ਭਾਈ ਧਿਆਨ ਸਿੰਘ ਮੰਡ ਨੂੰ ਮੋਰਚੇ ਦਾ ਡਿਕਟੇਟਰ ਥਾਪਣਾ ਸਮੇਂ ਦੀ ਵੱਡੀ ਲੋੜ
ਮੈਂ 'ਉਹ ਕੱਧ' ਟੱਪ ਲਈ ਹੈ, ਤੁਸੀਂ ਵੀ ਆਪਣੀ 'ਕੰਧ' ਟੱਪੋ : ਧਿਆਨ ਸਿੰਘ ਮੰਡ
'ਮੇਰੇ ਲਈ ਹੁਣ ਕੋਈ ਮਾੜਾ ਨਹੀਂ, ਮੈਨੂੰ ਸਭ ਆਪਣੇ ਲੱਗਦੇ ਹਨ'
ਮੰਡ ਸਾਹਬ ਨੂੰ ਡਿਕਟੇਟਰ ਥਾਪਣ ਨਾਲ ਸਹਿਯੋਗੀ ਜਥੇਬੰਦੀਆਂ ਦਾ ਕੱਦ ਹੋਰ ਵੱਡਾ ਤੇ ਵਿਸ਼ਾਲ ਹੋਵੇਗਾ
ਬਰਗਾੜੀ ਮੋਰਚੇ ਦੀਆਂ ਰੌਣਕਾਂ ਵੇਖ ਕੇ ਹਰ ਕੋਈ ਆਖਦਾ ਹੈ ਕਿ ਪੰਥ ਅਜੇ ਜਾਗਦਾ ਹੈ
ਸੀਨੀਅਰ ਪੱਤਰਕਾਰ ਕਰਮਜੀਤ ਸਿੰਘ ਵੱਲੋਂ ਭਾਈ ਧਿਆਨ ਸਿੰਘ ਮੰਡ ਨਾਲ ਲੰਮੀ ਇੰਟਰਵਿਊ
ਕਰਮਜੀਤ ਸਿੰਘ, ਚੰਡੀਗੜ•,
99150-91063
ਬਰਗਾੜੀ ਮੋਰਚੇ 'ਤੇ ਜਾਣਾ, ਉਥੇ ਜਾ ਕੇ ਸ਼ਰਧਾ ਤੇ ਪਿਆਰ ਵਿਚ ਲੰਗਰ ਦੀ ਸੇਵਾ ਕਰ ਰਹੀਆਂ ਬੀਬੀਆਂ ਤੇ ਨੌਜਵਾਨ ਵੀਰਾਂ ਦੀ ਲਗਨ ਤੇ ਉਤਸ਼ਾਹ ਨੂੰ ਵੇਖਣਾ, ਸਜੇ ਹੋਏ ਦੀਵਾਨ ਵਿਚ ਹਾਜ਼ਰੀ ਭਰਨਾ, ਨਾਲ ਲੱਗਦੇ ਪਿੰਡਾਂ ਵਿਚੋਂ ਬੱਚਿਆਂ ਸਮੇਤ ਪਰਿਵਾਰਾਂ ਦਾ ਆਉਣਾ, ਕਦੇ ਕਦੇ ਕਾਰਾਂ ਵਿਚੋਂ ਉਤਰਦੇ ਪੱਤਰਕਾਰ ਤੇ ਵਿਦਵਾਨਾਂ ਦੇ ਦਰਸ਼ਨ ਹੋਣੇ- ਜੇ ਜ਼ਿੰਦਗੀ ਦੇ ਡੂੰਘੇ ਭੇਤਾਂ ਨੂੰ ਜਾਨਣ ਦੀ ਜਿਗਿਆਸਾ ਤੇ ਸ਼ੌਕ ਹੋਵੇ ਤਾਂ ਬਰਗਾੜੀ ਮੋਰਚੇ ਨੂੰ ਵੇਖ ਕੇ ਇਹ ਆਖਣ ਨੂੰ ਦਿਲ ਕਰਦਾ ਹੈ ਕਿ ਪੰਥ ਅਜੇ ਵੀ ਜਾਗਦਾ ਹੈ। 14 ਅਕਤੂਬਰ ਨੂੰ ਲੀਡਰਾਂ ਦੀਆਂ ਤਕਰੀਰਾਂ ਵਿਚੇ ਛੱਡ ਕੇ ਬਰਗਾੜੀ ਦੇ ਚਾਰੇ ਪਾਸੇ ਸ਼ਰਧਾ, ਪਿਆਰ ਅਤੇ ਲਗਨ ਵਿਚ ਰੰਗੀ ਜਨਤਾ ਦੇ ਵਗਦੇ ਦਰਿਆ ਮੈਂ ਖੁਦ ਵੇਖੇ ਤਾਂ ਆਪ ਮੁਹਾਰੇ ਮੇਰੇ ਦਿਲ ਨੇ ਨੀਲੇ ਘੋੜੇ ਦੇ ਸ਼ਾਹਸਵਾਰ ਅੱਗੇ ਅਰਦਾਸ ਕੀਤੀ ਕਿ ਦਸ਼ਮੇਸ਼ ਪਿਤਾ! ਪੰਥ 1978 ਤੋਂ ਇਨਸਾਫ਼ ਲਈ ਲੜਦਾ ਲੜਦਾ ਬਹੁਤ ਥੱਕ ਚੁੱਕਾ ਹੈ। ਹੁਣ ਹੋਰ ਇਮਤਿਹਾਨ ਨਾ ਲਵੋ ਅਤੇ ਇਸ ਮੋਰਚੇ ਨੂੰ ਸਫਲਤਾ ਅਤੇ ਏਕਤਾ ਦੀ ਦਾਤ ਬਖਸ਼ੋ।
ਮੈਨੂੰ ਦੋ ਦਿਨ ਲਗਾਤਾਰ ਬਰਗਾੜੀ ਜਾਣ ਦਾ ਮੌਕਾ ਮਿਲਿਆ। ਇਕ ਖੋਜੀ ਪੱਤਰਕਾਰ ਵਾਂਗ ਮੈਂ ਮੋਰਚੇ ਨੂੰ ਚਲਾ ਰਹੇ ਹਰ ਵੀਰ ਦੇ ਦਿਲ ਤੇ ਦਿਮਾਗ ਵਿਚ ਉਤਰਨਾ ਚਾਹੁੰਦਾ ਸੀ, ਤਾਂ ਜੋ ਇਹ ਪਤਾ ਕਰ ਸਕਾਂ ਕਿ ਕੌਣ ਕਿਥੇ ਖੜਾ ਹੈ? ਕਿਥੋਂ ਤੱਕ ਜਾ ਸਕਦਾ ਹੈ? 'ਓੜਕ ਨਿਬਹੀ ਪ੍ਰੀਤ' ਦੀ ਮੰਜ਼ਿਲ ਤੱਕ ਕੌਣ ਕੌਣ ਪਹੁੰਚਣਗੇ? ਧਰਮਯੁੱਧ ਮੋਰਚੇ ਦੌਰਾਨ ਵੀ ਮੇਰੀਆਂ ਪਿਆਸੀਆਂ ਨਜ਼ਰਾਂ ਮੋਰਚੇ ਦੇ ਰਥਵਾਨਾਂ ਨੂੰ ਨਿਹਾਰਦੀਆਂ ਰਹਿੰਦੀਆਂ ਸਨ ਅਤੇ ਮੇਰੇ ਲਈ ਇਹ ਜਾਨਣਾ ਸੱਚਮੁੱਚ ਹੀ ਔਖਾ ਨਹੀਂ ਸੀ ਹੁੰਦਾ ਕਿ ਸੰਤ ਹਰਚੰਦ ਸਿੰਘ ਲੌਂਗੋਵਾਲ ਤੇ ਸੰਤ ਜਰਨੈਲ ਸਿੰਘ ਵਿਚ ਕੀ ਅੰਤਰ ਹੈ? ਮੈਨੂੰ ਉਹ ਸੁਘੜ ਸਿਆਣਾ ਪੱਤਰਕਾਰ ਅਜੇ ਵੀ ਯਾਦ ਹੈ ਜਿਸਨੇ ਝੱਟਪੱਟ ਹੀ ਇਹ ਫਰਕ ਕਰ ਦਿਤਾ ਸੀ ਕਿ ਇਕ ਘਟਨਾਵਾਂ ਨੂੰ ਕੇਵਲ 'ਜਾਣਦਾ' ਹੈ ਜਦਕਿ ਦੂਜਾ ਘਟਨਾਵਾਂ ਨੂੰ ਧੁਰ ਅੰਦਰੋਂ 'ਮਹਿਸੂਸ' ਕਰਦਾ ਹੈ। ਬੱਸ, 'ਜਾਨਣ' ਅਤੇ 'ਮਹਿਸੂਸ' ਕਰਨ ਦੇ ਫਰਕ ਵਿਚ ਹੀ ਸੰਘਰਸ਼ ਦੇ ਡੂੰਘੇ ਰਾਜ਼ ਲੁਕੇ ਪਏ ਸਨ। ਮਗਰੋਂ ਇਤਿਹਾਸ ਵੀ ਇਨ•ਾਂ ਗੱਲਾਂ ਦਾ ਚਸ਼ਮਦੀਦ ਗਵਾਹ ਬਣਿਆ।
ਫਿਰ ਇਕ ਉਹ ਦੌਰ ਵੀ ਆਇਆ ਜਦੋਂ ਹਜ਼ਾਰਾਂ ਨੌਜਵਾਨ ਘਰਾਂ ਵਿਚੋਂ ਨਿਕਲ ਆਏ ਜਿਨ•ਾਂ ਦੇ ਜਾਗਦੇ ਮਨਾਂ ਵਿਚ ਦਸ਼ਮੇਸ਼ ਪਿਤਾ ਦੇ ਇਤਿਹਾਸਕ ਜ਼ਫਰਨਾਮੇ ਦੀਆਂ ਉਹ ਸਤਰਾਂ ਧੁਰ ਅੰਦਰ ਵਸ ਗਈਆਂ ਸਨ : ਚੂ ਕਾਰ ਅਜ਼ਾ ਹਮ ਹੀਲ ਤੇ ਦਰ ਗੁਜ਼ਸਤ। ਹਲਾਲ ਅਸਤ ਬਰਦਨ ਬ ਸ਼ਮਸ਼ੀਰ ਦਸਤ। ਅਰਥਾਤ ਜਦੋਂ ਸਭ ਹੀਲੇ ਅਸਫਲ ਹੋ ਜਾਣ ਤਾਂ ਉਸ ਵਕਤ ਤਲਵਾਰ 'ਤੇ ਹੱਥ ਚਲੇ ਜਾਣਾ ਜਾਇਜ਼ ਹੈ। ਉਸ ਇਤਿਹਾਸਕ ਦੌਰ ਵਿਚ ਜਿਨ•ਾਂ ਦੇ ਹੱਥਾਂ ਨੇ ਤਲਵਾਰ ਚੁੱਕੀ ਅਤੇ ਜੋ ਉਸ ਦੌਰ ਦੇ ਜਰਨੈਲ ਸਨ, ਉਨ•ਾਂ ਨੂੰ ਵੀ ਵੇਖਣ, ਜਾਨਣ ਤੇ ਮੁਲਾਕਾਤਾਂ ਕਰਨ ਦੇ ਸੁਨਹਿਰੀ ਮੌਕੇ ਮਿਲੇ। ਉਦੋਂ ਵੀ ਮੈਂ ਇਹੋ ਵੇਖਦਾ ਤੇ ਪਰਖਦਾ ਰਹਿੰਦਾ ਸੀ ਕਿ ਕਿਸ ਜਰਨੈਲ ਦੇ ਅੰਦਰ ਇਤਿਹਾਸ ਦਾ ਅਮੋੜ ਜਜ਼ਬਾ ਹੈ। ਕੌਣ ਡੂੰਘੇ ਵਿਚਾਰਾਂ ਦਾ ਹਾਣੀ ਹੈ, ਕਿਸ ਦਾ ਗੁਰਬਾਣੀ ਨਾਲ ਮਰ ਮਿਟਣ ਵਾਲਾ ਇਸ਼ਕ ਹੈ? ਕਿਹੜੇ ਹਨ ਲੰਮੀ ਰੇਸ ਦੇ ਮੁਸਾਫਰ। ਇਨ•ਾਂ ਵਿਚ ਜਿਨ•ਾਂ ਨਾਲ ਕਈ ਦਫਾ ਲੰਮੀਆਂ ਮੁਲਾਕਾਤਾਂ ਹੋਈਆਂ ਉਨ•ਾਂ ਵਿਚ ਸ. ਸਿਮਰਨਜੀਤ ਸਿੰਘ ਮਾਨ, ਭਾਈ ਗੁਰਜੰਟ ਸਿੰਘ ਬੁੱਧਸਿੰਘ ਵਾਲਾ, ਭਾਈ ਸੁਖਦੇਵ ਸਿੰਘ ਬੱਬਰ, ਭਾਈ ਦਲਜੀਤ ਸਿੰਘ, ਭਾਈ ਬਲਵਿੰਦਰ ਸਿੰਘ ਜਟਾਣਾ, ਚਾਚਾ ਵਧਾਵਾ ਸਿੰਘ, ਭਾਈ ਪਰਮਜੀਤ ਸਿੰਘ ਪੰਜਵੜ, ਭਾਈ ਰਛਪਾਲ ਸਿੰਘ ਛੰਦੜਾਂ ਅਤੇ ਭਾਈ ਹਰਮਿੰਦਰ ਸਿੰਘ ਸੁਲਤਾਨਵਿੰਡ ਸ਼ਾਮਿਲ ਸਨ। ਹੋਰ ਵੀ ਬਹੁਤ ਸਨ ਜਿਨ•ਾਂ ਦਾ ਫਿਰ ਕਦੇ ਜ਼ਿਕਰ ਹੋਵੇਗਾ।
ਇਕ ਵਾਰ ਮੁੜ ਸੰਤ ਜਰਨੈਲ ਸਿੰਘ ਦਾ ਜ਼ਿਕਰ ਕਰਨਾ ਚਾਹੁੰਦਾ ਹਾਂ। ਦਰਬਾਰ ਸਾਹਿਬ ਦਾ ਸਾਕਾ ਵਾਪਰਨ ਤੋਂ ਕੁਝ ਦਿਨ ਪਹਿਲਾਂ ਮੈਨੂੰ ਅਕਾਲ ਤਖਤ ਸਾਹਿਬ 'ਤੇ ਸੰਤ ਜਰਨੈਲ ਸਿੰਘ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ। ਮੈਂ ਇਥੇ ਇਹ ਯਾਦ ਕਰਾਉਣਾ ਚਾਹੁੰਦਾ ਹਾਂ ਕਿ ਸੰਤ ਜਰਨੈਲ ਸਿੰਘ ਨੂੰ ਮਿਲਣਾ ਜਾਂ ਵੇਖਣਾ ਇਕ ਤਰ•ਾਂ ਦੀ ਤੀਰਥ ਯਾਤਰਾ ਹੁੰਦਾ ਸੀ। ਇਕ ਵਾਰ ਜਦੋਂ ਕੋਈ ਉਨ•ਾਂ ਨੂੰ ਮਿਲ ਗਿਆ ਅਤੇ ਜੇਕਰ ਉਸ ਵਿਚ ਸਿੱਖੀ ਦਾ ਮਾੜਾ ਮੋਟਾ ਜਜ਼ਬਾ ਤੇ ਕਣ ਸੀ ਤਾਂ ਉਹ ਫਿਰ 'ਉਹ' ਨਹੀਂ ਸੀ ਰਿਹਾ ਜੋ 'ਪਹਿਲਾਂ' ਸੀ। ਇਸ ਅਵਸਥਾ ਨੂੰ ਆਧੁਨਿਕ ਸ਼ਬਦਾਵਲੀ ਵਿਚ ਪੈਰਾਡਾਇਮ ਸ਼ਿਫਟ ਕਹਿੰਦੇ ਹਨ। ਪੈਰਾਡਾਇਮ ਸ਼ਿਫਟ ਉਹ ਸਮਾਂ ਹੈ, ਉਹ ਘੜੀਆਂ ਤੇ ਪਲ ਹਨ ਜਦੋਂ ਬੰਦੇ ਵਿਚ ਜ਼ਿੰਦਗੀ ਨੂੰ ਦੇਖਣ, ਸੋਚਣ ਤੇ ਅਮਲ ਵਿਚ ਮੁਕੰਮਲ ਤਬਦੀਲੀ ਆ ਜਾਵੇ। ਇਸ ਤਰ•ਾਂ ਦੇ ਸਨ ਸੰਤ ਜਰਨੈਲ ਸਿੰਘ ਜਿਨ•ਾਂ ਨੂੰ ਬਿਆਨ ਕਰਨ ਲਈ ਸਾਡੀ ਕੌਮ ਨੇ ਮਹਾਨ ਫਿਲਾਸਫਰ ਤੇ ਲੇਖਕ ਅਜੇ ਪੈਦਾ ਕਰਨੇ ਹਨ। ਮੈਂ ਇਥੇ ਇਹ ਦੱਸਣ ਦਾ ਯਤਨ ਕਰ ਰਿਹਾ ਹਾਂ ਕਿ ਜਦੋਂ ਮੈਂ ਅਕਾਲ ਤਖਤ 'ਤੇ ਸੰਤ ਜਰਨੈਲ ਸਿੰਘ ਨੂੰ ਮਿਲਿਆ ਤਾਂ ਉਨ•ਾਂ ਦਾ ਚੇਹਰਾ ਤੇ ਬੋਲਚਾਲ ਪਹਿਲਾਂ ਨਾਲੋਂ ਕਿਤੇ ਬਦਲੀ ਹੋਈ ਸੀ। ਉਸ ਸਮੇਂ ਭਾਸ਼ਾ ਵਿਭਾਗ ਦੇ ਸਾਬਕਾ ਡਾਇਰੈਕਟਰ ਗਿਆਨੀ ਲਾਲ ਸਿੰਘ ਵੀ ਉਨ•ਾਂ ਨਾਲ ਮੁਲਾਕਾਤ ਕਰ ਰਹੇ ਸਨ ਅਤੇ ਬਹੁਤ ਡੂੰਘੀਆਂ ਗੱਲਾਂ ਹੋ ਰਹੀਆਂ ਸਨ। ਤੁਸੀਂ ਪੁੱਛੋਗੇ ਕਿ ਇਹ ਤਬਦੀਲੀ ਕਿਸ ਤਰ•ਾਂ ਦੀ ਸੀ? ਜਦੋਂ ਮੈਂ ਗੁਰੂ ਨਾਨਕ ਨਿਵਾਸ ਦੀ ਉਪਰਲੀ ਛੱਤ 'ਤੇ ਉਨ•ਾਂ ਨੂੰ ਮਿਲਿਆ ਕਰਦਾ ਸਾਂ ਜਾਂ ਲੰਗਰ ਦੀ ਇਮਾਰਤ ਉਤੇ ਮਿਲਦਾ ਸਾਂ ਤਾਂ ਉਦੋਂ ਸੰਤ ਜਰਨੈਲ ਸਿੰਘ ਟਕਸਾਲ ਦੇ ਨੁਮਾਇੰਦੇ ਸਨ। ਪਰ ਜਦੋਂ ਮੈਂ ਘੱਲੂਘਾਰਾ ਵਾਪਰਨ ਤੋਂ ਪਹਿਲਾਂ ਉਨ•ਾਂ ਨੂੰ ਅਕਾਲ ਤਖਤ 'ਤੇ ਮਿਲਿਆ ਤਾਂ ਉਸ ਸਮੇਂ ਉਹ ਸਾਰੇ ਦੇ ਸਾਰੇ ਖਾਲਸਾ ਪੰਥ ਦੇ ਨੁਮਾਇੰਦੇ ਬਣ ਚੁੱਕੇ ਸੀ। ਮੈਨੂੰ ਇਉਂ ਲੱਗਦਾ ਸੀ ਕਿ ਮੀਰੀ ਪੀਰੀ ਦੇ ਸ਼ਹਿਨਸ਼ਾਹ ਨੇ ਉਨ•ਾਂ ਉਤੇ ਵਿਸ਼ੇਸ਼ ਬਖਸ਼ਿਸ਼ ਕਰ ਦਿੱਤੀ ਹੈ। ਇਹੋ ਜਿਹੇ ਪਲ ਬਹੁਤ ਪਿਆਰੇ ਅਤੇ ਇਤਿਹਾਸ ਨੂੰ ਨਵਾਂ ਮੋੜ ਦੇਣ ਵਾਲੇ ਹੁੰਦੇ ਹਨ ਜਦੋਂ ਕਿਸੇ ਕੌਮ ਦਾ ਰਹਿਬਰ ਸਭ ਧਿਰਾਂ, ਧੜਿਆਂ, ਸਵਾਰਥਾਂ ਤੇ ਲਾਲਚਾਂ ਤੋਂ ਉਪਰ ਉਠ ਕੇ ਸਾਰੀ ਕੌਮ ਨੂੰ ਆਪਣੀ ਗਲਵੱਕੜੀ ਵਿਚ ਲੈ ਜਾਂਦਾ ਹੈ। ਮੈਂ ਉਨ•ਾਂ ਪਲਾਂ ਦਾ ਚਸ਼ਮਦੀਦ ਗਵਾਹ ਹਾਂ ਜਿਸ ਦੀ ਗਵਾਹੀ ਦੁਨਿਆਵੀ ਕਿਸਮ ਦੀਆਂ ਦਲੀਲਾਂ ਤੇ ਤਰਕਾਂ ਨਾਲ ਨਹੀਂ ਦਿੱਤੀ ਜਾ ਸਕਦੀ।
ਹੁਣ ਮੈਂ ਫਿਰ ਬਰਗਾੜੀ ਦੇ ਇਨਸਾਫ ਮੋਰਚੇ 'ਤੇ ਆਉਂਦਾਂ ਹਾਂ। ਕੌਣ ਹਨ ਜਿਨ•ਾਂ ਨੇ ਇਹ ਮੋਰਚਾ ਆਰੰਭ ਕੀਤਾ? ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਤੋਂ ਪੈਦਾ ਹੋਏ ਦਰਦ, ਗੁੱਸੇ ਤੇ ਰੋਸ ਨੂੰ ਮੁੱਢਲੀ ਦਿਸ਼ਾ ਦੇਣ ਵਾਲੇ ਕੌਣ ਹਨ? ਬਿਨਾਂ ਸ਼ੱਕ ਇਨ•ਾਂ ਵਿਚ ਅਕਾਲੀ ਦਲ (ਅੰਮ੍ਰਿਤਸਰ), ਯੂਨਾਇਟਿਡ ਅਕਾਲੀ ਦਲ, ਸੁਤੰਤਰ ਅਕਾਲੀ ਦਲ, ਅਕਾਲੀ ਦਲ 1920, ਤਖਤ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ, ਤਖਤ ਕੇਸਗੜ• ਸਾਹਿਬ ਦੇ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਅਤੇ ਦਲ ਖਾਲਸਾ ਦੇ ਭਾਈ ਹਰਪਾਲ ਸਿੰਘ ਚੀਮਾ ਸ਼ਾਮਿਲ ਹਨ। ਇਹ ਸਾਰੀਆਂ ਜਥੇਬੰਦੀਆਂ ਅਤੇ ਵਿਅਕਤੀ ਪਹਿਲੀ ਜੂਨ ਤੋਂ ਆਪਣੀ ਆਪਣੀ ਡਿਊਟੀ ਮੁਤਾਬਕ ਜਥੇ ਲੈ ਕੇ ਬਰਗਾੜੀ ਵੱਲ ਮਾਰਚ ਕਰਦੇ ਹਨ। ਇਨ•ਾਂ ਜਥੇਬੰਦੀਆਂ ਨਾਲ ਜੁੜੇ ਆਗੂ ਅਤੇ ਵਰਕਰ ਸਿਆਣੇ ਹਨ, ਸੁਚੇਤ ਵੀ ਹਨ, ਸਾਵਧਾਨ ਵੀ ਹਨ। ਰਾਜਨੀਤੀ ਦੀਆਂ ਰਮਜ਼ਾਂ ਨੂੰ ਵੀ ਸਮਝਦੇ ਹਨ। ਭਾਵੇਂ ਪੰਥ ਦੀ ਚੜ•ਦੀ ਕਲਾ ਲਈ ਉਨ•ਾਂ ਦੇ ਰਸਤੇ ਵੱਖਰੇ ਵੱਖਰੇ ਹਨ ਅਤੇ ਵੱਖਰੇ ਵੱਖਰੇ ਰਸਤਿਆਂ ਕਾਰਨ ਉਨ•ਾਂ ਦੇ ਧਾਰਮਿਕ ਤੇ ਰਾਜਨੀਤਕ ਸੁਭਾਅ ਤੇ ਤਬੀਅਤ ਵੀ ਵੱਖਰੀ ਵੱਖਰੀ ਹੈ। ਇੰਜ ਉਹ ਇਕ ਅਜਿਹਾ ਫੁੱਲਾਂ ਦਾ ਗੁਲਦਸਤਾ ਹੈ ਜਿਸ ਵਿਚ ਸਾਰੇ ਫੁੱਲਾਂ ਦੀ ਆਪਣੀ ਨਿਵੇਕਲੀ ਤੇ ਵੱਖਰੀ ਅਹਿਮੀਅਤ ਤੇ ਯੋਦਗਾਨ ਹੈ। ਉਹ ਸਾਰੇ ਆਪਣੇ ਹੀ ਅੰਦਾਜ਼ ਵਿਚ ਵਿਚਰਦੇ ਹਨ। ਪਰ ਇਨ•ਾਂ ਸਭਨਾਂ ਵਿਚ ਇਕ ਗੰਭੀਰ ਤੇ ਡੂੰਘਾ ਤਾਲਮੇਲ ਵੀ ਹੈ। ਕਦੇ ਕਦੇ ਇਹ ਤਾਲਮੇਲ ਨਹੀਂ ਵੀ ਹੁੰਦਾ। ਉਹ ਸਾਰੇ ਇਕ ਦੂਜੇ ਦੀਆਂ ਹੱਦਾਂ ਅਤੇ ਦੂਰੀਆਂ ਨੂੰ ਸਮਝਦੇ ਹਨ ਪਰ ਹੱਦਾਂ ਪਾਰ ਵੀ ਕਰਦੇ ਰਹਿੰਦੇ ਹਨ। ਉਨ•ਾਂ ਸਭਨਾਂ ਨੂੰ ਇਕ ਮਜ਼ਬੂਤ ਪਾਇਦਾਰ, ਨਿਰਪੱਖ ਤੇ ਦੂਰਅੰਦੇਸ਼ ਕੇਂਦਰ ਦੀ ਲੋੜ ਹੈ ਜੋ ਲਗਾਤਾਰ ਉਨ•ਾਂ ਨੂੰ ਇਕ ਮਾਲਾ ਵਿਚ ਪਰੋ ਕੇ ਰੱਖ ਸਕੇ। ਪਿਛਲੇ ਸਮੇਂ ਦੌਰਾਨ ਹੋਈਆਂ ਅਸਫਲਤਾਵਾਂ ਅਤੇ ਹਾਰਾਂ ਵੀ ਇਹੋ ਸਬਕ ਦਿੰਦੀਆਂ ਹਨ ਕਿ ਉਨ•ਾਂ ਨੂੰ ਇਸ ਵਾਰ ਹਰ ਹਾਲਤ ਵਿਚ ਮਜ਼ਬੂਤ ਏਕਤਾ ਵਿਚ ਬੰਨ•ਣ ਦੀ ਲੋੜ ਹੈ। ਇਸ ਲਈ ਇਕ ਕੇਂਦਰ ਚਾਹੀਦਾ ਹੈ।
ਹੁਣ ਇਸ ਗੱਲ ਵਿਚ ਦੋ ਰਾਵਾਂ ਨਹੀਂ ਕਿ ਭਾਈ ਧਿਆਨ ਸਿੰਘ ਮੰਡ ਉਹ ਕੇਂਦਰ ਬਣ ਚੁੱਕੇ ਹਨ। ਪਰ ਇਕ ਕੇਂਦਰ ਤਿਹਾੜ ਦੀ ਜੇਲ• ਵਿਚ ਵੀ ਨਜ਼ਰਬੰਦ ਹੈ। ਜਦੋਂ ਚੱਬੇ ਦੇ ਸਰਬੱਤ ਖਾਲਸਾ ਸਮਾਗਮ ਵਿਚ ਭਾਈ ਜਗਤਾਰ ਸਿੰਘ ਹਵਾਰਾ ਨੂੰ ਅਕਾਲ ਤਖਤ ਦਾ ਜਥੇਦਾਰ ਬਨਾਉਣ ਦਾ ਐਲਾਨ ਕੀਤਾ ਗਿਆ ਸੀ ਤਾਂ ਸੰਗਤਾਂ ਦੇ ਭਰਪੂਰ ਹੁੰਗਾਰੇ ਦਾ ਉਹ ਨਜ਼ਾਰਾ ਦੇਖਣ ਹੀ ਵਾਲਾ ਸੀ। ਉਸ ਦ੍ਰਿਸ਼ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਨ•ਾਂ ਘੜੀਆਂ ਵਿਚ ਇਉਂ ਮਹਿਸੂਸ ਹੁੰਦਾ ਸੀ ਜਿਵੇਂ ਗੁਰੂ ਦਸ਼ਮੇਸ਼ ਪਿਤਾ ਆਪ ਸੰਗਤਾਂ ਵਿਚ ਹਾਜ਼ਰ ਨਾਜ਼ਰ ਹੋ ਗਏ ਹਨ। ਇਹੋ ਯਾਦਗਾਰੀ ਪਲ ਹੁੰਦੇ ਹਨ ਜੋ ਸਾਡੇ ਰਾਜਨੀਤਕ ਤੇ ਧਾਰਮਿਕ ਭਵਿੱਖ ਦੀ ਅਗਵਾਈ ਕਰਦੇ ਹਨ ਅਤੇ ਸਾਡੇ ਆਗੂਆਂ ਨੂੰ ਇਹ ਗੱਲ ਕਦੇ ਵੀ ਭੁੱਲਣੀ ਨਹੀਂ ਚਾਹੀਦੀ। ਇਹ ਗੱਲ ਭਾਈ ਧਿਆਨ ਸਿੰਘ ਮੰਡ ਨੂੰ ਵੀ ਆਪਣੇ ਚੇਤਿਆਂ ਵਿਚ ਰੱਖਣੀ ਚਾਹੀਦੀ ਹੈ।
14 ਅਕਤੂਬਰ ਦੇ ਸ਼ਹੀਦੀ ਸਮਾਗਮ ਤੋਂ ਇਕ ਦਿਨ ਪਹਿਲਾਂ ਭਾਈ ਧਿਆਨ ਸਿੰਘ ਮੰਡ ਨੂੰ ਮਿਲਣ ਦਾ ਮੈਨੂੰ ਸੁਭਾਗ ਪ੍ਰਾਪਤ ਹੋਇਆ। ਲੰਮੀ ਮੁਲਾਕਾਤ ਹੋਈ ਅਤੇ ਕਰੀਬ ਕਰੀਬ ਹਰ ਮੁੱਦੇ 'ਤੇ ਮੈਂ ਉਨ•ਾਂ ਦੇ ਵਿਚਾਰ ਜਾਨਣੇ ਚਾਹੇ। ਮੈਨੂੰ ਇਹ ਕਹਿਣ ਵਿਚ ਰਤਾ ਵੀ ਝਿਜਕ ਨਹੀਂ ਕਿ ਉਹ ਇਸ ਸਮੇਂ 'ਨਿਰਭਉ' ਵੀ ਹਨ ਤੇ 'ਨਿਰਵੈਰ' ਵੀ ਹਨ। ਇਹ ਰੱਬੀ ਗੁਣ ਉਨ•ਾਂ ਨੇ ਪਿਛਲੇ 10 ਸਾਲਾਂ ਦੇ ਲੰਮੇ ਅਭਿਆਸ ਵਿਚੋਂ ਹਾਸਲ ਕੀਤੇ ਹਨ। ਵੈਸੇ ਉਨ•ਾਂ ਦੇ ਪਰਿਵਾਰ ਦੀ ਕੁਰਬਾਨੀ ਵੀ ਸਾਡੇ ਇਤਿਹਾਸ ਦਾ ਸ਼ਾਨਾਮੱਤਾ ਕਾਂਡ ਹੈ। ਇਕ ਪੱਧਰ 'ਤੇ ਮੈਂ ਮਹਿਸੂਸ ਕੀਤਾ ਕਿ ਉਹ ਬਿਲਕੁਲ 'ਇਕੱਲੇ' ਹਨ। ਇਕ ਦੂਜੇ ਪਲ 'ਤੇ ਮੈਂ ਵੇਖਿਆ ਕਿ 'ਇਕੱਲੇ' ਹੋਣ ਦੇ ਬਾਵਜੂਦ 'ਗੁਰੂ-ਪਿਆਰ' ਉਨ•ਾਂ ਦੇ ਨਾਲ ਖੜ•ਾ ਹੈ। ਵੈਸੇ ਸੰਤ ਜਰਨੈਲ ਸਿੰਘ ਵੀ 'ਇਕੱਲੇ' ਹੀ ਹੁੰਦੇ ਸਨ। ਕਈ ਵਾਰ ਇਤਿਹਾਸ ਵਿਚ 'ਇਕੱਲਾ' ਬੰਦਾ ਹੀ 'ਬਹੁਗਿਣਤੀ' ਹੁੰਦਾ ਹੈ। ਅਤੇ ਕਈ ਵਾਰ ਇੰਜ ਵੀ ਹੁੰਦਾ ਹੈ ਕਿ ਭਾਰੀ 'ਬਹੁਗਿਣਤੀ' ਨੂੰ 'ਇਕੱਲਾ' ਬੰਦਾ ਨਸੀਬ ਹੀ ਨਹੀਂ ਹੁੰਦਾ।
ਇਕ ਹੋਰ ਗੱਲ ਜਿਸਦਾ ਬਹੁਤਿਆਂ ਨੂੰ ਪਤਾ ਨਹੀਂ ਜਾਂ ਉਹ ਇਸ ਗੱਲ ਦੀ ਅਹਿਮੀਅਤ ਨਹੀਂ ਸਮਝਦੇ। ਉਹ ਗੱਲ ਇਹ ਹੈ ਕਿ ਭਾਈ ਧਿਆਨ ਸਿੰਘ ਆਪਣੇ ਘਰ ਨੂੰ, ਆਪਣੇ ਪਰਿਵਾਰ ਨੂੰ ਅਲਵਿਦਾ ਕਹਿ ਆਏ ਹਨ। ਉਹ ਮੋਰਚਾ ਫਤਿਹ ਕਰਕੇ ਹੀ ਆਪਣੇ ਘਰ ਵਲ ਮੁੜਨਗੇ। ਉਤ ਬਹੁਤ ਘੱਟ ਬੋਲਦੇ ਹਨ ਪਰ ਜਦੋਂ ਬੋਲਦੇ ਹਨ ਤਾਂ ਦ੍ਰਿੜ ਇਰਾਦੇ ਵਾਲੀ ਨਿਮਰਤਾ ਵਾਲੀ ਝਲਕ ਵੀ ਉਨ•ਾਂ ਦੇ ਚਿਹਰੇ 'ਤੇ ਮਹਿਸੂਸ ਕੀਤੀ ਜਾ ਸਕਦੀ ਹੈ ਪਰ ਨਾਲ ਦੀ ਨਾਲ ਇਸ ਨਿਮਰਤਾ ਵਿਚ ਇਕ ਅਣਦਿਸਦਾ ਦਬਦਬਾ, ਤੇਜਪ੍ਰਤਾਪ ਅਤੇ ਅਥਾਰਟੀ ਦੇ ਤੱਤ ਵੀ ਸ਼ਾਮਿਲ ਹੁੰਦੇ ਹਨ। ਕਿਸੇ ਵੀ ਲੀਡਰ ਵਿਚ ਇਨ•ਾਂ ਗੁਣਾਂ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਪਰ ਨਿਰਭਉ ਤੇ ਨਿਰਵੈਰ ਹੋ ਸਕਣ ਪਿੱਛੇ ਗੁਰੂ ਦੀ ਮਿਹਰ ਹੀ ਹੁੰਦੀ ਹੈ।
ਜਦੋਂ ਉਨ•ਾਂ ਨਾਲ ਮੁਲਾਕਾਤ ਚੱਲ ਰਹੀ ਸੀ ਤਾਂ ਉਨ•ਾਂ ਦੇ ਕੁਝ ਸ਼ਬਦ ਮੈਨੂੰ ਸਦਾ ਯਾਦ ਰਹਿਣਗੇ। ''ਕਰਮਜੀਤ ਸਿੰਘ! ਤੂੰ ਮੈਨੂੰ ਉਸ ਥਾਂ 'ਤੇ ਵੇਖਦਾ ਹੈਂ ਜਿਥੇ 10 ਸਾਲ ਪਹਿਲਾਂ ਮੈਨੂੰ ਵੇਖਦਾ ਹੁੰਦਾ ਸੀ....... ਮੈਂ ਉਹ ਕੱਧ ਟੱਪ ਲਈ ਹੈ..... ਹੁਣ ਤੁਸੀਂ ਵੀ ਆਪਣੀ ਆਪਣੀ ਕੰਧ ਟੱਪੋ.......'' ਇਹ ਸ਼ਬਦ ਭਾਵੇਂ ਉਨ•ਾਂ ਨੇ ਮੈਨੂੰ ਹੀ ਸੰਬੋਧਨ ਹੋ ਕੇ ਕਹੇ ਸਨ ਪਰ ਇਸ ਵਿਚ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਇਹ ਸ਼ਬਦ ਉਹ ਸਮੁੱਚੇ ਖਾਲਸਾ ਪੰਥ ਨੂੰ ਹੀ ਇਕ ਸੰਦੇਸ਼ ਦੇ ਰੂਪ ਵਿਚ ਸੁਣਾ ਰਹੇ ਸਨ।
ਮੁਲਾਕਾਤ ਵਿਚ ਕੁਝ ਹੋਰ ਸ਼ਬਦ ਵੀ ਸੁਣਨ ਵਾਲੇ ਹਨ : ''ਮੇਰੇ ਲਈ ਹੁਣ ਕੋਈ ਵੀ ਮਾੜਾ ਨਹੀਂ.... ਮੈਨੂੰ ਸਭ ਚੰਗੇ ਲੱਗਦੇ ਹਨ..... ਗੁਰੂ ਗਰੰਥ ਸਾਰਿਆਂ ਦਾ ਸਾਂਝਾ ਹੈ...... ਇਥੇ ਕੋਈ ਆਏ.... ਇਥੋਂ ਤੱਕ ਕਿ 'ਪ੍ਰਕਾਸ਼ ਸਿੰਘ ਬਾਦਲ' ਵੀ ਆ ਜਾਏ.... ਸੁਖਬੀਰ ਵੀ ਆ ਜਾਏ...... ਬੱਸ ਪੰਥ ਤੋਂ ਆਪਣੀਆਂ ਗਲਤੀਆਂ ਲਈ ਮਾਫੀ ਮੰਗ ਲੈਣ...... ਪੰਥ ਚਾਹੇ ਤਾਂ ਮਾਫ ਕਰ ਸਕਦਾ ਹੈ.... ਮੈਂ ਸਾਰੇ ਪੰਥ ਨੂੰ ਇਕ ਵੇਖਣਾ ਚਾਹੁੰਦਾ ਹਾਂ... ਮੈਂ ਸਾਰੇ ਪੰਜਾਬ ਨੂੰ ਇਕ ਵੇਖਣਾ ਚਾਹੁੰਦਾ ਹਾਂ.... ਮੇਰੇ ਲਈ ਕੋਈ ਵੱਡਾ ਛੋਟਾ ਨਹੀਂ..... ਸਾਰੇ ਭਾਈਚਾਰਿਆਂ ਨੂੰ ਇਥੇ ਆਉਣਾ ਚਾਹੀਦਾ ਹੈ.... ਅਤੇ ਉਹ ਆ ਵੀ ਰਹੇ ਹਨ.... ਮੈਂ ਇਥੇ ਹੀ ਬੈਠਾ ਹਾਂ..... ਹੁਣ ਸਰਕਾਰ ਹੀ ਇਥੇ ਆਏਗੀ..... ਬਹੁਤ ਸ਼ਹੀਦੀਆਂ ਹੋ ਚੁੱਕੀਆਂ ਹਨ.... ਮੈਂ ਹੁਣ ਹੋਰ ਕਿਸੇ ਨੂੰ ਸ਼ਹੀਦ ਨਹੀਂ ਹੋਣ ਦੇਣਾ... ਇਹ ਮੋਰਚਾ ਸ਼ਾਂਤਮਈ ਹੈ ਅਤੇ ਸ਼ਾਂਤਮਈ ਹੀ ਰਹੇਗਾ.... ਪਰ ਮੈਂ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਨਹੀਂ ਹੋਣ ਦੇਣੀ... ਨਹੀਂ ਹੋਣ ਦੇਣੀ.....''
ਫਿਰ 14 ਅਕਤੂਬਰ ਦਾ ਦਿਨ ਆਇਆ ਜਦੋਂ ਮੈਂ ਲੋਕਾਂ ਦੇ ਠਾਠਾਂ ਮਾਰਦੇ ਸਮੁੰਦਰ ਵਿਚੋਂ ਤੁਰ ਫਿਰ ਕੇ ਕਰੀਬ 50 ਬੰਦਿਆਂ ਨੂੰ ਚੁਣਿਆ ਜਿਨ•ਾਂ ਨੂੰ ਮੈਂ ਕਦੇ ਨਹੀਂ ਸੀ ਪਹਿਲਾਂ ਮਿਲਿਆ। ਮੈਂ ਇਕੋ ਸਵਾਲ ਕੀਤਾ ਕਿ ਬਰਗਾੜੀ ਮੋਰਚੇ ਵਿਚ ਸਭ ਤੋਂ ਹਰਮਨਪਿਆਰਾ ਆਗੂ ਕਿਹੜਾ ਹੈ? ਤਾਂ ਘੱਟ ਪੜ•ੇ ਲਿਖੇ ਵੀਰਾਂ ਦਾ ਉਤਰ ਸੀ : ਧਿਆਨ ਸਿੰਘ ਮੰਡ। ਵੱਧ ਪੜ•ੇ ਲਿਖਿਆਂ ਦਾ ਜਵਾਬ ਸੀ : ਭਾਈ ਧਿਆਨ ਸਿੰਘ ਮੰਡ। ਕੁਝ ਦਾ ਜਵਾਬ ਸੀ : ਜਥੇਦਾਰ ਮੰਡ। ਪਰ ਜਦੋਂ 5-6 ਬੀਬੀਆਂ ਨੇ ਜਿਸ ਅੰਦਾਜ਼ ਵਿਚ ਭਾਈ ਧਿਆਨ ਸਿੰਘ ਮੰਡ ਦਾ ਨਾਂਅ ਲਿਆ ਉਸ ਵਿਚ ਹੋਰਨਾਂ ਨਾਲੋਂ ਵਧੇਰੇ ਸਪੱਸ਼ਟਤਾ ਤੇ ਵਧੇਰੇ ਨਿਖਾਰ ਸੀ। ਵੈਸੇ 14 ਅਕਤੂਬਰ ਵਾਲੇ ਸਮਾਗਮ ਵਿਚ ਬੀਬੀਆਂ ਦਾ ਤੇਜਪ੍ਰਤਾਪ ਸਿੰਘਾਂ ਨਾਲੋਂ ਕੁਝ ਜ਼ਿਆਦਾ ਹੀ ਲੱਗਦਾ ਸੀ। ਇਸ ਤੋਂ ਇਲਾਵਾ ਜੇ ਇਸ ਸਵਾਲ 'ਤੇ ਜਨਤਾ ਦਾ ਰਾਇ ਲਈ ਜਾਵੇ ਅਤੇ ਖਾਸ ਕਰਕੇ ਉਨ•ਾਂ ਪਾਰਟੀਆਂ ਦੀ ਰਾਇ ਲਈ ਜਾਵੇ ਜੋ ਵਿਰੋਧੀ ਧਿਰ ਵਿਚ ਹਨ ਤਾਂ ਉਨ•ਾਂ ਦਾ ਸਾਂਝਾ ਤੇ ਸਪੱਸ਼ਟ ਜਵਾਬ ਇਕੋ ਇਕ ਭਾਈ ਧਿਆਨ ਸਿੰਘ ਮੰਡ ਉਤੇ ਹੀ ਆਉਂਦਾ ਹੈ। ਪਰ ਹੁਣ ਇਹ ਫੈਸਲਾ ਉਨ•ਾਂ ਜਥੇਬੰਦੀਆਂ ਵਲੋਂ ਕੀਤਾ ਜਾਣਾ ਜ਼ਰੂਰੀ ਤੇ ਅਹਿਮ ਹੈ ਜਿਨ•ਾਂ ਨੇ ਇਹ ਮੋਰਚਾ ਅਰੰਭ ਕੀਤਾ ਹੈ। ਉਨ•ਾਂ ਨੂੰ ਹੁਣ ਸਾਰੇ ਪੰਜਾਬੀਆਂ ਦੀ ਰਾਇ ਦਾ ਸਤਿਕਾਰ ਕਰਨਾ ਚਾਹੀਦਾ ਹੈ।
ਸਾਢੇ 4 ਮਹੀਨਿਆਂ ਤੋਂ ਲਗਾਤਾਰ ਚੱਲ ਰਹੇ ਮੋਰਚੇ ਵਿਚ ਵੀ ਭਾਈ ਧਿਆਨ ਸਿੰਘ ਮੰਡ ਦੀ ਸ਼ਖਸੀਅਤ ਦਾ ਵਿਗਾਸ ਹੋਇਆ ਹੈ। ਉਨ•ਾਂ ਦੀ ਸ਼ਖਸੀਅਤ ਹੋਰਨਾਂ ਨਾਲੋਂ ਵੱਖਰੀ ਤੇ ਨਿਵੇਕਲੀ ਵੀ ਸਿੱਧ ਹੋਈ ਹੈ। ਉਹ ਬਰਾਬਰ ਦੇ ਸਭ ਆਗੂਆਂ ਵਿਚ ਨਾ ਕੇਵਲ ਸਭ ਤੋਂ ਅੱਗੇ ਹਨ ਸਗੋਂ ਹਰਮਨ ਪਿਆਰੇ ਵੀ ਬਣ ਚੁੱਕੇ ਹਨ। ਇਸ ਲਈ ਮੋਰਚੇ ਦੇ ਸਹਿਯੋਗੀਆਂ ਨੂੰ ਇਕੱਠਿਆਂ ਕਰਨ, ਇਕੱਠਿਆਂ ਰੱਖਣ, ਇਕੱਠਿਆਂ ਤੋਰਨ ਤੇ ਸਾਰਥਕ ਸੇਧ ਦੇਣ ਲਈ ਮੋਰਚੇ ਦਾ ਇਕ ਡਿਕਟੇਟਰ ਜ਼ਰੂਰ ਹੋਣਾ ਚਾਹੀਦਾ ਹੈ। ਭਾਵੇਂ ਅਣਕਹੇ ਤੇ ਅਣਐਲਾਨੇ ਰੂਪ ਵਿਚ ਭਾਈ ਧਿਆਨ ਸਿੰਘ ਮੰਡ ਹੀ ਡਿਕਟੇਟਰ ਹਨ ਪਰ ਸਹਿਯੋਗੀ ਜਥੇਬੰਦੀਆਂ ਨੂੰ ਸਰਬ ਸਹਿਮਤੀ ਨਾਲ ਰਸਮੀ ਤੌਰ 'ਤੇ ਉਨ•ਾਂ ਨੂੰ ਡਿਕਟੇਟਰ ਥਾਪੇ ਜਾਣ ਦਾ ਐਲਾਨ ਕਰਨਾ ਚਾਹੀਦਾ ਹੈ।
ਉਪਰੋਕਤ ਐਲਾਨ ਸਮੇਂ ਦੀ ਲੋੜ ਹੈ ਕਿਉਂਕਿ ਪੰਜਾਬ ਵਿਚ ਹੋਰ ਧਿਰਾਂ, ਵਿਅਕਤੀਆਂ ਤੇ ਬੁੱਧੀਜੀਵੀਆਂ ਨੂੰ ਬਰਗਾੜੀ ਮੋਰਚੇ ਦਾ ਹਿੱਸਾ ਬਨਾਉਣਾ ਚਾਹੀਦਾ ਹੈ। ਇਸ ਲਈ ਇਕ ਅਜਿਹੇ ਵਿਅਕਤੀ ਦੀ ਲੋੜ ਹੈ ਜਿਸਨੂੰ ਕਿਸੇ ਵੀ ਸੰਕਟ ਦੀ ਹਾਲਤ ਵਿਚ ਆਖਰੀ ਫੈਸਲਾ ਕਰਨ ਦਾ ਅਧਿਕਾਰ ਹੋਵੇ। ਕਿਸੇ ਵੀ ਸੰਘਰਸ਼ ਵਿਚ ਕਈ ਵਾਰ ਹਾਲਾਤ ਡਾਵਾਂਡੋਲ ਹੁੰਦੇ ਹਨ, ਕਈ ਸਬੰਧਤ ਜਥੇਬੰਦੀਆਂ ਵਿਚ ਕਿਸੇ ਅਹਿਮ ਮੁੱਦੇ 'ਤੇ ਤਿੱਖੇ ਮਤਭੇਦ ਵੀ ਹੋ ਸਕਦੇ ਹਨ, ਕਈ ਦਫਾ ਵਿਚਾਰਾਂ ਦੇ ਟਕਰਾਅ ਨਾਲ ਗੰਭੀਰ ਸਥਿਤੀਆਂ ਵੀ ਪੈਦਾ ਹੋ ਜਾਂਦੀਆਂ ਹਨ, ਤਾਂ ਉਨ•ਾਂ ਹਾਲਤਾਂ ਵਿਚ ਇਕ ਅਜਿਹੀ ਨਿਰਪੱਖ ਤੇ ਬੇਦਾਗ ਸ਼ਖਸੀਅਤ ਦੀ ਲੋੜ ਬਣ ਜਾਂਦੀ ਹੈ ਜਿਸ ਦੇ ਅੰਤਿਮ ਫੈਸਲਿਆਂ ਨਾਲ ਸਾਰਿਆਂ ਦੀ ਸੰਤੁਸ਼ਟੀ ਤੇ ਤਸੱਲੀ ਹੋਵੇ। ਭਾਈ ਧਿਆਨ ਸਿੰਘ ਮੰਡ ਨੇ ਇਹ ਰੁਤਬਾ ਹਾਸਲ ਕਰ ਲਿਆ ਹੈ। ਇਸ ਲਈ ਸਭ ਸਬੰਧਤ ਧਿਰਾਂ ਜੇ ਇਹ ਫੈਸਲਾ ਤੁਰਤ ਲੈਂਦੀਆਂ ਹਨ ਤਾਂ ਇਕ ਤਾਂ ਉਨ•ਾਂ ਦਾ ਆਪਣਾ ਕੱਦ ਵੀ ਵੱਡਾ ਹੋਵੇਗਾ ਤੇ ਦੂਜਾ ਉਹ ਸੰਗਤਾਂ ਵਿਚ ਹੋਰ ਵੀ ਹਰਮਨ ਪਿਆਰੇ ਹੋ ਜਾਣਗੇ। ਇਸ ਨਾਲ ਪੰਜਾਬ ਦਾ ਰਾਜਨੀਤਕ ਭਵਿੱਖ ਵੀ ਰੌਸ਼ਨ ਹੋਣ ਦੀਆਂ ਸੰਭਾਵਨਾਵਾਂ ਵਧ ਜਾਣਗੀਆਂ।