਟਕੋਰਾਂ ਵੀ ਸਨ। ਇਸ ਤਕਰੀਰ ਵਿਚ ਦ੍ਰਿੜਤਾ ਨਾਲ ਲੜ ਮਰਨ ਦਾ ਪੈਗਾਮ ਵੀ ਸੀ। ਇਸ ਵਿਚ ਸਮੁੱਚੇ ਪੰਜਾਬੀਆਂ ਨੂੰ ਬਰਗਾੜੀ ਮੋਰਚੇ ਵਿਚ ਹਾਜ਼ਰੀ ਭਰਨ ਦੀ ਤਹਿਦਿਲੋਂ ਅਪੀਲ ਵੀ ਸੀ। ਇਸ ਲਈ ਭਾਈ ਧਿਆਨ ਸਿੰਘ ਮੰਡ ਨੂੰ ਹਰ ਪੱਖ ਤੋਂ ਮਜ਼ਬੂਤ ਕਰਨ ਦੀ ਬਹੁਤ ਲੋੜ ਹੈ। ਉਨ•ਾਂ ਦੇ ਇਰਦ ਗਿਰਦ ਉਚੀ ਪੱਧਰ ਦੀ ਬੌਧਿਕ ਵਾੜ ਵੀ ਖੜ•ੀ ਕਰਨ ਦੀ ਲੋੜ ਹੈ ਕਿਉਂਕਿ ਇਸ ਮੋਰਚੇ ਦੇ ਹਰ ਪਹਿਲੂ ਨੂੰ ਬਾਹਰਲੇ ਦੇਸ਼ਾਂ ਦੀਆਂ ਸੰਗਤਾਂ ਵੀ ਬੜੇ ਗਹੁ ਨਾਲ ਵੇਖ ਰਹੀਆਂ ਹਨ।
ਇਸ ਸਮੇਂ ਸਭ ਤੋਂ ਵੱਡੀ ਜ਼ਿੰਮੇਵਾਰੀ ਅਕਾਲੀ ਦਲ (ਅ), ਯੂਨਾਇਟਿਡ ਅਕਾਲੀ ਦਲ, ਅਕਾਲੀ ਦਲ 1920, ਸੁਤੰਤਰ ਅਕਾਲੀ ਦਲ, ਭਾਈ ਬਲਜੀਤ ਸਿੰਘ ਦਾਦੂਵਾਲ, ਭਾਈ ਹਰਪਾਲ ਸਿੰਘ ਚੀਮਾ ਵਰਗੇ ਆਗੂਆਂ ਉਤੇ ਹੈ ਜੋ ਬਰਗਾੜੀ ਮੋਰਚੇ ਨੂੰ ਸ਼ੁਰੂ ਕਰਨ ਵਾਲੇ ਹਨ ਅਤੇ ਹਰ ਸੰਕਟ, ਮੀਂਹ ਹਨੇਰੀ ਵਿਚ ਭਾਈ ਧਿਆਨ ਸਿੰਘ ਮੰਡ ਦੇ ਨਾਲ ਖੜ•ੇ ਹਨ ਅਤੇ ਦਿਨ ਰਾਤ ਪਹਿਰਾ ਦਿੰਦੇ ਆ ਰਹੇ ਹਨ। ਇਨ•ਾਂ ਜਥੇਬੰਦੀਆਂ ਨੂੰ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਵਿਚ ਹਰ ਹਾਲਤ ਵਿਚ ਇਕੱਠਿਆਂ ਕਰਨਾ, ਇਕੱਠਿਆਂ ਰੱਖਣਾ ਅਤੇ ਇਕੱਠਿਆਂ ਤੋਰਨਾ ਖਾਲਸਾ ਪੰਥ ਦੀ ਸਾਂਝੀ ਜ਼ਿੰਮੇਵਾਰੀ ਹੈ। ਇਸ ਲਈ ਭਾਈ ਧਿਆਨ ਸਿੰਘ ਮੰਡ ਦਾ ਇਕ ਵਿਸ਼ੇਸ਼ ਰਿਸ਼ਤਾ ਇਨ•ਾਂ ਆਗੂਆਂ ਨਾਲ ਹੈ।
ਭਾਈ ਧਿਆਨ ਸਿੰਘ ਮੰਡ ਦਾ ਦੂਜਾ ਰਿਸ਼ਤਾ ਦਰਜਨਾਂ ਹੋਰ ਪੰਥਕ ਜਥੇਬੰਦੀਆਂ ਤੇ ਸੰਸਥਾਵਾਂ ਦੇ ਆਗੂਆਂ ਨਾਲ ਹੈ ਜੋ ਹੁਣ ਬਰਗਾੜੀ ਮੋਰਚੇ ਦੀ ਹਮਾਇਤ ਉਤੇ ਸੱਚੇ ਦਿਲੋਂ ਆ ਗਏ ਹਨ। ਭਾਈ ਧਿਆਨ ਸਿੰਘ ਮੰਡ ਦਾ ਤੀਜਾ ਰਿਸ਼ਤਾ ਸਮੂਹ ਪੰਜਾਬੀਆਂ, ਦਲਿਤ ਜਥੇਬੰਦੀਆਂ ਤੇ ਹਿੰਦੂ ਜਥੇਬੰਦੀਆਂ ਨਾਲ ਹੈ ਜੋ 7 ਅਕਤੂਬਰ ਨੂੰ ਹੁੰਮਹੁਮਾ ਕੇ ਬਰਗਾੜੀ ਮੋਰਚੇ ਵਿਚ ਆਪ ਮੁਹਾਰੇ ਪਹੁੰਚੇ ਸਨ। ਭਾਈ ਧਿਆਨ ਸਿੰਘ ਮੰਡ ਨੇ ਬਰਗਾੜੀ ਮੋਰਚੇ ਤੋਂ ਅਜੇ ਤੱਕ ਦੂਰੀ ਬਣਾ ਕੇ ਬੈਠੇ ਹੋਏ ਤੇ ਵਿਸ਼ੇਸ਼ ਕਰ ਕੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ, ਭਾਈ ਪੰਥਪ੍ਰੀਤ ਸਿੰਘ, ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਅਤੇ ਸੰਤ ਸਮਾਜ ਦੇ ਆਗੂਆਂ ਨੂੰ ਵੀ ਆਪਣੇ ਵਿਚ ਸ਼ਾਮਿਲ ਕਰਨਾ ਹੈ ਅਤੇ ਲਗਾਤਾਰ ਉਨ•ਾਂ ਨੂੰ ਆਵਾਜ਼ਾਂ ਮਾਰਦੇ ਰਹਿਣ ਦਾ ਰੋਲ ਨਿਭਾਉਣਾ ਹੈ। ਵਿਦੇਸ਼ਾਂ ਵਿਚ ਬੈਠੇ ਵੀਰਾਂ, ਯੂਨੀਵਰਸਿਟੀਆਂ ਦੇ ਅਧਿਆਪਕਾਂ ਤੇ ਵਿਦਿਆਰਥੀਆਂ, ਮੁਲਾਜ਼ਮਾਂ, ਪੰਜਾਬੀ ਲੇਖਕਾਂ ਤੇ ਬੁੱਧੀਜੀਵੀਆਂ ਨੂੰ ਵੀ ਵਿਸ਼ੇਸ਼ ਸੱਦਾਪੱਤਰ ਦਿੱਤਾ ਜਾਣਾ ਚਾਹੀਦਾ ਹੈ। ਇਹ ਠੀਕ ਹੈ ਕਿ ਇਸ ਮੋਰਚੇ ਨੇ ਬਾਦਲ ਪਰਿਵਾਰ ਨੂੰ ਇਤਿਹਾਸ ਦੇ ਵਿਹੜੇ ਵਿਚੋਂ ਸਦਾ ਲਈ ਬਾਹਰ ਕੱਢ ਦਿੱਤਾ ਹੈ ਪਰ ਇਹ ਵੀ ਯਾਦ ਰੱਖ ਲੈਣਾ ਚਾਹੀਦਾ ਹੈ ਕਿ ਅਜੇ ਪੰਜਾਬੀਆਂ ਨੇ ਸਿੱਖੀ ਨੂੰ ਢਾਅ ਲਾਉਣ ਵਾਲੇ ਇਸ ਬਦਨਾਮ ਟੱਬਰ ਨੂੰ ਦਿਲਾਂ ਵਿਚੋਂ ਹੀ ਬਾਹਰ ਕੱਢਿਆ ਹੈ ਪਰ ਅਜੇ ਵੀ ਬਹੁਤ ਸਾਰੀਆਂ ਤਾਕਤਾਂ ਮੌਜੂਦ ਹਨ ਜੋ ਇਸ ਟੱਬਰ ਨੂੰ ਸਾਡੇ ਸਿਰਾਂ ਉਤੇ ਮੁੜ ਬਿਠਾਉਣ ਲਈ ਜਥੇਬੰਦਕ ਰੂਪ ਵਿਚ ਸਰਗਰਮ ਹੈ। ਇਸ ਲਈ ਇਨ•ਾਂ ਨੂੰ ਇਤਿਹਾਸ ਦੇ ਕੂੜੇ ਕਰਕਟ ਵਿਚ ਸੁੱਟਣ ਲਈ ਸਾਡੀਆਂ ਉਮੀਦਾਂ ਬਰਗਾੜੀ ਮੋਰਚੇ ਉਤੇ ਹੀ ਲੱਗੀਆਂ ਹੋਈਆਂ ਹਨ ਅਤੇ 14 ਅਕਤੂਬਰ ਨੂੰ ਸਮੂਹ ਪੰਜਾਬੀਆਂ ਨੂੰ ਉਸੇ ਤਰ•ਾਂ ਹੀ ਹੁੰਮ ਹੁੰਮਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਬਰਗਾੜੀ ਵਿਚ ਪਹੁੰਚਣਾ ਚਾਹੀਦਾ ਹੈ ਜਿਵੇਂ ਉਹ 7 ਅਕਤੂਬਰ ਨੂੰ ਪਹੁੰਚੇ ਸੀ।
ਬਰਗਾੜੀ ਮੋਰਚੇ ਨੇ ਇਨਸਾਫ ਦੇ ਨਾਅਰੇ ਨੂੰ ਬੁਲੰਦ ਕਰਨ ਲਈ ਤਿੰਨ ਮੰਗਾਂ ਰੱਖੀਆਂ ਹਨ। ਇਹੋ ਮੰਗਾਂ ਇਸ ਮੋਰਚੇ ਦੀ ਬੁਨਿਆਦ ਹਨ, ਪੱਕੀ ਨੀਂਹ ਹਨ, ਜਦੋਂ ਇਹ ਮੋਰਚਾ ਕਾਮਯਾਬ ਹੋ ਜਾਂਦਾ ਹੈ ਤਾਂ ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ ਅਤੇ ਅਕਾਲ ਤਖਤ ਸਾਹਿਬ ਦੀ ਆਜ਼ਾਦ ਹਸਤੀ ਆਪਣੇ ਆਪ ਹੀ ਖਾਲਸਾ ਪੰਥ ਦੀ ਝੋਲੀ ਵਿਚ ਪੈ ਜਾਏਗੀ। ਉਸਦੇ ਨਾਲ ਹੀ ਸਮੂਹ ਪੰਜਾਬੀ ਤੀਜੇ ਰਾਜਨੀਤਕ ਬਦਲ ਦੀਆਂ ਜ਼ਿੰਮੇਵਾਰੀਆਂ ਦਾ ਤਾਜ ਵੀ ਖਾਲਸਾ ਪੰਥ ਉਤੇ ਰੱਖਣਗੇ।

Or